Wednesday, 18 September 2013

ਚਰਖਾ ਮੇਰਾ ਰੰਗਲਾ



ਪੁਰਾਤਨ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਹ ਵੀ ਸਮਾਂ ਸੀ ਜਦ ਤ੍ਰਿੰਞਣਾਂ ਵਿੱਚ ਬੈਠ ਕੇ ਮੁਟਿਆਰਾਂ ਚਰਖਾ ਕੱਤਦੀਆਂ, ਕਸ਼ੀਦੇ, ਬਾਗ ਤੇ ਫੁਲਕਾਰੀਆਂ ਕੱਢਦੀਆਂ, ਦਰੀਆਂ-ਖੇਸ ਤੇ ਨਾਲੇ ਬੁਣਦੀਆਂ, ਚਾਦਰਾਂ ਤੇ ਝੋਲਿਆਂ ਉੱਤੇ ਮੋਰ, ਘੁੱਗੀਆਂ ਕੱਢਦੀਆਂ ਅਤੇ ਕੱਚੇ ਚੌਂਕੇ ਦੁਆਲੇ ਵੀ ਮਿੱਟੀ ਦੇ ਮੋਰ ਘੁੱਗੀਆਂ ਬਣਾਉਂਦੀਆਂ, ਚੱਕੀਆਂ ਨਾਲ ਆਟਾ ਪੀਂਹਦੀਆਂ, ਚਾਟੀਆਂ ’ਚ ਦੁੱਧ ਰਿੜਕਦੀਆਂ, ਖੂਹੀਆਂ ’ਤੇ ਪਾਣੀ ਭਰਨ ਜਾਂਦੀਆਂ ਸਨ। ਇਹ ਸਭ ਕੰਮ ਸਾਡੀ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ। ਇਨ੍ਹਾਂ ਕੰਮਾਂ ਨਾਲ ਸਾਨੂੰ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਸੀ। ਇਸੇ ਤਰ੍ਹਾਂ ਚਰਖੇ ਦਾ ਤੰਦ ਸਾਡੇ ਸਮਾਜ ਨੂੰ ਜੋੜ ਕੇ ਰੱਖਣ ਦਾ ਮੂਲ ਸਰੋਤ ਰਿਹਾ ਹੈ। ਅੱਜ ਸਾਡੇ ਸਮਾਜਿਕ ਰਿਸ਼ਤੇ ਭਾਵੇਂ ਕਿੰਨੇ ਵੀ ਗੂੜ੍ਹੇ ਤੇ ਨੇੜੇ ਦੇ ਕਿਉਂ ਨਾ ਹੋਣ, ਸ਼ੱਕ ਦੀ ਛੋਟੀ ਜਿਹੀ ਚੰਗਿਆੜੀ ਨਾਲ ਕੱਚੇ ਧਾਗੇ ਤੋਂ ਵੀ ਪਹਿਲਾਂ ਟੁੱਟ ਜਾਂਦੇ ਹਨ ਪਰ ਕੁੜੀਆਂ (ਸਹੇਲੀਆਂ) ਦਾ ਪੂਰ ਜਦ ਮਿਲ ਕੇ ਚਰਖਾ ਕੱਤਣ ਬੈਠਦਾ ਸੀ ਤਾਂ ਉਸ ਸਮੇਂ ਦਿਲੀ ਰੀਝਾਂ ਦੇ ਧਰਾਤਲ ’ਤੇ ਉਸਰੀ ਹੋਈ ਸਾਂਝ ਸਾਨੂੰ ਯੁੱਗਾਂ-ਯੁਗਾਂਤਰਾਂ ਤਕ ਜੋੜੀ ਰੱਖਦੀ ਸੀ।
ਪਹਿਲਾਂ ਤਾਂ ਰਿਸ਼ਤਾ ਕਰਨ ਵੇਲੇ ਇਹ ਪੁੱਛਿਆ ਜਾਂਦਾ ਸੀ ਕਿ ਚੁੱਲ੍ਹੇ-ਚੌਂਕੇ ਦੇ ਕੰਮ ਦੇ ਨਾਲ ਕੁੜੀ ਨੂੰ ਕੱਤਣਾ ਵੀ ਆਉਂਦਾ ਹੈ। ਜੇ ਕੱਤਣਾ ਜਾਣਦੀ ਹੈ ਤਾਂ ਉਹ ਪਰਿਵਾਰ ਦੇ ਜੀਆਂ ਨੂੰ ਵੀ ਇੱਕ ਲੜੀ ’ਚ ਪਰੋ ਕੇ ਰੱਖੇਗੀ। ਹੁਣ ਇਹ ਸਭ ਕੁਝ ਸਾਡੇ ਸੱਭਿਆਚਾਰ ਤੇ ਵਿਰਸੇ ’ਚੋਂ ਲੋਪ ਹੋ ਰਿਹਾ ਹੈ ਪਰ ਇਸ ਨਾਲ ਜੁੜੀ ਪਵਿੱਤਰ ਭਾਵਨਾ ਸਾਡੇ ਤੋਂ ਕਦੇ ਵੀ ਦੂਰ ਨਹੀਂ ਹੋਣੀ ਚਾਹੀਦੀ, ਸਗੋਂ ਤੰਦਾਂ ਜੋੜਨ ਤੇ ਹੱਥੀਂ ਕਿਰਤ ਕਰਨ ਦੀ ਕਲਾ ਸਾਡੇ ਵਿੱਚ ਪੀੜ੍ਹੀ-ਦਰ-ਪੀੜ੍ਹੀ ਬਰਕਰਾਰ ਰਹਿਣੀ ਚਾਹੀਦੀ ਹੈ। ਕੋਈ ਵੀ ਮੁਟਿਆਰ ਜਦ ਚਰਖੇ ’ਤੇ ਤੰਦ ਪਾਉਂਦੀ ਸੀ ਤਾਂ ਉਸ ਵੱਲ ਤੱਕਦੀ ਹੋਈ ਉਹ ਆਪਣੇ ਚੰਗੇ ਭਵਿੱਖ ਲਈ ਕਈ ਦਿਲੀ ਉਡਾਣਾਂ ਦਾ ਸੁਪਨਾ ਵੇਖਦੀ ਸੀ। ਇਨ੍ਹਾਂ ਤੰਦਾਂ ਵਿੱਚ ਹੀ ਉਹ ਆਪਣੀਆਂ ਸਾਰੀਆਂ ਸੱਧਰਾਂ ਦੀ ਸੋਹਣੀ ਸਵੇਰ ਚਿਤਵਦੀ ਸੀ। ਇਹ ਤੰਦ ਮੁਟਿਆਰ ਦੇ ਜੀਵਨ ਦੇ ਚੰਗੇ ਨਿਰਬਾਹ ਲਈ ਵੀ ਕਾਰਗਰ ਸਿੱਧ ਹੁੰਦੇ ਸਨ ਅਤੇ ਸਾਡੇ ਸਮਾਜਿਕ ਜੀਵਨ ਵਿੱਚ ਵੀ ਇਨ੍ਹਾਂ ਤੰਦਾਂ ਦੀ ਵੱਡੀ ਭੂਮਿਕਾ ਸੀ। ਇਹ ਕੱਚੇ ਧਾਗੇ ਦੇ ਤੰਦ ਸਾਡੇ ਸਮਾਜਿਕ ਰਿਸ਼ਤਿਆਂ, ਨੇਮਾਂ, ਰਸਮਾਂ, ਰਿਵਾਜਾਂ ਨੂੰ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹੀ ਰੱਖਦੇ ਹਨ।
ਕੁੜੀਆਂ ਆਪਣੇ ਹੱਥੀਂ ਚਰਖਾ ਕੱਤ ਕੇ ਦਰੀਆਂ, ਖੇਸ ਬਣਾਉਂਦੀਆਂ ਤੇ ਆਪਣਾ ਦਾਜ ਤਿਆਰ ਕਰਦੀਆਂ। ਉਨ੍ਹਾਂ ਦੇ ਮਨ ਦੀ ਇਹ ਰੀਝ ਹੁੰਦੀ ਸੀ ਕਿ ਜਿੰਨਾ ਵੱਧ ਸੂਤ ਕੱਤ ਲੈਣਗੀਆਂ, ਓਨੇ ਵੱਧ ਦਰੀਆਂ, ਖੇਸ ਦਾਜ ਵਿੱਚ ਲੈ ਜਾਣਗੀਆਂ।
ਇਹ ਚਰਖਾ ਇਕੱਲੀ ਮੁਟਿਆਰ ਨਹੀਂ ਸੀ ਕੱਤਦੀ, ਸਗੋਂ ਰੋਟੀ, ਟੁੱਕ ਤੋਂ ਵਿਹਲੀਆਂ ਹੋ ਕੇ ਦੁਪਹਿਰ ਸਮੇਂ ਜਾਂ ਰਾਤ ਨੂੰ ਕਿਸੇ ਇੱਕ ਘਰ ਕੁੜੀਆਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਤੇ ਨਾਲ-ਨਾਲ ਗੀਤ-ਸੰਗੀਤ ਰਾਹੀਂ ਮਨੋਰੰਜਨ ਵੀ ਕਰਦੀਆਂ ਸਨ। ਇਕੱਠਿਆਂ ਬੈਠ ਕੇ ਚਰਖਾ ਕੱਤਣ ਨੂੰ ਤ੍ਰਿੰਞਣ ਕਿਹਾ ਜਾਂਦਾ ਹੈ। ਚਰਖਾ ਕੱਤਦੀਆਂ ਮੁਟਿਆਰਾਂ ਆਪਣੇ ਮਨ ਦੇ ਹਾਵ-ਭਾਵ ਗੀਤਾਂ ਰਾਹੀਂ ਉਜਾਗਰ ਕਰਦੀਆਂ। ਜੇ ਕਿਸੇ ਮੁਟਿਆਰ ਦਾ ਕੰਤ ਪਰਦੇਸ ਗਿਆ ਹੁੰਦਾ ਤਾਂ ਉਹ ਚਰਖਾ ਕੱਤਦੇ ਸਮੇਂ ਗੀਤ ਗਾ ਕੇ ਆਪਣਾ ਮਨ ਪਰਚਾਉਂਦੀ ਤੇ ਉਸ ਨੂੰ ਯਾਦ ਕਰਦੀ:
ਚਰਖੇ ਦੇ ਓਹਲੇ ਮਮੋਲਾ ਨੀਂ ਬੋਲਿਆ
ਮਮੋਲਾ ਨੀਂ ਬੋਲਿਆ
ਚੁੰਝ ਰੱਤੀ ਨੈਣ ਕਾਲੇ
ਸੁਣ ਵੇ ਮਮੋਲਿਆ ਮੇਰਾ ਮਨ ਡੋਲਿਆ
ਮੇਰਾ ਮਨ ਡੋਲਿਆ
ਤੱਤੜੀ ਦਾ ਲਾਲ ਕਦੋਂ ਘਰ ਆਵੇ
ਦਾਜ ਵਿੱਚ ਦਿੱਤਾ ਜਾਣ ਵਾਲਾ ਚਰਖਾ ਕੋਕਿਆਂ ਤੇ ਮੇਖਾਂ ਨਾਲ ਜੜਿਆ ਹੁੰਦਾ ਸੀ। ਜਦ ਕੁੜੀ ਸਹੁਰੇ ਘਰ ਬੈਠੀ ਚਰਖਾ ਕੱਤ ਰਹੀ ਹੁੰਦੀ ਤਾਂ ਚਰਖਾ ਉਸ ਨੂੰ ਮੁੜ-ਮੁੜ ਵੀਰ ਦੀ ਤੇ ਮਾਂ ਦੀ ਯਾਦ ਕਰਾਉਂਦਾ ਤਾਂ ਉਹ ਗਾਉਂਦੀ:
* ਵੀਰ ਮੇਰੇ ਨੇ ਚਰਖਾ ਦਿੱਤਾ 
ਵੱਚ ਸੋਨੇ ਦੀਆਂ ਮੇਖਾਂ
ਵੀਰਾ ਤੈਨੂੰ ਯਾਦ ਕਰਾਂ 
ਜਦ ਚਰਖੇ ਵੱਲ ਵੇਖਾਂ
* ਮਾਂ ਮੇਰੀ ਨੇ ਚਰਖਾ ਦਿੱਤਾ
ਵਿੱਚ ਸ਼ੀਸ਼ੇ, ਕੋਕੇ ਤੇ ਮੇਖਾਂ
ਮਾਏ ਤੈਨੂੰ ਯਾਦ ਕਰਾਂ
ਨੀਂ ਮੈਂ ਜਦ ਚਰਖੇ ਵੱਲ ਵੇਖਾਂ
* ਮਾਂ ਮੇਰੀ ਨੇ ਚਰਖਾ ਦਿੱਤਾ 
ਪੀੜ੍ਹੀ ਬਣਾ ਦੇ ਤੂੰ
ਵੇ ਸਾਰੀ ਰਾਤ ਕੱਤਿਆ ਕਰੂੰ
ਕੱਤਿਆ ਕਰੂੰ ਤੇਰੀ ਰੂੰ
ਜੇ ਕਿਸੇ ਦੀ ਨੂੰਹ ਨੂੰ ਸੱਸ ਦੀ ਤਰ੍ਹਾਂ ਤੇਜ਼ ਕੱਤਣਾ ਨਾ ਆਵੇ ਤਾਂ ਦੂਜੀਆਂ ਔਰਤਾਂ ਉਸ ਨੂੰ ਸਿਖਾ ਦਿੰਦੀਆਂ ਤੇ ਨਾਲ-ਨਾਲ ਗਾ ਕੇ ਦੱਸਦੀਆਂ:
ਸੱਸ ਦੀ ਕੱਤਣੀ ਤੈਨੂੰ ਨਾ ਆਵੇ
ਨੀਂ ਤੂੰ ਇਉਂ ਕੱਤ ਡਾਰੀਏ, 
ਉਂ ਕੱਤ ਨੀਂ…
ਕਈ ਵਾਰ ਤ੍ਰਿੰਞਣ ਵਿੱਚ ਬੈਠੀਆਂ ਕੁੜੀਆਂ ਜੋਸ਼ ਨਾਲ ਗੀਤ ਗਾਉਂਦੀਆਂ ਤੇ ਦੂਜੀਆਂ ਸ਼ਾਵਾ ਕਹਿ ਕੇ ਹੁੰਗਾਰਾ ਭਰਦੀਆਂ ਤੇ ਚਰਖਾ ਵੀ ਓਨਾ ਤੇਜ਼ ਚੱਲਦਾ:
ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ
ਸ਼ਾਵਾ ਚਰਖਾ ਚੰਨਣ ਦਾ
ਚਰਖੇ ਨਾਲ ਸਬੰਧਤ ਹੋਰ ਗੀਤ:
* ਲੋਕੋ ਪੂਣੀ ਕੱਤਾਂ…ਮੈਥੋਂ ਲੱਥੇ ਨਾ ਗਲੋਟਾ ਵੇ
ਟੁੱਟੀ ਜਾਵੇ ਮਾਹਲ…ਦੇਵੇ ਤੱਕਲਾ ਵੀ ਥੋਥਾ ਵੇ 
ਦੁੱਖ ਸੀਨੇ ਵਿੱਚ ਫਿਰਾਂ ਮੈਂ ਛੁਪਾਈ
ਚਰਖੇ ਨੂੰ ਤੰਦ ਨਾ ਪਵੇ
ਤੇਰੀ ਯਾਦ ਜਾ ਤ੍ਰਿੰਞਣਾਂ ’ਚ ਆਈ
* ਊਠਾਂ ਵਾਲਿਆਂ ਊਠ ਸ਼ਿੰਗਾਰੇ
ਊਠ ਸ਼ਿੰਗਾਰੇ ਰਾਵੀ ਦੇ ਪੱਤਣ ਨੂੰ
ਚਰਖਾ ਲੈ ਦੇ ਜ਼ਾਲਮਾਂ
ਵੇ ਗੋਰੀ ਦੇ ਕੱਤਣ ਨੂੰ
* ਊਠਾਂ ਵਾਲਿਆਂ ਊਠ ਸ਼ਿੰਗਾਰੇ
ਊਠ ਸ਼ਿੰਗਾਰੇ ਕਾਬਲ ਤੇ ਕੰਧਾਰ ਨੂੰ
ਚਰਖਾ ਕੱਤਾਂ ਵੇ ਯਾਦ ਕਰਾਂ
ਤੇਰੇ ਪਿਆਰ ਨੂੰ
* ਊਠਾਂ ਵਾਲਿਆਂ ਊਠ ਸ਼ਿੰਗਾਰੇ
ਊਠ ਸ਼ਿੰਗਾਰੇ ਤੁਰ ਗਏ ਲਾਹੌਰ ਨੂੰ
’ਕੱਲੀ ਚਰਖਾ ਕੱਤਾਂ ਜੀ
ਘਰ ਘੱਲਿਓ ਮੇਰੇ ਭੌਰ ਨੂੰ
* ਊਠਾਂ ਵਾਲਿਆਂ ਊਠ ਸ਼ਿੰਗਾਰੇ
ਊਠ ਸ਼ਿੰਗਾਰੇ ਰਾਵੀ ਦੇ ਪੱਤਣ ਨੂੰ
ਚਰਖਾ ਕੱਤਾਂ ਵੇ
ਤੇਰੀ ਮਾਂ ਦੇ ਖੱਫਣ ਨੂੰ
* ਛੱਲੀਆਂ ਛੱਲੀਆਂ ਛੱਲੀਆਂ
ਵੇ ਵੀਰਾ ਮੈਨੂੰ ਲੈ ਚੱਲ ਵੇ
ਚਰਖਾ ਕੱਤਣ ਸਹੇਲੀਆਂ ’ਕੱਲੀਆਂ ਵੇ…
* ਚਰਖੇ ਨੇ ਸੂਤ ਲਈਆਂ
ਵੰਙਾਂ ਵਾਲੀਆਂ ਪਤਲੀਆਂ ਬਾਹਵਾਂ
ਹਾਣੀਆਂ, ਚਰਖਾ ਮੈਂ ਆਪਣਾ ਕੱਤਾਂ
ਤੰਦ ਤੇਰਿਆਂ ਦੁੱਖਾਂ ਦੇ ਪਾਵਾਂ
ਬੁੱਲ੍ਹੇ ਸ਼ਾਹ ਵੀ ਲਿਖਦਾ ਹੈ:
ਗ਼ਮਾਂ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ
ਜਿਉਂ-ਜਿਉਂ ਕੱਤੀ ਜਾਵਾਂ ਹੋਈ ਜਾਣ ਦੂਣੀਆਂ
ਤ੍ਰਿੰਞਣਾਂ ਵਿੱਚ ਚਰਖਾ ਕੱਤਦੀਆਂ ਔਰਤਾਂ ਮੁਹੱਬਤਾਂ ਦੇ ਗੂੜ੍ਹੇ ਰੰਗਾਂ ਵਿੱਚ ਰੰਗੀਆਂ ਜਾਂਦੀਆਂ:
* ਚਿੜੀ ਚਿੜੇ ਦੀ ਲੱਗੀ ਦੋਸਤੀ ਜੰਗਲੀਂ ਆਲ੍ਹਣਾ ਪਾਇਆ
ਤੇਰੇ ਮਿਲਣ ਨੂੰ ਚਰਖਾ ਗਲੀ ਵਿੱਚ ਡਾਹਿਆ
* ਮੈਨੂੰ ਲੈ ਦੇ ਚੰਦਨ ਦਾ ਚਰਖਾ
ਕੱਤਦੀ ਦਾ ਚੂੜਾ ਛਣਕੇ
* ਨਿੰਮ ਹੇਠ ਕੱਤਿਆ ਕਰੂੰ
ਲੈ ਦੇ ਚਰਖਾ ਸ਼ੀਸ਼ਿਆਂ ਵਾਲਾ
ਜੇਕਰ ਮਾਂ-ਬਾਪ ਚਰਖਾ ਨਾ ਦਿੰਦੇ ਤਾਂ ਮੁਟਿਆਰ ਪਤੀ ਤੋਂ ਚਰਖੇ ਦੀ ਮੰਗ ਕਰਦੀ:
ਸੁਣ ਨੀਂ ਮੇਰੀਏ ਨਾਰੇ, ਤੈਨੂੰ ਕੱਪੜੇ ਸੁਆਂ ਦੂੰ ਸਾਰੇ
ਸਾਟਨ ਦਾ ਤੈਨੂੰ ਘੱਗਰਾ ਸੁਆ ਦਿਆਂ, ਪੱਟ ਦੇ ਗੁੰਦਾ ਦੂੰ ਨਾਲੇ
ਰੰਗਲਾ ਤੈਨੂੰ ਚਰਖਾ ਮੰਗਾ ਦਿਆਂ, ਕੱਤਿਆਂ ਕਰੀਂ ਚੁਬਾਰੇ
ਫਿਰ ਮੁਟਿਆਰ ਚਰਖੇ ’ਤੇ ਲੰਮੇ-ਲੰਮੇ ਤੰਦ ਪਾ ਕੇ ਰੀਝਾਂ ਪੂਰੀਆਂ ਕਰਦੀ ਹੈ:
ਰੰਗਲਾ ਸੀ ਚਰਖਾ ਚੰਨ ਵੇ
ਝੱਟ ਡਾਹਵਾਂ ਚੁਬਾਰੇ ਵੇ
ਚਿੱਟੀਆਂ ਸੀ ਪੂਣੀਆਂ ਚੰਨ ਵੇ
ਤੰਦ ਲੈਣ ਹੁਲਾਰੇ ਵੇ
ਚਰਖਾ ਕੱਤਦੀ ਮੁਟਿਆਰ ਦਾ ਕੰਤ ਕੱਤਦੀ ਨੂੰ ਵੇਖ ਕੇ ਕਿਵੇਂ ਖ਼ੁਸ਼ ਹੁੰਦਾ ਹੈ:
ਤੈਨੂੰ ਵੇਖਾਂ ਕਿ ਤੇਰੀ ਕੱਤਣੀ ਵੇਖਾਂ
ਨੀਂ ਚੰਨ ਜਿਹੇ ਮੁੱਖ ਵਾਲੀਏ
ਜਦ ਸੱਸ ਪੁੱਤ ਵਿਆਹੁੰਦੀ ਹੈ ਤਾਂ ਨੂੰਹ ਅੱਗੇ ਚਰਖਾ ਡਾਹੁਣ ਲਈ ਕਿੱਲੀ ’ਤੇ ਟੰਗਿਆ ਚਰਖਾ ਲਾਹ ਲੈਂਦੀ ਹੈ:
ਜਦ ਪੁੱਤ ਮੰਗਿਆ, ਚਰਖਾ ਕਿੱਲੀ ’ਤੇ ਟੰਗਿਆ
ਜਦ ਪੁੱਤ ਵਿਆਹਿਆ, ਚਰਖਾ ਕਿੱਲੀ ਤੋਂ ਲਾਹਿਆ
ਵਿਆਹੀ ਮੁਟਿਆਰ ਨੂੰ ਪੇਕੇ ਨਹੀਂ ਰਹਿਣ ਦਿੱਤਾ ਜਾਂਦਾ ਕਿਉਂਕਿ ਸਹੁਰਾ ਘਰ ਸੁੰਨਾ ਲੱਗਦਾ ਹੈ ਤੇ ਖਾਵੰਦ ਦਾ ਜੀਅ ਨਹੀਂ ਲੱਗਦਾ:
* ਮੈਂ ਤਾਂ ਤੈਨੂੰ ਲੈਣ ਆ ਗਿਆ
ਤੂੰ ਲੁੱਕ ਬਹਿੰਦੀ ਖੂੰਜੇ
ਤੇਰੇ ਬਾਝ ਮੇਰੀ ਸੁੰਨੀ ਹਵੇਲੀ
ਕੀਹਦਾ ਚਰਖਾ ਗੂੰਜੇ
ਲੈ ਕੇ ਜਾਊਂਗਾ, ਮੋਤੀ ਬਾਗ ਦੀਏ ਕੂੰਜੇ
* ਅੱਗੇ ਚਰਖਾ ਪਿੱਛੇ ਪੀੜ੍ਹੀ
ਨੀਂ ਮੈਂ ਬੈਠੀ ਚਰਖਾ ਡਾਹ ਕੇ
ਦੋ-ਚਾਰ ਦਿਨ ਮੈਨੂੰ ਕੱਤਦੀ ਨੂੰ ਹੋਏ
ਬਹਿ ਗਿਆ ਮੂਰਖ ਆ ਕੇ
ਹੱਥੀਂ ਮਹਿੰਦੀ ਸਿਰ ’ਤੇ ਸਾਲੂ
ਤੁਰ ਪਿਆ ਨਾਲ ਬਿਠਾ ਕੇ
ਕੁੜੀਆਂ ਉਡੀਕਦੀਆਂ
ਨੀਂ ਤੂੰ ਕਿੱਥੇ ਗਈ ਪਿੜ ਪਾ ਕੇ
ਨੌਕਰੀ ’ਤੇ ਗਏ ਮਾਹੀਏ ਦੀ ਯਾਦ ਵਿੱਚ ਮੁਟਿਆਰ ਕਿਵੇਂ ਉਸ ਨੂੰ ਯਾਦ ਕਰਦੀ ਹੈ:
 ਸਾਨੂੰ ਹਰ ਚਰਖੇ ਦੇ ਗੇੜੇ 
ਯਾਦ ਆਵੇ- ਜਾਣ ਵਾਲਿਆ
ਮੁਟਿਆਰ ਦੀ ਸੁੰਦਰਤਾ ਦਾ ਜ਼ਿਕਰ ਵੀ ਤ੍ਰਿੰਞਣਾਂ ਵਿੱਚ ਗੀਤਾਂ ਰਾਹੀਂ ਪੇਸ਼ ਹੁੰਦਾ ਹੈ:
ਨਿੱਕੀ ਹੁੰਦੀ ਮੈਂ ਰਹੀ ਨਾਨਕੇ
ਖਾਂਦੀ ਦੁੱਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਤ੍ਰਿੰਞਣਾਂ ’ਚ ਕੱਤਦੀ ਦਾ
ਦੇਂਦਾ ਰੂਪ ਦੁਹਾਈਆਂ
ਹੁਣ ਤਾਂ ਤ੍ਰਿੰਞਣ ਮੂਲੋਂ ਹੀ ਲੋਪ ਹੋ ਗਏ ਹਨ, ਚਰਖੇ ਕਿਧਰੇ ਨਹੀਂ ਦਿਸਦੇ:
* ਵੀਰ ਮੇਰੇ ਨੇ ਖੂਹ ਲਵਾਇਆ
ਵਿੱਚ ਸੁੱਟੀਆਂ ਤਲਵਾਰਾਂ
ਤ੍ਰਿੰਞਣ ਸੁੰਨੇ ਪਏ
ਕਿਧਰ ਗਏ ਚਰਖੇ ਤੇ ਕਿਧਰ ਗਈਆਂ ਮੁਟਿਆਰਾਂ
*ਚਰਖਾ ਮੇਰਾ ਰੰਗ ਰੰਗੀਲਾ
ਕੌਡੀਆਂ ਨਾਲ ਸਜਾਇਆ
ਕਾਰੀਗਰ ਨੂੰ ਦਿਉ ਵਧਾਈਆਂ
ਜੀਹਨੇ ਰੰਗਲਾ ਚਰਖਾ ਬਣਾਇਆ
ਖ਼ੂਬ ਖਰਾਦੇ ਮੁੰਨੇ ਗੁੱਡੀਆਂ
ਗੋਲ ਮਝੇਰੂ ਪਾਇਆ
ਵਿੱਚ-ਵਿੱਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜ੍ਹਤ ਜੜਾਇਆ
ਬੀੜੇ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਚੰਦਨ ਨੀਂ
ਤੇਰਾ ਵਿਸਾਖ ਦਾ ਵਿਆਹ ਰਚਾਇਆ
ਕੋਈ ਵੱਡੇ ਭਾਗਾਂ ਵਾਲਾ ਘਰ ਹੀ ਹੋਵੇਗਾ, ਜਿੱਥੇ ਹੁਣ ਬੁੱਢੀ ਮਾਈ ਕੱਤਦੀ ਨਜ਼ਰ ਆਏਗੀ। ਹੁਣ ਮਸ਼ੀਨੀ ਯੁੱਗ ਹੈ। ਕਢਾਈ ਮਸ਼ੀਨਾਂ ਨਾਲ ਹੁੰਦੀ ਹੈ। ਨਾ ਹੁਣ ਬੱਚਿਆਂ ਨੂੰ ਚਰਖੇ ਦਿਖਾਈ ਦੇਣਗੇ ਤੇ ਨਾ ਹੀ ਚਰਖੇ ਦੀ ਗੂੰਜ ਸੁਣੇਗੀ।

-ਹਰਮੇਸ਼ ਕੌਰ ਯੋਧੇ
ਮੋਬਾਈਲ: 84272-26155


No comments:

Post a Comment