Saturday, 28 September 2013

ਪੰਜਾਬ ਦੇ ਲੋਕ-ਨਾਚ (ਗਿੱਧਾ-ਭੰਗੜਾ) By:-ਰੁਪਿੰਦਰ ਰੂਪ




ਸੰਸਾਰ ਦਾ ਕੋਈ ਵੀ ਦੇਸ ਜਾਂ ਖਿੱਤਾ ਅਜਿਹਾ ਨਹੀ ਹੈ, ਜਿੱਥੋਂ ਦੇ ਲੋਕਾਂ ਦਾ ਆਪਣਾ ਵਿਲੱਖਣ ਲੋਕ-ਨਾਚ ਨਾਂ ਹੋਵੇ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਇਸ ਪ੍ਰਸੰਗ ਵਿੱਚ 'ਲੋਕ' ਸ਼ਬਦ ਵਿਆਪਕ ਅਰਥਾਂ ਦਾ ਬੋਧ ਕਰਾਉਦਾ ਹੈ, ਜਿਸ ਤੋਂ ਭਾਵ ਮਨੁੱਖੀ ਸਮੲਜ ਦੇ ਸਿੱਖਿਅਤ, ਅਣਸਿੱਖਿਅਤ, ਸ਼ਹਿਰੀ ਤੇ ਪੇਂਡੂ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ, ਵਿਖਾਵੇ ਰਹਿਤ, ਕੱਟੜ ਨਿਯਮਾਵਾਲੀ ਤੋਂ ਪ੍ਰਹੇਜ ਕਰਨ ਵਾਲੇ ਅਤੇ ਸਰਲ ਕਲਾ-ਕੋਸ਼ਲਤਾ ਵਾਲੇ ਹੁੰਦੇ ਹਨ। ਇਹਨਾਂ ਲੋਂਕਾ ਦੀ ਇਸ ਲੋਕ-ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ, ਸਹਿਜ ਅਤੇ ਨਿਸ਼ਠਾਪੂਰਨ ਹੁੰਦਾ ਹੈ। ਇਸ ਵਿੱਚ ਕਿਸੇ ਅਡੰਬਰ ਰਚਣ ਦੀ ਕੋਈ ਗੁਨਜਾਇਸ਼ ਨਹੀਂ ਹੁੰਦੀ ਅਤੇ ਨਾਂ ਹੀ ਇਸ ਵਿੱਚ ਕਰੜੇ ਕਲਾ-ਨਿਯਮਾਂ ਦੇ ਪਾਲਣ ਦੀ ਪਾਬੰਦੀ ਹੁੰਦੀ ਹੈ। ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ। 
    ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂ੍ਹ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜੋ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਆਦਿ ਵੀ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੀ ਹੁੰਦੀ ਹੈ। 
    ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਪੰਜਾਬ ਵਿੱਚ ਪੰਜ ਹਜਾਰ ਪੂਰਵ ਈਸਵੀ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ। ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਜਿਸ ਵਿੱਚ ਕਈ ਭੂਗੋਲਿਕ, ਸਮਾਜਿਕ, ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ। ਅਨੇਕਾਂ ਜਨ ਜਾਤੀਆਂ ਜਿਨ੍ਹਾ ਵਿਚ ਦਰਵਾੜਾਂ ਤੋਂ ਲੈ ਕੇ ਅੰਗਰੇਜਾਂ ਤੱਕ ਸ਼ਾਮਿਲ ਹਨ, ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਨੇਕਾਂ ਪ੍ਰਕਾਰ ਦੀ ਉੱਥਲ-ਪੁੱਥਲ ਦੇ ਬਾਵਜੂਦ, ਇਸ ਧਰਤੀ ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ। 
    ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
(ੳ) ਇਸਤਰੀਆਂ ਦੇ ਲੋਕ-ਨਾਚ
(ਅ) ਮਰਦਾਵੇਂ ਲੋਕ-ਨਾਚ
ਪੰਜਾਬ ਵਿੱਚ ਇਸਤਰੀਆਂ ਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਣ ਲੋਕ-ਨਾਚ ਨੱਚਣ ਦੀ ਪ੍ਰੰਪਰਾ, ਪਰਾਚੀਨ ਕਾਲ ਤੋਂ ਹੀ ਨਹੀ ਹੈ।
(ੳ) ਇਸਤਰੀਆਂ ਦੇ ਲੋਕ-ਨਾਚ
ਸਮਾਜਿਕ ਤੌਰ ਤੇ ਮਿਲੇ ਸਥਾਨ, ਪ੍ਰਚਲਿਤ ਪ੍ਰੰਪਰਾਇਕ ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਬੇ ਕੱਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਨ੍ਹਾਂ ਦੇ ਲਹੂ ਮਾਸ ਵਿੱਚ ਰਚੀ ਪਈ ਹੈ। ਕੋਈ ਵੀ ਮਾਂਗਲਿਕ ਕਾਰਜ ਇਸਤਰੀਆਂ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ। ਪੰਜਾਬ ਦੀਆਂ ਇਸਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ:
ਗਿੱਧਾ
ਗਿੱਧਾ ਸਮੁੱਚੇ ਪੰਜਾਬ ਦੀਆਂ ਇਸਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਇੱਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:
ਲਾਂਭ-ਚਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ।
ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਹੋਰ ਮੁਟਿਆਰ (ਇਸਤਰੀਆਂ) ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਉ ਲੋਕ-ਗੀਤਾਂ ਦੇ ਮੁੱਖ ਰੂਪਾਂ--ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪਿਆ ਦੇ ਨਾਲ-ਨਾਲ ਚੱਲਦਾ ਹੈ। ਇਹਨਾਂ ਟੱਪਿਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ 'ਬੱਲੇ-ਬੱਲੇ ਬਈ,ਸ਼ਾਵਾ-ਸ਼ਾਵਾ ' ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ।
    ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰ, ਤੋਂ ਛੁੱਟ ਤ੍ਰਿੰਵਣਾਂ ਵਿੱਚ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ। ਇਹਨਾ ਨੂੰ ਇਸ ਨਾਚ-ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲਾਂ ਕਮਰਾਂ, ਖੇਤ (ਖਾਸ ਕਰਕੇ ਤੀਆਂ ਦੇ ਦਿੰਨੀਂ) ਜਾਂ ਮੈਦਾਨ ਆਦਿ ਸੱਭ ਪ੍ਰਕਾਰ ਦੀਆਂ ਥਾਂਵਾਂ ਗਿੱਧੇ ਲਈ ਢੁੱਕਵੀਆਂ ਹੀ ਹੁੰਦੀਆਂ ਹਨ। ਧਰਮਾਂ, ਫਿਰਕਾ, ਜਾਤ-ਪਾਤ, ਇਹਨਾਂ ਲਈ ਕੋਈ ਵਲਗਣ ਨਹੀਂ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ, ਉਹ ਕਿਸੇ ਵੀ ਅਵਸਰ ਜਾਂ ਮੌਕੇ ਦਾ ਕਿਉਂ ਨਾਂ ਹੋਵੇ, ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ ਅਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਦੋ ਮੁਟਿਆਰਾਂ ਇੱਕ ਜੁਟ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦਾ ਹੈ। ਇਹ ਪ੍ਰਵਾਹ ਘੰਟਿਆਂ ਵੱਧੀ ਚਲਦਾ ਰਹਿੰਦਾਂ ਹੈ। ਗਿੱਧੇ ਦੀ ਗਤੀ ਧੀਮੀਂ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਹੈ ਜਿਵੇਂ:
ਹਾਰੀ ਨਾਂ ਮਲਵੈਣੇ, ਗਿੱਧਾ ਹਾਰ ਗਿਆ
    ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਇਹ ਮੁਦਰਾਂਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼ ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪਰਿਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ਼ ਲਈ ਜਾਂਦੀ ਹੈ। 
    ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜ਼ ਦੀ ਮੁਥਾਜ਼ ਵੀ ਨਹੀਂ। ਢੋਲਕੀ ਦੀ ਵਰਤੋਂ ਭਾਵੇਂ ਆਮ ਕਰ ਲਈ ਜਾਂਦੀ ਹੈ ਪ੍ਰੰਤੂ ਪਰੰਪਰਾਇਕ ਨਾਚ ਵਿੱਚ ਢੋਲਕੀ ਦੀ ਵਰਤੋਂ ਵੀ ਨਹੀ ਸੀ ਹੁੰਦੀ। ਮੂੰਹ ਦੁਆਰਾ 'ਫੂ-ਫੂ' ਕਰਕੇ 'ਬੱਲੇ-ਬੱਲੇ' ਕਰਕੇ ਅੱਡੀਆਂ ਭੋਏਂ ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜੋਰਦਾਰ ਤਾੜੀਆਂ ਦੀ ਅਵਾਜ਼ ਦੀ ਸੰਗਤ ਵਿੱਚ ਹੀ ਹੁਣ ਦੇ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਦੀਂਆਂ ਰਹੀਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ ਸੰਬੰਧਿਤ ਕੁਝ ਕੁ ਬੋਲੀਆਂ ਪੇਸ਼ ਹਨ:
-ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟ੍ਹਾਂ ਚੜ੍ ਆਈਆਂ
-ਵੇ ਗੁਰਦਿੱਤੇ ਦੇ ਭਾਈਆ......ਹਾਂ ਜੀ/ਵੇ ਦੋ ਖੱਟੇ ਲਿਆ ਦੇ......ਹਾਂ ਜੀ
ਵੇ ਮੇਰੇ ਪੀੜ ਕਲੇਜ਼ੇ......ਹਾਂ ਜੀ/ਵੇ ਮੈਂ ਮਰਦੀ ਜਾਂਵਾਂ......ਹਾਂ ਜੀ।
-ਵੇ ਤੇਰੀ ਸੜ ਜਾਵੇ 'ਹਾਂ ਜੀ'......ਹਾਂ ਜੀ......।
    ਇਸ ਤਰ੍ਹਾਂ ਨਾਂ ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾਂ ਥਕਾਣ ਹੁੰਦੀ ਹੈ, ਨਿਰੰਤਰ ਅਜਿਹਾ ਪ੍ਰਵਾਹ, ਨਿਰੱਛਲਤਾ ਸਹਿਤ ਚਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ।



ਸੰਮੀ


ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਸੰਮੀ ਇੱਕ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸੱਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿੱਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਂਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ 'ਸੰਮੀ' ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜ਼ਾ ਅਰਚਨਾ ਤੇ ਅਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ (ਅਪੱਛਰਾ) ਦਾ ਇੱਕ ਪਿੰਡ ਦੇ ਸਰੋਵਰ ਵਿੱਚ ਨ੍ਹਾਉਣ ਅਤੇ ਉਸਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ , ਉਸ ਜਿਹਾ ਬਣਨ ਦੀ ਲਾਲਸਾ ਹਿੱਤ, ਉਸ ਪਿੰਡ ਦੀ ਸੰਮੀ ਨਾਮਕ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਦੇ ਬਾਰ ਬਾਰ ਨਾਚ ਨੱਚਣ ਦੇ ਸਦਕਾ ਇਸ ਨਾਚ ਦਾ ਨਾਮ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ-ਮੰਡਿਆਲੇ ਦੇ ਜਗੀਰਦਾਰ ਦੀ ਸੁੰਦਰ ਪੁੱਤਰੀ ਸੰਮੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ ਕਥਾ ਤੇ ਅਧਾਰਿਤ ਹੈ, ਜਿਸ ਵਿੱਚ ਢੋਲੇ ਦੇ ਵਿਯੋਗ ਵਿੱਚ ਸੰਮੀ ਨੱਚ ਨੱਚ ਫਾਵੀ ਹੋ ਜਾਂਦੀ ਹੈ। ਇਸ ਤਰਾਂ ਹੋਰ ਵੀ ਕਈ ਕਥਾਂ ਬਿਰਤਾਂਤ ਮਿਲਦੇ ਹਨ ਜਿਨ੍ਹਾਂ ਦਾ ਸਾਰ ਭਾਵ ਪ੍ਰੀਤ-ਮਿਲਣੀ, ਸੰਜੋਗ-ਵਿਯੋਗ ਹੈ। ਇਸ ਸਬੰਧੀ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ-ਗੀਤ ਵੀ ਪ੍ਰਚਲਿਤ ਰਹੇ ਹਨ।


    ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿੱਚ ਮੁਦਰਾਵਾਂ ਸਥਾਨਕ-ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ।
    ਸੰਮੀ ਲੋਕ-ਨਾਚ ਨੱਚਦੀਆਂ ਨਾਚ -ਸਮੂਹ (ਘੇਰੇ) ਵਿੱਚੋਂ ਕੁਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ:
ਖਲੀ ਦੇਨੀ ਆਂ ਸੁਨੇਹੜਾ/ਖਲੀ ਦੇਨੀ ਆਂ ਸੁਨੇਹੜਾ
ਇਸ ਬਟੇਰੇ ਨੂੰ/ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ
    ਇਸ ਤਰ੍ਹਾਂ ਤਿੱਤਰਾਂ, ਕਾਵਾਂ, ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਹਨਾਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ , ਜੋ ਬਾਹਾਂ ਨੂੰ ਉੱਪਰ ਕਰਕੇ ਜਾਂ ਹੇਠਾਂ ਕਰਕੇ,ਦੋਹਾਂ ਤਰ੍ਹਾਂ ਨਾਲ ਮਾਰੀਆਂ ਜਾਂਦੀਆਂ ਹਨ, ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਤਾਲ ਨਾਲ ਸਿਰਜ ਲੈਂਦੀਆ ਹਨ, ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨੱਚ ਲੈਂਦੀਆਂ ਹਨ। ਗਿੱਧੇ ਵਾਂਗ ਇਹ ਨਾਚ ਵੀ ਵੇਖਾ-ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ ਕਿਸੇ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪੈਂਦੀ। ਇਸ ਨਾਚ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਬਾਹਾਂ ਦੇ ਹਿਲੋਰਿਆਂ ਉੱਤੇ ਅਧਾਰਿਤ ਹੈ। ਜਿੰਨੀ ਵਾਰ ਬਾਹਾਂ ਹਿਲੋਰੋਆਂ ਵਿੱਚ ਲਿਆਂਦੀਆਂ ਜਾਦੀਆਂ ਹਨ, ਸੰਮੀ ਨਾਚ ਦੀਆਂ ਉੱਤਨੀਆਂ ਮੁਦਰਾਂਵਾਂ ਦਾ ਨਿਰਮਾਣ ਹੋ ਜਾਂਦਾ ਹੈ। ਮੁਦਰਾਵਾਂ ਦੇ ਸਥਾਨਿਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਸਭ ਥਾਈਂ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਹਨ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁੰਮਾਉਂਦੀਆਂ ਹਨ ਤੇ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ। ਫਿਰ ਸੱਜੀ ਬਾਂਹ ਲਹਿਰ ਵਾਂਗ ਉੱਪਰ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਬੜੀ ਮਨਮੋਹਕ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ। ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਵੱਲ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਵੱਲ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ। ਹਰ ਹੁਲਾਰੇ ਨਾਲ ਉਹ ਆਪੋ-ਆਪਣੇ ਲੱਕ (ਕਮਰ) ਨੂੰ ਦਿਲ ਟੁੰਬਵੀਂ ਲਚਕ ਦੇ ਲੈਂਦੀਆਂ ਹਨ। ਇਸ ਉੱਪਰੰਤ ਉਹ ਅੱਗੇ ਵੱਲ ਨੂੰ ਝੁਕ ਕੇ ਤਾੜੀ ਮਾਰਦੀਆਂ ਹਨ ਅਤੇ ਨਾਲੋ ਨਾਲ ਗੋਲ ਦੁਆਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵੱਧਦੀਆਂ ਜਾਂਦੀਆਂ ਹਨ। ਨਮਸਕਾਰ ਅਥਵਾ 'ਸਲਾਮੀ' ਮੁਦਰਾ ਤਾਂ ਕਮਾਲ ਦੀ ਹੁੰਦੀ ਹੈ।
ਸੰਮੀ ਲੋਕ-ਨਾਚ ਦੇ ਇੱਕ ਪ੍ਰਚਲਿਤ ਗੀਤ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ ;-
ਸੰਮੀ ਮੇਰੀ ਵਣ......ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ
ਸੰਮੀ ਮੇਰੀ ਵਣ......ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ
ਸੰਮੀ ਮੇਰੀ ਵਣ......ਕੋਠੇ ਤੇ ਤੰਦੂਰ, ਵਣ ਸੰਮੀਆਂ
ਸੰਮੀ ਮੇਰੀ ਵਣ......ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ .....ਵਣ ਸੰਮੀਆਂ
ਸੰਮੀ ਮੇਰੀ ਵਣ......ਖਾਵਣ ਵਾਲੇ ਆ ਗਏ, ਵਣ ਸੰਮੀਆਂ।



ਕਿੱਕਲੀ
ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਪ੍ਰਕਿਰਤੀ ਪੱਖੋਂ ਦੂਜੇ ਲੋਕ-ਨਾਚਾਂ ਵਿੱਚ ਇਸਦੀ ਵੱਖਰੀ ਪਛਾਣ ਹੈ। ਭਾਵੇਂ ਇਸ ਲੋਕ-ਨਾਚ ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰੰਭਿਕ ਜਾਂ ਅੰਤਮ ਚਰਨ ਦੇ ਪੜਾਵਾਂ ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਹੀ ਸੁਤੰਤਰ ਲੋਕ-ਨਾਚ ਹੈ ਅਤੇ ਇਸ ਨੂੰ ਖੇਡ ਵੀ ਨਹੀਂ ਮੰਨਣਾ ਚਾਹੀਦਾ। 'ਕਿੱਕਲੀ' ਜਾਂ 'ਕਿਰਕਲੀ' ਤੋਂ ਭਾਵ ਖੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ। ਅਸਲ ਵਿੱਚ ਇਹ ਲੋਕ-ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ, ਕਿਸੇ ਖੁਸ਼ੀ ਦੇ ਮੋਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰੱਸਤੇ, ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਇਸ ਲੋਕ-ਨਾਚ ਨੂੰ ਨਿੱਕੇ ਨਿੱਕੇ ਲੋਕ-ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ। ਪ੍ਰਚਲਿਤ ਲੋਕ-ਗੀਤ ਦੇ ਬੋਲ ਹਨ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
    ਇਸ ਪ੍ਰਕਾਰ ਇਹ ਕੁੜੀਆਂ ਕਿਸੇ ਥਾਂ ਇੱਕਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ, ਉਸ ਵਿੱਚੋਂ ਇਕ ਕੁੜੀ, ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਤਰਾਂ ਦੂਜੀ ਕੁੜੀ ਕਰਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹੇਂ ਬਾਹਾਂ ਦੀ ਸੰਗਲੀ ਜਿਹੀ ਅੱਠ (8) ਦੇ ਹਿੰਦਸੇ ਵਰਗੀ ਬਣ ਜਾਂਦੀ ਹੈ। ਬਾਂਹਾਂ ਨੂੰ ਇਸ ਸਥਿਤੀ ਵਿੱਚ ਕਰਨ ਉੱਪਰੰਤ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਹੱਥਾਂ ਤੇ ਪਾ ਲੈਂਦੀਆਂ ਹਨ, ਅਤੇ ਬਾਕੀ ਸਰੀਰ ਦਾ ਭਾਰ ਪਿੱਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ ਤੇ ਕਿੱਕਲੀ ਸੰਬੰਧੀ ਪਰੰਪਰਾਇਕ ਲੋਕ-ਗੀਤਾਂ ਦੇ ਬੋਲਾ ਦਾ ਉਚਾਰ ਕੀਤਾ ਜਾਂਦਾ ਹੈ। ਅਜਿਹੇ ਕੁੱਝ ਲੋਕ-ਗੀਤਾਂ ਵਿੱਚ ਏਧਰ-ਉੱਧਰ ਗੀਤ ਦੀ ਟੋਨ ਮੁਤਾਬਿਕ ਇੱਕ-ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ। ਕੁੜੀਆਂ ਦੇ ਇਹ ਲੋਕ-ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ-ਨਾਲ ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਪ੍ਰਬੰਧ ਆਦਿ ਦੇ ਚਿਤਰਪੱਟ ਦਾ ਨਿਰੂਪਣ ਕਰਨ ਵਾਲੇ ਹੁੰਦੇ ਹਨ। ਅਜਿਹੀਆਂ ਕੁੱਝ ਉਦਹਾਰਨਾਂ ਹਨ:
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
    ਇਸ ਤਰ੍ਹਾਂ ਤੇਜ-ਤਰਾਰ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ-ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ, ਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਅਕਾਰ ਵਿੱਚ ਉੱਡਦੀਆਂ ਹੋਈਆਂ ਰੌਚਕ ਦਿ੍ਸ਼ ਸਾਕਾਰ ਕਰਦੀਆਂ ਹਨ। ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁਟ-ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ ਦੀ ਲੋੜ ਨਹੀਂ ਪੈਂਦੀ। ਪਹਿਰਾਵੇ ਆਦਿ ਦੀ ਵੀ ਪੂਰਨ ਖੁੱਲ੍ਹ ਹੁੰਦੀ ਹੈ।


ਹੁੱਲੇ-ਹੁਲਾਰੇ




 ਕੁੱਝ ਹੋਰ ਲੋਕ-ਨਾਚ ਅਜਿਹੇ ਲੋਕ-ਨਾਚਾਂ ਵਿੱਚੋਂ 'ਹੁੱਲੇ-ਹੁਲਾਰੇ' ਇਕ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਮਾਂਗਲਿਕ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਇਸ ਲੋਕ-ਨਾਚ ਦੇ ਨਾਲ ਗਾਇਆ ਜਾਣ ਵਾਲਾ ਇੱਕ ਪ੍ਰਚਲਿੱਤ ਗੀਤ ਹੈ:
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ......ਹੁੱਲੇ।
ਸੱਸ ਤੇ ਸਹੁਰਾ ਚੱਲੇ......ਹੁੱਲੇ।
ਦਿਓਰ ਤੇ ਦਰਾਣੀ ਚੱਲੇ ......ਹੁੱਲੇ।
ਵਹੁਟੀ ਤੇ ਗੱਭਰੂ ਚੱਲੇ ......ਹੁੱਲੇ।
ਸ਼ੌਂਕਣ ਨਾਲ ਲੈ ਚੱਲੇ ......ਹੁੱਲੇ।
ਮੈਨੂੰ ਕੱਲੀ ਛੱਡ ਚੱਲੇ ......ਹੁੱਲੇ।
    ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ, ਉਹ ਹਰੇਕ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਮੂਹ ਸਾਥਣਾਂ 'ਹੁੱਲੇ' , 'ਹੁੱਲੇ' ਸ਼ਬਦ ਦਾ ਉਚਾਰ ਭਰਵੀਂ ਅਤੇ ਉੱਚੀ ਅਵਾਜ ਵਿੱਚ ਕਰਦੀਆਂ ਹੁੰਦੀਆ ਸਨ। ਇਸ ਲੋਕ-ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ-ਹੱਥਾਂ ਦੇ ਹੁਲਾਰੇ ਅਤੇ ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਦੀਆਂ ਹੁੰਦੀਆਂ ਸਨ। ਹੁਣ ਦੇ ਸਮੇਂ ਵਿੱਚ ਇਹ ਲੋਕ-ਨਾਚ ਮਹਿਜੇ ਗਿੱਧੇ ਨਾਚ ਵਿੱਚ ਉਪਰੋਕਤ ਗੀਤ ਦੇ ਨਾਲ-ਨਾਲ ਇੱਕ ਮੁਦਰਾ ਵੱਲੋਂ ਰਹਿ ਗਿਆ ਹੈ।


ਗਿੱਧਾ, ਸੰਮੀ ਅਤੇ ਕਿੱਕਲੀ ਜਿਹੇ ਪ੍ਰਸਿੱਧ ਲੋਕ-ਨਾਚਾਂ ਤੋਂ ਇਲਾਵਾ ਪੰਜਾਬ ਵਿੱਚ ਇਸਤਰੀਆਂ ਦੇ ਹੋਰ ਲੋਕ-ਨਾਚ ਪ੍ਰਚਲਿਤ ਰਹੇ ਹਨ। ਕੁੱਝ ਭੁਗੋਲਿਕ,ਧਾਰਮਿਕ, ਸਮਾਜਿਕ,ਅਤੇ ਰਾਜਨੀਤਕ ਵੰਡਾਂ ਜਾਂ ਵਲਗਣਾਂ ਦੇ ਕਾਰਨ ਕਰਕੇ ਇਸ ਪ੍ਰਕਾਰ ਦੇ ਲੋਕ-ਨਾਚਾਂ ਨੂੰ ਪੰਜਾਬ ਦੇ ਖਾਸ-ਖਾਸ ਅਤ ਇਕਹਿਰੇ ਖਿੱਤਿਆਂ ਵਿੱਚ ਹੀ ਨੱਚਿਆ ਜਾਣ ਲੱਗ ਪਿਆ, ਜਿਸ ਸਦਕਾ ਇਹਨਾਂ ਨੂੰ ਸਮੂਹ ਲੋਕ ਪ੍ਰਵਾਨਗੀ ਨਾਂ ਮਿਲ ਸਕੀ ਅਤੇ ਸਮੇਂ ਦੀ ਪੈੜਾਂ ਤੋਂ ਇਹਨਾਂ ਦਾ ਖੁਰਾ ਹੌਲੀ-ਹੌਲੀ ਮਿਟ ਚੁੱਕਾ ਹੈ ਜਾਂ ਮਿਟ ਰਿਹਾ ਹੈ।
  ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ-ਨਾਚਾਂ ਵਿੱਚ 'ਲੁੱਡੀ' ਨੂੰ ਵੀ ਵਿਸ਼ੇਸ਼ ਥਾਂ ਹਾਸਲ ਸੀ। ਭਾਵੇਂ ਇਹ ਨਾਚ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਰਿਹਾ ਹੈ। ਪ੍ਰੰਤੂ ਇਸਤਰੀਆਂ ਦਾ ਸੰਚਾਰ ਅਤੇ ਪ੍ਰਗਟਾਉ-ਸੰਦਰਭ ਵੱਖਰੀ ਕਿਸਮ ਦਾ ਮਨਮੋਹਕ ਹੁੰਦਾ ਸੀ। ਇਸ ਤਰ੍ਹਾਂ 'ਧਮਾਲ' ਬੋਲੀ ਜਾਂ ਟੱਪੇ ਦੇ ਵਹਾਉ ਪ੍ਰਸੰਗ ਵਿੱਚ ਸੁੰਤਤਰ ਕਿਸਮ ਦਾ ਲੋਕ-ਨਾਚ ਹੁੰਦਾ ਸੀ, ਜੋ ਲੁੱਡੀ ਵਾਂਗ ਲੁਪਤ ਹੋ ਰਿਹਾ ਹੈ ਅਤੇ 'ਹੁੱਲੇ-ਹੁਲਾਰੇ' ਵਾਂਗ ਗਿੱਧੇ ਵਿੱਚ ਇਕ ਮੁਦਰਾ ਤੱਕ ਹੀ ਸਿਮਟ ਕਿ ਰਹਿ ਗਿਆ ਹੈ। ਇਹਨਾਂ ਤੋਂ ਇਲਾਵਾ ਟਿੱਪਰੀ ਜਾਂ ਡੰਡਾਸ, ਫੜੂਹਾ, ਘਮੂਰ ਅਤੇ ਸਪੇਰਾ ਜਾਂ ਨਾਗ ਲੋਕ-ਨਾਚਾਂ ਦੀ ਅਸਲ ਪ੍ਰਾਕਿਰਤੀ ਨੂੰ ਸਮੇਂ ਦੇ ਮਾਰੂ ਝੱਖੜਾਂ ਨੇ ਖਿੰਡਾ ਦਿੱਤਾ ਹੈ। ਫਲਸਰੂਪ ਇਹਨਾਂ ਦਾ ਵੱਖਰਾ ਸਰੂਪ ਨਿਰਧਾਰਿਤ ਕਰਨਾ ਕਠਿਨ ਹੋ ਗਿਆ ਹੈ।




ਭੰਗੜਾ - ਮਰਦਾਵੇਂ ਲੋਕ-ਨਾਚ
ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦੀ ਆਪਣੀ ਵੱਖਰੀ ਪਛਾਣ ਹੈ। ਪੰਜਾਬੀਆਂ ਦੀ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਦੇ ਫਲਸਰੂਪ ਪੰਜਾਬ ਵਿੱਚ ਕਰੜੀ ਸਰੀਰਕ ਵਰਜ਼ਿਸ, ਮਸਤ-ਮਾਨਸਿਕਤਾ ਅਤੇ ਧਰਮ-ਨਿਰਪੇਖ ਪ੍ਰਵਿਰਤੀ ਦੇ ਲੋਕ-ਨਾਚ ਪ੍ਰਚਲਿਤ ਰਹੇ ਹਨ। ਇਹਨਾਂ ਦੀ ਪ੍ਰੰਪਰਾ ਪ੍ਰਾਚੀਨ ਹੈ। ਇਹਨਾਂ ਵਿੱਚੋਂ ਸਮੁੱਚੇ ਪੰਜਾਬੀ ਦੀ ਜੀਵਨ-ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਹਨ। ਪੂਰਵ ਇਤਹਾਸਿਕ ਅਤੇ ਇਤਹਾਸਿਕ ਸਮਿਆਂ ਦੋਰਾਨ ਪੰਜਾਬ ਵਿੱਚ ਕਈ ਪ੍ਰਕਾਰ ਦੀ ਉਥਲ-ਪੁਥਲ ਹੋਈ, ਪ੍ਰੰਤੂ ਪੰਜਾਬੀਆਂ ਦੀ ਜਿੰਦ-ਜਾਨ ਇਹ ਲੋਕ-ਨਾਚ(ਕਈ ਪੂਰੇ ਦੇ ਪੂਰੇ ਅਤੇ ਕਈ ਅਰਧ-ਅਵਸਥਾ ਵਿੱਚ) ਬਚਦੇ-ਬਚਾਂਦੇ ਅੱਜ ਸਾਡੇ ਸਭਿਆਚਾਰ ਦੇ ਜੀਵਨ ਦਾ ਮਹੱਤਵਪੂਨ ਅੰਗ ਬਣ ਚੁੱਕੇ ਹਨ। ਹੇਠਾਂ ਕੁਝ ਕੁ ਪ੍ਰਸਿੱਧ ਮਰਦਾਵੇਂ ਲੋਕ-ਨਾਚਾਂ ਦਾ ਵਿਵਰਣ ਦਿੱਤਾ ਜਾਂਦਾ ਹੈ।


ਭੰਗੜਾ
    ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਵਿੱਚ ਤਕੜੇ ਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜ਼ੋਸ਼, ਵੀਰਤਾ ਅਤੇ ਹੌਂਸਲੇ ਭਰਪੂਰ ਨਾਚ ਮੁਦਰਾਵਾਂ ਰਹੀਂ ਕੀਤਾ ਜਾਂਦਾ ਹੈ। ਇਸ ਵਿੱਚ ਆਦਮ-ਨਾਚ ਵਾਲੀ ਰੰਗਤ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਸੱਭਿਆਚਾਰ ਦੇ ਇਤਿਹਾਸਿਕ ਕਾਲ-ਕ੍ਰਮ ਵਿੱਚ ਇਸਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ-ਯੁਗ ਤੱਕ ਇਹ ਲੋਕ-ਨਾਚ ਪੂਰਨ-ਭਾਂਤ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਣੀ-ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਇਸ ਲੋਕ-ਨਾਚ ਦਾ ਨਾਮ 'ਫ਼ਸਲ-ਨਾਚ' ਜਾਂ 'ਵਿਸਾਖੀ-ਨਾਚ' ਵੀ ਪੈ ਗਿਆ।
    ਜਿੱਥੋਂ ਤੱਕ ਇਹ ਲੋਕ-ਨਾਚ ਦੇ ਖੇਤਰ ਦਾ ਸਬੰਧ ਹੈ, ਇਹ ਨਾਚ ਪੱਛਮੀ ਪੰਜਾਬ ਦੇ ਗੁੱਜਰਾਂਵਾਲਾ, ਸਰਗੋਧਾ, ਗੁਜਰਾਤ ਅਤੇ ਵਿਸ਼ੇਸ਼ ਕਰਕੇ ਸਿਆਲਕੋਟ-ਜਿਲ੍ਹੇ ਦੇ ਸਾਰੇ ਭਾਗਾਂ (ਪਸਰੂਰ, ਡਸਕਾ, ਨਾਰੋਵਾਲ ਆਦਿ) ਵਿੱਚ ਅਤੇ ਪੂਰਵੀ ਪੰਜਾਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਪ੍ਰਚਲਿਤ ਰਿਹਾ ਸੀ। ਦੇਸ ਦੀ ਵੰਡ ਉਪਰੰਤ ਅਜੋਕੇ (ਇਧਰਲੇ) ਪੰਜਾਬ ਦੇ ਕੋਨੇ ਕੋਨੇ ਤੱਕ ਇਹ ਲੋਕ-ਨਾਚ ਲੋਕ-ਪ੍ਰਿਯਤਾ ਪ੍ਰਾਪਤ ਕਰ ਚੁੱਕਾ ਹੈ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਵੀ ਹਾਸਲ ਕਰ ਚੁੱਕਾ ਹੈ।
    ਲੋਕ-ਨਾਚ ਭੰਗੜਾ, ਲੋਕ-ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ-ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਅੰਦਰੂਨੀ ਅਤੇ ਬਾਹਰੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ। ਇਹ ਤਾਲ ਇਸ ਪ੍ਰਕਾਰ ਹੈ:
ਧਿਨ    ਧਨਾ    ਧਿਨ    ਧਿਨ    ਤਨਾ    ਕਤ
    ਭੰਗੜੇ ਦੇ ਆਰੰਭ ਸਮੇਂ ਇਹ ਤਾਲ ਧੀਮੀ ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਹੋਏ, ਇੱਕ ਰੂਪ, ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾ ਕਰਦੇ ਹਨ। ਭੰਗੜੇ ਦੀ ਟੌਲੀ ਵਿੱਚੋਂ ਹੀ ਨਚਾਰ ਜਾਂ ਢੋਲਚੀ ਜਾਂ ਲਾਕੜੀ ਬੋਲੀ ਦਾ ਉਚਾਰ ਕਰਦਾ ਹੈ, ਬਾਕੀ ਸਮੂਹ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ। ਅਰੰਭਿਕ ਸਮੇਂ ਦੀ ਇੱਕ ਬੋਲੀ ਦੀ ਉਦਾਹਰਨ ਪੇਸ਼ ਹੈ:
ਦੇਸ ਪੰਜਾਬ ਦੇ ਮੁੰਡੇ ਸੁਣੀਂਦੇ, ਹਿੱਕਾਂ ਰੱਖਦੇ ਤਣੀਆਂ।
ਕੱਠੇ ਹੋ ਕੇ ਪਾਉਣ ਬੋਲੀਆਂ, ਮੁੱਛਾਂ ਰੱਖਦੇ ਖੜੀਆਂ।
ਰਲ ਮਿਲ ਕੇ ਇਹ ਪਾਉਂਦੇ ਭੰਗੜੇ, ਸਹਿੰਦੇ ਨਾ ਕਿਸੇ ਦੀਆਂ ਤੜੀਆਂ।
ਐਰ ਗੈਰ ਨਾਲ ਗੱਲ ਨਹੀਂ ਕਰਦੇ, ਵਿਆਹ ਕੇ ਲਿਉਂਦੇ ਪਰੀਆਂ।
ਵੇਲਾਂ ਧਰਮ ਦੀਆਂ ਜੁੱਗੋ ਜੁੱਗ ਰਹਿਣ ਹਰੀਆਂ! ਵੇਲਾਂ......।
ਬੋਲੀ ਦੀ ਅੰਤਮ ਤੁਕ ਦੇ ਉਚਾਰ ਨਾਲ ਨਾਚ ਤੇਜ ਗਤੀ ਨਾਲ ਹੋ ਜਾਂਦਾ ਹੈ। ਭੰਗੜੇ ਦੀ ਇਸ ਗਤੀ ਨੂੰ ਤੇਜ ਕਰਨ ਹਿੱਤ ਢੋਲੀ ਢੋਲ ਨੂੰ ਤੇਜ ਗਤੀ ਨਾਲ ਵਜਾਂਉਦਾ ਹੈ ਅਤੇ ਵੱਖ-ਵੱਖ ਮੁਦਰਾਵਾਂ ਅਤੇ ਬੋਲੀਆਂ ਦਾ ਪ੍ਰਗਟਾਉ-ਸੰਦਰਭ ਉਸਦੇ ਇਸ ਵੱਖ-ਵੱਖ ਅੰਦਾਜ਼ ਨਾਲ ਬਦਲਦਾ ਰਹਿੰਦਾ ਹੈ। ਭੰਗੜੇ ਦੀਆਂ ਬੋਲੀਆਂ, ਟੱਪੇ ਆਦਿ ਬਣਤਰ ਪੱਖੋਂ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਤੇ ਇਹਨਾ ਦੇ ਅਨੁਕੂਲ ਹੀ ਤਾਲ ਤੇ ਮੁਦਰਾਵਾਂ ਬਦਲਦੀਆਂ ਰਹਿੰਦੀਆਂ ਹਨ।
    ਭੰਗੜਾ ਹਰ ਖੁਸ਼ੀ ਦੇ ਮੋਕੇ ਤੇ ਕਿਸੇ ਸਥਾਨ ਤੇ ਪਾਇਆ ਜਾ ਸਕਦਾ ਹੈ। ਗੁਰੂ-ਪੀਰਾਂ-ਫਕੀਰਾਂ ਦੇ ਸਥਾਨਾਂ ,ਮੇਲਿਆਂ, ਤਿੱਥਾਂ, ਤਿਉਹਾਰਾਂ, ਜਨਮ, ਮੰਗਣਾ, ਵਿਆਹ, ਆਦਿ ਕੋਈ ਵੀ ਮਾਂਗਲਿਕ-ਸਮਾਂ ਇਸ ਤੋਂ ਵਿਰਵਾ ਨਹੀ ਰਹਿੰਦਾ। ਭੰਗੜੇ ਵਿੱਚ ਢੋਲ ਤੋਂ ਇਲਾਵਾ, ਚਿਮਟਾ, ਡਾਂਗ, ਕਾਟੋ, ਸੱਪ ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਰਹੀ ਹੈ। ਸਿਆਲਕੋਟੀ ਭੰਗੜੇ ਦੀ ਝਲਕ ਹੱਥਾਂ ਵਿੱਚ ਡਾਂਗਾ ਅਤੇ ਸ਼ੀਸ਼ਿਆਂ ਕਰਕੇ ਪ੍ਰਸਿੱਧ ਰਹੀ ਹੈ। ਅਜਿਹੀਆਂ ਦੋ ਬੋਲੀਆਂ ਪੇਸ਼ ਹਨ।
-ਡੱਬੀਂ ਬੋਤਲਾਂ ਹੱਥਾਂ ਵਿੱਚ ਸ਼ੀਸ਼ੇ, ਭੰਗੜਾ ਸਿਆਲਕੋਟ ਦਾ
ਚੰਨ ਉਏ, ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇੱਕੋ ਮੰਨ ਉਏ।
-ਕਾਲੀ ਡਾਂਗ ਪਿੱਤਲ ਦੇ ਕੋਕੇ, ਭੰਗੜਾ ਸਿਆਲਕੋਟ ਦਾ,
ਨੂਰ ਉਏ ! ਭੰਗੜਾ ਸਿਆਲਕੋਟ ਦਾ ਮਸ਼ਹੂਰ ਉਏ।
        ਭੰਗੜੇ ਦੀਆਂ ਅਣਗਿਣਤ ਮੁਦਰਾਵਾਂ ਹਨ। ਭਾਂਗੜੀ (ਨਚਾਰ) ਇਸ ਨੂੰ ਕਤਾਰਾਂ ਵਿੱਚ, ਆਹਮੋ-ਸਾਹਮਣੇ ਘੇਰੇ ਵਿੱਚ, ਅੱਗੜ-ਪਿੱਛੜ, ਸੱਜੇ-ਖੱਬੇ, ਢੋਲੀ ਦੇ ਇਰਦ-ਗਿਰਦ, ਇੱਕ ਦੂਸਰੇ ਦੇ ਪੱਟਾਂ ਜਾਂ ਮੋਢਿਆਂ ਤੇ ਚੜ ਕੇ, ਆਦਿ ਕਿਸੇ ਦਿਸ਼ਾ ਵੱਲ ਵੀ ਹੁਲਾਰੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਹਨ। ਆਹਮੋ-ਸਾਹਮਣੇ ਜਾਂ ਜੋਟੇ ਦੇ ਰੂਪ ਵਿੱਚ ਦੋ ਨੱਚ ਦੇ ਗੱਭਰੂਆਂ ਤੋਂ ਕਦੇ ਇਸ ਤਰ੍ਹਾਂ ਜਾਪਣ ਲੱਗ ਪੈਂਦਾ ਹੈ ਜਿਵੇਂ ਇਹ ਕਿਸੇ ਖ਼ਾਸ ਮੁਕਾਬਲੇ ਵਿੱਚ ਮੁਕਾਬਲੇ ਵਿੱਚ ਹੋਣ। ਭੰਗੜੇ ਦੀਆਂ ਦਿਲ ਖਿਚਵੀਆਂ ਮੁਦਰਾਵਾਂ ਵਿੱਚੋਂ ਲੱਤਾਂ, ਬਾਹਾਂ, ਹੱਥਾਂ, ਉਂਗਲੀਆਂ, ਅੱਡੀਆਂ, ਮੋਢਿਆਂ-ਗੋਢਿਆਂ, ਗਿੱਟਿਆਂ, ਧੌਣ, ਲੱਕ, ਚਿਹਰੇ (ਅੱਖ,ਨੱਕ,ਬੁੱਲਾਂ ਆਦਿ ਦੇ ਹਾਵ ਭਾਵ) ਆਦਿ ਦੀਆਂ ਹਰਕਤਾਂ ਨਾਲ ਸਬੰਧਿਤ ਹਨ। ਮੁੱਖ ਰੂਪ ਵਿੱਚ ਇਹਨਾਂ ਮੁਦਰਾਵਾਂ ਦੀ ਉੱਤਪਤੀ ਅਤੇ ਵਿਕਾਸ ਖੇਤੀ-ਬਾੜੀ ਨਾਲ ਸੰਬੰਧਿਤ ਵਿਭਿੰਨ ਸੰਦਾ ਅਤੇ ਧੰਦਿਆਂ ਵਿੱਚੋਂ ਹੋਇਆ ਹੈ।
    ਕਿਸੇ ਕਿਸਮ ਦੇ ਭੇਦ-ਭਾਵ ਰਹਿਤ, ਪਿਆਰ ਪਰੁੱਤੇ ਬੋਲਾਂ ਦੇ ਮਾਧਿਅਮ ਰਾਹੀਂ ਇਹਨਾਂ ਨਚਾਰਾਂ ਦੀਆਂ ਸਿਫਤਾਂ ਸੁਣਨ ਅਤੇ ਮੁਦਰਾਵਾਂ ਦੇ ਮਾਧਿਅਮ ਰਾਹੀਂ ਵੇਖਣ ਯੋਗ ਹੁੰਦੀਆਂ ਹਨ। ਇੱਕ ਪ੍ਰਚਲਿਤ ਬੋਲੀ ਹੈ:
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਇਹ ਬੰਨ ਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ,
ਦੁਧ-ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਦਾ ਕਬੂਤਰ ਜਾਵੇ।
ਮਲਮਲ ਦੇ ਤਾਂ ਕੁੜਤੇ ਪਾਉਂਦੇ, ਜਿਉਂ ਬਗਲਾ ਤਲਾ ਵਿੱਚ ਨ੍ਹਾਵੇ,
ਭੰਗੜਾ ਪਾਉਂਦਿਆਂ ਦੀ.....ਸਿਫਤ ਕਰੀ ਨਾ ਜਾਵੇ। ਭੰਗੜਾ......।
    ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਅਤੇ ਨਾਂ ਹੀ ਵਿਸ਼ੇਸ਼ ਸਾਜ਼ਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਮੁਦਰਾਵਾਂ ਦੇ ਪ੍ਰਗਟਾਵੇ ਸੰਬੰਧੀ ਵੀ ਕਿਸੇ ਨਿਯਮਬੱਧ ਸਿਖਲਾਈ ਦੀ ਲੋੜ ਨਹੀਂ ਹੁੰਦੀ ; ਹਰ ਉਮਰ-ਵਰਗ ਦਾ ਮਰਦ ਆਪ ਮੁਹਾਰੀਆਂ ਇਹਨਾਂ ਸਰਲ ਤਾਲਮਈ ਸਰੀਰਕ-ਮੁਦਰਾਵਾਂ ਨੂੰ, ਆਪਣੇ ਸੱਭਿਆਚਾਰਿਕ ਜੀਵਨ ਵਿੱਚ ਵਿਚਰਦਿਆਂ, ਵੇਖਾ-ਵੇਖੀ ਸਿਖ ਜਾਂਦਾ ਹੈ। ਏਸੇ ਤਰਾਂ ਇਹਨਾਂ ਨਚਾਰਾਂ ਦੀ ਪੁਸ਼ਾਕ ਵੀ ਸਰਲ, ਆਰਥਿਕਤਾ ਦੇ ਅਨੁਕੂਲ, ਜਿਸ ਵਿੱਚ ਪੱਗ, ਝੱਗਾ (ਕਮੀਜ਼) ਚਾਦਰਾ ਹੁੰਦਾ ਹੈ, ਆਮ ਪ੍ਰਚਲਿਤ ਹੈ। ਬਣਨ-ਫੱਬਣ ਦੀ ਰੁਚੀ ਸਦਕਾ, ਨਚਾਰ ਗਲਾਂ ਵਿੱਚ ਕੈਂਠੇ, ਬੁਗਤੀਆਂ, ਇਲਾਕੇ ਦੇ ਰਿਵਾਜ਼ ਸਦਕਾ ਕੰਨਾਂ ਵਿੱਚ ਮੁਰਕੀਆਂ (ਜਿਵੇਂ ਕਿ ਸਿਆਲਕੋਟ ਵਿੱਚ ਪ੍ਰਚਲਿਤ ਹੈ ) ਆਦਿ ਨੂੰ ਬਿਨ੍ਹਾਂ ਕਿਸੇ ਉਚੇਚ ਦੇ ਪਹਿਨ ਲੈਂਦੇ ਰਹੇ ਹਨ।
    ਵਰਤਮਾਨ ਸਮੇਂ ਵਿੱਚ ' ਅਸਲ ਭੰਗੜੇ' ਦਾ ਰੂਪ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ-ਪੱਧਰ ਅਤੇ ਸਾਜੋ-ਸਮਾਨ ਆਦਿ ਪੱਖੋਂ ਕਾਫੀ ਤਬਦੀਲੀਆਂ ਆ ਚੁੱਕੀਆਂ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿੱਚ ਸੰਮਿਲਤ ਹੋ ਰਹੀਆਂ ਹਨ। ਕੁਝ ਇਕ ਉਹ ਲੋਕ-ਨਾਚ ਜਿੰਨ੍ਹਾਂ ਦੀ ਹੋਂਦ ਮੁੱਕਦੀ ਜਾ ਰਹੀ ਹੈ, ਦੀਆਂ ਮੁੱਖ ਮੁਦਰਾਵਾਂ ਵੀ ਇੱਕ-ਇੱਕ ਕਰਕੇ ਇਸ ਦੀਆਂ ਚਾਲਾਂ ਜਾਂ ਮੁਦਰਾਵਾਂ ਦਾ ਨਾਮ ਗ੍ਰਹਿਣ ਕ ਚੁੱਕੀਆਂ ਹਨ। ਨਿਰਸੰਦੇਸ ਭੰਗੜਾ ਪੰਜਾਬੀਆਂ ਦੇ ਹੌਂਸਲੇ, ਗ਼ੈਰਤ, ਵੀਰਤਾ, ਅਤੇ ਇੱਥੋਂ ਦੇ ਖੇਤੀ ਪ੍ਰਦਾਨ ਕਾਰ-ਵਿਹਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ।


ਝੂੰਮਰ
ਪ੍ਰਸਿੱਧ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਜੇ ਨੱਚਣ ਸਦਕਾ ਇਸ ਦਾ ਨਾਮ ਝੂੰਮਰ ਪੈ ਗਿਆ। ਰਾਜਸਥਾਨ ਦੇ ਘੂਮਰ ਵਿਚਲੀਆਂ ਕੁੱਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਬਾਰ ਦੇ ਲੋਕਾਂ ਦੇ ਲੋਕਾਂ ਦੇ ਏਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਜੰਗਲਾਂ ਵਿੱਚ ਵਸੇਬੇ ਹੋਣ ਸਦਕਾ ਇਹਨਾਂ ਲੋਕਾਂ ਦਾ ਨਾਮ ਹੀ ਜਾਂਗਲੀ ਪੈ ਗਿਆ ਸੀ। ਇਸ ਨਾਚ ਨੂੰ ਨੱਚਣ ਸਮੇਂ ਇਹ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁਲ੍ਹੀ ਥਾਂ , ਘੇਰੇ ਦੇ ਅਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ-ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ਤੇ ਹੀ ਨਾਚ ਨੱਚਦੇ ਰਹੇ ਹਨ। ਇਹ ਨਾਚ ਤਿੰਨ ਪੜਾਂਵਾਂ ਤਹਿਤ ਨੱਚਿਆ ਜਾਂਦਾ ਹੈ, ਜਿਸ ਨੂਂ ਤਿੰਨ ਤਾਲਾਂ -(ੳ) ਮੱਠੀ ਤਾਲ (ਅ) ਤੇਜ਼ ਤਾਲ (ੲ)ਬਹੁਤ ਹੀ ਤੇਜ਼ ਤਾਲ ਦਾ ਨਾਮ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਹਨਾਂ ਤਾਲਾਂ ਨੂੰ ਕ੍ਰਮਵਾਰ 'ਝੂੰਮਰ ਦੀ ਤਾਲ', 'ਚੀਣਾ ਛੜਨਾ' ਅਤੇ 'ਧਮਾਲ' ਵੀ ਆਖਿਆ ਹੈ। ਅਸਲ ਵਿੱਚ ਇਸ ਨਾਚ ਦਾ ਆਰੰਭ ਧੀਮੀ ਗਤੀ ਨਾਲ ਸ਼ੁਰੂ ਹੋ ਕੇ ਤੀਜ਼ੇ ਪੜਾਅ ਤੱਕ ਅਤਿ ਤੇਜ਼ ਅਤੇ ਜੋਸ਼ੀਲਾ ਹੋ ਜਾਂਦਾ ਹੈ। ਅੰਤਮ ਪੜਾਅ ਤੱਕ ਸਮੂਹ ਵਿੱਚੋਂ ਕੇਵਲ ਕੁੱਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਬਾਕੀ ਹਾਰ-ਹਫ੍ਹ ਕੇ ਖਲੋ ਜਾਂਦੇ ਹਨ।
       ਲੰਮੇ ਗੀਤ, ਜਿੰਨਾ ਵਿੱਚ ਮੱਝਾਂ-ਗਾਈਆਂ, ਬੱਕਰੀਆਂ, ਡਾਚੀਆਂ, ਘੋੜਿਆਂ, ਤਿੱਤਰਾਂ, ਬਟੇਰਿਆਂ, ਕਿੱਕਰਾਂ, ਫਲਾਹੀਆਂ ਦੇ ਜਿਕਰ ਤੋਂ ਛੁੱਟ ਪ੍ਰਮੀ ਜਨਾਂ ਦੇ ਮਿਲਣ ਦੀ ਸਿੱਕ ਤੇ ਅਨਾਜ (ਖਾਸ ਕਰਕੇ ਝੋਨਾ) ਝਾੜਣ ਅਤੇ ਉੱਖਲੀ ਰਾਹੀਂ ਛੜਨ ਆਦਿ ਦਾ ਜ਼ਿਕਰ ਅਤੇ ਸੰਬੰਧਿਤ ਮੁਦਰਾਵਾਂ ਹੁੰਦੀਆਂ ਹਨ। ਝੂੰਮਰ ਦੇ ਚੋਣਵੇਂ ਗੀਤਾਂ ਦੀਆਂ ਕੁੱਝ ਉਦਹਾਰਨਾਂ ਪੇਸ਼ ਹਨ:
(ੳ) ਚੀਣਾ ਇੰਜ ਛਣੀਂਦਾ ਲਾਲ, ਚੀਣਾ ਇੰਜ ਛਣੀਂਦਾ ਹੋ......
ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਲਾਲ......
ਚੀਣਾ ਇੰਜ ਛਣੀਂਦਾ ਹੋ......
(ਅ) ਲੰਘ ਆ ਜਾ ਪੱਤਣ ਝਨ੍ਹਾ ਦਾ, ਯਾਰ ਲੰਘ ਆ ਜਾ ਪੱਤਣ ਝਨ੍ਹਾਂ ਦਾ।
ਸਿਰ ਸਦਕਾ ਮੈਂ ਤੇਰੇ ਨਾਂ ਦਾ, ਯਾਰ, ਸਿਰ ਸਦਕਾ ਮੈਂ ਤੇਰੇ ਨਾਂ ਦਾ।
ਮੇਰੇ ਕਾਗ ਬਨੇਰੇ ਉੱਤੇ ਬੋਲਿਆ, ਮੇਰਾ ਤੱਤੜੀ ਦਾ ਜਿਉੜਾ ਡੋਲਿਆ।
ਲੰਘ ਆ ਜਾ ......
ਅਜੋਕੇ ਸਮੇਂ ਵਿੱਚ ਇਸ ਲੋਕ-ਨਾਚ ਦੀਆਂ ਕੁੱਝ ਮੁਗਰਾਵਾਂ ਭੰਗੜੇ ਵਿੱਚ ਹੀ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਨ।



ਲੁੱਡੀ
ਲੁੱਡੀ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਹੋਣ ਕਰਕੇ ਇਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਹ ਲੋਕ-ਨਾਚ ਸ਼ਾਂਤਮਈ ਖੇਤਰਾਂ ਵਿੱਚ ਪਰਚਲਿਤ ਰਿਹਾ, ਜਿਸ ਦੇ ਸਿੱਟੇ ਵਜੋਂ ਉਹਨਾਂ ਲੋਕਾਂ ਦੀ ਜੀਵਨ ਤੋਰ ਉਤਨੀ ਕਰੜੀ ਨਾ ਹੋ ਸਕੀ ਜਿੰਨੀ ਭੰਗੜੇ ਅਤੇ ਝੂਮਰ ਦੇ ਨਾਚਾਂ ਵਾਲੇ ਖੇਤਰਾਂ ਵਿੱਚ ਵਸਦੇ ਪੰਜਾਬੀਆਂ ਦੀ ਸੀ। ਮੂਲ ਰੂਪ ਵਿੱਚ ਇਹ ਨਾਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ। ਇਸ ਲਈ ਵੀ ਢੋਲ ਦੇ ਤਾਲ ਦੀ ਆਵਸ਼ਕਤਾ ਮੰਨੀ ਜਾਂਦੀ ਹੈ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ ਜਿਨ੍ਹਾਂ ਨਾਲ ਨਚਾਰ ਜਿਵੇਂ ਮਰਜ਼ੀ ਨਾਚ-ਮੁਦਰਾਵਾਂ ਪ੍ਰਗਟਾ ਸਕਦਾ ਹੈ। ਆਮ ਤੌਰ ਤੇ ਲੁੱਡੀ ਨਾਚ ਨੱਚਦੇ ਸਮੇਂ ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੀ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ ਮੁਦਰਾ ਬਦਲ ਕੇ ਤਿਨੰ ਤਾੜੀਆਂ ਮਾਰਦੇ ਹਨ। ਇਹ ਤਿੰਨ ਤਾੜੀਆਂ ਘੇਰੇ ਦੇ ਅੰਦਰਵਾਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾਅ ਕੇ, ਫੇਰ ਛਾਤੀ ਅੱਗੇ ਕਰਕੇ ਅਤੇ ਤੀਜੀ ਤਾੜੀ ਘੇਰੇ ਦੇ ਬਾਹਰ ਵਾਲੇ ਪਾਸੇ ਨੂੰ ਝੁਕ ਕੇ ਮਾਰਦੇ ਹਨ। ਢੋਲ ਦੀ ਨੀਵੀਂ ਸੁਰ ਵਾਲੀ ਥਾਪੀ ਦੇ ਸੰਕੇਤ ਤੇ ਨਵੀਂ ਮੁਦਰਾ ਦਾ ਪ੍ਰਗਟਾ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ ਅਤੇ ਤਾੜੀ ਦੇ ਕਾਰਜ ਵਿੱਚ ਸ਼ਮਤਾ ਆ ਜਾਂਦੀ ਹੈ। ਇਸ ਲੋਕ-ਨਾਚ ਦੀ ਵਿੱਲਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ, ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹ ਵਿੱਚੋਂ ਕਈ ਪ੍ਰਕਾਰ ਦੀਆਂ ਅਵਾਜ਼ਾਂ ਜਿਵੇਂ:
ਸ਼..ਸ਼....ਸ਼..ਸ਼, ਹੀ...ਹੀ...ਹੀ...ਹੀ
ਹੋ..ਹੋ....ਹੋ....ਹੋ..ਓ..ਓ....ਓ....ਓ
ਜਾਂ


ਐਲੀ...ਐਲੀ...ਐਲੀ !!! ਹੜੀਪਾ ਹਾਇ ! ਹੜੀਪਾ ਹਾਇ !!
ਆਦਿ ਕੱਢ ਕੇ ਰਸਕਤਾ ਭਰ ਲੈਂਦੇ ਹਨ।
    ਅਜੋਕੇ ਯੁੱਗ ਵਿੱਚ ਇਸ ਲੋਕ-ਨਾਚ ਦੀ ਵੱਖਰੀ ਪਛਾਣ ਵੀ ਭੰਗੜੇ ਦੀਆਂ ਇੱਕ ਦੋਂ ਚਾਲਾਂ ਵਿੱਚ ਸਿਮਟ ਕੇ ਰਹਿ ਗਈ ਵੇਖਣ ਨੂੰ ਮਿਲਦੀ ਹੈ, ਅਸਲ ਮੁਹਾਂਦਰਾ ਲੁਪਤ ਹੋ ਰਿਹਾ ਹੈ।


ਕੁਝ ਹੋਰ ਲੋਕ-ਨਾਚ
ਪੂਰਬੀ ਪੰਜਾਬ ਦੇ ਮਾਲਵਾ ਭੂਖੰਡ ਵਿੱਚ 'ਮਰਦਾਂ ਦਾ ਗਿੱਧਾ ' ਪ੍ਰਚਲਿਤ ਹੈ। ਇਸ ਨੂੰ 'ਚੋਬਰਾਂ ਦਾ ਗਿੱਧਾ ' ਜਾਂ 'ਮਲਵਈਆਂ ਦਾ ਗਿੱਧਾ' ਵੀ ਆਖਿਆ ਜਾਂਦਾ ਹੈ। ਇਹ ਲੋਕ-ਨਾਚ ਭੰਗੜੇ, ਗਿੱਧੇ, ਝੂੰਮਰ, ਸੰਮੀ ਆਦਿ ਲੋਕ-ਨਾਚਾਂ ਵਾਂਗ ਪ੍ਰਾਚੀਨ ਨਹੀਂ ਹੈ। ਮੁੱਖ ਤੌਰ ਤੇ 'ਮਰਦਾਵੇਂ ਗਿੱਧੇ' ਦੇ ਨਚਾਰ ਸਮੂਹ ਰੂਪ ਵਿੱਚ ਬੋਲੀਆਂ ਪਾਉਣ ਵਾਲੇ ਤੋਂ ਇਲਾਵਾ, ਅਲਗੋਜ਼ੇ, ਢੋਲਕ, ਚਿਮਟੇ, ਬੁੱਘਦੂ, ਸੀਟੀ, ਗੜਵੇ, ਛੈਣੇ. ਬਾਲਟੀ ਆਦਿ ਵਾਲੇ ਮਰਦ ਹੁੰਦੇ ਹਨ, ਇਹ ਹੀ ਇਹਨਾਂ ਦੇ ਸਾਜ਼-ਸੰਦ ਹੁੰਦੇ ਹਨ। ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਵਧੇਰੇ ਹੁੰਦੀ ਹੈ। ਇਹਨਾਂ ਬੋਲੀਆਂ ਦੇ ਵਿਸ਼ੇ ਦੁਨੀਆਂ ਦੀ ਨਾਸ਼ਮਾਨਤਾ, ਰੱਬ ਦੀ ਹੋਂਦ, ਪ੍ਰੇਮ-ਪਿਆਰ, ਇਸਤਰੀ ਪ੍ਰਤੀ ਖਿੱਚ ਅਤੇ ਇਲਾਕਾਈ ਮਾਣ ਤੋਂ ਛੁੱਟ ਹੋਰ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਿਆਂ ਨਾਲ ਵੀ ਸੰਬੰਧਿਤ ਹੁੰਦੇ ਹਨ। ਇੱਕ ਬੋਲੀ ਹਾਜ਼ਰ ਹੈ:
ਚਲ ਵੇ ਮਨਾ, ਬਿਗਾਨਿਆ ਧਨਾ, ਕਾਹਨੂੰ ਪ੍ਰੀਤਾਂ ਜੜੀਆਂ।
ਓੜਕ ਇੱਥੋਂ ਚੱਲਣਾ ਇੱਕ ਦਿਨ, ਕਬਰਾਂ ਉਡੀਂਕਣ ਖੜੀਆਂ।
ਉੱਤੋਂ ਦੀ ਤੇਰੇ ਵਗਣ ਨ੍ਹੇਰੀਆਂ , ਲੱਗਣ ਸੌਣ ਦੀਆ ਝੜੀਆਂ।
ਅੱਖੀਆਂ ਮੋੜ ਰਿਹਾ, ਨਾ ਮੁੜੀਆਂ ਨਾ ਲੜੀਆਂ।
    ਬੋਲਕਾਰ ਕੰਨਾਂ ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉਤਾਂਹ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬੋਲੀ ਦੇ ਅੰਤਮ ਚਰਣ ਤੇ ਬਾਕੀ ਦੇ ਸਾਥੀ ਆਪਣੇ ਸਾਜ਼ ਵਜਾਉਂਦੇ ਹਨ, ਸਮੂਹ ਵਿੱਚੋਂ ਕੋਈਂ ਦੋ ਅੱਗੇ ਨਿੱਕਲ ਕੇ ਪੱਬਾਂ ਭਾਰ ਹੋ, ਸਰੀਰ ਦੇ ਉੱਪਰਲੇ ਧੜ ਨੂੰ ਹਰਕਤਾ ਵਿੱਚ ਲਿਆਉਂਦੇ ਹਨ। ਨਿਰਸੰਦੇਹ ਇਹ ਨਾਚ ਕਾਫ਼ੀ ਹਰਮਨ ਪਿਆਰਾ ਹੋ ਰਿਹਾ ਹੈ।
      ਲੋਕ-ਨਾਚ 'ਧਮਾਲ' ਪ੍ਰਾਚੀਨ ਕਾਲ ਤੋਂ ਸੂਫ਼ੀਆਂ-ਸੰਤਾ ਦੇ ਡੇਰਿਆ ਤੇ ਨੱਚਿਆਂ ਜਾਂਦਾ ਰਿਹਾ ਹੈ। ਤੇਜ਼ ਗਤੀ ਦਾ ਇਹ ਨਾਚ ਖ਼ਾਸ ਕਿਸਮ ਦੇ ਸਰੀਰਿਕ ਹਿਲੌਰੇ ਦਾ ਨਾਚ ਸੀ ਪਰੰਤੂ ਪਰ ਇਹ ਹੁਣ ਉਤਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਚੁੱਕਾ ਹੈ। 'ਖਲੀ', 'ਹੇਮੜੀ', 'ਡੰਡਾਸ', 'ਅਖਾੜਾ', 'ਗੱਤਕਾ', 'ਪਠਾਣੀਆਂ', 'ਫੁੰਮਣੀਆਂ' ਜਿਹੇ ਲੋਕ-ਨਾਚ ਵੀ ਸੀਮਤ ਖੇਤਰੀ ਲੋਕ-ਨਾਚ ਬਣਦੇ-ਬਣਦੇ ਆਂਪਣੀ ਹੋਂਦ ਇੱਕ-ਇੱਕ, ਦੋ-ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗ-ਪਗ ਖ਼ਤਮ ਹੀ ਹੋ ਗਏ ਜਾਪਦੇ ਹਨ। ਇਸੇ ਤਰ੍ਹਾ 'ਭਗਤ ਨਾਚ', 'ਜੰਗਮ ਨਾਚ', 'ਨਾਮਧਾਰੀ ਨਾਚ', 'ਸੁਥਰਾ ਨਾਚ', 'ਮਰਕਤ ਨਾਚ', 'ਗੁੱਗਾ-ਨਾਚ', ਆਦਿ ਲੋਕ-ਨਾਚ ਵੀ ਲਗਪਗ ਲੁਪਤ ਹੋ ਚੁੱਕੇ ਹਨ। ਇਹਨਾਂ ਲੋਕ-ਨਾਚਾਂ ਦੇ ਲੁਪਤ ਹੋ ਜਾਣ ਜਾਂ ਨਾਮ-ਮਾਤਰ ਰਹਿ ਜਾਣ ਦੇ ਫਲਸਰੂਪ ਵਿਸ਼ਾਲ ਪੰਜਾਬੀ ਸੱਭਿਆਚਾਰ ਦੇ ਕਈ ਮੁੱਲ-ਵਿਧਾਨ ਅਤੇ ਇਸ ਦੀ ਕਦਰ-ਪ੍ਰਣਾਲੀ ਸੰਬੰਧੀ ਗਿਆਨ ਵੀ ਪੀੜ੍ਹੀ-ਦਰ-ਪੀੜ੍ਹੀ ਸੀਮਤ ਜਾਂ ਖਤਮ ਹੋ ਗਿਆ ਹੈ।
         ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਵੀ ਕਾਫ਼ੀ ਬਦਲਾਵ ਲੈ ਆਂਦਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ.....ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦੇ ਸਫ਼ਰ ਨੂੰ ਤਹਿ ਕਰ ਚੁੱਕੇ ਹਨ। ਇਸ ਪੜਾਅ ਤੇ ਆ ਕੇ ਲੋਕ-ਨਾਚ ਆਪਣੇ ਪ੍ਰਯੋਜਨ, ਨਿਭਾਓ-ਪ੍ਰਸੰਗ ਅਤੇ ਨਚਾਰਾਂ ਦੇ ਪੱਧਰ ਤੇ, ਕਈ ਪ੍ਰਕਾਰ ਦੇ ਬਦਲਾਵ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਵ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ-ਸਿਰਜਕ ਨਿਜੀ ਗੀਤ-ਮੁੱਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੁੰਦੇ ਹਨ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਬਦਲਾਵ ਆਪਣੇ ਸੱਭਿਆਚਾਰਿਕ-ਇਤਿਹਾਸਿਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਰਦ-ਪ੍ਰਣਾਲੀ ਨੂੰ ਗ੍ਰਹਿਣ ਕਰਨ ਹਿੱਤ ਕਰਨਾ ਹੀ ਉਚਿਤ ਹੈ। ਇਹਨਾਂ ਵਿੱਚ ਵਿਦੇਸੀ ਪ੍ਰਭਾਵ ਪ੍ਰਤੀ ਚੇਤੰਨ ਹੋਣਾ ਲਾਜ਼ਮੀ ਹੈ। ਅਜਿਹਾ ਸੰਭਵ ਹੋਣ ਤੇ ਹੀ ਇਹ ਲੋਕ-ਨਾਚ ਸਮੂਹ ਪੰਜਾਬੀਆਂ ਦੇ ਸਰਬ-ਪੱਖੀ ਸੱਭਿਆਚਾਰਿਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ। 




No comments:

Post a Comment