Monday, 9 September 2013

ਤੇਲ ਚੜ੍ਹਾਉਣ ਦੀ ਰਸਮ



ਆਮ ਕਰਕੇ ਤੇਲ ਚੜ੍ਹਾਉਣ ਦੀ ਰਸਮ ਵਿਆਹ ਤੋਂ ਦੋ-ਤਿੰਨ ਦਿਨ ਪਹਿਲਾਂ ਕੀਤੀ ਜਾਂਦੀ ਹੈ। ਇਸ ਰਸਮ ਨੂੰ ਨਿਭਾਉਣ ਲਈ ਘਰ ਦੇ ਵਿਹੜੇ ਖ਼ਾਸ ਕਰਕੇ ਕੱਚੀ ਥਾਂ ’ਤੇ ਗੋਹੇ ਦਾ ਪੋਚਾ ਜਾਂ ਹੋਰ ਸਾਫ਼-ਸਫ਼ਾਈ ਕਰਕੇ ਉਸ ਨੰੂ ਸੰਵਾਰਿਆ ਜਾਂਦਾ ਹੈ। ਵਿਆਹੁਲੇ-ਵਿਆਹੁਲੀ ਦੀ ਬੈਠਣ ਵਾਲੀ ਫੱਟੀ ਦੁਆਲੇ ਮੌਲੀ (ਲਾਲ ਰੰਗ ਦਾ ਸੂਤੀ ਧਾਗਾ) ਲਪੇਟੀ ਜਾਂਦੀ ਹੈ। ਇਸ ਦੇ ਸਾਹਮਣੇ ਲਾਗਣ ਵੱਲੋਂ ਆਟੇ ਦੇ ਫੁੱਲ ਬਣਾਏ ਜਾਂਦੇ ਹਨ, ਜਿਸ ਨੂੰ ‘ਚੌਂਕੀ’ ਵੀ ਕਿਹਾ ਜਾਂਦਾ ਹੈ। ਕੌੜੇ ਭਾਵ ਸਰ੍ਹੋਂ ਜਾਂ ਤੋਰੀਏ ਦੇ ਤੇਲ ਵਿੱਚ ਵੇਸਣ-ਹਲਦੀ  ਮਿਲਾ ਲਏ ਜਾਂਦੇ ਹਨ। ਤੇਲ ਚੜ੍ਹਾਉਣ ਜਾਂ ਲਾਉਣ ਲਈ ਤਿਆਰ ਕੀਤੇ ਜਾਂਦੇ ਘਾਹ\ਕਾਹੀਨ ਦੇ ਤੀਲਿਆਂ ਦੇ ਪੂੰਝਾਂ ਨੂੰ (ਕੁੰਭ) ਵੀ ਤਿਆਰ ਕਰ ਲਿਆ ਜਾਂਦਾ ਹੈ। ਫਿਰ ਫੁਲਕਾਰੀ ਜਾਂ ਬਾਗ ਫੱਟੀ ’ਤੇ ਬੈਠੇ ਵਿਆਹੁਲੇ ਜਾਂ ਵਿਆਹੁਲੀ ਦੇ ਉੱਪਰ ਤਾਣ ਕੇ ਔਰਤਾਂ ਵੱਲੋਂ ਘੇਰਾ ਬਣਾ ਕੇ ਵਾਰੀ-ਵਾਰੀ ਉਨ੍ਹਾਂ ਦੇ ਸਿਰ ਵਿੱਚ ਕੁੰਭ ਨਾਲ ਤੇਲ ਲਾਇਆ ਜਾਂਦਾ ਹੈ ਤੇ ਗੀਤ ਗਾਏ ਜਾਂਦੇ ਹਨ:
‘‘ਮਾਂ ਤੇਰੀ ਸੁਹਾਗਣ, ਜਿਨ ਤੈਨੂੰ ਤੇਲ ਚੜ੍ਹਾਇਆ…
ਮਾਮੀ ਤੇਰੀ ਸੁਹਾਗਣ, ਜਿਨ ਤੈਨੂੰ ਤੇਲ ਚੜ੍ਹਾਇਆ…।’’
ਇੰਜ ਵਿਆਹੁਲੇ ਜਾਂ ਵਿਆਹੁਲੀ ਦੇ ਰਿਸ਼ਤੇ ਮੁਤਾਬਕ ਜਿਹੜੀ ਵੀ ਔਰਤ (ਚਾਚੀ, ਤਾਈ, ਮਾਸੀ, ਭੂਆ, ਭੈਣ ਅਤੇ ਭਰਜਾਈ ਆਦਿ) ਤੇਲ ਲਾ ਰਹੀ ਹੁੰਦੀ ਹੈ, ਉਸ ਦੇ ਰਿਸ਼ਤੇ ਦਾ ਨਾਂ ਇਸ ਗੀਤ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਫਿਰ ਇਸ ਤੇਲ ਵਿੱਚ ਹੋਰ ਵੇਸਣ/ਹਲਦੀ ਮਿਲਾ ਕੇ ਇਹ ਘੋਲ ਸੰਘਣਾ ਕਰਕੇ ਵਿਆਹੁਲੇ\ਵਿਆਹੁਲੀ ਦੇ ਮੂੰਹ-ਮੱਥੇ, ਹੱਥਾਂ-ਪੈਰਾਂ ਅਤੇ ਲੱਤਾਂ-ਬਾਹਾਂ ’ਤੇ  ਵਟਣਾ ਮਲ ਦਿੱਤਾ ਜਾਂਦਾ ਹੈ। ਵੱਟਣਾ ਮਲਣ ਤੋਂ ਬਾਅਦ ਵਿਆਹੁਲੇ-ਵਿਆਹੁਲੀ  ਦੀ ਬੁੱਕਲ ਵਿੱਚ ਪੰਜ-ਸੱਤ ‘ਗੁਣੇ’ (ਤੇਲ ਜਾਂ ਘਿਓ ਵਿੱਚ ਤਲੇ ਗੁੜ ਵਾਲੇ ਮਿੱਠੇ ਨਿੱਕੇ-ਨਿੱਕੇ ਰੋਟ) ਪਾ ਦਿੱਤੇ ਜਾਂਦੇ ਹਨ। ਬਾਕੀ ਦੇ ‘ਗੁਣੇ’ ਸ਼ਰੀਕੇ-ਬਰਾਦਰੀ ਵਿੱਚ ਵੰਡ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਤੇਲ ਚੜ੍ਹਾਉਣ ਦੀ ਇਸ ਰਸਮ ਵਿੱਚ ਸਿਰਫ਼ ਸੁਹਾਗਣ ਔਰਤਾਂ ਹੀ ਹਿੱਸਾ ਲੈਂਦੀਆਂ ਹਨ।
ਇਸ ਰਸਮ ਨਾਲ ਇਹ ਵੀ ਧਾਰਨਾ ਜੁੜੀ ਹੋਈ ਹੈ ਕਿ ਵਟਣਾ ਮਲਣ ਮਗਰੋਂ ਵਿਆਹੁਲਾ-ਵਿਆਹੁਲੀ ‘ਸਾਹੇ’ (ਵਿਆਹ ਦੇ ਜ਼ਾਬਤੇ) ਵਿੱਚ ਬੱਝ ਜਾਂਦੇ ਹਨ। ਉਸ ਦੇ ਘਰੋਂ ਦੂਰ-ਨੇੜੇ ਜਾਣ ’ਤੇ ਲਗਪਗ ਪਾਬੰਦੀ ਹੀ ਲੱਗ ਜਾਂਦੀ ਹੈ। ਇਸ ਰਸਮ ਸਮੇਂ ਪਹਿਨਿਆ ਲੀੜਾ-ਲੱਤਾ ਵੀ ਵਿਆਹ ਵਾਲੇ ਦਿਨ ‘ਖਾਰੇ’ ’ਤੇ ਚੜ੍ਹਨ ਸਮੇਂ ਹੀ ਉਤਾਰ ਕੇ ਨ੍ਹਾਈ-ਧੋਈ ਕੀਤੀ ਜਾਂਦੀ ਹੈ। ਇਸ ਮਨੌਤ ਨਾਲ ਇਹ ਵਿਸ਼ਵਾਸ ਵੀ ਜੁੜਿਆ ਹੋਇਆ ਕਿ ਇਸ ਤਰ੍ਹਾਂ ਕਰਨ ਨਾਲ ਵਿਆਹੁਲਾ-ਵਿਆਹੁਲੀ ’ਤੇ ਦੂਣ-ਸਵਾਇਆ ਰੂਪ ਚੜ੍ਹਦਾ ਹੈ।
ਇਸ ਸਮੇਂ ਉਨ੍ਹਾਂ ਦੇ ਗੁੱਟ ’ਤੇ ਗਾਨੇ ਦੇ ਰੂਪ ਵਿੱਚ ਮੌਲੀ ਜਿਸ ਵਿੱਚ ਕਈ ਵਾਰ ਮੋਤੀ ਜਾਂ ਕੋਡੀਆਂ ਵੀ ਪਰੋਏ ਹੁੰਦੇ ਹਨ, ਬੰਨ੍ਹ ਦਿੱਤਾ ਜਾਂਦਾ ਹੈ। ਵਿਆਹੁਲੇ ਨੂੰ ‘ਗਾਨਾ ਹੱਥਾ’ ਅਤੇ ਵਿਆਹੁਲੀ ਨੂੰ ‘ਗਾਨੇ ਹੱਥੀ’ ਵੀ ਕਿਹਾ ਜਾਣ ਦਾ ਰਿਵਾਜ ਰਿਹਾ ਹੈ। ਭਾਵੇਂ ਗਾਨੇ ਦੀ ਖਿਸਕਵੀਂ ਗੰਢਾਂ ਵਾਲੀ ਬੰਧਾਈ ਤੇਲ ਚੜ੍ਹਾਉਣ ਵਾਲੀਆਂ ਸੁਆਣੀਆਂ ਹੀ ਕਰਦੀਆਂ ਪਰ ਵਿਆਹੁਲੇ ਦੇ ਯਾਰ-ਦੋਸਤ ਇਸ  ਉੱਪਰ ਹੋਰ ਪੀਡੀਆਂ ਗੰਢਾਂ ਮਾਰਦੇ ਹੋਏ ਆਖਦੇ, ‘ਲੈ ਬਈ! ਆ ਮੇਰੇ ਨਾਂ ਦੀ ਗੰਢ ਈ ਤੇ ਭਰਜਾਈ ਤੋਂ ਪਿਆਰ ਨਾਲ ਖੁਲ੍ਹਵਾਈਂ।’’ ਉੱਧਰ ਵਿਆਹੁਲੀ ਦੀਆਂ ਸਹੇਲੀਆਂ ਵੀ ਕੁਝ ਅਜਿਹਾ ਹੀ ਕਹਿੰਦੀਆਂ ਹਨ,‘‘ਆਹ ਮੇਰੀ ਗੰਢ ਈ, ਜੀਜੇ ਕੋਲੋਂ ਜ਼ਰਾ ਧਿਆਨ ਨਾਲ ਖੁਲ੍ਹਵਾਈ।’’ ਇਸ ਤਰ੍ਹਾਂ ਇਨ੍ਹਾਂ ਗੰਢਾਂ ਨੂੰ ਵੱਖ-ਵੱਖ ਗੁਣਾਂ ਦਾ ਪ੍ਰਤੀਕ ਚਿੰਨ੍ਹ ਵੀ ਮੰਨਿਆ ਜਾਂਦਾ ਹੈ। ਇਸ ਰਸਮ ਤੋਂ ਬਾਅਦ ਵਿਆਹ ਦੇ ਸਮਾਗਮਾਂ ਦਾ ਕਦਮ-ਦਰ-ਕਦਮ ਸਿਖਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਨਾਨਕੇ ਮੇਲ ਦੀ ਆਮਦ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੀ ਹੈ। ਸ਼ਾਇਦ ਇਸੇ ਕਰਕੇ ਹੀ ਅਜਿਹੇ ਸ਼ਗਨਾਂ ਭਰੇ ਮੌਕਿਆਂ ’ਤੇ ਨਾਨਕੇ ਮੇਲ ਨੂੰ ਦਿਲ ਦੀਆਂ ਡੂੰੁਘਾਈਆਂ ’ਚੋਂ ਤਲੀਆਂ ’ਤੇ ਦੀਵੇ ਟਿਕਾ ਕੇ ਬੜੀ ਸ਼ਿੱਦਤ ਨਾਲ ਉਡੀਕਿਆ ਜਾਂਦਾ ਰਿਹਾ ਹੈ ਤਾਂ ਕਿ ਨਾਨਕੀਆਂ ਦਾ ਬੰਬਹੀਆ ਵੀ ਇਨ੍ਹਾਂ ਖ਼ੁਸ਼ੀਆਂ ਨੂੰ ਹੋਰ ਚਾਰ ਚੰਨ ਆਣ ਲਾਵੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
* ਸੰਪਰਕ: 98764-74858


No comments:

Post a Comment