ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕਈ ਲੋਕ ਤਾਂ ਆਪਣੇ ਸ਼ੌਕ ਦੀ ਪੂਰਤੀ ਲਈ ‘ਘਰ ਫੂਕ ਤਮਾਸ਼ਾ ਵੇਖਣ’ ਵਾਲੀ ਗੱਲ ਵੀ ਕਰਦੇ ਹਨ ਪਰ ਅਜਿਹੇ ਮਿਹਨਤੀ-ਸਿਰੜੀ ਲੋਕਾਂ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਅਜਿਹੇ ਹੀ ਲੋਕਾਂ ’ਚੋਂ ਇੱਕ ਨਾਂ ਹੈ ਜਸਪਾਲ ਸਿੰਘ ਜੋ ਘਰੇਲੂ ਤੰਗੀਆਂ-ਤੁਰਸ਼ੀਆਂ ਦਾ ਮੁਕਾਬਲਾ ਕਰਦਾ ਹੋਇਆ ਵੀ ਆਪਣੇ ‘ਪੁਰਾਤਨ ਸੰਗੀਤ ਸੰਭਾਲ’ ਵਾਲੇ ਸ਼ੌਕ ਨੂੰ ਤਨ-ਮਨ-ਧਨ ਨਾਲ ਨਿਭਾਅ ਰਿਹਾ ਹੈ।
ਅਸੀਂ ਵੇਖਦੇ ਹਾਂ ਕਿ ਜਿਹੜਾ ਕੰਮ ਸਰਕਾਰਾਂ ਜਾਂ ਵਿਰਾਸਤੀ ਸੰਭਾਲ ਜਥੇਬੰਦੀਆਂ ਨੇ ਕਰਨਾ ਹੁੰਦਾ ਹੈ, ਉਹ ਆਮ ਵਿਅਕਤੀ ਹੀ ਕਰ ਜਾਂਦੇ ਹਨ ਜਦੋਂਕਿ ਸਰਕਾਰਾਂ ਅਜਿਹੇ ਕੰਮਾਂ ਬਾਰੇ ਵਿਸਥਾਰ ਰਿਪੋਰਟਾਂ ਬਣਾਉਣ ਤਕ ਹੀ ਰਹਿ ਜਾਂਦੀ ਹੈ। ਬੇਸ਼ੱਕ ਅੱਜ ਸੀਡੀ, ਪੈੱਨਡਰਾਈਵ, ਐਲਬਮ ਸੰਗੀਤ ਦਾ ਜ਼ਮਾਨਾ ਹੈ ਪਰ ਕਦੇ ਸੰਗੀਤਕ ਮਨੋਰੰਜਨ ਦਾ ਸਾਧਨ ਐਚ.ਐਮ.ਵੀ. ਤਵੇ ਤੇ ਮਸ਼ੀਨਾਂ ਵੀ ਹੋਇਆ ਕਰਦੀਆਂ ਸਨ। ਵਿਆਹ ਵਾਲੇ ਘਰ ਕਈ-ਕਈ ਦਿਨ ਪਹਿਲਾਂ ਹੀ ਸਪੀਕਰ ਵਾਲਾ ਆਪਣਾ ਸੰਦੂਕ ਤੇ ਹੋਰ ਸਾਧਨ ਲੈ ਪੁੱਜ ਜਾਂਦਾ ਸੀ ਤੇ ‘ਸਤਿਗੁਰੂ ਨਾਨਕ ਤੇਰੀ ਲੀਲਾ…’ ਨਾਲ ਪੂਰੇ ਪਿੰਡ ਨੂੰ ਧਾਰਮਿਕ, ਲੋਕ ਗਥਾਵਾਂ ਤੇ ਦੋਗਾਣਿਆਂ ਆਦਿ ਨਾਲ ਸੰਗੀਤਕ ਮਾਹੌਲ ਦਿੰਦਾ ਸੀ।
ਪਰ ਹੁਣ ਵਿਆਹ-ਜੰਝਾਂ ਵਿੱਚ ਆਰਕੈਸਟਰਾ ਦਾ ਨਾਚ ਹੁੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ’ਚੋਂ ਬਹੁਤਿਆਂ ਨੇ ਤਾਂ ਇਹ ਗਰਾਮੋਫੋਨ ਮਸ਼ੀਨਾਂ ਤੇ ਰਿਕਾਰਡ ਵੇਖੇ ਵੀ ਨਹੀਂ ਹੋਣੇ। ਰਾਜਪੁਰੇ ਨੇੜਲੇ ਪਿੰਡ ਕੁੱਥਾ ਖੇੜੀ ਦੇ ਜਸਪਾਲ ਸਿੰਘ ਨੇ ਇਹ ਸੰਗੀਤ ਵਿਰਾਸਤ ਸਾਂਭ ਕੇ ਰੱਖੀ ਹੈ। ਉਸ ਕੋਲ 4000 ਤੋਂ ਵੱਧ ਹਿੰਦੀ, ਪੰਜਾਬੀ, ਧਾਰਮਿਕ ਤੇ ਪਾਕਿਸਤਾਨੀ ਰਿਕਾਰਡਾਂ ਦੇ ਤਵੇ ਪਏ ਹਨ। ਜਸਪਾਲ ਸਿੰਘ ਲੱਕੜ ਦਾ ਕਾਰੀਗਰ ਹੈ ਤੇ ਮਹਾਂਵੀਰ ਮਕੈਨੀਕਲ ਰਾਜਪੁਰਾ ਵਿਖੇ ਠੇਕੇਦਾਰ ਕੋਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਅੱਠਵੀਂ ਜਮਾਤ ’ਚ ਪੜ੍ਹਦੇ ਹੀ ਉਸ ਨੂੰ ਇਹ ਸ਼ੌਕ ਪਿਆ। ਉਸ ਨੇ ਨੇੜੇ-ਤੇੜੇ ਦੇ ਪਿੰਡਾਂ ’ਚੋਂ ਤਵੇ ਅਤੇ ਮਸ਼ੀਨਾਂ ਦੇ ਵੱਖ-ਵੱਖ ਮਾਡਲ ਪ੍ਰਾਪਤ ਕੀਤੇ। ਉਸ ਕੋਲ ਸਾਂਭੇ ਰਿਕਾਰਡਾਂ ਵਿੱਚ ਉੱਘੇ ਢਾਡੀ ਬਿੱਕਰ ਸਿੰਘ ਪ੍ਰਦੇਸੀ, ਉਦੈ ਸਿੰਘ ਐਂਡ ਪਾਰਟੀ, ਮੋਹਨ ਸਿੰਘ ਸ਼ੌਕੀ, ਨਾਜ਼ਰ ਸਿੰਘ, ਦੀਦਾਰ ਸਿੰਘ ਰਟੈਂਡਾਂ, ਦਿਲਬਾਗ ਸਿੰਘ ਮਾਂਗਟ, ਭਾਈ ਗੋਪਾਲ ਸਿੰਘ ਰਾਗੀ, ਤਰਲੋਚਨ ਸਿੰਘ ਰਾਗੀ ਅਤੇ ਸੰਤਾ ਸਿੰਘ ਦੁਆਰਾ ਰਿਕਾਰਡ ਸ਼ਬਦਾਂ ਵਾਲੇ ਤਵੇ ਵੀ ਸ਼ਾਮਲ ਹਨ।
ਜਸਪਾਲ ਸਿੰਘ ਕੋਲ ਪੱਥਰ ਵਾਲੇ ਤਵੇ, ਪਲਾਸਟਿਕ ਅਤੇ ਲਾਖ ਵਾਲੇ ਤਵੇ ਵੀ ਹਨ। ਇਨ੍ਹਾਂ ਵਿੱਚ ਪਾਕਿਸਤਾਨੀ ਗਾਇਕਾ ਨੂਰਜਹਾਂ, ਰੇਸ਼ਮਾ, ਸ਼ਮਸ਼ਾਦ ਬੇਗਮ, ਜੁਬੈਦਾ ਖ਼ਾਨ, ਸ਼ੌਕਤ ਅਲੀ ਦੇ ਰਿਕਾਰਡ ਗੀਤਾਂ ਦੇ ਤਵੇ ਸ਼ਾਮਲ ਹਨ। ਪੰਜਾਬ ਦੇ ਸਾਰੇ ਹੀ ਨਾਮਵਰ ਗਾਇਕਾਂ, ਗ਼ਜ਼ਲ ਗਾਇਕਾਂ ਗੁਲਾਮ ਅਲੀ, ਜਗਜੀਤ ਸਿੰਘ ਦੇ ਰਿਕਾਰਡ, ਢਾਡੀ ਵਾਰਾਂ, ਕਵੀਸ਼ਰੀ ਆਦਿ ਦੇ ਈ.ਪੀ. ਅਤੇ ਐੱਲ.ਪੀ. ਸੁਪਰ ਸੈਵਨ ਤਵੇ ਹਨ। ਇਨ੍ਹਾਂ ਤਵਿਆਂ ਤੋਂ ਇਲਾਵਾ ਇੱਕ 40 ਸਾਲ ਪੁਰਾਣਾ ਐਂਪਲੀਫਾਇਰ ਵੀ ਉਸ ਨੇ ਸਾਂਭਿਆ ਹੋਇਆ ਹੈ। ਉਸ ਕੋਲ ਇੰਗਲੈਂਡ ਦੀਆਂ ਬਣੀਆਂ ਦੋ ਗਰਾਮੋਫੋਨ ਮਸ਼ੀਨਾਂ ਵੀ ਪਈਆਂ ਹਨ।
ਜਸਪਾਲ ਸਿੰਘ ਦਾ ਇੱਕ ਉਪਰਾਲਾ ਹੋਰ ਹੈ ਕਿ ਪੰਜਾਬ ਦੇ ਮਰਹੂਮ ਗਾਇਕਾਂ ਅਮਰ ਸਿੰਘ ਚਮਕੀਲਾ, ਦੀਦਾਰ ਸੰਧੂ, ਨਰਿੰਦਰ ਬੀਬਾ ਦੇ ਸਾਲਾਨਾ ਬਰਸੀ ਸਮਾਗਮਾਂ ’ਤੇ ਉਹ ਆਪਣੀ ਸੰਗੀਤ ਲਾਇਬਰੇਰੀ ’ਚੋਂ ਸਬੰਧਤ ਗਾਇਕ ਦੇ ਰਿਕਾਰਡਾਂ ਦੀ ਪ੍ਰਦਰਸ਼ਨੀ ਲਾਉਂਦਾ ਹੈ। ਇਸ ਸਦਕਾ ਵੀ ਉਸ ਦੀ ਵੱਖਰੀ ਪਛਾਣ ਹੈ।
ਜਸਪਾਲ ਸਿੰਘ ਨੂੰ ਇਸ ਖੇਤਰ ਵਿੱਚ ਉਸ ਦੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ। ਉਸ ਦੇ ਘਰ ਗੀਤ ਸੁਣਨ ਤੇ ਲਾਇਬਰੇਰੀ ਵੇਖਣ ਵਾਲਿਆਂ ਦਾ ਆਉਣ-ਜਾਣ ਲੱਗਿਆ ਰਹਿੰਦਾ ਹੈ। ਅਨੇਕਾਂ ਪੁਰਾਣੇ ਗਾਇਕ ਸੁਚੇਤ ਬਾਲਾ, ਰਣਜੀਤ ਕੌਰ, ਲੱਖੀ ਬਨਜਾਰਾ, ਬਲਜੀਤ ਬੱਲੀ, ਕੇ. ਦੀਪ ਆਦਿ ਉਸ ਨਾਲ ਸੰਪਰਕ ਬਣਾ ਚੁੱਕੇ ਹਨ। ਇਸ ਖੇਤਰ ਵਿੱਚ ਪ੍ਰਾਪਤੀਆਂ ਬਾਰੇ ਉਸ ’ਤੇ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਗਈ ਹੈ। ਰਿਕਾਰਡ ਇਕੱਠੇ ਕਰਨ ਲਈ ਜਸਪਾਲ ਸਿੰਘ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦਾ ਪੰਜਾਬੀ ਇਲਾਕਾ ਘੁੰਮਿਆ ਹੈ। ਜਿੱਥੋਂ ਵੀ ਉਸ ਨੂੰ ਵਧੀਆ ਰਿਕਾਰਡ ਮਿਲਦੇ ਹਨ ਉਹ ਲੈ ਆਉਂਦਾ ਹੈ। ਇਸ ਮਾਮਲੇ ਵਿੱਚ ਉਸ ਦਾ ਠੇਕੇਦਾਰ ਕਰਮ ਸਿੰਘ ਤੇ ਅਮਿਤ ਕੁਮਾਰ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਪੰਜਾਬੀ ਸੰਗੀਤ ਦੀ ਖੁਰ ਰਹੀ ਇਸ ਵਿਰਾਸਤ ਨੂੰ ਸਾਂਭਣ ਸਦਕਾ ਅਨੇਕਾਂ ਸੰਸਥਾਵਾਂ ਨੇ ਜਸਪਾਲ ਸਿੰਘ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਮਿਹਨਤੀ ਵਿਅਕਤੀ ਨੂੰ ਹੌਸਲਾ ਦੇਣ ਲਈ ਅੱਗੇ ਆਵੇ ਤਾਂ ਜੋ ਉਹ ਹੋਰ ਮਿਹਨਤ ਨਾਲ ਇਸ ਮਿਸ਼ਨ ਨੂੰ ਨੇਪਰੇ ਚਾੜ੍ਹ ਸਕੇ।
- ਜਸ਼ਨਪ੍ਰੀਤ ਸਿੰਘ
* ਸੰਪਰਕ: 98146-07737
No comments:
Post a Comment