ਖੂਹ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹੈ। ਕੋਈ ਸਮਾਂ ਸੀ ਜਦੋਂ ਖੂਹ ਦੇ ਦੁਆਲੇ ਭਰਵੀਂ ਰੌਣਕ ਹੁੰਦੀ ਸੀ। ਅਜਿਹਾ ਵੇਖ ਕੇ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕਿਧਰੇ ਮੇਲਾ ਲੱਗਿਆ ਹੋਵੇ। ਖੂਹ ਨਾਲ ਲੋਕ ਸਾਂਝ ਜੁੜੀ ਹੁੰਦੀ ਸੀ। ਇੱਕ ਤਰ੍ਹਾਂ ਨਾਲ ਖੂਹ ਮਨੁੱਖੀ ਜੀਵਨ ਦਾ ਕੇਂਦਰੀ ਧੁਰਾ ਹੋਇਆ ਕਰਦਾ ਸੀ ਪਰ ਮਸ਼ੀਨੀ ਯੁੱਗ ਨੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਸਾਡੇ ਕੋਲੋਂ ਖੋਹ ਲਿਆ ਹੈ ਅਤੇ ਖੂਹ ਖੰਡਰ ਬਣੇ ਨਜ਼ਰ ਆਉਂਦੇ ਹਨ। ਮਸ਼ੀਨੀਕਰਨ ਯੁੱਗ ਤੋਂ ਪਹਿਲਾਂ ਲੋਕ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਸੀਲੇ ਖ਼ੁਦ ਪੈਦਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖ ਨੇ ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ ਅਤੇ ਰਹਿਣ ਲਈ ਰੈਣ ਬਸੇਰੇ (ਘਰ) ਦੀ ਮੁਢਲੀ ਲੋੜ ਪੂਰੀ ਕਰ ਲਈ ਤਾਂ ਉਸ ਨੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਖ਼ੁਦ ਹੀ ਵਸੀਲੇ ਪੈਦਾ ਕੀਤੇ। ਇਸ ਲਈ ਮਨੁੱਖ ਨੇ ਖੂਹ ਖੁਦਵਾਏ। ਇਸ ਤੋਂ ਪਹਿਲਾਂ ਪਾਣੀ ਸਿਰਫ਼ ਨਦੀਆਂ ਤੇ ਦਰਿਆਵਾਂ ਤੋਂ ਹੀ ਮਿਲਦਾ ਸੀ। ਲੋਕ ਪਾਣੀ ਦੀ ਭਾਲ ਵਿੱਚ ਘੜੇ ਚੁੱਕੀ ਦੂਰ-ਦੂਰ ਚਲੇ ਜਾਂਦੇ ਸਨ ਅਤੇ ਇਸ ਦੀ ਬੜੇ ਸੰਜਮ ਨਾਲ ਵਰਤੋਂ ਕਰਦੇ ਸਨ।
ਫਿਰ ਮਨੁੱਖ ਨੇ ਖੂਹਾਂ ਦੀ ਖੁਦਵਾਈ ਕਰ ਕੇ ਜਿੱਥੇ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ, ਉੱਥੇ ਨਾਲ ਹੀ ਬੇਆਬਾਦ ਬੰਜਰ ਪਈ ਜ਼ਮੀਨ ਨੂੰ ਖੂਹਾਂ ਦੇ ਪਾਣੀ ਨਾਲ ਸਿੰਜ ਕੇ ਵਾਹੀ ਯੋਗ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਖੂਹ ਪੁਰਾਤਨ ਸਮੇਂ ਵਿੱਚ ਪਾਣੀ ਦਾ ਸਸਤਾ ਅਤੇ ਮਹੱਤਵਪੂਰਨ ਸਾਧਨ ਸਨ। ਖੂਹ ਤੋਂ ਭਾਵ ਧਰਤੀ ਵਿੱਚੋਂ ਪਾਣੀ ਕੱਢਣ ਲਈ ਪੁੱੱਟਿਆ ਗਿਆ ਡੂੰਘਾ ਟੋਆ। ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਪੰਜਾਬੀ ਵਿੱਚ ਖੂਹ ਤੇ ਇਸ ਦਾ ਛੋਟਾ ਰੂਪ ਖੂਹੀ (ਹਲਟ/ਹਲਟੀ), ਅੰਗਰੇਜ਼ੀ ਵਿਚ ਵੈੱਲ, ਹਿੰਦੀ ਵਿੱਚ ਕੂਆਂ, ਫ਼ਾਰਸੀ ਵਿੱਚ ਚਾਹ ਆਦਿ। ਖੂਹਾਂ ਦਾ ਇਤਿਹਾਸ ਵੀ ਮਨੁੱਖੀ ਇਤਿਹਾਸ ਜਿਨ੍ਹਾਂ ਹੀ ਪੁਰਾਣਾ ਹੈ। ਖੂਹ ਮਨੁੱਖ ਦੀਆਂ ਮੁਢਲੀਆਂ ਖੋਜਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਆਰੀਆਂ ਲੋਕਾਂ ਦੇ ਭਾਰਤ ਆਉਣ ’ਤੇ ਖੂਹਾਂ ਦੀ ਸਿਰਜਣਾ ਤੇ ਸਿੰਜਾਈ ਆਰੰਭ ਹੋਈ।
ਫਿਰ ਮਨੁੱਖ ਨੇ ਖੂਹਾਂ ਦੀ ਖੁਦਵਾਈ ਕਰ ਕੇ ਜਿੱਥੇ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ, ਉੱਥੇ ਨਾਲ ਹੀ ਬੇਆਬਾਦ ਬੰਜਰ ਪਈ ਜ਼ਮੀਨ ਨੂੰ ਖੂਹਾਂ ਦੇ ਪਾਣੀ ਨਾਲ ਸਿੰਜ ਕੇ ਵਾਹੀ ਯੋਗ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਖੂਹ ਪੁਰਾਤਨ ਸਮੇਂ ਵਿੱਚ ਪਾਣੀ ਦਾ ਸਸਤਾ ਅਤੇ ਮਹੱਤਵਪੂਰਨ ਸਾਧਨ ਸਨ। ਖੂਹ ਤੋਂ ਭਾਵ ਧਰਤੀ ਵਿੱਚੋਂ ਪਾਣੀ ਕੱਢਣ ਲਈ ਪੁੱੱਟਿਆ ਗਿਆ ਡੂੰਘਾ ਟੋਆ। ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਪੰਜਾਬੀ ਵਿੱਚ ਖੂਹ ਤੇ ਇਸ ਦਾ ਛੋਟਾ ਰੂਪ ਖੂਹੀ (ਹਲਟ/ਹਲਟੀ), ਅੰਗਰੇਜ਼ੀ ਵਿਚ ਵੈੱਲ, ਹਿੰਦੀ ਵਿੱਚ ਕੂਆਂ, ਫ਼ਾਰਸੀ ਵਿੱਚ ਚਾਹ ਆਦਿ। ਖੂਹਾਂ ਦਾ ਇਤਿਹਾਸ ਵੀ ਮਨੁੱਖੀ ਇਤਿਹਾਸ ਜਿਨ੍ਹਾਂ ਹੀ ਪੁਰਾਣਾ ਹੈ। ਖੂਹ ਮਨੁੱਖ ਦੀਆਂ ਮੁਢਲੀਆਂ ਖੋਜਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਆਰੀਆਂ ਲੋਕਾਂ ਦੇ ਭਾਰਤ ਆਉਣ ’ਤੇ ਖੂਹਾਂ ਦੀ ਸਿਰਜਣਾ ਤੇ ਸਿੰਜਾਈ ਆਰੰਭ ਹੋਈ।
ਖੂਹ ਦੀ ਉਸਾਰੀ ਤੋਂ ਬਾਅਦ ਥੋੜ੍ਹੀ ਦੂਰੀ ’ਤੇ ਦੋ ਆਹਮੋ-ਸਾਹਮਣੇ ਕੰਧਾਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਚੰਨੇ ਕਿਹਾ ਜਾਂਦਾ ਸੀ। ਦੋਵਾਂ ਚੰਨਿਆਂ ਦੇ ਉੱਪਰ ਲੱਕੜ ਦੀ ਛਤੀਰੀ ਰੱਖੀ ਜਾਂਦੀ ਸੀ ਅਤੇ ਉਸ ਦੇ ਵਿਚਕਾਰ ਇੱਕ ਛੇਕ ਹੁੰਦਾ ਸੀ ਜਿਸ ਵਿੱਚ ਢੋਲ ਦਾ ਧੁਰਾ ਟਿਕਾਇਆ ਜਾਂਦਾ ਸੀ। ਸ਼ਤੀਰੀ ਦੇ ਹੇਠਾਂ ਇੱਕ ਵੱਡੀ ਗਰਾਰੀ ਹੁੰਦੀ ਸੀ। ਗਰਾਰੀ ਦੇ ਦੰਦੇ ਹੁੰਦੇ ਸਨ। ਇਸ ਦੇ ਇੱਕ ਪਾਸੇ ਲੋਹੇ ਦੀ ਵੱਡੀ ਗਰਾਰੀ ਹੁੰਦੀ ਸੀ ਜਿਸ ਨੂੰ ਚਵ੍ਹੱਕਲ਼ੀ ਕਿਹਾ ਜਾਂਦਾ ਸੀ। ਚਵ੍ਹੱਕਲ਼ੀ ਦੇ ਦੰਦੇ ਢੋਲ ਦੇ ਦੰਦਿਆਂ ਨਾਲ ਜੁੜੇ ਹੁੰਦੇ ਸਨ ਤੇ ਚਵ੍ਹੱਕਲ਼ੀ ਖੂਹ ਦੇ ਉੱਤੇ ਲੱਗੀ ਚਰਖੜੀ (ਬੈੜ) ਨਾਲ ਜੁੜੀ ਹੁੰਦੀ ਸੀ। ਬੈੜ ਦੇ ਉੱਤੇ ਮਾਲ ਦੇ ਰੂਪ ਵਿੱਚ ਟਿੰਡਾਂ ਖੂਹ ਵਿੱਚ ਲਟਕੀਆਂ ਸਨ। ਬੈੜ ਦੇ ਵਿਚਕਾਰ ਲੱਕੜ ਜਾਂ ਲੋਹੇ ਦਾ ਇੱਕ ਪਾੜਛਾ ਰੱਖਿਆ ਹੁੰਦਾ ਸੀ। ਬੈੜ, ਢੋਲ ਤੇ ਚਵ੍ਹੱਕਲ਼ੀ ਦੇ ਚੱਕਰਾਂ ਨੂੰ ਤੱਕਲ਼ੇ ਨਾਲ ਜੋੜ ਕੇ ਢੋਲ ਦੇ ਉੱਪਰਲੇ ਸਿਰੇ ਨਾਲ (ਵਿੰਗੀ ਲੱਕੜ) ਗਾਧੀ ਪਾ ਕੇ ਜੋ ਦੁਸਾਂਗੜ ਹੁੰਦੀ ਸੀ, ਅੱਗੇ ਬਲਦਾਂ ਨੂੰ ਜੋਤ ਕੇ ਖੂਹ ਗੇੜਿਆ ਜਾਂਦਾ ਸੀ। ਜਦੋਂ ਬਲਦ ਗਾਧੀ ਨੂੰ ਖਿੱਚ ਕੇ ਤੁਰਦੇ ਤਾਂ ਗਾਧੀ ਨਾਲ ਜੁੜੇ ਢੋਲ ਦੀਆਂ ਗਰਾਰੀਆਂ ਚਲਦੀਆਂ। ਢੋਲ ਦੇ ਨਾਲ ਚਵ੍ਹੱਕਲ਼ੀ ਚਲਦੀ ਅਤੇ ਉਸ ਦੇ ਚੱਲਣ ਨਾਲ ਲੱਠ ਘੁੰਮਦੀ ਤਾਂ ਬੈੜ ਘੁੰਮਦਾ ਜਿਸ ਉੱਪਰ ਫਸੀ ਟਿੰਡਾਂ ਦੀ ਮਾਲ੍ਹ ਘੁੰਮਦੀ। ਟਿੰਡਾਂ ਖੂਹ ਵਿੱਚ ਡੁੱਬਦੀਆਂ ਤੇ ਪਾਣੀ ਨਾਲ ਭਰ ਕੇ ਉਤਾਂਹ ਆਉਂਦੀਆਂ ਤੇ ਪਾਣੀ ਪਾੜਛੇ ਵਿੱਚ ਡਿੱਗਦਾ ਤੇ ਪਾੜਛੇ ਵਿਚਲਾ ਪਾਣੀ ਆਉਲ ਵਿੱਚ ਡਿੱਗਦਾ ਜਿੱÎਥੋਂ ਪਾਣੀ ਦੀ ਵਰਤੋਂ ਲਈ ਘੜੇ ਭਰੇ ਜਾਂਦੇ ਅਤੇ ਪਾਣੀ ਖਾਲ ਰਾਹੀਂ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾਂਦਾ ਸੀ। ਇਸ ਤਰ੍ਹਾਂ ਖੂਹ ਸਾਰਾ ਦਿਨ ਵਾਰੀ ਅਨੁਸਾਰ ਚਲਦਾ ਰਹਿੰਦਾ ਸੀ ਅਤੇ ਖੂਹ ਦੇ ਦੁਆਲੇ ਭੀੜ ਜੁੜੀ ਰਹਿੰਦੀ ਸੀ। ਬੱਚੇ, ਬੁੱਢੇ ਤੇ ਮੁਟਿਆਰਾਂ ਖੂਹ ਤੋਂ ਪਾਣੀ ਦੇ ਘੜੇ ਭਰਨ ਲਈ ਆਉਂਦੇ ਸਨ। ਪਿੰਡਾਂ ਵਿੱਚ ਸਿਰਫ਼ ਪੀਣ ਵਾਲੇ ਪਾਣੀ ਲਈ ਵੀ ਵੱਖਰੇ ਖੂਹ ਹੁੰਦੇ ਸਨ, ਜਿੱਥੇ ਮੁਟਿਆਰਾਂ ਹੱਥੀਂ ਬਾਲਟੀ ਰਾਹੀਂ ਘੜੇ ਭਰਦੀਆਂ ਸਨ। ਇਸ ਤਰ੍ਹਾਂ ਖੂਹ ਮੇਲ-ਜੋਲ ਦਾ ਸਥਾਨ ਹੁੰਦਾ ਸੀ। ਇੱਥੇ ਹੀ ਬਸ ਨਹੀਂ, ਪੰਜਾਬੀ ਸੱਭਿਆਚਾਰ ਦੇ ਲੋਕ ਗੀਤਾਂ, ਸੁਹਾਗ, ਸਿੱਠਣੀਆਂ, ਘੋੜੀਆਂ, ਅਲਾਹੁਣੀਆਂ, ਟੱਪੇ, ਲੋਕ ਕਹਾਣੀਆਂ, ਲੋਕ-ਗਾਥਾਵਾਂ, ਬੁਝਾਰਤਾਂ, ਮੁਹਾਵਰੇ, ਅਖਾਣ ਆਦਿ ਵਿੱਚ ਵੀ ਖੂਹ ਦਾ ਵਰਣਨ ਮਿਲਦਾ ਹੈ।
ਗੀਤ
ਤੂਤਕ ਤੂਤਕ ਤੂਤਕ ਤੂਤੀਆਂ,
ਹਾਏ ਜਮਾਲੋ
ਆਜਾ ਤੂਤਾਂ ਵਾਲੇ ਖੂਹ ’ਤੇ,
ਹਾਏ ਜਮਾਲੋ
ੳੱੁਥੇ ਗੱਲਾਂ ਕਰਾਂਗੇ ਮੂੰਹ ’ਤੇ,
ਹਾਏ ਜਮਾਲੋ।
ਲੋਕ ਗਾਥਾ
ਮੁਲਕੀ ਭਰਦੀ ਪਈ ਸੀ ਖੂਹ ਦੇ ਉੱਤੇ ਪਾਣੀ,
ਕੀਮਾ ਕੋਲ ਆ ਕੇ ਅਰਜ਼ ਗੁਜ਼ਾਰੇ।
ਛੰਨਾਂ ਪਾਣੀ ਦਾ ਇੱਕ ਦੇ ਦੇ ਨੀਂ ਮੁਟਿਆਰੇ।
ਟੱਪਾ
ਖੂਹ ਉੱਤੇ ਆ ਮਾਹੀਆ,
ਨਾਲੇ ਸਾਡੀ ਗੱਲ ਸੁਣਜਾ,
ਨਾਲੇ ਘੜਾ ਵੇ ਚੁਕਾ ਮਾਹੀਆ।
ਬੁਝਾਰਤ
ਰੜੇ ਮੈਦਾਨ ਵਿੱਚ ਡੱਬਾ
ਚੁੱਕਿਆ ਨਾ ਜਾਵੇ ਚੁਕਾਈਂ ਰੱਬਾ (ਖੂਹ)
ਅਖਾਣ
ਖੂਹ ਪੁੱਟਦੇ ਨੂੰ ਖਾਤਾ ਤਿਆਰ
ਖੂਹ ਦੀ ਮਿੱਟੀ ਖੂਹ ਨੂੰ ਲੱਗਣਾ
ਮੁਹਾਵਰੇ
ਖੂਹ ਵਿੱਚ ਛਾਲ ਮਾਰਨਾ
ਖੂਹ ’ਤੇ ਗਏ ਪਿਆਸੇ ਆਏ
ਧਰਤੀ ਵਿੱਚੋਂ ਪਾਣੀ ਕੱਢਣ ਦੀਆਂ ਈਜਾਦ ਹੋਈਆਂ ਨਵੀਆਂ ਕਾਢਾਂ ਨੇ ਸਾਂਝੇ ਪੁਰਾਤਨ ਵਿਰਸੇ ਖੂਹ ਦੀ ਦੇਣ ਨੂੰ ਭੁਲਾ ਦਿੱਤਾ ਹੈ। ਦੂਜਾ ਜ਼ਿਆਦਾ ਵਰਤੋਂ ਕਾਰਨ ਪਾਣੀ ਦਾ ਪੱਧਰ ਹੇਠਾਂ ਚਲੇ ਜਾਣ ਨਾਲ ਖੂਹ ਵੀ ਪਾਣੀ ਦੇਣ ਤੋਂ ਜੁਆਬ ਦੇ ਗਏ ਹਨ। ਲੋਕਾਂ ਨੇ ਇਨ੍ਹਾਂ ਖੂਹਾਂ ਨੂੰ ਕੂੜਾਦਾਨ ਬਣਾ ਕੇ ਸਦਾ ਲਈ ਬੰਦ ਕਰ ਦਿੱਤਾ ਹੈ। ਕਦੇ ਪੰਜਾਬ ਦਾ ਅਮੀਰ ਵਿਰਸਾ ਰਿਹਾ ਖੂਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੁਝਾਰਤ ਬਣ ਕੇ ਰਹਿ ਜਾਵੇਗਾ। ਬੇਸ਼ੱਕ ਹੁਣ ਇਨ੍ਹਾਂ ਖੂਹਾਂ ਵਿੱਚੋਂ ਪਾਣੀ ਨਹੀਂ ਨਿਕਲਦਾ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੂਹ ਬਾਰੇ ਜਾਣੂ ਕਰਵਾਉਣ ਲਈ ਇਨ੍ਹਾਂ ਦੀ ਮੁਰੰਮਤ ਕਰ ਕੇ ਸਾਂਭ-ਸੰਭਾਲ ਤਾਂ ਕੀਤੀ ਜਾ ਸਕਦੀ ਹੈ।
ਦਿਲਬਾਗ ਸਿੰਘ ਗਿੱਲ
No comments:
Post a Comment