Wednesday, 18 September 2013

ਗੁੱਡੀ ਸਾੜੀਏ ਤੇ ਮਾਰੀਏ ਤਾੜੀਆਂ ਨੀਂ



ਪੰਜਾਬ ਦੀ ਲੋਕਧਾਰਾ ਇੱਥੋਂ ਦੇ ਲੋਕਾਂ ਦੀ ਜੀਵਨ-ਜਾਚ ਵਿੱਚ ਰਮੀਆਂ ਰੀਤਾਂ, ਮਨੌਤਾਂ, ਰਿਵਾਜਾਂ, ਵਿਸ਼ਵਾਸਾਂ, ਆਦਿ ਸਦਕਾ ਬੜੀ ਵਿਸ਼ਾਲ ਅਤੇ ਅਮੀਰ ਹੈ। ਪੰਜਾਬੀਆਂ ਦੀ ਰਹਿਣੀ-ਸਹਿਣੀ ਵਿੱਚ ਅਨੇਕ ਪ੍ਰਕਾਰ ਦੇ ਕਰਮ-ਕਾਂਡ ਜੁੜੇ ਹੋਏ ਹਨ, ਜਿਹੜੇ ਪੰਜਾਬੀ ਜਨ-ਜੀਵਨ ਵਿੱਚ ਜਨਮਦੇ, ਪਲਦੇ ਅਤੇ ਅਮਲੀ ਰੂਪ ਵਿੱਚ ਵਿਚਰਦੇ ਰਹੇ ਹਨ।  ਪੰਜਾਬੀ ਜੀਵਨ ਸ਼ੈਲੀ ਵਿੱਚ ਘੁਲੇ-ਮਿਲੇ ਇਨ੍ਹਾਂ ਕਰਮ-ਕਾਂਡਾਂ ਦੀਆਂ ਜੜ੍ਹਾਂ ਲੋਕ-ਧਰਮ ਵਿੱਚ ਹਨ। ਆਦਿ-ਮਾਨਵ ਦਾ ਵਾਹ ਜਦੋਂ ਕੁਦਰਤ ਨਾਲ ਪਿਆ ਤਾਂ ਉਸ ਨੇ ਕੁਦਰਤੀ ਸ਼ਕਤੀਆਂ ਨੂੰ ਵਸ ਵਿੱਚ ਕਰਨਾ ਚਾਹਿਆ। ਕੁਝ ਕੁ ਸ਼ਕਤੀਆਂ ਉਸ ਨੇ ਵਸ ਵਿੱਚ ਕਰ ਲਈਆਂ ਪਰ ਵਿਸ਼ਾਲ ਸ਼ਕਤੀਆਂ ਦਾ ਵਸੀਕਰਨ ਨਾ ਹੋ ਸਕਿਆ ਤਾਂ ਉਸ ਨੇ ਉਨ੍ਹਾਂ ਸ਼ਕਤੀਆਂ ਨੂੰ ਦੇਵਤੇ ਦੇ ਰੂਪ ਵਿੱਚ ਪੂਜਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਖ਼ੁਸ਼ ਕਰਨ ਲਈ ਅਨੇਕ ਕਰਮ-ਕਾਂਡਾਂ ਦਾ ਉਥਾਨ ਕੀਤਾ।  ਜਿਵੇਂ ਸੂਰਜ ਦੇਵਤਾ, ਵਰਖਾ ਦੇਵਤਾ, ਅਗਨੀ ਦੇਵਤਾ ਆਦਿ ਦੀ ਪੂਜਾ ਕਰਨ ਹਿੱਤ ਵੱਖਰੀਆਂ ਵਿਧੀਆਂ ਨੂੰ ਜਨਮ ਦਿੱਤਾ। ਇਸ ਪ੍ਰਕਾਰ ਇਹ ਕਰਮ-ਕਾਂਡ ਲੋਕਧਾਰਾ ਦਾ ਅਟੁੱਟ ਅੰਗ ਬਣ ਕੇ ਸੀਨਾ-ਬ-ਸੀਨਾ ਸਫ਼ਰ ਕਰਦੇ ਹੋਏ ਲੋਕਾਂ ਸੰਗ ਵਿਚਰਦੇ ਰਹੇ ਹਨ। ਕੁਝ ਕਰਮ-ਕਾਂਡ ਇਸ ਵਿਗਿਆਨਕ ਯੁੱਗ ਤਕ ਆਉਂਦੇ ਲਗਪਗ ਖ਼ਤਮ ਹੋ ਰਹੇ ਹਨ ਪਰ ਕੁਝ ਕਰਮ-ਕਾਂਡ ਬਦਲਵੇਂ ਰੂਪ ਵਿੱਚ ਪੰਜਾਬੀਆਂ ਦੀ ਜੀਵਨ ਸ਼ੈਲੀ ਵਿੱਚ ਸ਼ੁਮਾਰ ਹਨ। ਗੁੱਡਾ-ਗੁੱਡੀ ਫੂਕਣਾ ਜਾਂ ਸਾੜਨਾ ਪੰਜਾਬ ਦੀ ਲੋਕਧਾਰਾ ਵਿੱਚ ਸ਼ਾਮਲ ਅਜਿਹਾ ਕਰਮ-ਕਾਂਡ ਹੈ, ਜੋ ਸਦੀਆਂ ਦਾ ਸਫ਼ਰ ਕਰਦਾ ਹੋਇਆ, ਅੱਜ ਇਸ ਵਿਗਿਆਨਕ ਅਤੇ ਤਕਨੀਕ ਦੇ ਯੁੱਗ ਵਿੱਚ ਆਪਣੀ ਹੋਂਦ ਰੱਖਦਾ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਸਦਕਾ ਇੱਥੋਂ ਦੀ ਖੇਤੀ ਸ਼ੁਰੂ ਤੋਂ ਹੀ ਮੀਂਹ ’ਤੇ ਨਿਰਭਰ ਹੈ। ਭਾਵੇਂ ਅਜੋਕੀ ਤਕਨੀਕ ਨੇ ਪੰਜਾਬ ਦੀ ਖੇਤੀ ਲਈ ਸਿੰਜਾਈ ਦੇ ਕਈ ਰਾਹ ਮੁਹੱਈਆ ਕਰਵਾ ਦਿੱਤੇ ਹਨ ਪਰ ਫਿਰ ਵੀ ਮੀਂਹ ਕਿਸਾਨਾਂ ਲਈ ਪਾਣੀ ਦਾ ਮੁੱਖ ਸੋਮਾ ਹੈ। ਹਾੜ੍ਹ, ਸਾਉਣ ਅਤੇ ਭਾਦੋਂ ਵਿੱਚ ਪਿਆ ਮੀਂਹ ਪੰਜਾਬ ਦੀ ਕਿਸਾਨੀ ਲਈ ਵਰਦਾਨ ਹੈ। ਕਈ ਵਾਰ ਕੁਦਰਤ ਦੀ ਐਸੀ ਕਰੋਪੀ ਹੁੰਦੀ ਹੈ ਕਿ ਹਾੜ੍ਹ, ਸਾਉਣ ਸੁੱਕੇ ਲੰਘ ਜਾਂਦੇ ਹਨ ਅਤੇ ਔੜ ਲੱਗ ਜਾਂਦੀ ਹੈ, ਜਿਹੜੀ ਪੰਜਾਬ ਦੀਆਂ ਫ਼ਸਲਾਂ ਦਾ ਝਾੜ ਅੱਧਾ ਕਰ ਦਿੰਦੀ ਹੈ ਅਤੇ ਕਈ ਵਾਰ ਫ਼ਸਲਾਂ ਤਬਾਹ ਵੀ ਹੋ ਜਾਂਦੀਆਂ ਹਨ। ਗੁੱਡਾ-ਗੁੱਡੀ ਫੂਕਣਾ ਮੀਂਹ ਪਵਾਉਣ ਲਈ ਕੀਤਾ ਕਰਮ-ਕਾਂਡ ਹੈ, ਜਿਹੜਾ ਕਿ ਜ਼ਿਆਦਾਤਰ ਸਾਉਣ ਮਹੀਨੇ ਵਿੱਚ ਕੀਤਾ ਜਾਂਦਾ ਹੈ। ਕਈ ਥਾਂਵਾਂ ’ਤੇ ਕਈ ਵਾਰ ਇਕੱਲੀ ਗੁੱਡੀ ਸਾੜੀ ਜਾਂਦੀ ਹੈ ਅਤੇ ਕਈ ਥਾਵਾਂ ’ਤੇ ਗੁੱਡਾ-ਗੁੱਡੀ ਇਕੱਠੇ ਸਾੜੇ ਜਾਂਦੇ ਹਨ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਇਸ ਕਰਮ-ਕਾਂਡ ਪਿੱਛੇ ਇਹ ਧਾਰਨਾ ਕੰਮ ਕਰਦੀ ਹੈ ਕਿ ਦੇਵਤੇ ਜਦੋਂ ਇਹ ਵੇਖਣਗੇ ਕਿ ਔੜ ਕਾਰਨ ਬੱਚਿਆਂ ਨੂੰ ਖੇਡਾਂ ਖੇਡਣੀਆਂ ਵੀ ਭੁੱਲ ਗਈਆਂ ਹਨ ਤਾਂ ਉਹ ਤਰਸ ਖਾ ਕੇ ਮੀਂਹ ਵਰ੍ਹਾਉਣਗੇ। ਇਸ ਦੇ ਨਾਲ ਗੁੱਡਾ-ਗੁੱਡੀ ਫੂਕਣ ਦਾ ਮਕਸਦ ਇਹ ਵੀ ਹੋ ਸਕਦਾ ਹੈ ਕਿ ਇੰਦਰ ਦੇਵਤਾ ਨੂੰ ਇਹ ਦਿਖਾਇਆ ਜਾਂਦਾ ਹੈ ਕਿ ਇਸ ਔੜ ਕਾਰਨ ਮੁਟਿਆਰਾਂ ਅਤੇ ਗੱਭਰੂ ਭਰ ਜਵਾਨੀ ਵਿੱਚ ਭੁੱਖੇ ਮਰ ਰਹੇ ਹਨ ਅਤੇ ਇਕੱਲੀ ਗੁੱਡੀ ਫੂਕਣ ਦਾ ਮਤਲਬ ਇੰਦਰ ਦੇਵਤਾ ਦਾ ਧਿਆਨ ਇਸ ਵੱਲ ਦਿਵਾਉਣਾ ਹੈ ਕਿ ਉਸ ਦਾ ਪ੍ਰਕੋਪ ਇੰਨਾ ਕਰੂਰ ਹੈ, ਜਿਸ ਨੇ ਅਨਭੋਲ ਮੁਟਿਆਰਾਂ ਨੂੰ ਨਿਗਲ ਲਿਆ ਹੈ। ਇਨ੍ਹਾਂ ਧਾਰਨਾਵਾਂ ਨੂੰ ਮਨ ਵਿੱਚ ਲੈ ਕੇ ਗੁੱਡਾ-ਗੁੱਡੀ ਫੂਕਣ ਦਾ ਕਰਮ ਨਿਭਾਇਆ ਜਾਂਦਾ ਹੈ।
ਪਿੰਡ ਦੀਆਂ ਸਭ ਔਰਤਾਂ ਅਤੇ ਕੁੜੀਆਂ ਰਲ ਕੇ ਇਸ ਕਰਮ ਨੂੰ ਬੜੀ ਸ਼ਿੱਦਤ ਨਾਲ ਨਿਭਾਉਂਦੀਆਂ ਹਨ। ਪਿੰਡ ਦੀਆਂ ਕੁੜੀਆਂ ਸਭ ਤੋਂ ਪਹਿਲਾਂ ਪਿੰਡ ਜੇ  ਛੋਟਾ ਹੈ ਤਾਂ ਸਾਰੇ ਪਿੰਡ ਵਿੱਚੋਂ ਜਾਂ ਵੱਡੇ ਪਿੰਡ ਵਿੱਚ ਕੇਵਲ ਇੱਕ-ਦੋ ਪੱਤੀਆਂ ਵਿੱਚੋਂ  ਗੁੜ, ਆਟਾ  ਅਤੇ ਪੈਸੇ ਇਕੱਠੇ ਕਰਦੀਆਂ ਹਨ। ਜਿਸ ਦਿਨ ਗੁੱਡੀ ਫੂਕਣੀ ਹੁੰਦੀ ਹੈ ਉਸ ਦਿਨ ਕਿਸੇ ਇੱਕ ਕੁੜੀ ਦੇ ਘਰ ਸਾਰੀਆਂ ਕੁੜੀਆਂ-ਬੁੜ੍ਹੀਆਂ ਇਕੱਠੀਆਂ ਹੋ ਕੇ ਕੜਾਹੀ ਚੜ੍ਹਾਉਂਦੀਆਂ ਹਨ। ਸਰ੍ਹੋਂ ਦਾ ਤੇਲ ਸਾਉਣ ਮਹੀਨੇ ਸਾੜਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਸਰ੍ਹੋਂ ਦੇ ਤੇਲ ਵਿੱਚ ਗੁੜ ਵਾਲੀਆਂ ਮੱਠੀਆਂ, ਗੁਲਗਲੇ, ਪੂੜੇ, ਮਾਲ੍ਹ ਪੂੜੇ ਆਦਿ ਬਣਾਉਂਦੀਆਂ ਹਨ। ਕੜਾਹੀ ਦੁਆਲੇ ਬੈਠੀਆਂ ਕੁੜੀਆਂ, ਬੁੜ੍ਹੀਆਂ ਗੀਤਾਂ ਦੀ ਲੜੀ ਟੁੱਟਣ ਨਹੀਂ ਦਿੰਦੀਆਂ ਜਿਨ੍ਹਾਂ ਵਿੱਚ ਔੜਾਂ ਮਾਰੀ, ਭੋਇੰ ਦੀ ਕੁਰਣਾਮਈ ਵੇਦਨਾ ਅਤੇ ਮੀਂਹ ਦੀ ਆਸ ਦੀਆਂ ਭਾਵਨਾਵਾਂ ਵਿਅਕਤ ਹੁੰਦੀਆਂ ਹਨ:-
* ਕੜਾਹੀ ’ਚ ਪਕਾਈਏ ਮੱਠੀਆਂ ਕੁੜੇ, ਫ਼ਸਲਾਂ ਸੁੱਕੀਆਂ ਤੇ ਰੋ-ਰੋ ਥੱਕੀਆਂ ਕੁੜੇ
* ਕੜਾਹੀ ’ਚ ਪਕਾਏ ਮਾਲ੍ਹ ਪੂੜੇ ਨੀਂ ਮੀਂਹ ਵਰ੍ਹਿਆ ’ਤੇ ਕਰਤੇ ਕੱਠੇ  ਕੂੜੇ ਨੀਂ
ਕੁਝ ਕੁੜੀਆਂ ਗੁੱਡੀ ਤਿਆਰ ਕਰਨ ਲੱਗਦੀਆਂ ਹਨ। ਗੁੱਡੀ ਤਿਆਰ ਕਰਨ ਲਈ ਲੀਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਗੁੱਡੀ ਦੇ ਪੂਰਾ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ। ਸੋਹਣਾ ਸੂਟ ਅਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ। ਪਿੰਡ ਦੇ ਮੁੰਡਿਆਂ ਤੋਂ ਕਾਨਿਆਂ ਦੀ ਪੌੜੀ ਤਿਆਰ ਕਰਵਾਈ ਜਾਂਦੀ ਹੈ। ਪਿੰਡ ਦੇ ਮੁੰਡਿਆਂ ਦੁਆਰਾ ਗੁੱਡੀ ਨੂੰ ਪਿੰਡ ਵਿੱਚੋਂ ਪੌੜੀ ’ਤੇ ਮੋਢਾ ਦੇ ਕੇ ਪਿੰਡ ਤੋਂ ਬਾਹਰ ਕਿਸੇ ਖਾਲੀ  ਸਾਂਝੀ ਜਗ੍ਹਾ ’ਚ ਲਿਜਾਇਆ ਜਾਂਦਾ ਹੈ। ਕੁੜੀਆਂ-ਬੁੜ੍ਹੀਆਂ ਪਿੱਛੇ-ਪਿੱਛੇ ਪੱਟਾਂ ’ਤੇ ਹੱਥ ਮਾਰ-ਮਾਰ ਕੇ ਪਿੱਟਦੀਆਂ ਕਰੁਣਾਮਈ ਸਥਿਤੀ ਸਿਰਜਦੀਆਂ ਹਨ। ਗੁੱਡੀ ਮਰਨ ਅਤੇ ਗੁੱਡੀ ਫੂਕਣ ਦਾ ਸੋਗ ਹਰੇਕ ਕੁੜੀ-ਬੁੜ੍ਹੀ ਦੇ ਬੋਲਾਂ ਵਿੱਚ ਉਜਾਗਰ ਹੁੰਦਾ ਹੈ:-
* ਗੁੱਡੀ ਮਰ ਗਈ ਅੱਜ ਕੁੜੇ  ਸਰ੍ਹਾਣੇ ਧਰ ਗਈ ਛੱਜ ਕੁੜੇ
* ਗੁੱਡੀ ਮਰ ਗਈ ਜਾਣ ਕੇ ਪੌੜੀ ਹੇਠਾਂ ਆਣ ਕੇ
ਉਪਰੋਕਤ ਸਤਰਾਂ ਔੜਾਂ ਮਾਰੀਆਂ ਫ਼ਸਲਾਂ ਸਦਕਾ ਘਰੋਂ ਦਾਣੇ ਮੁੱਕਣ ਦਾ ਖ਼ਦਸ਼ਾ ਜ਼ਾਹਿਰ ਕਰਦੀਆਂ ਹਨ, ਜਿਸ ਨੂੰ ਸਰ੍ਹਾਣੇ ਧਰੇ ਖਾਲੀ ਛੱਜ ਦੇ ਪ੍ਰਤੀਕ ਰਾਹੀਂ ਦਰਸਾਇਆ ਗਿਆ ਹੈ। ਇਹੀ ਗੁੱਡੀ ਦੀ ਮੌਤ ਦਾ ਕਾਰਨ ਸਿੱਧ ਹੁੰਦਾ ਹੈ। ਗੁੱਡੀ ਨੂੰ  ਪੂਰੇ ਕਰਮ-ਕਾਂਡਾਂ ਅਨੁਸਾਰ ਅਗਨੀ ਭੇਟ ਕੀਤੀ ਜਾਂਦੀ ਹੈ। ਕੁੜੀਆਂ ਅਤੇ ਬੁੜ੍ਹੀਆਂ ਉਸੇ ਜਗ੍ਹਾ ’ਤੇ ਉੱਚੀ-ਉੱਚੀ ਵਿਰਲਾਪ ਕਰਦੀਆਂ ਹਨ ਅਤੇ ਜ਼ਮੀਨ ’ਤੇ ਬੈਠ ਕੇ ਅੱਡੀਆਂ ਗੋਡੇ ਰਗੜਦੀਆਂ ਹੋਈਆਂ ਅਲਾਪਦੀਆਂ ਹਨ:-
* ਅੱਡੀਆਂ ਗੋਡੇ ਘਸਾਵਾਂਗੇ, ਮੀਂਹ ਪਊ ਤਾਂ ਘਰ ਨੂੰ ਜਾਵਾਂਗੇ
* ਗੁੱਡੀ-ਗੁੱਡਾ ਸਾੜਿਆ ਵਸ ਮੀਂਹਾਂ ਕਾਲਿਆ
ਇਸ ਪਿੱਛੋਂ ਟੋਕਰੇ ਵਿੱਚ ਨਾਲ ਲਿਆਂਦੇ ਪੂੜੇ ਸਭ ਨੂੰ ਥੋੜ੍ਹੇ-ਥੋੜ੍ਹੇ ਵੰਡੇ ਜਾਂਦੇ ਹਨ ਅਤੇ ਘਰ ਵਾਪਸੀ ’ਤੇ ਵੀ ਸੋਗ ਭਰੇ ਗੀਤ ਗਾਏ ਜਾਂਦੇ ਹਨ। ਜਿਨ੍ਹਾਂ ਘਰਾਂ ਤੋਂ ਆਟਾ, ਗੁੜ, ਪੈਸੇ ਇਕੱਠੇ ਕੀਤੇ ਹੁੰਦੇ ਹਨ ਉਨ੍ਹਾਂ ਨੂੰ ਪਕਾਏ ਹੋਏ ਗੁਲਗਲੇ, ਮੱਠੀਆਂ, ਪੂੜੇ, ਮਾਲ੍ਹ ਪੂੜੇ ਵੰਡੇ ਜਾਂਦੇ ਹਨ। ਇਹ ਗੁੱਡੀ ਫੂਕਣ ਪਿੱਛੋਂ ਕੀਤਾ ਗਿਆ ਪੁੰਨ-ਦਾਨ ਹੁੰਦਾ ਹੈ। ਲੋਕਾਂ ਦੀ ਧਾਰਨਾ ਹੈ ਕਿ ਪੁੰਨ-ਦਾਨ ਕਰਨ ਵਾਲਾ ਹਮੇਸ਼ਾਂ ਵਧਦਾ-ਫੁੱਲਦਾ ਹੈ। ਇਸ ਸਮੇਂ ਖੀਰ ਵੀ ਬਣਾਈ ਜਾਂਦੀ ਹੈ। ਕੁੜੀਆਂ-ਬੁੜ੍ਹੀਆਂ ਘਰ ਆ ਕੇ ਗਿੱਧਾ  ਪਾਉਂਦੀਆਂ ਹਨ ਅਤੇ ਮੀਂਹ ਪੈਣ ਸਬੰਧੀ ਬੋਲੀਆਂ ਪਾਉਂਦੀਆਂ ਹਨ। ਕਈ ਵਾਰ ਅਜਿਹਾ ਕੁਦਰਤੀ ਭਾਣਾ ਵਰਤਦਾ ਹੈ ਕਿ ਗੁੱਡੀ ਫੂਕਣ ਤੋਂ ਬਾਅਦ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ ਅਤੇ ਘਰ ਪਹੁੰਚਣ ਤਕ ਕਣੀਆਂ ਲੱਥ ਪੈਂਦੀਆਂ ਹਨ। ਇਸ ਖ਼ੁਸ਼ੀ ਵਿੱਚ ਕੁੜੀਆਂ-ਬੁੜ੍ਹੀਆਂ ਖ਼ੁਸ਼ੀ ਭਰੇ ਗੀਤ ਗਾਉਂਦੀਆਂ ਹੋਈਆਂ ਨੱਚਦੀਆਂ, ਗਿੱਧੇ ਪਾਉਂਦੀਆਂ ਹਨ ਅਤੇ ਸਹਿਜੇ ਹੀ ਬੋਲ ਅੰਦਰੋਂ ਫੁੱਟ ਉੱਠਦੇ ਹਨ:
* ਅੰਬਰੀਂ ਘਟਾਵਾਂ ਕਾਲੀਆਂ ਨੀਂ, ਲੈ ਕੇ ਚੁੰਨੀ ਤੇ ਘੁੰਮਰ ਪਾਈਏ ਸਾਰੀਆਂ ਨੀਂ…
* ਗੁੱਡੀ ਸਾੜੀਏ ਤੇ ਮਾਰੀਏ ਤਾੜੀਆਂ ਨੀਂ
ਮੀਂਹ ਵਰ੍ਹਦਾ ਤੇ ਲਾਉਂਦੀ ਫਿਰੇ ’ਡਾਰੀਆਂ ਨੀਂ…
ਗੁੱਡੀ ਫੂਕਣਾ ਪੰਜਾਬੀ ਲੋਕਧਾਰਾ  ਦੀ ਬੜੀ ਅਲੌਕਿਕ ਅਤੇ ਵਿਸ਼ਵਾਸ ਭਰੀ ਮੀਂਹ ਪਵਾਉਣ ਲਈ ਕੀਤੀ ਪ੍ਰਾਰਥਨਾ ਹੈ। ਪੁਰਾਣੇ ਸਮਿਆਂ ਵਿੱਚ ਗੁੱਡੀ ਸਾੜਨ ਨਾਲ ਬਹੁਤੀ ਵਾਰ ਮੀਂਹ ਵਰ੍ਹਿਆ ਹੈ। ਇਹ ਕੁਦਰਤ ਅਤੇ ਮਨੁੱਖ ਦੇ ਆਪਸੀ ਰਿਸ਼ਤੇ ਵਿੱਚ ਪਿਆਰ ਅਤੇ ਸ਼ਰਧਾ ਭਰੇ ਭਾਵ ਨੂੰ ਦਰਸਾਉਂਦਾ ਹੈ, ਜਿਹੜਾ ਅਜੋਕੇ ਯੁੱਗ ਵਿੱਚ ਗੁਆਚ ਰਿਹਾ ਹੈ। ਵਿਗਿਆਨਕ ਅਤੇ ਤਕਨੀਕੀ ਯੁੱਗ ਵਿੱਚ ਭਾਵੇਂ ਕਈ ਕਰਮ-ਕਾਂਡ ਮਨਫ਼ੀ ਹੋ ਗਏ ਹਨ ਪਰ ਗੁੱਡੀ ਫੂਕਣ ਦਾ ਕਰਮ ਅਜੇ ਵੀ ਕਈ ਪਿੰਡਾਂ ਵਿੱਚ ਪੂਰੀ ਸੁੱਚਮਤਾ ਅਤੇ ਸ਼ਰਧਾ ਨਾਲ ਨਿਭਾਇਆ ਜਾਂਦਾ ਹੈ।

-ਰਮਨਦੀਪ ਕੌਰ ਜੰਡੂ
ਮੋਬਾਈਲ:98158-55457


No comments:

Post a Comment