Monday, 9 September 2013

ਤੇਰੀ ਮੇਰੀ ਇੱਕ ਜਿੰਦੜੀ




ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਨਾਲ ਦੋ ਜਵਾਨ ਦਿਲ ਸਾਰੀ ਉਮਰ ਲਈ ਇਕੱਠੇ ਹੀ ਨਹੀਂ ਹੁੰਦੇ, ਸਗੋਂ ਦੋ ਜਿੰਦੜੀਆਂ ਤੋਂ ਇੱਕ ਬਣ ਜਾਂਦੇ ਹਨ ਤਾਂ ਹੀ ਕਿਹਾ ਜਾਂਦਾ ਹੈ-
ਤੇਰੀ ਮੇਰੀ ਇੱਕ ਜਿੰਦੜੀ,
ਐਵੇਂ ਦੋ ਕਲਬੂਤ ਬਣਾਏ
ਇਸ ਤਰ੍ਹਾਂ ਇੱਕ ਦੀ ਤਕਲੀਫ਼ ਦੂਜੇ ਦੀ ਤਕਲੀਫ਼ ਬਣ ਜਾਂਦੀ ਹੈ-
ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ,
ਤੇਰੀ ਮੇਰੀ ਇੱਕ ਜਿੰਦੜੀ।
ਪਤੀ ਤੋਂ ਬਿਨਾਂ ਪਤਨੀਆਂ ਸੋਂਹਦੀਆਂ ਵੀ ਨਹੀਂ ਹਨ-
ਕੰਤਾਂ ਬਾਝ ਨਾ ਨਾਰਾਂ ਸੋਂਹਦੀਆਂ,
ਭਾਵੇਂ ਹੋਵਣ ਹੂਰ ਪਰੀਆਂ।
ਪਹਿਲਾਂ ਮੁੰਡੇ-ਕੁੜੀਆਂ ਦੇ ਬਹੁਤੇ ਰਿਸ਼ਤੇ ਪੰਡਤ, ਨਾਈ, ਵਿਚੋਲਿਆਂ ਰਾਹੀਂ ਹੋਇਆ ਕਰਦੇ ਸਨ। ਉਨ੍ਹਾਂ ਸਮਿਆਂ ਵਿੱਚ ਰਿਸ਼ਤੇ ਕਰਨ ਵਿੱਚ ਕੋਈ ਲੋਭ, ਲਾਲਚ, ਧੋਖਾ, ਕਪਟ ਨਹੀਂ ਹੁੰਦਾ ਸੀ। ਲੋਕਾਂ ਦਾ ਬੜਾ ਸੰਤੁਸ਼ਟੀ ਵਾਲਾ ਜੀਵਨ ਸੀ। ਸਮਾਜਕ ਤੇ ਧਾਰਮਿਕ ਕਦਰਾਂ-ਕੀਮਤਾਂ ਦੀ ਪੁੱਜ ਕੇ ਪਾਲਣਾ ਕੀਤੀ ਜਾਂਦੀ ਸੀ। ਧੀ ਨੂੰ ਸਾਰੇ ਪਿੰਡ ਦੀ ਧੀ ਮੰਨਿਆ ਜਾਂਦਾ ਸੀ ਤੇ ਜਵਾਈ ਨੂੰ ਸਾਰੇ ਪਿੰਡ ਦਾ ਜਵਾਈ। ਉਨ੍ਹਾਂ ਸਮਿਆਂ ਵਿੱਚ ਛੋਟੀ ਉਮਰ ਵਿੱਚ ਵਿਆਹ ਕਰਨ ਦਾ ਰਿਵਾਜ ਸੀ। ਵਿਆਹ ਸਮੇਂ ਹੀ ਜੋੜ ਤੇ ਅਣਜੋੜ ਰਿਸ਼ਤੇ ਦਾ ਪਤਾ ਲੱਗਦਾ ਸੀ। ਜਿਹੜਾ ਰਿਸ਼ਤਾ ਅਣਜੋੜ ਹੁੰਦਾ ਸੀ, ਨਰੜ ਹੁੰਦਾ ਸੀ ਉਸ ਦਾ ਸਿੱਧਾ ਦੋਸ਼ ਰਿਸ਼ਤਾ ਕਰਾਉਣ ਵਾਲੇ ਵਿਚੋਲੇ ਸਿਰ ਮੜਿਆ ਜਾਂਦਾ ਸੀ-
ਉੱਡ ਉੱਡ ਚਿੜੀਏ,
ਨੀਂ ਤੇਰੇ ਗਲ ਵਿੱਚ ਗਾਨੀ।
ਢੋਲ ਨਿਆਣਾ ਨੀਂ,
ਮੇਰੀ ਸਿਖਰ ਜਵਾਨੀ
ਕਈਆਂ ਨੂੰ ਵੱਡੀ ਉਮਰ ਵਾਲੇ ਨਾਲ ਵਿਆਹ ਦਿੱਤਾ ਜਾਂਦਾ ਸੀ-
ਪੀਲੀ ਪੀਲੀ ਮਿੱਟੀ ਦੇ ਬਨੇਰੇ ਟੁੱਟ ਗਏ।
ਬੁੱਢੜੇ ਨੂੰ ਦੇਖ ਮੇਰੇ ਲੇਖ ਫੁੱਟ ਗਏ।
ਕਈਆਂ ਨੂੰ ਸਿਧੜੇ ਨਾਲ ਵਿਆਹ ਦਿੱਤਾ ਜਾਂਦਾ ਸੀ-
ਇੱਕ ਸਾਡਾ ਕਮਲਾ ਸੀ,
ਢੋਲਿਆ ਵੇ ਸਾਡਾ ਨਾਈ
ਜਿਹੜਾ ਤੈਨੂੰ ਕਰ ਗਿਆ
ਵੇ ਕੁੜਮਾਈ
ਕਈ ਰਿਸ਼ਤੇ ਨਾਈ ਹੀ ਕਰਾਉਂਦੇ ਹੁੰਦੇ ਸਨ। ਕਈ ਵਾਰ ਭੂਆ ਵੀ ਆਪਣੀ ਭਤੀਜੀ ਦਾ ਰਿਸ਼ਤਾ ਆਪਣੇ ਸਹੁਰੇ ਪਰਿਵਾਰ ਵਿੱਚ ਕਿਸੇ ਸਮਾਜਕ ਮਜਬੂਰੀ ਕਾਰਨ ਕਿਸੇ ਘੱਟ ਅਕਲ ਵਾਲੇ ਮੁੰਡੇ ਲਈ ਲੈ ਜਾਂਦੀ ਸੀ, ਜਿਸ ਦਾ ਦੋਸ਼ ਭਤੀਜੀ ਆਪਣੀ ਭੂਆ ਨੂੰ ਦਿੰਦੀ ਹੁੰਦੀ ਸੀ-
ਇੱਕ ਮੇਰੀ ਵੈਰਨ ਜ਼ਾਲਮਾ ਵੇ ਮੇਰੀ ਭੂਆ,
ਜੀਹਨੇ ਤੇਰੀ ਮੂਰਖ ਦੀ ਦੱਸ ਪਾਈ।
ਕੁੜੀ ਦਾ ਰਿਸ਼ਤਾ ਕਰਨਾ ਮਾਪਿਆਂ ਦੀ ਜ਼ਿੰਮੇਵਾਰੀ ਹੁੰਦਾ ਹੈ ਪਰ ਜਦ ਮਾਪੇ ਰਿਸ਼ਤੇ ਲਈ ਪੂਰੀ ਤਰ੍ਹਾਂ ਵਿਚੋਲੇ ’ਤੇ ਨਿਰਭਰ ਹੋ ਜਾਂਦੇ ਸਨ ਤਾਂ ਕਈ ਵਾਰ ਗ਼ਲਤ ਰਿਸ਼ਤੇ ਹੋ ਜਾਂਦੇ ਸਨ, ਜਿਹੜੇ ਕਈ ਵਾਰ ਬਹੁਤੀ ਦੇਰ ਨਹੀਂ ਨਿਭਦੇ ਸਨ-
ਘਰ ਹੱਥੀਂ ਵਣਜ, ਸਨੇਹੀ ਖੇਤੀ,
ਅਨਾਜ ਪੁਰਾਣਾ, ਦੱਬੇ ਖੇਤੀ।
ਬਿਨ ਦੇਖੇ ਵਰ ਦੇਵੇ ਬੇਟੀ,
ਇਹ ਚਾਰੇ ਦੇਖੇ ਡੁਬਦੇ ਛੇਤੀ।
ਕਈ ਵਾਰ ਤਾਂ ਮਾਂ ਬਾਪ ਹੀ ਪੈਸੇ ਲੈ ਕੇ ਧੀ ਦਾ ਰਿਸ਼ਤਾ ਵੱਡੀ ਉਮਰ ਵਾਲੇ ਨਾਲ ਕਰ ਦਿੰਦੇ ਸਨ-
ਸਾਨੂੰ ਲੜ ਬੁੱਢੇ ਦੇ ਲਾ ਕੇ,
ਵੈਰ ਕਮਾਇਆ ਮਾਪਿਆਂ।
ਫਿਰ ਇਹ ਰਿਸ਼ਤੇ, ਰਿਸ਼ਤੇ ਨਾ ਰਹਿ ਕੇ ਨਰੜ ਬਣ ਜਾਂਦੇ ਸਨ-
ਜੋੜੀਆਂ ਜੱਗ ਥੋੜ੍ਹੀਆਂ,
ਨਰੜ ਵਧੇਰੇ।
ਨਰੜ ਕਰਕੇ ਹੀ ਕਈ ਵਾਰ ਤੂਤ ਦੀ ਛਿਟੀ ਵਰਗੇ ਹੁਸਨ ਦੇ ਪੱਲੇ ਰੋਹੀ ਦੇ ਕਿੱਕਰ ਦੇ ਜਾਤੂ ਵਰਗਾ ਹੀ ਪੈਂਦਾ ਸੀ-
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ,
ਵਿਆਹ ਕੇ ਲਿਆਇਆ ਤੂਤ ਦੀ ਛਿਟੀ।
ਅਣਜੋੜ ਰਿਸ਼ਤਾ ਹੋਵੇ, ਘਰ ਵਾਲੇ ਦੀ ਘਰ ਵਿੱਚ ਨਾ ਚਲਦੀ ਹੋਵੇ, ਘਰ ਵਿੱਚ ਜੇਠ ਦੀ ਸਰਦਾਰੀ ਹੋਵੇ ਤਾਂ ਪਤਨੀ ਸੜ ਕੇ ਕੋਲਾ ਹੋ ਜਾਂਦੀ ਸੀ-
ਘਰ ਆਏ ਨੂੰ ਬਾਪੂ ਘੂਰਦਾ,
ਖੇਤ ਗਏ ਨੂੰ ਤਾਇਆ।
ਜੇਠ ਦੀ ਠਾਣੇਦਾਰੀ,
ਇਹ ਸੀਰੀ ਨਾਲ ਲਾਇਆ।
ਨਾ ਐਬੀ ਨਾ ਵੈਲੀ ਆ ਇਹ,
ਬੋਲੇ ਮਸਾਂ ਬੁਲਾਇਆ।
ਮਿੱਟੀ ਦੇ ਮਟੁੰਨ ਜਿਹੇ ਨੂੰ,
ਮੇਰੇ ਪੱਲੇ ਪਾਇਆ।
ਅਜਿਹੇ ਪਤੀ ਤੋਂ ਤੰਗ ਆ ਕੇ ਕਈ ਵਾਰ ਪਤਨੀ ਆਪਣੇ ਪੇਕੇ ਜਾਣ ਦਾ ਡਰਾਵਾ ਵੀ ਦਿੰਦੀ ਹੁੰਦੀ ਸੀ-
ਭੱਜੀ ਭੱਜੀ ਲਲਾਰੀ ਹੱਟੀ ਜਾਨੀ ਆਂ,
ਮਾਹੀ ਦਾ ਸਾਫ਼ਾ ਰੰਗਣਾ ਨਾ।
ਸਾਨੂੰ ਮਾਹੀ ਦੀ ਲੋੜ ਕੋਈ ਨਾ
ਅਸੀਂ ਪੇਕੇ ਜਾਣਾ ਏ।
ਜਾ ਕੇ ਮੁੜ ਨਾ ਆਣਾ ਏ।
ਸੱਸ ਝਿੜਕੇ, ਸਹੁਰਾ ਮੂੰਹ ਫਿਟਕਾਰੇ,
ਦਿਓਰ ਅਵੱਲੜਾ ਅੱਖੀਆਂ ਮਾਰੇ,
ਚੀਰੇ ਵਾਲੇ ਨੂੰ ਗੱਲ ਵੀ ਨਾ ਆਵੇ,
ਗੱਲਾਂ ਕਰੇਂਦਾ ਆਈਂ, ਆਈਂ ਆਈਂ।
ਇਸੇ ਗੱਲੋਂ ਮੈਂ ਸੜ ਬਲ ਗਈ।
ਕਈ ਵਾਰ ਪਤੀ ਅਜਿਹਾ ਨਖੱਟੂ ਮਿਲ ਜਾਂਦਾ ਸੀ, ਜਿਹੜਾ ਕੰਮ ਦਾ ਡੱਕਾ ਦੂਹਰਾ ਨਹੀਂ ਕਰਦਾ ਸੀ ਪਰ ਉਸ ਦੀ ਮਲਾਜ਼ੇਦਾਰੀ ਬਹੁਤੀ ਹੁੰਦੀ ਸੀ, ਜਿਹੜੀ ਲੜਾਈ ਦਾ ਕਾਰਨ ਬਣਦੀ ਸੀ-
ਪੱਠੇ ਨਾ ਪਾਉਂਦਾ ਤੱਥੇ ਨਾ ਪਾਉਂਦਾ,
ਭੁੱਖੀ ਮਾਰਤੀ ਖੋਲੀ
ਕੱਢ ਕਾੜ੍ਹਨੀ ਦੁੱਧ ਦੀ ਬਹਿ ਗਿਆ
ਆਣ ਬਠਾਈ ਟੋਲੀ।
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਬਹੁਤ ਸਿਰ ਚੜ੍ਹ ਗਿਆ
ਅਣਸਰਦੇ ਨੂੰ ਬੋਲੀ।
ਕਾੜ੍ਹਨੀ ਦਾ ਦੁੱਧ ਵਰਤਣ ਤੋਂ ਬਾਅਦ ਬਾਕੀ ਇੱਕ ਡੰਗੇ ਦੇ ਦੁੱਧ ਨਾਲ ਘਰ ਦੀਆਂ ਗਰਜ਼ਾਂ ਵੀ ਪੂਰੀਆਂ ਨਹੀਂ ਹੁੰਦੀਆਂ ਸਨ-
ਇੱਕ ਡੰਗ ਦਾ ਦੁੱਧ ਸਾਰਾ ਪਿਆਇਆ
ਆਣ ਬਿਠਾਈ ਢਾਣੀ
ਇੱਕ ਡੰਗ ਦੇ ’ਚ ਕੀ ਕੱਢ ਲੂੰਗੀ
ਫਿਰਨੀ ਨਹੀਂ ਮਧਾਣੀ
ਆਏ ਗਏ ਦਾ ਘਰ ਵੇ ਸਖਤਿਆ
ਕੀ ਪਾ ਦੂੰਗੀ ਪਾਣੀ
ਭਲਿਆ ਮੂੰਹਾਂ ਤੋਂ ਬੁਰੇ ਪੈਣਗੇ
ਤੈਂ ਨਾ ਗੱਲ ਪਛਾਣੀ
ਮੇਰੇ ਸਿਰ ’ਤੇ ਵੇ
ਤੈਂ ਮੌਜ ਬਥੇਰੀ ਮਾਣੀ।
ਆਮ ਤੌਰ ’ਤੇ ਪਹਿਲੇ ਸਮਿਆਂ ਵਿੱਚ ਰੋਟੀ ਟੁੱਕ ਨੂੰਹਾਂ ਪਕਾਉਂਦੀਆਂ ਸਨ ਤੇ ਸੱਸਾਂ ਵਰਤਾਉਂਦੀਆਂ ਸਨ। ਰੋਟੀ ਵਰਤਾਉਣ ਵਿੱਚ ਵੀ ਕਈ ਸੱਸਾਂ ਨੂੰਹਾਂ ਨਾਲ ਵਿਤਕਰਾ ਕਰ ਜਾਂਦੀਆਂ ਸਨ। ਜੇ ਸੱਸ ਕੋਈ ਵਸਤ ਆਪ ਬਣਾਉਂਦੀ ਤਾਂ ਨੂੰਹ ਨੂੰ ਮੰਗਣ ’ਤੇ ਵੀ ਨਹੀਂ ਦਿੰਦੀ ਸੀ। ਨੂੰਹ ਰੋਸੇ ਵਜੋਂ ਰੁੱਖੀ ਰੋਟੀ ਖਾਂਦੀ ਸੀ, ਜਿਸ ਦਾ ਗਿਲਾ ਉਹ ਆਪਣੇ ਪਤੀ ਕੋਲ ਕਰਦੀ ਕਹਿੰਦੀ ਸੀ-
ਤੇਰੀ ਮਾਂ ਨੇ ਰਿੱਧੜਾ ਸਾਗ ਵੇ,
ਅਸੀਂ ਮੰਗਿਆ ਤਾਂ ਦਿੱਤਾ ਜਵਾਬ ਵੇ।
ਕਈ ਵਾਰ ਅਜਿਹਾ ਨਖੱਟੂ ਪਤੀ ਨਿਗੂਣਾ ਜਿਹਾ ਬਹਾਨਾ ਬਣਾ ਕੇ ਪਤਨੀ ਨੂੰ ਕੁੱਟਣ ਲੱਗ ਜਾਂਦਾ ਸੀ-
ਆਟਾ ਤਾਂ ਮੇਰਾ ਗੁੰਨਿਆ ਪਿਆ ਸੀ,
ਦਾਲ ਪਈ ਸੀ ਘੋਟੀ।
ਅੱਗ ਮਚਾ ਕੇ ਤਵਾ ਸੀ ਧਰਿਆ,
ਪੱਕਣ ਵਾਲੀ ਸੀ ਰੋਟੀ।
ਅੱਕਿਆ ਨੀਂ ਥੱਕਿਆ ਬਾਹਰੋਂ ਆਇਆ,
ਮੇਰੇ ਲੱਕ ’ਤੇ ਮਾਰੀ ਸੋਟੀ।
ਇੱਕ ਚਿੱਤ ਕਰਦਾ ਫੜ ਲਾਂ ਜੂਡਿਓਂ,
ਘੋਲ ਸੁੱਟਾਂ ਇਹਦੀ ਨੇਕੀ।
ਜੇ ਤੂੰ ਇਉਂ ਕਰਨੀ,
ਭੌਰ ਜਾਣਗੇ ਪੇਕੀਂ।
ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਕਈ ਵਾਰ ਪਤੀ ਆਪਣੀ ਹੈਂਕੜੀ ਵਿੱਚ ਪਤਨੀ ਨਾਲ ਮਾੜਾ ਵਰਤਾਓ ਕਰਦਾ ਸੀ ਤੇ ਪੇਕੀਂ ਜਾਣ ਤੋਂ ਵੀ ਮਨ੍ਹਾਂ ਕਰ ਦਿੰਦਾ ਸੀ-
ਬਾਗ਼ਾਂ ਦੇ ਵਿੱਚ ਕੋਇਲ ਬੋਲਦੀ,
ਰੜੇ ਬੋਲਦਾ ਬਿੰਡਾ।
ਘਸੁੰਨ ਜਿਹੇ ਦੀ ਮਿੰਨਤ ਕਰਾਂ,
ਪੇਕੀਂ ਜਾਣ ਨੀਂ ਦਿੰਦਾ।
ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਕਈ ਵਾਰ ਪਤਨੀ ਆਪਣੇ ਪਤੀ ਨਾਲ ਤੋੜ-ਵਿਛੋੜਾ ਕਰਨ ’ਤੇ ਵੀ ਉੱਤਰ ਆਉਂਦੀ ਸੀ। ਕਈ ਵਾਰ ਕੰਮ ਉਲਟ ਹੁੰਦਾ ਸੀ। ਮਾਹੀ ਚੰਗਾ ਹੁੰਦਾ ਸੀ ਤੇ ਮੁਟਿਆਰ ਭੈੜੀ। ਅਜਿਹੀ ਪਤਨੀ ਦੀ ਸਹੁਰੇ ਪਰਿਵਾਰ ਨਾਲ ਨਹੀਂ ਬਣਦੀ ਹੁੰਦੀ ਸੀ, ਜਿਸ ਕਰਕੇ ਉਹ ਆਪਣੇ ਪਤੀ ਨੂੰ ਪਰਿਵਾਰ ਤੋਂ ਅੱਡ ਹੋਣ ਲਈ ਮਜਬੂਰ ਕਰਦੀ ਹੁੰਦੀ ਸੀ-
ਪਾਣੀ ਖਾਰਾ ਦਰਿਆਵਾਂ ਦਾ,
ਤੇਰੇ ਘਰ ਨੀਂ ਵਸਣਾ,
ਵੇ ਪਿੱਛਾ ਛੱਡ ਦੇ ਭਰਾਵਾਂ ਦਾ।
ਇਸੇ ਲਈ ਤਾਂ ਵਿਆਹ ਬਾਰੇ ਕਿਹਾ ਜਾਂਦਾ ਹੈ, ‘‘ਵਿਆਹ ਇੱਕ ਤਰ੍ਹਾਂ ਦਾ ਜੂਆ ਹੈ, ਜਿਸ ਵਿੱਚ ਆਦਮੀ ਆਪਣੀ ਆਜ਼ਾਦੀ ਦੀ ਬਾਜ਼ੀ ਲਾਉਂਦਾ ਹੈ ਤੇ ਤੀਵੀਂ ਆਪਣੀ ਖ਼ੁਸ਼ੀ ਦੀ।’’ ਵਿਆਹ ਬਾਰੇ ਸਵੀਡਨ ਦੇਸ਼ ਦੀ ਇੱਕ ਕਹਾਵਤ ਹੈ-‘‘ਵਿਆਹ ਦਾ ਵਕਤ ਕੇਵਲ ਇੱਕ ਘੰਟੇ ਵਿੱਚ ਖਤਮ ਹੋ ਜਾਂਦਾ ਹੈ ਪਰ ਇਸ ਦੀਆਂ ਤਕਲੀਫ਼ਾਂ ਉਮਰ ਭਰ ਰਹਿੰਦੀਆਂ ਹਨ।’’
ਪਹਿਲੇ ਸਮਿਆਂ ਵਿੱਚ 90 ਫ਼ੀਸਦੀ ਲੋਕਾਂ ਦਾ ਗੁਜ਼ਾਰਾ ਖੇਤੀ ’ਤੇ ਹੁੰਦਾ ਸੀ। ਖੇਤੀ ਸਾਰੀ ਦੀ ਸਾਰੀ ਮੀਂਹ ’ਤੇ ਨਿਰਭਰ ਹੋਣ ਕਰਕੇ ਟੱਬਰਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਸੀ। ਨੌਕਰੀਆਂ ਉਨ੍ਹਾਂ ਸਮਿਆਂ ਵਿੱਚ ਜ਼ਿਆਦਾ ਫ਼ੌਜ ਦੀਆਂ ਹੁੰਦੀਆਂ ਹਨ। ਇਸ ਲਈ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਲਈ ਕਈ ਵੇਰ ਪਤੀ, ਪਤਨੀ ਨੂੰ ਦੱਸੇ ਬਗੈਰ ਹੀ ਫ਼ੌਜ ਵਿੱਚ ਭਰਤੀ ਹੋ ਜਾਂਦਾ ਸੀ, ਜਿਸ ਦਾ ਪਤਨੀ ਨੂੰ ਬਹੁਤ ਦੁੱਖ ਹੁੰਦਾ ਸੀ-
ਵੇ ਮੈਂ ਤੇਰੀ ਕੁਛ ਨਾ ਲੱਗੀ
ਬਿਨਾਂ ਪੁੱਛਿਆ ਲੁਆ ਲਿਆ ਨਾਮਾਂ
ਜੁਆਨੀ ਦੀ ਉਮਰ ਹੋਣ ਕਰਕੇ ਪਤੀ ਦਾ ਵਿਛੋੜਾ ਝੱਲਣਾ ਬਹੁਤ ਔਖਾ ਹੁੰਦਾ ਸੀ-
ਵਗਦੀ ਰਾਵੀ ਦੇ ਵਿੱਚ,
ਰੁੜਦੇ ਨੇ ਪਤਾਸੇ।
ਤੁਰ ਗਿਆ ਚੰਨਾ,
ਨਾਲੇ ਲੈ ਗਿਆ ਹਾਸੇ ਵੇ!
ਵਿਛੋੜੇ  ਵਿੱਚ ਤਾਂ ਪਤਨੀ ਨੂੰ ਬਹਾਰ ਦੀ ਰੁੱਤ ਵੀ ਪੱਤਝੜ ਲੱਗਦੀ ਹੁੰਦੀ ਸੀ। ਪਤਨੀ ਦਾ ਹਰ ਪਲ ਧਿਆਨ ਮਾਹੀ ਵੱਲ ਰਹਿੰਦਾ ਸੀ-
ਆਨੇ ਦੇ ਦੋ ਕੇਲੇ,
ਕਸਮ ਖੁਦਾ ਦੀ ਮਾਹੀਆ,
ਯਾਦ ਕਰਨੀ ਆਂ ਹਰ ਵੇਲੇ।
 ਅੰਬੀ ਦਾ ਬੂਟਾ ਈ,
ਤੇਰੇ ਬਿਨਾਂ ਵੇ ਮਾਹੀਆ,
ਸਭ ਜਿਉਣਾ ਝੂਠਾ ਈ।
ਜੰਗ ਲੱਗੀ ਦਾ ਸਮਾਂ ਹੋਣ ਕਰਕੇ ਚਿੱਠੀ ਪੱਤਰ ਆਉਣਾ ਵੀ ਬੰਦ ਹੋ ਜਾਂਦਾ ਸੀ। ਕਈ ਆਪਣਾ ਗੁੱਸਾ ਰੇਲ ਗੱਡੀ ’ਤੇ ਕੱਢਦੀਆਂ ਹੁੰਦੀਆਂ ਸਨ-
ਰੇਲੇ ਨੀਂ ਤੇਰੇ ਗਜ਼ ਟੁੱਟ ਜਾਣ,
ਚਾਰੇ ਟੁੱਟ ਜਾਣ ਬਾਹੀਆਂ।
ਗੱਭਰੂ ਤੈਂ ਢੋਹ ਲਏ,
ਨਾਰਾਂ ਦੇਣ ਦੁਹਾਈਆਂ।
ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਆਪਣੀ ਖ਼ੁਸ਼ੀ ਦੂਜਿਆਂ ਨਾਲ ਸਾਂਝੀ ਕਰਦੇ ਹੋ ਤਾਂ ਉਹ ਦੁੱਗਣੀ ਹੋ ਜਾਂਦੀ ਹੈ। ਪਤਨੀ ਆਪਣੇ ਪਤੀ ਨਾਲ ਬਣੀ ਸੋਹਣੀ ਜੋੜੀ ਦਾ ਜ਼ਿਕਰ ਆਪਣੀ ਨਣਦ ਨਾਲ ਕਰਦੀ ਹੁੰਦੀ ਸੀ-
ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਖੀਰਾ।
ਨੀਂ ਸੱਚੀਂ-ਮੁੱਚੀਂ ਰੱਬ ਵਰਗਾ,
ਰੱਬ ਵਰਗਾ ਨਣਾਨੇ ਤੇਰਾ ਵੀਰਾ।
ਮਨਪਸੰਦ ਮਾਹੀ ਕਾਰਨ ਮੁਟਿਆਰ ਦੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ ਸੀ-
ਕੋਠੇ ਉੱਤੇ ਕਾਨ੍ਹੀ ਆ,
ਫੁੱਲ ਜਿਹੇ ਮਾਹੀਏ ’ਤੇ,
ਮੈਂ ਸਦਕੇ ਜਾਨੀ ਆਂ।
ਇੱਕ ਜੋੜਾ ਪੱਖੀਆਂ ਦਾ,
ਨਾਲੇ ਮੇਰਾ ਮਾਹੀ ਲੱਗਦਾ,
ਨੀਂ ਨਾਲੇ ਚਾਨਣ ਅੱਖੀਆਂ ਦਾ।
ਕੋਈ ਚਲਦਾ ਨਾ ਚਾਰਾ ਈ,
ਮੇਰਾ ਸਾਰੇ ਜੱਗ ਨਾਲੋਂ,
ਮਾਹੀਆ ਬਹੁਤ ਪਿਆਰਾ ਈ।
ਚਿੱਟਾ ਕੁੜਤਾ ਜਾਲੀ ਦਾ,
ਪਤਲਾ ਪਤੰਗ ਮਾਹੀਆ,
ਨੀਂ ਕਿਸੇ ਕਰਮਾਂ ਵਾਲੀ ਦਾ।
ਨਾ ਲਿਖਿਆ ਮਿਟਦਾ ਏ,
ਮੈਨੂੰ ਤਾਂ ਰੱਬ ਮਾਹੀਆ,
ਬਸ ਤੇਰੇ ਵਿੱਚੋਂ ਦਿੱਸਦਾ ਏ।
ਅਜਿਹੇ ਪਤੀ ਤੋਂ ਪਤਨੀ ਦਾ ਇੱਕ ਪਲ ਵੀ ਵਿਛੜਣ ਨੂੰ ਦਿਲ ਨਹੀਂ ਕਰਦਾ ਹੁੰਦਾ ਸੀ ਪਰ ਪਤਨੀ ਨੂੰ ਪੇਕਿਆਂ ਦਾ ਮੋਹ ਵੀ ਹੁੰਦਾ ਸੀ। ਫਿਰ ਪਤਨੀ ਆਪਣੇ ਵਿਛੋੜੇ ਨੂੰ ਘੱਟ ਕਰਨ ਲਈ ਜੁਗਤ ਵਰਤਦੀ ਸੀ-
ਮੈਂ ਤਾਂ ਚੱਲੀ ਆਂ ਪੇਕੇ।
ਤੁਸੀਂ ਮਗਰੇ ਆ ਜਾਇਓ।
ਮੈਂ ਤਾਂ ਮਿਲੂਗੀ ਆਪਣੀ ਬੇਬੇ ਨੂੰ,
ਤੁਸੀਂ ਬਾਪੂ ਨੂੰ ਮਿਲ ਆਇਓ।
ਮਗਰੋਂ ਕਰਿਓ ਤੁਸੀਂ ਪੈਰੀਂ ਪੈਣਾ,
ਪਹਿਲਾਂ ਲੈ ਕੇ ਜਾਣਾ ਸੁਣਾ ਦਿਓ।
ਮੈਂ ਤਾਂ ਕਹੂੰਗੀ ਮੈਂ ਨਹੀਓਂ ਜਾਣਾ,
ਕਿਤੇ ਛੱਡ ਕੇ ਨਾ ਆ ਜਾਇਓ।
ਮੈਂ ਥੋੜ੍ਹਾ ਬਹੁਤਾ ਰੋਉਂਗੀ ਵੀ,
ਤੁਸੀਂ ਐਵੇਂ ਨਾ ਘਬਰਾ ਜਾਇਓ।
ਮੈਂ ਤਾਂ ਚੱਲੀ ਆਂ ਪੇਕੇ,
ਤੁਸੀਂ ਮਗਰੇ ਆ ਜਾਇਓ।
ਇਹ ਹਾਲ ਹੁੰਦਾ ਸੀ ਉਨ੍ਹਾਂ ਪਤੀ-ਪਤਨੀਆਂ ਦਾ, ਜਿਨ੍ਹਾਂ ਦੀ ਇੱਕ ਜਿੰਦੜੀ ਬਣ ਜਾਂਦੀ ਸੀ। ਚੰਗੀ, ਸੁਚੱਜੀ, ਹਾਣ ਦੀ ਰਮਜ਼ ਪਛਾਣਨ ਵਾਲੀ ਪਤਨੀ ਬਾਰੇ ਲਿਖਾਰੀ ‘ਸੇਨ’ ਨੇ ਲਿਖਿਆ ਹੈ ‘‘ਸੁਚੱਜੀ ਔਰਤ ਨਾਲ ਵਿਆਹ ਜੀਵਨ ਦੇ ਤੂਫ਼ਾਨ ਵਿੱਚ ਬੰਦਰਗਾਹ ਦੇ ਸਾਮਾਨ ਹੈ।’’

                                                                                     ਹਰਕੇਸ਼ ਸਿੰਘ ਕਹਿਲ


* ਸੰਪਰਕ: 81464-22238


No comments:

Post a Comment