Sunday, 8 September 2013

ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ


ਦੇਸ਼ਾਂ-ਵਿਦੇਸ਼ਾਂ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਪਰ ਸਾਡੀ ਨੌਜਵਾਨ ਪੀੜ੍ਹੀ ਪੰਜਾਬੀ ਸੱਭਿਆਚਾਰ ਨੂੰ ਭੁਲਾ ਬੈਠੀ ਹੈ। ਆਉਣ ਵਾਲੀ ਪੀੜ੍ਹੀ ਨੂੰ ਤਾਂ ਇਹ ਵੀ ਪਤਾ ਨਹੀਂ ਹੋਵੇਗਾ ਕਿ ਪੰਜਾਬੀ ਸੱਭਿਆਚਾਰ ਹੈ ਕੀ ਸੀ? ਪੁਰਾਣੇ ਜ਼ਮਾਨੇ ਵਿੱਚ ਜਦੋਂ ਵਿਆਹ ਹੁੰਦੇ ਸਨ ਤਾਂ ਵੱਖ-ਵੱਖ ਰਸਮਾਂ ’ਤੇ ਉੱਚੀ ਸੁਰ ਅਤੇ ਲੈਅ ਵਿੱਚ ਗੀਤ ਗਾਏ ਜਾਂਦੇ ਸਨ। ਪੁਰਾਣੇ ਜ਼ਮਾਨੇ ਵਿੱਚ ਵਿਆਹ ਵੀ ਤਿੰਨ-ਚਾਰ ਦਿਨਾਂ ਦਾ ਹੁੰਦਾ ਸੀ। ਪਹਿਲੇ ਦਿਨ ਕੜਾਹੀ ਚੜ੍ਹਾਈ ਜਾਂਦੀ ਸੀ। ਦੂਜੇ ਦਿਨ ਨੂੰ ਰੋਟੀ ਕੀਤੀ ਜਾਂਦੀ ਸੀ। ਉਸੇ ਦਿਨ ਹੀ ਮੇਲ ਆਉਂਦਾ ਸੀ ਅਤੇ ਸਾਰੇ ਆਂਢ-ਗੁਆਂਢ ਨੂੰ ਰੋਟੀ ਖੁਆਈ ਜਾਂਦੀ ਸੀ। ਤੀਜੇ ਦਿਨ ਵਿਆਹ ਦਾ ਦਿਨ ਹੁੰਦਾ ਸੀ ਪਰ ਅੱਜ-ਕੱਲ੍ਹ ਮੈਰਿਜ ਪੈਲੇਸ ਕਲਚਰ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ। ਵਿਆਹ ਕੁਝ ਹੀ ਘੰਟਿਆਂ ਵਿੱਚ ਪਰ ਬਹੁਤ ਜ਼ਿਆਦਾ ਫ਼ਜ਼ੂਲ-ਖ਼ਰਚੀ ਨਾਲ ਸੰਪੰਨ ਹੋ ਜਾਂਦੇ ਹਨ। ਸਵੇਰੇ ਰਿਸ਼ਤੇਦਾਰ ਪੈਲੇਸਾਂ ਵਿੱਚ ਆਉਂਦੇ ਹਨ ਅਤੇ ਸ਼ਾਮ ਨੂੰ ਆਪੋ-ਆਪਣੇ ਘਰ ਚਲੇ ਜਾਂਦੇ ਹਨ। ਵਿਆਹ ਵਾਲੇ ਘਰ ਕੋਈ ਰੌਣਕ-ਮੇਲਾ ਨਹੀਂ ਹੁੰਦਾ। ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਵੀ ਜਦੋਂ ਵਿਆਹ ਹੁੰਦੇ ਸਨ ਤਾਂ ਦਾਦਕੇ ਅਤੇ ਨਾਨਕੇ ਮੇਲ ਦੀਆਂ ਮੇਲਣਾਂ ਲੋਕ ਗੀਤਾਂ, ਗਿੱਧਿਆਂ, ਸਿੱਠਣੀਆਂ ਅਤੇ ਹੇਰ੍ਹਿਆਂ ਨਾਲ ਖ਼ੂਬ ਰੰਗ ਬੰਨ੍ਹਦੀਆਂ ਸਨ।
ਜਦੋਂ ਮੇਲਣਾਂ ਉਸੇ ਪਿੰਡ ਵਿੱਚ ਕਿਸੇ ਸਕੀਰੀ ਵਾਲੇ ਘਰ ਪੱਤਲ ਦੇਣ ਜਾਂਦੀਆਂ ਤਾਂ ਸਜ-ਧਜ ਕੇ, ਸਿਰ ਉÎੱਤੇ ਰੰਗ-ਬਰੰਗੀਆਂ, ਗੂੜ੍ਹੀਆਂ ਗੋਟੇਦਾਰ ਚੁੰਨੀਆਂ ਲੈ ਕੇ ਪੈਰਾਂ ਵਿੱਚ ਪੰਜੇਬਾਂ ਪਾ ਕੇ ਅਤੇ ਗਹਿਣਿਆਂ ਨਾਲ ਲੱਦੀਆਂ ਦੀ ਵੱਖਰੀ ਹੀ ਸ਼ਾਨ ਹੁੰਦੀ ਸੀ। ਰਸਤੇ ਵਿੱਚ ਜਾਂਦੀਆਂ ਉਹ ਉੱਚੀ ਹੇਕ ਨਾਲ ਗੀਤ ਗਾਉਂਦੀਆਂ ਜਾਂਦੀਆਂ ਸਨ। ਜੇ ਰਸਤੇ ਵਿੱਚ ਗੱਭਰੂ ਬੈਠੇ ਹੁੰਦੇ ਅਤੇ ਮੇਲਣਾਂ ਨੂੰ ਦੇਖ ਕੇ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗ ਜਾਂਦੇ ਤਾਂ ਉਨ੍ਹਾਂ ਨੂੰ ਦੇਖ ਕੇ ਮੇਲਣਾਂ ਗਾਉਂਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਬਾਟਾ,
ਵੇ ਮੁੱਛ ਨੂੰ ਲਵਾ ਲੈ ਘੁੰਗਰੂ,
ਚਾਹ ਪੀਂਦੇ ਦਾ ਪਊ ਛਣਕਾਟਾ।
ਇਹ ਸੁਣ ਕੇ ਗੱਭਰੂ ਨੀਵੀਂ ਪਾ ਲੈਂਦੇ। ਜੇ ਰਸਤੇ ਵਿੱਚ ਕੋਈ ਬਜ਼ੁਰਗ ਜੋੜਾ ਬੈਠਾ ਹੁੰਦਾ ਤਾਂ ਉਨ੍ਹਾਂ ਨੂੰ ਵੀ ਸ਼ਰਾਰਤ ਕਰ ਜਾਂਦੀਆਂ। ਪੁਰਾਣੇ ਜ਼ਮਾਨੇ ਵਿੱਚ ਲੋਕ ਸੱਥਾਂ ਵਿੱਚ ਤਾਸ਼ ਖੇਡ ਰਹੇ ਹੁੰਦੇ ਤਾਂ ਉਨ੍ਹਾਂ ਵਿੱਚ ਕੁਝ ਛੜੇ ਵੀ ਹੁੰਦੇ ਤਾਂ ਉਨ੍ਹਾਂ ਨੂੰ ਚਿੜਾਉਂਦੀਆਂ ਹੋਈਆਂ ਕਹਿੰਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ,
ਕਿੱਥੇ ਲਾਹੇਂਗੀ ਨੀਂ ਇਹ ਪਿੰਡ ਛੜਿਆਂ ਦਾ।
ਜੇ ਗੱਭਰੂ ਮੁੰਡੇ ਬਣ-ਠਣ ਕੇ ਚਾਦਰੇ ਲਾਈ ਖੁੰਢਾਂ ’ਤੇ ਬੈਠੇ ਹੁੰਦੇ ਤਾਂ ਕਹਿੰਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਗਹਿਣੇ,
ਨੀਂ ਏਥੋਂ ਦੇ ਸ਼ੌਕੀਨ ਗੱਭਰੂ,
ਚਿੱਟੇ ਚਾਦਰੇ, ਜ਼ਮੀਨਾਂ ਗਹਿਣੇ।
ਜਦੋਂ ਪੱਤਲ ਦੇਣ ਵਾਲਾ ਘਰ ਆ ਜਾਂਦਾ ਤਾਂ ਉÎੱਥੇ ਹੀ ਖੜ੍ਹ ਕੇ ਗਾਉਂਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਪੇੜਾ,
ਨੀਂ ਅਸੀਂ ਕਿਹੜਾ ਨਿੱਤ ਆਵਣਾ,
ਸਾਡਾ ਵੱਜਿਆ ਸਬੱਬ ਨਾਲ ਗੇੜਾ।
ਇਸ ਤਰ੍ਹਾਂ ਹੱਸਦੀਆਂ-ਖੇਡਦੀਆਂ ਵਿਆਹ ਵਾਲੇ ਘਰ ਪਰਤ ਆਉਂਦੀਆਂ ਪਰ ਅਜੋਕੇ ਦੌਰ ਵਿੱਚ ਇਹ ਸਭ ਰਸਮਾਂ, ਰੀਤੀ-ਰਿਵਾਜ ਖ਼ਤਮ ਹੋ ਗਏ। ਇਸ ਤਰ੍ਹਾਂ ਦੇ ਲੋਕ ਗੀਤ ਸਿਰਫ਼ ਕਿਤਾਬਾਂ ਦਾ ਸ਼ਿੰਗਾਰ ਬਣ ਗਏ ਹਨ। ਕਾਸ਼! ਉਹ ਰੰਗਲਾ ਪੰਜਾਬ ਮੁੜ ਆਵੇ।

-ਸੰਦੀਪ ਕੌਰ ਬਹਾਦਰਪੁਰ
* ਸੰਪਰਕ: 94634-63875


No comments:

Post a Comment