ਇਤਿਹਾਸ ਗਵਾਹ ਹੈ ਕਿ ਜਦੋਂ ਵੀ ਜੱਗ ਉੱਤੇ ਕੋਈ ਜਾਬਰ, ਜ਼ਾਲਮ ਹੁਕਮਰਾਨ ਆਇਆ ਤਾਂ ਉਸ ਨੂੰ ਸਹੀ ਰਸਤਾ ਦਿਖਾਉਣ ਲਈ ਹੱਕ ਦੀ ਗੱਲ ਕਹਿਣ ਵਾਲੇ ਰਾਹਬਰ ਵੀ ਪੈਦਾ ਹੋਏ। ਜਦੋਂ ਫ਼ਿਰਓਨ ਨੇ ਅੱਤ ਮਚਾਈ ਤਾਂ ਮੂਸਾ ਨੇ ਉਸ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਨੇ ਖ਼ੁਸ਼ਾਮਦੀਆਂ ਦੀਆਂ ਚਾਲਾਂ ਵਿਚ ਆ ਕੇ 'ਦੀਨ-ਏ-ਇਲਾਹੀ' ਨਾਂਅ ਦਾ ਨਵਾਂ ਧਰਮ ਚਲਾ ਕੇ ਸਦੀਆਂ ਤੋਂ ਚਲੇ ਆ ਰਹੇ ਧਾਰਮਿਕ ਅਸੂਲਾਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੇਖ਼ ਮੁਜੱਦਦ ਅਲਫ਼ਸ਼ਾਨੀ ਸਰਹੰਦੀ ਵਰਗੇ ਧਾਰਮਿਕ ਆਗੂ ਪੈਦਾ ਹੋਏ ਜਿਨ੍ਹਾਂ ਨੇ ਹੱਕ-ਸੱਚ ਦੀ ਗੱਲ ਸ਼ਹਿਨਸ਼ਾਹ ਦੇ ਸਾਹਮਣੇ ਕਹਿਣ ਤੋਂ ਗੁਰੇਜ਼ ਨਾ ਕੀਤਾ ਅਤੇ ਸਜ਼ਾਵਾਂ ਭੁਗਤੀਆਂ। ਜਦੋਂ ਦਿੱਲੀ ਦੇ ਹੁਕਮਰਾਨਾਂ ਨੇ ਸੂਬੇਦਾਰਾਂ ਦੀਆਂ ਕੋਝੀਆਂ ਚਾਲਾਂ ਵਿਚ ਆ ਕੇ ਲੋਕਾਂ 'ਤੇ ਜ਼ੁਲਮ ਦੀ ਅੱਤ ਚੁੱਕੀ ਤਾਂ ਹੱਕਾਂ ਦੀ ਰਾਖੀ ਲਈ ਅਣਖੀਲੇ ਪੰਜਾਬੀਆਂ ਨੇ ਸਰਕਾਰ ਦੇ ਖ਼ਿਲਾਫ਼ ਬਗ਼ਾਵਤਾਂ ਕੀਤੀਆਂ।
ਭਾਵੇਂ ਇਹ ਬਗ਼ਾਵਤਾਂ ਕਰਨ ਵਾਲੇ ਲੋਕ ਆਪਣੇ ਮਕਸਦ ਵਿਚ ਕਾਮਯਾਬ ਨਾ ਵੀ ਹੋਏ ਪਰ ਇਨ੍ਹਾਂ ਨੇ ਸਮੇਂ ਦੀ ਸਰਕਾਰ ਨੂੰ ਉਸ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਵਾ ਦਿੱਤਾ ਅਤੇ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦਰਬਾਰ ਤੱਕ ਪਹੁੰਚਾਇਆ।
ਪੰਜਾਬ ਦੀ ਧਰਤੀ ਉੱਤੇ ਜਦੋਂ ਵੀ ਕਿਸੇ ਜਾਬਰ ਨੇ ਜ਼ੁਲਮ ਦੀ ਤਾਰੀਖ਼ ਨੂੰ ਦੁਹਰਾਉਣਾ ਚਾਹਿਆ ਤਾਂ ਜ਼ਰੂਰ ਕੋਈ ਨਾ ਕੋਈ ਗ਼ੈਰਤਮੰਦ, ਦਲੇਰ ਸੂਰਮਾ ਪੈਦਾ ਹੋਇਆ। ਭਾਵੇਂ ਉਹ ਬਾਗ਼ੀ ਮਲੰਗੀ ਹੋਵੇ ਜਾਂ ਅਹਿਮਦ ਖ਼ਾਂ ਖਰਲ। ਜੱਗਾ ਸੂਰਮਾ ਹੋਵੇ ਜਾਂ ਜਿਊਣਾ ਮੌੜ। ਸ਼ਹੀਦ ਭਗਤ ਸਿੰਘ ਹੋਵੇ ਜਾਂ ਸ਼ਹੀਦ ਊਧਮ ਸਿੰਘ। ਜਿਨ੍ਹਾਂ ਨੇ ਸਮੇਂ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ, ਉਨ੍ਹਾਂ ਵਿਚ ਇਕ ਨਾਂਅ ਦੁੱਲਾ ਭੱਟੀ ਦਾ ਵੀ ਆਉਂਦਾ ਹੈ।
ਦੁੱਲਾ ਭੱਟੀ ਦਾ ਅਸਲ ਨਾਂਅ ਅਬਦੁੱਲਾ ਖ਼ਾਂ ਭੱਟੀ ਸੀ। ਉਸ ਦੇ ਪਿਤਾ ਦਾ ਨਾਂਅ ਫ਼ਰੀਦ ਖ਼ਾਂ ਅਤੇ ਦਾਦੇ ਦਾ ਨਾਂਅ ਸਾਂਦਲ ਭੱਟੀ ਸੀ ਜਿਸ ਦੇ ਨਾਂਅ ਉੱਤੇ ਇਹ ਇਲਾਕਾ ਸਾਂਦਲ ਦੀ ਬਾਰ ਕਹਾਇਆ। ਪੱਛਮੀ ਪੰਜਾਬ ਵਿਚ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਸਾਂਦਲ ਦੀ ਬਾਰ ਕਿਹਾ ਜਾਂਦਾ ਹੈ। ਇਹ ਇਲਾਕਾ ਭੱਟੀਆਂ ਦੀ ਆਪਣੀ ਜਾਗੀਰ ਸੀ ਅਤੇ ਉਹ ਇਸ ਵਿਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਜਦੋਂ ਅਕਬਰ ਦੇ ਸਮੇਂ ਇਸ ਇਲਾਕੇ ਉੱਤੇ ਮਾਲੀਆ ਲਾਇਆ ਗਿਆ ਤਾਂ ਇਥੋਂ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ ।
ਇਸ ਬਗ਼ਾਵਤ ਦੀ ਅਗਵਾਈ ਪਹਿਲਾਂ ਸਾਂਦਲ ਭੱਟੀ ਨੇ ਕੀਤੀ ਅਤੇ ਉਸ ਨੂੰ ਫ਼ਾਂਸੀ ਦਿੱਤੇ ਜਾਣ ਤੋਂ ਬਾਅਦ ਇਸੇ ਜ਼ੁਲਮ ਵਿਚ ਉਸ ਦੇ ਪੁੱਤਰ ਫ਼ਰੀਦ ਖ਼ਾਂ ਭੱਟੀ ਨੂੰ ਵੀ ਫ਼ਾਂਸੀ 'ਤੇ ਲਟਕਣਾ ਪਿਆ। ਇਨ੍ਹਾਂ ਦੋਵਾਂ ਨੂੰ ਗ਼ਰੀਬ ਕਿਸਾਨਾਂ ਦੇ ਹੱਕਾਂ ਦੀ ਖ਼ਾਤਰ ਬੋਲਦਿਆਂ ਦੇਖ ਕੇ ਚੁੱਪ ਕਰਾਉਣ ਲਈ ਵੇਲੇ ਦੇ ਸ਼ਹਿਨਸ਼ਾਹ ਅਕਬਰ ਨੇ ਬਾਗ਼ੀ ਆਖ ਕੇ ਕਤਲ ਕਰਵਾ ਦਿੱਤਾ ਸੀ। ਪਿਤਾ ਦੀ ਸ਼ਹਾਦਤ ਤੋਂ 18 ਦਿਨ ਪਿੱਛੋਂ 1547 ਨੂੰ ਪਿੰਡੀ ਭੱਟੀਆਂ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਦੁੱਲਾ ਭੱਟੀ ਦਾ ਜਨਮ ਹੋਇਆ।
ਦੁੱਲਾ ਭੱਟੀ ਦੀ ਮਾਂ ਦਾ ਨਾਂਅ ਲੱਧੀ ਸੀ ਜਿਹੜੀ ਇਕ ਦਲੇਰ ਅਤੇ ਹਿੰਮਤ ਵਾਲੀ ਔਰਤ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਅਪਣੇ ਨਵਜੰਮੇ ਪੁੱਤਰ ਨੂੰ ਤੇਜ਼ ਤਲਵਾਰ ਨੂੰ ਧੋ ਕੇ ਗੁੜ੍ਹਤੀ ਦਿੱਤੀ ਅਤੇ ਆਪਣੇ ਸਹੁਰੇ ਅਤੇ ਪਤੀ ਦੇ ਕਤਲ ਦਾ ਬਦਲਾ ਲੈਣ ਲਈ ਇੰਤਕਾਮ ਦੀ ਲੋਰੀ ਸੁਣਾਈ ਜਿਸ ਵਿਚ ਸਦਾ ਸਾਂਦਲ ਅਤੇ ਫ਼ਰੀਦ ਦੇ ਕਤਲ ਦਾ ਬਦਲਾ ਲੈਣ ਦਾ ਪੈਗ਼ਾਮ ਦਿੱਤਾ। ਪੰਜਾਬ ਦੀ ਧਰਤੀ ਦੀ ਬੇਇੱਜ਼ਤੀ, ਆਪਣੇ ਮਜ਼ਲੂਮ ਭਰਾਵਾਂ ਉੱਤੇ ਹੁੰਦੇ ਜ਼ੁਲਮ ਅਤੇ ਪਿਉ-ਦਾਦੇ ਦੇ ਕਤਲ ਦਾ ਬਦਲਾ ਲੈਣ ਲਈ ਦੁੱਲਾ ਭੱਟੀ ਹੁਣ ਜਵਾਨ ਹੋ ਚੁੱਕਿਆ ਸੀ।
ਦੁੱਧ ਮੱਖਣਾਂ ਨਾਲ ਪਲੇ ਦੁੱਲੇ ਦਾ ਕੱਦ ਲੰਬਾ ਅਤੇ ਸਰੀਰ ਗੁੰਦਵਾਂ ਸੀ। ਉਸ ਨੇ ਧਰਤੀ ਦੇ ਪੰਜਾਂ ਦਰਿਆਵਾਂ ਦੀ ਕਸਮ ਖਾ ਕੇ ਆਖਿਆ ਸੀ ਕਿ ਉਹ ਜ਼ੁਲਮ ਨੂੰ ਮਿਟਾਉਣ ਲਈ ਜਾਬਰ ਅਤੇ ਜ਼ਾਲਮ ਹੁਕਮਰਾਨਾਂ ਨਾਲ ਭਿੜਨ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਉਸ ਨੇ ਸਮੇਂ ਦੇ ਹਾਕਮਾਂ ਨਾਲ ਟੱਕਰ ਲੈਣ ਲਈ ਗ਼ੈਰਤਮੰਦ, ਦਲੇਰ ਅਤੇ ਜੋਸ਼ੀਲੇ ਜਵਾਨਾਂ ਦੀ ਛੋਟੀ ਜਿਹੀ ਫ਼ੌਜ ਤਿਆਰ ਕੀਤੀ।
ਭੱਟੀਆਂ ਦੇ ਇਤਿਹਾਸ ਬਾਰੇ 'ਲੋਕ ਤਵਾਰੀਖ਼' ਦਾ ਲੇਖਕ ਸ਼ਨਾਵਰ ਚੱਧੜ ਲਿਖਦਾ ਹੈ; 'ਭੱਟੀ ਖ਼ਾਨਦਾਨ ਨੇ 1332 ਤੋਂ 1589 ਤੱਕ ਸਾਂਦਲ ਬਾਰ ਦਾ ਇਲਾਕਾ ਜਿਹੜਾ ਦੁੱਲਾ ਭੱਟੀ ਦੇ ਦਾਦੇ ਸਾਂਦਲ ਦੇ ਨਾਂਅ 'ਤੇ ਸਾਂਦਲਬਾਰ ਕਹਾਉਂਦਾ ਸੀ 'ਤੇ ਹੁਕਮਰਾਨੀ ਕੀਤੀ। ਸ਼ੇਖ਼ੂਪੁਰਾ, ਲਾਇਲਪੁਰ, ਸਰਗੋਧਾ ਤੇ ਪਿੰਡੀ ਭੱਟੀਆਂ ਦੇ ਵਿਚਕਾਰਲੀ ਜੂਹ ਇਨ੍ਹਾਂ ਦੀ ਮਲਕੀਅਤ ਸੀ।
ਤਾਕਤ ਦੇ ਜ਼ੋਰ 'ਤੇ ਜਦੋਂ ਅਕਬਰ ਨੇ ਸਾਂਦਲ ਬਾਰ ਦੇ ਇਲਾਕੇ 'ਤੇ ਕਬਜ਼ਾ ਕਰਨ ਅਤੇ ਮਾਲੀਆ ਇਕੱਠਾ ਕਰਨ ਦਾ ਹੁਕਮ ਦਿੱਤਾ ਤਾਂ ਇਸ ਇਲਾਕੇ ਦੇ ਕਿਸਾਨਾਂ ਨੇ ਬਗ਼ਾਵਤ ਕਰ ਦਿੱਤੀ ਜਿਸ ਦੀ ਅਗਵਾਈ ਭੱਟੀ ਖ਼ਾਨਦਾਨ ਨੇ ਕੀਤੀ। ਅਕਬਰ ਦੀ ਫ਼ੌਜ ਨੇ ਹਮਲਾ ਕਰਕੇ ਪਿੰਡੀ ਭੱਟੀਆਂ ਨੂੰ ਬਰਬਾਦ ਕਰ ਦਿੱਤਾ। ਸਾਂਦਲ ਅਤੇ ਫ਼ਰੀਦ ਨੂੰ ਵੱਖ-ਵੱਖ ਸਮੇਂ 'ਤੇ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ ਅਤੇ ਦਿੱਲੀ ਦਰਵਾਜ਼ੇ ਦੇ ਸਾਹਮਣੇ ਸ਼ਰੇਆਮ ਫ਼ਾਂਸੀ 'ਤੇ ਲਟਕਾ ਦਿੱਤਾ ਗਿਆ'।
ਤੇਰਾ ਕੌਣ ਵਿਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ 'ਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ, '
ਤੇ ਤੇਰੀ ਜੀਵੇ ਜੋੜੀ!
No comments:
Post a Comment