Sunday, 8 September 2013

ਨਾਨਕ ਛੱਕ



ਸਮਾਜਿਕ ਤੇ ਸੱਭਿਆਚਾਰਕ ਜੀਵਨ ਦੀ ਫੁਲਕਾਰੀ ਵਿੱਚ ਮੋਹ ਦੀਆਂ ਤੰਦਾਂ ਨਾਲ ਪਰੋਇਆ ਫੁੱਲ ਹੈ ‘ਨਾਨਕਾ’। ਬਚਪਨ ਵਿੱਚ ਹਰ ਕੋਈ ਆਪਣੇ ਨਾਨਕੇ ਘਰ ਛੁੱਟੀਆਂ ਕੱਟਣ ਜਾਣ ਲਈ ਉਤਾਵਲਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਦੀ ਇਹ ਵਿਲੱਖਣਤਾ ਹੈ ਕਿ ਅੱਧਾ ਵਿਆਹ ਨਾਨਕੇ ਹੀ ਕਰ ਦਿੰਦੇ ਹਨ। ਦੋਹਤਾ-ਦੋਹਤੀ ਦੇ ਵਿਆਹ ਸਮੇਂ ‘ਨਾਨਕਾ ਮੇਲ ਅਤੇ ਨਾਨਕ ਛੱਕ’ ਦੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ-ਕੁੜੀ ਦੀ ਮਾਂ ਆਪਣੇ ਪੇਕਿਆਂ ਨਾਲ ਖ਼ੁਸ਼ੀ ਸਾਂਝੀ ਕਰਨ ਲਈ ਗੁੜ ਦੀ ਭੇਲੀ ਖੰਮ੍ਹਣੀ ਵਿੱਚ ਲਿਪੇਟ ਹਲਦੀ ਲਾ ਕੇ ਸ਼ਗਨਾਂ ਦੀ ਚਿੱਠੀ ਨਾਲ ਪਤਾਸੇ ਤੇ ਲੱਡੂਆਂ ਦਾ ਡੱਬਾ ਲੈ ਕੇ ਜਾਂਦੀ ਹੈ। ਉਸ ਦੇ ਪੇਕੇ ਗੁੜ ਅਤੇ ਪਤਾਸਿਆਂ ਨੂੰ ਆਪਣੇ ਸ਼ਰੀਕੇ-ਕਬੀਲੇ ਵਿੱਚ ਵੰਡਦੇ ਹਨ। ਇਹ ਵਿਆਹ ਦਾ ਅਗਾਊਂ ਸੂਚਕ ਹੁੰਦਾ ਹੈ। ਸ਼ਰੀਕੇ-ਕਬੀਲੇ ਦੇ ਇੱਕ-ਇੱਕ ਆਦਮੀ ਨੂੰ ‘ਨਾਨਕ ਛੱਕ’ ਵਿੱਚ ਜਾਣ ਲਈ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਹੈ। ਭਾਈਚਾਰੇ ਦੀ ਲੋਕ ਲੱਜਾ ਲਈ ਗਹਿਣੇ-ਕੱਪੜਾ-ਲੀੜਾ, ਬਰਤਨ ਅਤੇ ਹੋਰ ਨਿੱਕ-ਸੁੱਕ ‘ਨਾਨਕ ਛੱਕ’ ਵਿੱਚ ਲੈ ਕੇ ਜਾਣਾ ਹੁੰਦਾ ਹੈ। ਵਿਆਹ ਵਾਲੇ ਘਰ ਵਿੱਚ ਨਾਨਕਾ ਮੇਲ ਦੀ ਸਭ ਨੂੰ ਉਡੀਕ ਹੁੰਦੀ ਹੈ। ਨਾਨਕਾ ਮੇਲ ਦਾ ਪਤਾ ਲੱਗਣ ’ਤੇ ਦਾਦਕੀਆਂ ਪਹਿਲਾਂ ਹੀ ਦਹਿਲੀਜ਼ ’ ਤੇ ਆ ਖੜ੍ਹੋਦੀਆਂ ਹਨ। ਦਾਦਕੀਆਂ ਕਹਿੰਦੀਆਂ ਹਨ:
ਹੁਣ ਕਿੱਧਰ ਗਈਆਂ ਨੀਂ ਜੀਤੋ ਤੇਰੀਆਂ ਨਾਨਕੀਆਂ, ਬਾਰਾਂ ਤਾਲਕੀਆਂ
ਫੇਰ ਨਾਨਕਾ ਮੇਲ ਜਵਾਬ ਦਿੰਦਾ ਹੈ:
ਅਸੀਂ ਹਾਜ਼ਰ ਖੜ੍ਹੀਆਂ ਨੀਂ ਜੀਤੋ ਤੇਰੀਆਂ ਨਾਨਕੀਆਂ
ਫਿਰ ‘ਨਾਨਕਾ ਮੇਲ’ ਘਰ ਅੰਦਰ ਦਾਖਲ ਹੋ ਜਾਂਦਾ ਹੈ, ਇਸ ਉਪਰੰਤ ਚਾਹ-ਪਾਣੀ ਪੀ ਕੇ ਕੱਪੜਾ-ਲੀੜਾ ਦਿਖਾਇਆ ਜਾਂਦਾ ਹੈ। ਨਾਨਕਿਆਂ ਦੇ ਮੋਢੀ ਨੂੰ ਮਠਿਆਈ ਦੀ ਦੇਖ-ਭਾਲ ਲਈ ਬਿਠਾਇਆ ਜਾਂਦਾ ਹੈ। ਮਾਮੇ ਵੱਲੋਂ ਵਿਆਹ ਵਾਲੀ  ਕੁੜੀ ਦੀ ਬਾਂਹ ਵਿੱਚ ਸੂਹਾ ਚੂੜਾ ਪਾਇਆ ਜਾਂਦਾ ਹੈ। ਨ੍ਹਾਈ ਧੋਈ ਸਮੇਂ ਕੁੜੀਆਂ ਗੀਤ ਗਾਉਂਦੀਆਂ ਹਨ:
ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀਦਾ
ਐਸ ਵੇਲੇ ਦੇ ਨਾਲ ਮਾਮਾ ਲੋੜੀਂਦਾ
ਖੰਮ੍ਹਣੀ ਨਾਲ ਪਰੋਈਆਂ ਮਿੱਟੀ ਦੀਆਂ ਠੂਠੀਆਂ ਨੂੰ ਤੋੜ ਕੇ ਵਿਆਹੁਲੇ\ਵਿਆਹੁਲੀ ਨੂੰ ਪਟੜੇ ਤੋਂ ਉਤਾਰਨ ਦੀ ਰਸਮ ਵੀ ਨਾਨਕਿਆਂ ਦੇ ਮੁਖੀ ਵੱਲੋਂ ਕੀਤੀ ਜਾਂਦੀ ਹੈ। ਸ਼ਾਮ ਨੂੰ ਨਿਓਂਦੇ ਦੀ ਰਸਮ ਸਮੇਂ ਵੀ ਨਾਨਕਿਆਂ ਵੱਲੋਂ ਕੁਝ ਰੁਪਏ ਪਾਏ ਜਾਂਦੇ ਹਨ। ਫਿਰ ਦੇਰ ਰਾਤ ਤਕ ਨਾਨਕੀਆਂ ਵੱਲੋਂ ਛੱਜ ਤੋੜਿਆ ਜਾਂਦਾ ਹੈ ਅਤੇ ਗੀਤਾਂ ਤੇ ਗਿੱਧੇ ਦੀ ਛਹਿਬਰ ਲਾਈ ਜਾਂਦੀ ਹੈ। ਬਰਾਤ ਸਮੇਂ ਵੀ ਨਾਨਕਿਆਂ ਦੀ ਅਹਿਮੀਅਤ ਹੁੰਦੀ ਹੈ। ਦੋਵਾਂ ਪਾਸਿਓਂ ਮੁੰਡੇ ਤੇ ਕੁੜੀ ਦੇ ‘ਮਾਮਿਆਂ’ ਦੀ ਮਿਲਣੀ ਕਰਵਾਈ ਜਾਂਦੀ ਹੈ। ਡੋਲੀ ਤੋਰਨ ਸਮੇਂ ਮਾਮਾ ਹੀ ਕੁੜੀ ਨੂੰ ਡੋਲੀ ਵਿੱਚ ਬਿਠਾਉਂਦਾ ਹੈ। ਵਿਦਾਇਗੀ ਤੋਂ ਅਗਲੇ ਦਿਨ ਨਾਨਕਾ ਮੇਲ ‘ਗੋਰੇ’ ਬਣਦਾ ਹੈ। ਇਸ ਬਹਾਨੇ ਪਿੰਡ ਵਿੱਚ ਰਿਸ਼ਤੇਦਾਰੀ ਵਾਲਿਆਂ ਦੇ ਘਰ ਪੱਤਲਾਂ ਵੰਡੀਆਂ ਜਾਂਦੀਆਂ ਹਨ ਅਤੇ ਰਾਹ ਵਿੱਚ ਨਾਨਕਾ ਮੇਲ ਦੁਕਾਨਾਂ ਤੋਂ ਕੁਝ ਨਾ ਕੁਝ ਲੈ ਕੇ ਮੁੜਦਾ ਹੈ।
ਅੱਜ ਦੇ ਖ਼ਪਤਕਾਰੀ ਅਤੇ ਪਦਾਰਥਵਾਦੀ ਯੁੱਗ ਵਿੱਚ ਮੈਰਿਜ ਪੈਲੇਸਾਂ ਨੇ ਇਸ ਸੱਭਿਆਚਾਰ ਨੂੰ ਨਿਗਲ਼ ਲਿਆ ਹੈ। ਅੱਜ-ਕੱਲ੍ਹ ਬਹੁਤੇ ਵਿਆਹ ਪੈਲੇਸਾਂ ਵਿੱਚ ਹੋਣ ਲੱਗ ਪਏ ਹਨ। ਸਭ ਖਾਣਾ ਖਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਆਉਂਦੇ ਹਨ। ਪੰਜਾਬੀ ਸੱਭਿਆਚਾਰ ਵਿਚਲਾ ਉਹ ਹਾਸਾ-ਠੱਠਾ, ਗੀਤ ਮਸ਼ਕਰੀਆਂ ਸਭ ਕੁਝ ਲੋਪ ਹੋ ਗਿਆ ਲੱਗਦਾ ਹੈ। ਨਾਨਕਾ ਮੇਲ ਦੇ ਗੀਤਾਂ ਦੀ ਥਾਂ ਆਰਕੈਸਟਰਾ ਦੇ ਗੀਤ ਸੁਣਾਈ ਦਿੰਦੇ ਹਨ। ਡਰ ਲੱਗਦਾ ਹੈ ਕਿ ਕਿਤੇ ਪੰਜਾਬੀ ਸੱਭਿਆਚਾਰ ਦੇ ਅਜਿਹੇ ਗੀਤ ਤੇ ਰੰਗ ਅੰਬਰੋਂ ਡਿੱਗੀਆਂ ਬਰਫ਼ ਦੀਆਂ ਡਲੀਆਂ ਵਾਂਗੂ ਖੁਰ ਹੀ ਨਾ ਜਾਣ।

ਗੁਰਮੇਲ ਸਿੰਘ ਸਨੀ
ਸੰਪਰਕ: 098967-23031


No comments:

Post a Comment