Monday, 9 September 2013

ਘਰ ਪੁੱਗਦੀ ਜਠਾਣੀਏ ਤੇਰੀ



ਵੱਡੇ ਭਰਾ ਦੇ ਘਰਵਾਲੀ, ਛੋਟੇ ਭਰਾ ਦੇ ਘਰਵਾਲੀ ਦੀ ਜਠਾਣੀ ਹੁੰਦੀ ਹੈ। ਪਹਿਲੇ ਸਮਿਆਂ ਵਿੱਚ ਸੰਯੁਕਤ ਪਰਿਵਾਰ ਹੁੰਦੇ ਸਨ ਤੇ ਇੱਕੋ ਹੀ ਛੱਤ ਥੱਲੇ ਦਾਦੇ ਤੋਂ ਪੋਤੇ ਤਕ ਦਾ ਪਰਿਵਾਰ ਰਹਿੰਦਾ ਸੀ। ਇਸ ਤਰ੍ਹਾਂ ਕਈ ਦਰਾਣੀਆਂ-ਜਠਾਣੀਆਂ ਇੱਕੋ ਘਰ ਵਿੱਚ ਰਹਿੰਦੀਆਂ ਸਨ। ਸਾਂਝੇ ਪਰਿਵਾਰ ਉਨ੍ਹਾਂ ਸਮਿਆਂ ਦੀ ਲੋੜ ਵੀ ਸਨ। ਖੇਤੀ ਸਾਰੀ ਹੱਥੀਂ ਕੀਤੀ ਜਾਂਦੀ ਸੀ ਜੋ ਮੀਂਹ ’ਤੇ ਨਿਰਭਰ ਸੀ। ਇਸ ਲਈ ਖੇਤੀ ਵਿੱਚ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਉਨ੍ਹਾਂ ਸਮਿਆਂ ਵਿੱਚ ਭਰਾਵਾਂ ਆ ਆਪਸੀ ਪਿਆਰ ਵੀ ਬਹੁਤ ਹੁੰਦਾ ਸੀ। ਸਮੇਂ ਬੀਤਣ ਨਾਲ ਲੋਕਾਂ ਦਾ ਪੈਸੇ ਨਾਲ ਪਿਆਰ ਵਧਦਾ ਗਿਆ ਤੇ ਪਰਿਵਾਰ ਅਤੇ ਭਰਾਵਾਂ ਵਿੱਚ ਪਿਆਰ ਘਟਦਾ ਗਿਆ।
ਪਹਿਲੇ ਸਮਿਆਂ ਵਿੱਚ ਛੋਟੀ ਉਮਰ ਵਿੱਚ ਵਿਆਹ ਕੀਤੇ ਜਾਂਦੇ ਸਨ। ਜਦੋਂ ਮੁੰਡਾ-ਕੁੜੀ ਜੁਆਨ ਹੋ ਜਾਂਦੇ ਸਨ, ਉਸ ਸਮੇਂ ਮੁਕਲਾਵਾ ਦਿੱਤਾ ਜਾਂਦਾ ਸੀ। ਜਿਸ ਕਿਸੇ ਦਰਾਣੀ ਨੂੰ ਸਹੁਰੇ ਘਰ ਵਿੱਚ ਜਠਾਣੀ ਦੀ ਚੌਧਰ ਚਲਦੀ ਦਾ ਪਤਾ ਲੱਗ ਜਾਂਦਾ ਸੀ ਤਾਂ ਕਈ ਵੇਰ ਦਰਾਣੀ ਮੁਕਲਾਵੇ ਜਾਣ ਵਿੱਚ ਹਿਚਕਿਚਾਹਟ ਕਰਦੀ ਹੁੰਦੀ ਸੀ:
ਮਨਾਂ ਕਹਾਨੂੰ ਚੱਲਿਐਂ ਮੁਕਲਾਵੇ?
ਪੁੱਗਦੀ ਜਠਾਣੀ ਦੀ?
ਕਈ ਤਿੱਖੀਆਂ ਜਠਾਣੀਆਂ ਤਾਂ ਮੁਕਲਾਵੇ ਆਈ ਦਰਾਣੀ ਨੂੰ ਆਪਣੇ ਘਰਵਾਲੇ ਤੋਂ ਦਾਬਾ ਰੱਖਣ ਲਈ ਪੁੱਠੀ ਪੜ੍ਹਤ ਪੜ੍ਹਾਉਣ ਲੱਗ ਜਾਂਦੀਆਂ ਸਨ:
ਪਹਿਲੀ ਵਾਰ ਜਦ ਗਈ ਮੁਕਲਾਵੇ,
ਸਭ ਤੋਂ ਸ਼ਰਮਾਵੇ,
ਉੱਚਾ ਬੋਲ ਕਦੇ ਨਾ ਬੋਲੇ,
ਚੰਗੇ ਕਰਮ ਕਮਾਵੇ,
ਤੜਕੇ ਉੱਠ ਕੇ ਸੱਸ ਸਹੁਰੇ ਦੇ,
ਪੈਰਾਂ ਨੂੰ ਹੱਥ ਲਾਵੇ।
ਨਾਲ ਜਠਾਣੀ ਬੋਲਣ ਹੋ ਗਿਆ,
ਚੰਗੀ ਪੜ੍ਹਤ ਪੜ੍ਹਾਵੇ।
ਚੱਕਤੀ ਜਠਾਣੀ ਨੇ,
ਦਾਬਾ ਮੁੰਡੇ ’ਤੇ ਪਾਵੇ।
ਹੱਸਣਾ, ਖੇਡਣਾ, ਨੱਚਣਾ, ਗਾਉਣਾ ਪੰਜਾਬੀਆਂ ਦੀ ਜ਼ਿੰਦਗੀ ਦਾ ਵਿਸ਼ੇਸ਼ ਗੁਣ ਹੈ। ਵਿਆਹਾਂ ਵਿੱਚ ਜਾਂ ਘਰ ਦੇ ਹੋਰ ਖ਼ੁਸ਼ੀ ਦੇ ਮੌਕੇ ’ਤੇ ਗਿੱਧੇ ਵਿੱਚ ਕਈ ਵੇਰ ਦਰਾਣੀਆਂ ਤੇ ਜਠਾਣੀਆਂ ਇਕੱਠੀਆਂ ਨੱਚਦੀਆਂ ਹੁੰਦੀਆਂ ਸਨ:
ਮਧਾਣੀਆਂ ਮਧਾਣੀਆਂ ਮਧਾਣੀਆਂ,
ਪੇਕੇ ਦੋਵੇਂ ਭੈਣਾਂ ਨੱਚੀਆਂ,
ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ।
ਸਹੁਰੇ ਤੋਂ ਬਾਅਦ ਜੇਠ ਪਰਿਵਾਰ ਦਾ ਵੱਡਾ ਮੈਂਬਰ ਹੁੰਦਾ ਹੈ। ਜਿਉਂ-ਜਿਉਂ ਸਹੁਰੇ ਦੀ ਉਮਰ ਵਧਦੀ ਜਾਂਦੀ ਸੀ, ਤਿਉਂ-ਤਿਉਂ ਖੇਤੀ ਤੇ ਕਬੀਲਦਾਰੀ ਦੀ ਜ਼ਿੰਮੇਵਾਰੀ ਜੇਠ ਸੰਭਾਲੀ ਜਾਂਦਾ ਸੀ। ਘਰ ਦੀ ਮੁਖਤਿਆਰ ਜਠਾਣੀ ਬਣ ਜਾਂਦੀ ਸੀ। ਇਸ ਤਰ੍ਹਾਂ ਦਰਾਣੀ ਦੀ ਘਰ ਵਿੱਚ ਬਹੁਤੀ ਪੁੱਛ-ਪ੍ਰਤੀਤ ਨਹੀਂ ਰਹਿੰਦੀ ਸੀ:
ਘਰ ਪੁੱਗਦੀ ਜਠਾਣੀਏ ਤੇਰੀ,
ਖੇਤ ਬੰਨੇ ਜੇਠ ਦੀ ਪੁੱਗੇ।
ਦਰਾਣੀ ਵੀ ਘਰ ਦੀ ਓਨੀ ਹਿੱਸੇਦਾਰ ਹੁੰਦੀ ਸੀ, ਜਿੰਨੀ ਜਠਾਣੀ। ਇਸ ਲਈ ਦਰਾਣੀ ਦੇ ਮਨ ਵਿੱਚ ਗੁੱਸਾ ਹੁੰਦਾ ਸੀ, ਸ਼ਰੀਕਾ ਵੀ ਹੁੰਦਾ ਸੀ। ਇਸ ਲਈ ਜੇ ਕੋਈ ਚੀਜ਼-ਵਸਤ ਜਠਾਣੀ ਖਰੀਦਦੀ ਸੀ ਤਾਂ ਉਹ ਵਸਤ ਦਰਾਣੀ ਵੀ ਖਰੀਦਣ ਦਾ ਹੱਕ ਰੱਖਦੀ ਸੀ ਪਰ ਜੇਠ ਨੂੰ ਇਹ ਸ਼ਰੀਕੇਬਾਜ਼ੀ ਰੜਕਦੀ ਸੀ:
ਜਠਾਣੀ ਮੇਰੀ ਨੇ ਚੂੜਾ ਚੜ੍ਹਾਇਆ,
ਮੈਂ ਵੀ ਚੜ੍ਹਾ ਲਈਆਂ ਵੰਗਾਂ।
ਜੇਠ ਨੂੰ ਅੱਗ ਲੱਗ ਜਾਏ,
ਜਦੋਂ ਕੋਲ ਦੀ ਲੰਘਾਂ?
ਜੇਠ-ਜਠਾਣੀ ਦੀ ਘਰ ਵਿੱਚ ਮੁਖਤਿਆਰੀ ਹੋਣ ਕਰਕੇ ਕਈ ਵਾਰ ਜਠਾਣੀ ਸੌਖੇ ਕੰਮ ਲੱਗ ਜਾਂਦੀ ਸੀ ਤੇ ਦਰਾਣੀ ਨੂੰ ਔਖੇ ਕੰਮ ’ਤੇ ਲਾ ਦਿੰਦੀ ਸੀ:
ਜੇਠ-ਜਠਾਣੀ ਕੋਠਾ ਲਿੱਪਦੇ,
ਮੈਂ ਢੋਂਦੀਆਂ ਗਾਰਾ।
ਵੇ ਮੇਰੀ ਹਾਅ ਪੈ ਜਾਏ, 
ਸਿਖਰੋਂ ਡਿੱਗੇ ਚੁਬਾਰਾ।
ਪਿਆਰ ਤੇ ਤਕਰਾਰ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਜੇ ਜੇਠ-ਜਠਾਣੀ ਦਾ ਕਿਸੇ ਗੱਲੋਂ ਗੁੱਸਾ-ਗਿਲ੍ਹਾ ਹੋ ਜਾਂਦਾ ਸੀ ਜਾਂ ਬੋਲ-ਬਾਣੀ ਬੰਦ ਹੋ ਜਾਂਦੀ ਸੀ ਤਾਂ ਮਨੋ-ਮਨ ਦਰਾਣੀ ਬਹੁਤ ਖ਼ੁਸ਼ ਹੁੰਦੀ ਸੀ:
ਲੱਡੂ ਖਾ ਲਓ, ਪੇੜੇ ਖਾ ਲਓ,
ਬਿਸਕੁਟ ਖਾ ਲਓ ਪੋਲੇ।
ਨੀਂ ਘਰ ’ਚ ਕਲੇਸ਼ ਪੈ ਗਿਆ,
ਮੇਰਾ ਜੇਠ ਨਾ ਜਠਾਣੀ ਨਾਲ ਬੋਲੇ।
ਜੇ ਦਿਉਰ-ਦਰਾਣੀ ਦੀ ਕਿਸੇ ਗੱਲ ’ਤੇ ਤਕਰਾਰ ਹੋ ਜਾਂਦੀ ਸੀ ਤਾਂ ਦਿਉਰ-ਦਰਾਣੀ ਨੂੰ ਕੁੱਟ ਦਿੰਦਾ ਸੀ। ਫੇਰ ਭਰਜਾਈ ਆਪਣੇ ਦਿਉਰ ਨੂੰ ਫਿੱਟ-ਲਾਹਨਤ ਵੀ ਦਿੰਦੀ ਸੀ ਤੇ ਦਰਾਣੀ ਦੀ ਮਦਦ ’ਤੇ ਆ ਜਾਂਦੀ ਸੀ:
 ਸਰ੍ਹਾਣੇ ਬੈਠੀ ਬਾਂਦਰੀ ਤੇ ਪੈਂਦ ਬੈਠੀ ਕੁੱਤੀ।
ਮੂਰਖਾ ਦਿਉਰਾ ਵੇ, ਦਰਾਣੀ ਕਾਹਤੋਂ ਕੁੱਟੀ?
ਪਹਿਲੇ ਸਮਿਆਂ ਵਿੱਚ ਪਰਿਵਾਰ ਦੀ ਆਰਥਿਕ ਹਾਲਤ ਤੇ ਖੇਤੀ ਨੂੰ ਮੁੱਖ ਰੱਖ ਕੇ ਔਖੇ-ਸੌਖੇ ’ਕੱਠ ਨਿਭੀ ਜਾਂਦੇ ਸਨ। ਉਨ੍ਹਾਂ ਸਮਿਆਂ ਵਿੱਚ ਵਹਿਮ-ਭਰਮ ਵੀ ਬਹੁਤ ਸਨ। ਲੋਕੀਂ ਤੀਰਥ ਯਾਤਰਾ ’ਤੇ ਵੀ ਜਾਂਦੇ ਰਹਿੰਦੇ ਸਨ। ਕਈ ਵਾਰ ਜਠਾਣੀਆਂ-ਦਰਾਣੀਆਂ, ’ਕੱਠੀਆਂ ਵੀ ਤੀਰਥ ਯਾਤਰਾ ’ਤੇ ਚਲੀਆਂ ਜਾਂਦੀਆਂ ਸਨ। ਜੇ ਕੋਈ ਜੇਠ ਬਹੁਤਾ ਹੀ ਜਠਾਣੀ ਦਾ ਹੇਜ਼ ਕਰਦਾ ਹੁੰਦਾ ਸੀ ਤੇ ਜਠਾਣੀ ਦਾ ਵਿਛੋੜਾ ਨਹੀਂ ਸਹਿ ਸਕਦਾ ਸੀ ਤਾਂ ਦਰਾਣੀ ਨੂੰ ਆਪਣੀ ਜਠਾਣੀ  ਤੇ ਜੇਠ ’ਤੇ ਟਕੋਰਾਂ ਲਾਉਣ ਅਤੇ ਵਿਅੰਗ ਕਰਨ ਦਾ ਮੌਕਾ ਮਿਲ ਜਾਂਦਾ ਸੀ:
ਮੈਂ ਤੇ ਜਠਾਣੀ ਤੀਰਥਾਂ ਨੂੰ ਚੱਲੀਆਂ,
ਜੇਠ ਕਹੇ ਤੁਸੀਂ, ’ਕੱਲੀਆਂ ਕਿਉਂ ਚੱਲੀਆਂ?
ਜਦੋਂ ਵਕਤ ਗੱਡੀ ਦਾ ਹੋਣ ਲੱਗਿਆ,
ਜੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ।
ਪਹਿਲੇ ਸਮਿਆਂ ਵਿੱਚ ਜਿੰਨੇ ਕਿਸੇ ਦੇ ਮੁੰਡੇ ਹੁੰਦੇ ਸਨ, ਓਨਾ ਹੀ ਉਹ ਪਰਿਵਾਰ ਭਾਗਾਂ ਵਾਲਾ ਤੇ ਬਖ਼ਤਾਵਾਰ ਮੰਨਿਆ ਜਾਂਦਾ ਸੀ। ਹੱਥੀਂ ਖੇਤੀ ਹੁੰਦੀ ਕਰਕੇ ਓਨੀ ਹੀ ਉਨ੍ਹਾਂ ਦੀ ਖੇਤੀ ਚੰਗੀ ਚਲਦੀ ਹੁੰਦੀ ਸੀ। ਜਦ ਹੌਲੀ-ਹੌਲੀ ਸਾਰੇ ਭਾਈ ਬਾਲ ਬੱਚੇਦਾਰ ਹੋ ਜਾਂਦੇ ਸਨ, ਘਰਾਂ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਸੀ। ਮਾੜੀ-ਮਾੜੀ ਗੱਲ ’ਤੇ ਮਨ ਮਟਾਵ ਹੋ ਜਾਂਦੇ ਸਨ। ਅੱਡ ਹੋਣ ਦੀਆਂ ਗੱਲਾਂ ਤੁਰਦੀਆਂ ਸਨ। ਉਸ ਸਮੇਂ ਦਰਾਣੀ ਔਖੀ ਹੋਈ ਆਪਣੀ ਜਠਾਣੀ ਨਾਲੋਂ ਅੱਡ ਹੋਣ ਲਈ ਦੋ-ਦੋ ਹੱਥ ਕਰਨ ਲਈ ਤਿਆਰ ਹੋ ਜਾਂਦੀ ਸੀ:
ਉਰਲੇ ਬਾਜ਼ਾਰ ਮੇਰੀ ਨੱਥ ਵੇ ਘੜੇਂਦੀ,
ਪਰਲੇ ਬਾਜ਼ਾਰ ਬੰਦ ਗਜਰੇ,
ਅੱਡ ਹੋਊਂਗੀ ਜਠਾਣੀਏ,
ਤੇਰੇ ਲੈ ਕੇ ਬਦਲੇ?
ਭਾਈ-ਭਾਈ ਅੱਡ ਹੋ ਜਾਂਦੇ ਸਨ। ਉਨ੍ਹਾਂ ਸਮਿਆਂ ਵਿੱਚ ਘਰਾਂ ’ਚ ਦੁੱਧ ਲਈ ਆਮ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਅੱਡ-ਅਡਾਈ ਵਿੱਚ ਜਿਨ੍ਹਾਂ ਦੇ ਹਿੱਸੇ ਬੱਕਰੀਆਂ ਨਹੀਂ ਆਉਂਦੀਆਂ ਸਨ, ਉਨ੍ਹਾਂ ਨੂੰ ਬੱਕਰੀ ਖਰੀਦਣੀ ਪੈਂਦੀ ਸੀ। ਕਈ ਵਾਰ ਦਰਾਣੀਆਂ ਤੇ ਜਠਾਣੀਆਂ  ਇੱਕ-ਦੂਜੀ ਨੂੰ ਠਿੱਬੀ ਲਾਉਣ ਤੋਂ ਵੀ ਨਹੀਂ ਝਿਜਕਦੀਆਂ ਸਨ। ਅਜਿਹੀਆਂ ਦਰਾਣੀਆਂ-ਜਠਾਣੀਆਂ ਸਬੰਧੀ ਅਖਾਣ ਹੈ:
ਗੱਲੀਂ ਬਾਤੀਂ ਮੈਂ ਬੜੀ,
ਕਰਤੂਤੀ ਬੜੀ ਜਠਾਣੀ?
ਮੈਂ ਨਾ ਕਿਸੇ ਨੂੰ ਮੰਜਾ ਦੇਵਾਂ,
ਉਹ ਨਾ ਦੇਵੇ ਪਾਣੀ?
ਪਹਿਲੇ ਸਮਿਆਂ ਵਿੱਚ ਆਏ ਪਰਾਹੁਣੇ ਨੂੰ ਮੰਜੇ ’ਤੇ ਬਿਠਾਇਆ ਜਾਂਦਾ ਸੀ। ਪਾਣੀ ਦਾ ਗਲਾਸ ਦੇ ਕੇ ਆਓ ਭਗਤ ਸ਼ੁਰੂ ਕੀਤੀ ਜਾਂਦੀ ਸੀ ਪਰ ਅੱਜ ਇਕਹਿਰੇ ਪਰਿਵਾਰਾਂ ਦਾ ਜ਼ਮਾਨਾ ਆ ਗਿਆ ਹੈ। ਬਹੁਤੇ ਪਰਿਵਾਰਾਂ ਵਿੱਚ ਇੱਕ ਹੀ ਪੁੱਤ ਹੋਣ ਕਰਕੇ ਜਠਾਣੀ-ਦਰਾਣੀ ਦੀ ਨੋਕ ਝੋਕ ਦੇ ਇਹ ਲੋਕ ਗੀਤ ਕਿਤਾਬਾਂ ਵਿੱਚੋਂ ਹੀ ਪੜ੍ਹਨ ਨੂੰ ਮਿਲਿਆ ਕਰਨਗੇ?

                                                                                     ਹਰਕੇਸ਼ ਸਿੰਘ ਕਹਿਲ


ਸੰਪਰਕ: 81464-22238


No comments:

Post a Comment