Monday, 23 September 2013

ਚੱਕੀਆਂ ਝੋਣਾ ਕੌਣ ਜਾਣਦੈ ਹੁਣ..?

ਤਰੱਕੀ ਨੇ ਬਹੁਤ ਕੁਝ ਨਵਾਂ ਦੇ ਦਿੱਤਾ ਪਰ ਇਸ ਤੋਂ ਕਿਤੇ ਜ਼ਿਆਦਾ ਗੁਆਚ ਗਿਆ। ਇਹਨਾਂ ਗੁਆਚੀਆਂ ਸ਼ੈਆਂ ਵਿੱਚੋਂ ਇੱਕ ਹੈ ਆਟਾ ਪੀਹਣ ਵਾਲੀ ਚੱਕੀ। ਬੀਤੇ ਸਮੇਂ ਨੂੰ ਯਾਦ ਕਰੀਏ ਤਾਂ ਇਕ ਉਹ ਜ਼ਮਾਨਾ ਵੀ ਹੁੰਦਾ ਸੀ ਜਦੋਂ ਆਟਾ ਦਾਣਾ ਪਿੰਡਾਂ ਵਿਚ ਘਰੇਲੂ ਚੱਕੀਆਂ 'ਤੇ ਪੀਸਿਆ ਜਾਂਦਾ ਸੀ। ਆਮ ਕਰਕੇ ਇਹ ਕੰਮ ਕਰਨਾ ਸਾਡੀਆਂ ਘਰੇਲੂ ਔਰਤਾਂ ਦੇ ਹਿੱਸੇ ਆਉਂਦਾ ਸੀ। ਘਰੇਲੂ ਚੱਕੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਵੀ ਰਹੀ ਹੈ। ਲੋਕ ਗੀਤਾਂ ਅਤੇ ਲੋਕ ਬੋਲੀਆਂ ਵਿਚ ਵੀ ਚੱਕੀ ਦਾ ਜ਼ਿਕਰ ਆਮ ਆਉਂਦਾ ਹੈ। ਚੱਕੀ ਦੇ ਛੋਟੇ ਜਿਹੇ ਗੱਲੇ 'ਚ ਮੁੱਠ ਭਰ-ਭਰ ਕੇ ਕਣਕ, ਛੋਲੇ, ਚੌਲ ਵਗ਼ੈਰਾ ਪਾਏ ਜਾਂਦੇ ਹਨ। ਦੋ ਛੋਟੇ ਪੱਥਰਾਂ (ਪੁੜਾਂ) ਵਿਚਕਾਰ ਪਿਸ ਕੇ ਆਟਾ ਦਾਣਾ ਇਸ ਪਾਸੇ ਡਿੱਗ ਪੈਂਦਾ ਸੀ ਜਿਸ ਨੂੰ ਇਕੱਠਾ ਕਰਕੇ ਕਿਸੇ ਭਾਂਡੇ ਵਿਚ ਪਾ ਲਿਆ ਜਾਂਦਾ ਸੀ। ਆਟਾ ਬਣਾਉਣ ਲਈ ਦਲੀ ਹੋਈ ਕਣਕ ਨੂੰ ਇਕ ਤੋਂ ਵੱਧ ਵਾਰ ਚੱਕੀ ਦੇ ਪੁੜਾਂ ਵਿਚੋਂ ਦਲਿਆ ਜਾਂਦਾ ਸੀ। ਦੋਹਾਂ ਪੱਥਰਾਂ ਵਿਚੋਂ ਹੇਠਲਾ ਪੱਥਰ ਸਥਿਰ ਰਖਿਆ ਜਾਂਦਾ ਸੀ ਤੇ ਉਪਰਲੇ ਨੂੰ ਹੀ ਹੱਥਾਂ ਨਾਲ ਗੇੜਿਆ ਜਾਂਦਾ ਸੀ। ਗੇੜਨ ਲਈ ਲੱਕੜ ਦੇ ਇਕ ਦਸਤੇ ਦਾ ਇਸਤੇਮਾਲ ਕੀਤਾ ਜਾਂਦਾ ਸੀ। ਘਰੇਲੂ ਚੱਕੀ 'ਤੇ ਆਟਾ ਪੀਹਣਾ ਤਾਂ ਸਚਮੁਚ ਬੜਾ ਔਖਾ ਜਿਹਾ ਕੰਮ ਲਗਦਾ ਸੀ ਪਰ ਧਨ ਸਨ ਉਹ ਸੁਆਣੀਆਂ ਜਿਹੜੀਆਂ ਘਰਾਂ ਦੇ ਕੰਮ ਮੁਕਾ ਕੇ ਅਜਿਹੇ ਔਖੇ ਕੰਮ ਤੋਂ ਕੰਨੀਂ ਕਤਰਾਉਂਦੀਆਂ। ਉਨ ਸਮਿਆਂ ਵਿਚ ਕੁੜੀ ਦੇ ਵਿਆਹ ਸਮੇਂ ਕਈ ਰਸਮਾਂ ਨਿਭਾਉਣ ਸਮੇਂ ਔਰਤਾਂ ਇਕੱਤਰ ਹੋ ਕੇ ਚੱਕੀ ਦੇ ਗਲੇ ਵਿਚ ਕਣਕ ਪਾਉਣ ਮੌਕੇ ਗੀਤ ਗਾਉਂਦੀਆਂ ਸਨ। ਪਰ ਅੱਜ ਕੱਲ ਗੀਤ ਗਾਉਣੇ ਤਾਂ ਦੂਰ, ਘਰਾਂ ਵਿਚ ਘਰੇਲੂ ਚੱਕੀ ਹੀ ਨਹੀਂ ਲੱਭਦੀ। ਅਜੋਕੇ ਸਮੇਂ ਵਿਚ ਮਸ਼ੀਨੀਕਰਨ ਦੀ ਐਸੀ ਹਨੇਰੀ ਵਗ ਪਈ ਹੈ ਕਿ ਘਰੇਲੂ ਚੱਕੀਆਂ ਅਤੇ ਉਨ ਨੂੰ ਚਲਾਉਣ ਵਾਲੀਆਂ ਸੁਆਣੀਆਂ ਵੀ ਸਮੇਂ ਦੀ ਧੂੜ ਵਿਚ ਪਤਾ ਨਹੀਂ ਕਿਧਰ ਗੁਆਚ ਗਈਆਂ ਹਨ। ਪੁਰਾਤਨ ਸਮੇਂ ਵਿਚ ਜਿਥੇ ਟਾਵੇਂ ਟਾਵੇਂ ਘਰਾਂ ਨੂੰ ਛੱਡ ਕੇ ਘਰੇਲੂ ਚੱਕੀ ਲਗਭਗ ਘਰ ਘਰ ਵਿਚ ਹੋਇਆ ਕਰਦੀ ਸੀ, ਉਥੇ ਅਜੋਕੇ ਸਮੇਂ ਵਿਚ ਪਿੰਡਾਂ ਵਿਚੋਂ ਘਰੇਲੂ ਚੱਕੀਆਂ ਪੂਰੀ ਤਰ ਨਾਲ ਅਲੋਪ ਹੋ ਚੁੱਕੀਆਂ ਹਨ। ਕੁਝ ਸਮੇਂ ਤੱਕ ਇਹੋ ਚੱਕੀਆਂ ਪੰਜਾਬ ਦੇ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਜਾਣਗੀਆਂ।


 

No comments:

Post a Comment