Sunday, 8 September 2013

ਸੱਸ-ਨੂੰਹ ਦਾ ਝਗੜਾ



ਲੋਕ ਬੋਲੀਆਂ ਵਿੱਚ ਜਿੱਥੇ ਪੁਰਾਤਨ ਪੰਜਾਬੀ ਸਮਾਜ ਦੀ ਝਲਕ ਪੈਂਦੀ ਹੈ, ਉੱਥੇ ਨਾਲ ਹੀ ਉਸ ਸਮਾਜ ਵਿੱਚ ਬੁਨਿਆਦੀ ਭੂਮਿਕਾ ਨਿਭਾਉਂਦੇ ਰਿਸ਼ਤਿਆਂ-ਨਾਤਿਆਂ ਦੀ ਤਸਵੀਰ ਵੀ ਦਿਖਾਈ ਦਿੰਦੀ ਹੈ। ਸੱਸ-ਨੂੰਹ ਦਾ ਰਿਸ਼ਤਾ ਸ਼ੁਰੂ ਤੋਂ ਹੀ ਝਗੜਿਆਂ ਵਾਲਾ ਰਿਹਾ ਹੈ। ਜੇ ਇੱਕ ਪਾਸੇ ਵੇਖੀਏ ਤਾਂ ਸਾਡਾ ਸਮਾਜ ਮਰਦ ਪ੍ਰਧਾਨ ਰਿਹਾ ਹੈ ਪਰ ਦੂਜੇ ਪਾਸੇ ਘਰ ਵਿੱਚ ਨੂੰਹਾਂ ਉਪਰ ਸੱਸਾਂ ਦੀ ਪ੍ਰਧਾਨਗੀ ਦੇਖਣ ਨੂੰ ਮਿਲਦੀ ਹੈ। ਜਦੋਂ ਕਿਤੇ ਵੀ ਉਨ੍ਹਾਂ ਨੂੰ ਖ਼ੁਸ਼ੀਆਂ ਮੌਕੇ ਗਿੱਧੇ ਵਿੱਚ ਬੋਲੀਆਂ ਪਾਉਣ ਦਾ ਮੌਕਾ ਮਿਲੇ, ਉਹ ਉਨ੍ਹਾਂ ਜ਼ਰੀਏ ਮਨ ਦੇ ਗੁੱਭ-ਗੁਬਾਟ ਕੱਢ ਲੈਂਦੀਆਂ ਹਨ। ਲੋਕ ਬੋਲੀਆਂ ਵਿੱਚ ਝਗੜੇ ਰਾਹੀਂ ਸਮਾਜ ਵਿਚਲੇ ਰਿਸ਼ਤਿਆਂ ਵਿੱਚ ਆਏ ਦਵੰਦ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਦੂਜੇ ਪਾਸੇ ਸਹਿਜ ਸੁਭਾਅ ਰੂਪ ਵਿੱਚ ਉਤਪੰਨ ਹੋਈਆਂ ਬੋਲੀਆਂ ਵਿੱਚ ਸਮਾਜ ਦੀ ਅਸਲ ਦਸ਼ਾ ਅਤੇ ਦਿਸ਼ਾ ਪੇਸ਼ ਹੁੰਦੀ ਹੈ ਕਿਉਂਕਿ ਝਗੜੇ ਵਿੱਚ ਲੁਕੇ ਹੋਏ ਸੱਚ ਵੀ ਨੰਗੇ ਹੋ ਜਾਂਦੇ ਹਨ।
ਸੱਸ-ਨੂੰਹ ਦਾ ਝਗੜਾ ਪੰਜਾਬੀ ਸਮਾਜ ਵਿੱਚ ਸਹਿਜ ਹੀ ਮਿਲ ਜਾਂਦਾ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਰਿਸ਼ਤੇ ਵਿੱਚ ਸੱਸ ਅਸਲ ਵਿੱਚ ਨਵੀਂ ਵਿਆਹੀ ਨੂੰਹ ਦੇ ਘਰਵਾਲੇ ਦੀ ਮਾਂ ਹੈ, ਉਸ ਨੇ ਆਪਣੇ ਲਾਡਲੇ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ। ਅਜੇ ਨਵੀਂ ਵਿਆਹੀ ਨੂੰਹ ਨੂੰ ਦਸ ਦਿਨ ਵਿਆਹ ਕੇ ਲਿਆਈ ਨੂੰ ਨਹੀਂ ਹੋਏ ਹੁੰਦੇ ਕਿ ਨੂੰਹ ਉਸ ਦੇ ਪੁੱਤ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੀ ਹੈ। ਅਜਿਹੀ ਸਥਿਤੀ ਵਿੱਚ ਸੱਸ ਕੋਲ ਲੜਾਈ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਲੰਮਾ ਸਮਾਂ ਆਪਣੇ ਲਾਡਲੇ ’ਤੇ ਕਾਬਜ਼ ਰਹਿਣ ਵਾਲੀ ਮਾਂ ਤੋਂ ਰਾਜ-ਭਾਗ ਖੁੱਸ ਕੇ ਨੂੰਹ ਕੋਲ ਚਲਾ ਜਾਂਦਾ ਹੈ। ਸਮੇਂ ਦੇ ਵਹਿਣ ਨਾਲ ਹੁਣ ਭਾਵੇਂ 21ਵੀਂ ਸਦੀ ਵਿੱਚ ਇਸ ਰਿਸ਼ਤੇ ਵਿੱਚ ਨਿੱਘ ਆਇਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਝਗੜਾ ਜ਼ਰੂਰ ਮਿਲਦਾ ਹੈ। ਸੱਸ ਅਤੇ ਨੂੰਹਾਂ ਦੇ ਆਪਸੀ ਦਵੰਦਾਂ ਵਾਲੇ ਰਿਸ਼ਤੇ ਬਾਰੇ ਲੋਕ ਸਾਹਿਤ ਵਿੱਚੋਂ ਭਰਪੂਰ ਖ਼ਜ਼ਾਨਾ ਸਾਨੂੰ ਲੋਕ ਬੋਲੀਆਂ ਜ਼ਰੀਏ ਪ੍ਰਾਪਤ ਹੁੰਦਾ ਹੈ:
ਸੱਸ ਮੇਰੀ ਨੇ ਨੱਥ ਕਰਾਈ,
ਮੈਨੂੰ ਕਹਿੰਦੀ ਪਾ ਕੁੜੇ।
ਦੂਜੇ ਪਾਸੇ ਨੂੰਹ, ਜਿਸ ਨੂੰ ਪਸੰਦ ਦਾ ਵਰ ਨਹੀਂ ਮਿਲਿਆ, ਇਸੇ ਹੀ ਬੋਲੀ ਵਿੱਚ ਜਵਾਬ ਦਿੰਦੀ ਹੈ:
ਮੁੰਡਾ ਤੇਰਾ ਲੂਣ ਘੋਟਣਾ,
ਪਾਵਾਂ ਕਿਹੜੇ ਚਾਅ ਕੁੜੇ।
ਬੋਲੀ ਵਿੱਚ ਸੱਸ, ਨੂੰਹ ਨੂੰ ਨੱਥ ਕਰਵਾ ਕੇ ਦਿੰਦੀ ਹੈ ਅਤੇ ਪਾਉਣ ਲਈ ਕਹਿ ਰਹੀ ਹੈ। ਪ੍ਰਤੀਕਮਈ ਰੂਪ ਵਿੱਚ ਕਹੀਏ ਤਾਂ ਇਹ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ ਕਿਉਂਕਿ ਨੱਥ ਪਾਉਣ ਤੋਂ ਭਾਵ ਅਸਲ ਵਿੱਚ ਕਾਬੂ ਪਾਉਣ ਤੋਂ ਹੀ ਹੈ। ਦੂਜੇ ਪਾਸੇ ਨੂੰਹ ਆਪਣੇ ਘਰਵਾਲੇ, ਭਾਵ ਸੱਸ ਦੇ ਲਾਡਲੇ ਨੂੰ ‘ਲੂਣ ਘੋਟਣਾ’ ਕਹਿ ਰਹੀ ਹੈ ਜੋ ਕੁਹਜ ਦਾ ਪ੍ਰਤੀਕ ਹੈ ਤਾਂ ਉਹ ਨੱਥ ਕਿਸ ਆਸਰੇ ਪਾਵੇ?
ਕਾਫ਼ੀ ਸਮੇਂ ਤੋਂ ਇੱਕ ਕਹਾਵਤ ਪ੍ਰਸਿੱਧ ਹੈ ਕਿ ਚੰਗੇ ਘਰਾਂ ਦੀਆਂ ਜਾਈਆਂ ਨੂੰ ਅੱਖਾਂ ਦੀ ਸ਼ਰਮ ਹੁੰਦੀ ਹੈ। ਇਸੇ ਸ਼ਰਮ ਕਰਕੇ ਹੀ ਮੁਟਿਆਰਾਂ ਆਪਣੀਆਂ ਸੱਸਾਂ ਅੱਗੇ ਕੁਸਕਦੀਆਂ ਵੀ ਨਹੀਂ ਹਨ ਕਿਉਂਕਿ ਰਿਸ਼ਤਾ ਕਰਨ ਵੇਲੇ ਮਾਂ-ਬਾਪ ਆਪਣੀਆਂ ਧੀਆਂ ਨੂੰ ਨਸੀਹਤਾਂ ਦਿੰਦੇ ਹਨ ਕਿ ਬਿਗ਼ਾਨੇ ਘਰ ਬੋਲ ਉੱਚਾ ਨਹੀਂ ਕੱਢਣਾ ਪਰ ਫਿਰ ਵੀ ਇਨ੍ਹਾਂ ਸਿੱਖਿਆਵਾਂ ਦੇ ਬਾਵਜੂਦ ਮੁਟਿਆਰਾਂ ਸੱਸਾਂ ਨੂੰ ਵੰਗਾਰਦੀਆਂ ਨਜ਼ਰੀਂ ਪੈਂਦੀਆਂ ਹਨ:
ਮੇਰੀ ਸੱਸ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਮੈਂ ਵੀ ਜੁੱਤੀ ਪਾਉਣੀ ਆ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਮੈਂ ਤੇਰੀ ਮਾਂ ਖੜਕਾਉਣੀ ਆ।
ਪੰਜਾਬੀ ਸਮਾਜ ਵਿੱਚ ਸ਼ੁਰੂ ਤੋਂ ਹੀ ਜੁੱਤੀ ਪਾਉਣ ਦਾ ਰੁਝਾਨ ਰਿਹਾ ਹੈ। ਜੁੱਤੀ ਇੱਕ ਪਾਸੇ ਜਿੱਥੇ ਪੈਰਾਂ ਨੂੰ ਕੱਜਦੀ ਹੈ, ਉੱਥੇ ਸੱਸਾਂ ਉਪਰ ਰੋਅਬ ਪਾਉਣ ਲਈ ਵੀ ਵਰਤ ਲਈ ਜਾਂਦੀ ਹੈ।
ਸੱਸ-ਨੂੰਹ ਦੇ ਵਿਚਾਰਾਂ ਵਿੱਚ ਵਿਰੋਧ ਇੱਕ ਹੋਰ ਪੱਖ ਤੋਂ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਸੱਸ ਦਾ ਭਤੀਜਾ ਆਉਣਾ ਹੋਵੇ ਤਾਂ ਸੱਸ ਚਾਅ ਵਿੱਚ ਫੁੱਲੀ ਨਹੀਂ ਸਮਾਉਂਦੀ ਕਿਉਂਕਿ ਰਿਸ਼ਤਾ ਖ਼ੂਨ ਦਾ ਹੈ, ਕੁੜਮਚਾਰੀ ਦਾ ਨਹੀਂ ਪਰ ਜੇ ਆਉਣ ਵਾਲਾ ਮਹਿਮਾਨ ਨਵ-ਵਿਆਹੀ ਦਾ ਭਰਾ ਹੋਵੇ ਤਾਂ ਸੱਸ ਦਾ ਮੂੰਹ ਮੋਟਾ ਹੋ ਜਾਂਦਾ ਹੈ:
ਖੰਡ ਦੀਆਂ ਆਉਣ ਬੋਰੀਆਂ,
ਜਦੋਂ ਸੱਸ ਦਾ ਭਤੀਜਾ ਆਇਆ।
ਪਰ ਜਦੋਂ ਨੂੰਹ ਦਾ ਭਰਾ ਸ਼ਿਰਕਤ ਕਰਦਾ ਹੈ ਤਾਂ ਸੱਸ ਦੀ ਖ਼ੁਦਮੁਖਤਿਆਰੀ ਕਰ ਕੇ ਘਿਓ ਤੋਂ ਬਿਨਾਂ ਸੁੱਕੀ ਖੰਡ ਮਿਲਦੀ ਹੈ ਤਾਂ ਨੂੰਹ ਆਪਣਾ ਗੁੱਸਾ ਜ਼ਾਹਿਰ ਕਰਦੀ ਕਹਿੰਦੀ ਹੈ:
ਸੱਸੇ ਤੇਰੀ ਮੱਝ ਮਰ ਜੇ,
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਭਾਵੇਂ ਧੀ ਬਾਬਲ ਨੂੰ ਸੰਬੋਧਨ ਕਰਕੇ ਕਹਿੰਦੀ ਹੈ:
ਚੰਦ ਪਾ ਕੇ ਤੋਰੀਂ ਬਾਬਲਾ,
ਕੋਈ ਆਖੇ ਨਾ ਨੰਗਾਂ ਦੀ ਧੀ ਜਾਂਦੀ।
ਪਰ ਫੇਰ ਵੀ ਕੋਈ ਨਾ ਕੋਈ ਨੁਕਤਾ ਲੱਭ ਕੇ ਸੱਸਾਂ, ਨੂੰਹਾਂ ਨੂੰ ਮਿਹਣੇ ਮਾਰਦੀਆਂ ਰਹਿੰਦੀਆਂ ਹਨ। ਜਦੋਂ ਕਦੇ ਵੀ ਨੂੰਹ ਦਾ ਭਰਾ ਆਉਂਦਾ ਹੈ ਤਾਂ ਖਾਲੀ ਹੱਥ ਵੇਖ ਕੇ ਸੱਸ ਮੂੰਹ ਵਿੱਚ ਬੁੜ-ਬੁੜ ਕਰਦੀ ਰਹਿੰਦੀ ਹੈ ਤਾਂ ਨੂੰਹ ਕਹਿੰਦੀ ਹੈ:
ਸੱਸੇ ਨੀ ਵੜੇਵੇਂ ਅੱਖੀਏ,
ਮੇਰੇ ਵੀਰ ਨੂੰ ਗਾਲ ਨਾ ਦੇਈਂ।
ਸਰਦੇ-ਪੁੱਜਦੇ ਘਰ ਆਰਥਿਕ ਪੱਖੋਂ ਸੁਖਾਲੇ ਹੋਣ ਕਰਕੇ ਘਰਾਂ ਵਿੱਚ ਕੰਮ ਲਈ ਨੌਕਰ ਅਤੇ ਨੌਕਰਾਣੀਆਂ ਰੱਖ ਲੈਂਦੇ ਹਨ, ਭਾਵ ਉਨ੍ਹਾਂ ਦੀਆਂ ਔਰਤਾਂ ਕੰਮ ਤੋਂ ਸੌਖੀਆਂ ਰਹਿਣ। ਸੱਸਾਂ ਨੂੰ ਜੇਕਰ ਕੋਈ ਹੋਰ ਗੱਲ ਲੜਾਈ ਨੂੰ ਨਾ ਮਿਲੇ ਤਾਂ ਉਹ ਆਪਣੀ ਨੂੰਹ ਤੋਂ ਪੇਕਿਆਂ ਤੋਂ ਨੌਕਰਾਣੀ ਦੀ ਮੰਗ ਕਰਦੀਆਂ ਹਨ, ਨਾਲ ਹੀ ਡਰਾਵੇ ਵਜੋਂ ਭਰਾਵਾਂ ਦੀ ਗਾਲ੍ਹ ਦੇਣ ਦਾ ਸੰਕੇਤ ਦਿੰਦੀਆਂ ਹਨ:
ਪੇਕਿਆਂ ਤੋਂ ਲਿਆ ਗੋਲੀਆਂ
ਨੀ ਨੂੰਹੇ ਮੇਰੀਏ,
ਨਹੀਂ ਦੇਊਂ ਭਰਾਵਾਂ ਦੀ ਗਾਲ੍ਹ।
ਰਿਸ਼ਤੇ ਵਿੱਚ ਲੱਗਦੇ ਭਰਾ ਨੂੰ ਗਾਲ੍ਹ ਸੁਣ ਕੇ ਕੀ ਨੂੰਹ ਚੁੱਪ ਰਹੇਗੀ, ਹੋ ਹੀ ਨਹੀਂ ਸਕਦਾ ਤਾਂ ਅੱਗੋਂ ਇੱਕੀ ਨੂੰ ਇਕੱਤੀ ਪਾਉਂਦੀ ਤਿੱਖੀ ਸੁਰ ਵਿੱਚ ਨੂੰਹ ਕਹਿੰਦੀ ਹੈ:
ਧੀਆਂ ਨੂੰ ਦੇਈ ਗੋਲੀਆਂ,
ਨੀ ਸੱਸ ਮੇਰੀਏ।
ਸਾਡੇ ਤਾਂ ਮਾਪੇ ਗ਼ਰੀਬ।
ਇਸ ਤਰ੍ਹਾਂ ਆਪਸੀ ਝਗੜੇ ਦਾ ਕਾਰਨ ਵਿਚਕਾਰਲੀ ਧਿਰ ‘ਮੁੰਡਾ’ ਹੈ, ਜੋ ਸੱਸ ਦੇ ਅਧਿਕਾਰ ਖੇਤਰ ਵਿੱਚੋਂ ਨਿਕਲ ਕੇ ਨੂੰਹ ਦੀ ਚੁਗਲ ਵਿੱਚ ਫਸਦਾ ਹੈ। ਨੂੰਹ ਅਕਸਰ ਪੰਜਾਬੀ ਸਮਾਜ ਵਿੱਚ ਕਾਬਜ਼ ਧਿਰ ਬਣ ਜਾਂਦੀ ਹੈ ਕਿਉਂਕਿ ਕਦਰਾਂ-ਕੀਮਤਾਂ ਦੇ ਡਿੱਗਣ ਨਾਲ ਇਸ ਰਿਸ਼ਤੇ ਵਿੱਚ ਤਰੇੜਾਂ ਆਉਣੀਆਂ ਸੁਭਾਵਿਕ ਹਨ:
ਕੋਠੇ ਹੇਠ ਪਸੇਰਾ,
ਨਿਕਲ ਸੱਸੜੀਏ ਘਰ ਮੇਰਾ।
ਤੂੰ ਖਾ ਲਿਆ ਬਥੇਰਾ,
ਨੀ ਹੁਣ ਘਰ ਮੇਰਾ।
ਹੋਰ ਕਈ ਲੋਕ ਬੋਲੀਆਂ ਸੱਸਾਂ ਅਤੇ ਨੂੰਹਾਂ ਦੇ ਝਗੜੇ ਬਾਰੇ ਮਿਲ ਜਾਂਦੀਆਂ ਹਨ, ਜਿੱਥੇ ਸੱਸਾਂ ਨੂੰ ਚੁੜੇਲਾਂ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ ਜਾਂ ਫਿਰ ਗਲ ਘੋਟਣ ਵਾਲੀਆਂ ਬਿੱਲੀਆਂ ਦੇ ਰੂਪ ਵਿੱਚ। ਕਸੂਰ ਭਾਵੇਂ ਕਿਸੇ ਵੀ ਧਿਰ ਦਾ ਹੋਵੇ ਪਰ ਮੁਟਿਆਰਾਂ ਹਮੇਸ਼ਾਂ ਸੱਸਾਂ ਦਾ ਹੀ ਕਸੂਰ ਕੱਢਦੀਆਂ ਹਨ। ਨਵ-ਵਿਆਹੀਆਂ ਅਕਸਰ ਬੋਲੀਆਂ ਵਿੱਚ ਕਹਿੰਦੀਆਂ ਸੁਣਾਈ ਦਿੰਦੀਆਂ ਹਨ:
ਸੱਸਾਂ-ਸੱਸਾਂ ਹਰ ਕੋਈ ਕਹਿੰਦਾ,
ਸੱਸਾਂ ਕੀਹਨੇ ਬਣਾਈਆਂ।
ਮੇਰੇ ਸਤਿਗੁਰ ਨੇ,
ਮਗਰ ਚੁੜੇਲਾਂ ਲਾਈਆਂ।

ਬਿੱਲੀਆਂ ਬਾਹਰਲੀਆਂ,
ਗਲ ਘੋਟਣ ਨੂੰ ਆਈਆਂ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਪਤੀ-ਪਤਨੀ, ਮਾਂ-ਪੁੱਤ ਦੀਆਂ ਖਾਹਿਸ਼ਾਂ ਵਿੱਚ ਏਕਤਾ ਹੋਵੇ ਜਾਂ ਇਕਸੁਰ ਹੋਣ ਪਰ ਅਜਿਹਾ ਹੋਣਾ ਸੁਭਾਵਿਕ ਨਹੀਂ ਕਿਉਂਕਿ ਲੋਕ ਬੋਲੀਆਂ ਵਿਚਲੀਆਂ ਮਾਨਸਿਕ ਪੀੜਾਂ, ਕਿਤੇ ਨਾ ਕਿਤੇ ਅੱਜ ਵੀ ਆਧੁਨਿਕ ਦੌਰ ਵਿੱਚ ਘਰ ਕਰੀ ਬੈਠੀਆਂ ਹਨ।

-ਗੁਰਦੀਪ ਸਿੰਘ ਭੁਪਾਲ
* ਸੰਪਰਕ 94177-86546


No comments:

Post a Comment