ਪੰਜਾਬੀ ਲੋਕ ਨਾਚ ਵੀ ਕਬੀਲਿਆਂ ਵਿੱਚੋਂ ਉਪਜੇ ਹਨ ਜੋ ਸਾਂਝੇ ਪੰਜਾਬ ਦੇ ਕਬੀਲਿਆਂ ਤੋਂ ਬਾਅਦ ਭਾਵੇਂ ਕੁਝ ਕੁ ਟੱਬਰਾਂ (ਜਾਤੀਆਂ) ਤਕ ਸਿਮਟ ਕੇ ਰਹਿ ਗਏ ਪਰ ਇਸ ਦੇ ਨਾਲ ਹੀ ਇਹ ਜ਼ਮਾਨੇ ਦੀ ਚਾਲ ਮੁਤਾਬਕ ਲੋਕ ਮਨ ਦਾ ਹਿੱਸਾ ਬਣਦੇ ਗਏ। ਹੋਰਨਾਂ ਭੂਗੋਲਿਕ ਖਿੱਤਿਆਂ ਦੇ ਲੋਕ ਨਾਚਾਂ ਵਾਂਗ ਪੰਜਾਬੀ ਲੋਕ ਨਾਚ ਵੀ ਰੱਬ ਜਾਂ ਮੁਰਸ਼ਦ ਦੀ ਭਗਤੀ, ਕਿਸੇ ਪ੍ਰਾਪਤੀ ਦੀਆਂ ਖ਼ੁਸ਼ੀਆਂ ਅਤੇ ਯੁੱਧ ਕਲਾ ਵਿੱਚੋਂ ਨਿਕਲੇ ਹਨ। ਜਿਸ ਤਰ੍ਹਾਂ ਧਮਾਲ, ਨੌਬਤ, ਹਾਲ ਵਰਗੇ ਪੁਰਾਤਨ ਲੋਕ ਨ੍ਰਿਤ ਭਗਤੀ ਵਿੱਚ ਲੀਨ ਹੋ ਕੇ ਨੱਚੇ ਜਾਂਦੇ ਸਨ, ਉਸੇ ਤਰ੍ਹਾਂ ਗਿੱਧਾ, ਮਰਦਾਂ ਦਾ ਗਿੱਧਾ (ਮਲਵਈ ਗਿੱਧਾ), ਝੂਮਰ, ਲੁੱਡੀ, ਖ਼ੁਸ਼ੀਆਂ ਦਾ ਪ੍ਰਗਟਾਵਾ ਕਰਦੇ ਸਨ। ਸੰਮੀ, ਔਰਤਾਂ ਦਾ ਲੋਕ ਨ੍ਰਿਤ ਹੈ ਜੋ ਬਿਰਹੋਂ ਅਤੇ ਵੇਦਨਾ ਵਿੱਚ ਨੱਚਿਆ ਜਾਂਦਾ ਸੀ। ਇਸੇ ਤਰ੍ਹਾਂ ਡੰਡਾਸ ਅਤੇ ਖਟਕ ਮਾਰਸ਼ਲ ਲੋਕ ਨਾਚ ਰਹੇ ਹਨ ਜਿਨ੍ਹਾਂ ਵਿੱਚੋਂ ਯੁੱਧ ਕਲਾ ਝਲਕਦੀ ਹੈ। ਕਿੱਕਲੀ ਨਿੱਕੀਆਂ ਅਤੇ ਕਿਸ਼ੋਰ ਉਮਰ ਦੀਆਂ ਕੁੜੀਆਂ ਦਾ ਨ੍ਰਿਤ ਸੀ ਜੋ ਇੱਕ ਖੇਡ ਵਾਂਗ ਪ੍ਰਚਲਤ ਸੀ।
ਪੰਜਾਬੀ ਦੇ ਬਹੁਤੇ ਲੋਕ ਨਾਚ, ਆਮ ਲੋਕਾਂ ਵੱਲੋਂ ਨਹੀਂ ਸੀ ਨੱਚੇ ਜਾਂਦੇ ਜਿਵੇਂ ਹੋਰਨਾਂ ਬਹੁਤ ਸਾਰੇ ਇਲਾਕਿਆਂ ਦੇ ਲੋਕ ਨੱਚਦੇ ਸਨ। ਇਸ ਦੇ ਬਹੁਤ ਸਾਰੇ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਕਾਰਨ ਹੋ ਸਕਦੇ ਹਨ ਪਰ ਪੰਜਾਬੀ ਲੋਕ ਨਾਚਾਂ ਦੇ ਇਤਿਹਾਸ ਵਿੱਚ ਮਰਦਾਂ ਦੇ ਜਿਸ ਲੋਕ ਨਾਚ ਨੂੰ ਸਦੀਆਂ ਦੇ ਨਿਤਾਰੇ ਤੋਂ ਬਾਅਦ ਪ੍ਰਮਾਣਕਤਾ ਹਾਸਲ ਹੋਈ, ਉਹ ਸੀ-ਭੰਗੜਾ। ਭੰਗੜਾ ਅੱਜ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦੇ ਲੋਕ ਨਾਚ ਵਜੋਂ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਕੁੜੀਆਂ ਜਾਂ ਮੁਟਿਆਰਾਂ ਦਾ ਲੋਕ ਨਾਚ ਗਿੱਧਾ ਬਹੁਤ ਮਕਬੂਲ ਹੋਇਆ।
ਬਜ਼ੁਰਗ ਭੰਗੜਚੀ ਅਤੇ ਪਹਿਲੀ ਵਾਰ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਵਿਜੇ ਪਥ ’ਤੇ ਭੰਗੜਾ ਪਾਉਣ ਵਾਲੇ ਮਾਸਟਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਜਦ ਭੰਗੜਾ ਐਨ ਡੀ ਐਸ ਆਈ ਦੇ ਕੋਰਸ ਦਾ ਹਿੱਸਾ ਬਣਿਆ, ਉਸ ਤੋਂ ਬਾਅਦ ਭਾਵੇਂ ਇਸ ਦੇ ਸ਼ਿੰਗਾਰ ਵਿੱਚ ਚੋਖਾ ਵਾਧਾ ਹੋਇਆ ਪਰ ਇਸ ਦਾ ਲੋਕਯਾਨਿਕ ਸਰੂਪ ਖ਼ਤਮ ਹੋਣਾ ਸ਼ੁਰੂ ਹੋ ਗਿਆ। ਉਹ ਕਹਿੰਦੇ ਹਨ ਕਿ ਭੰਗੜੇ ਦਾ ਇੱਕ ਲੋਕ ਨਾਚ ਵਾਲੇ ਕਿਰਦਾਰ ਤੋਂ ਪਰ੍ਹੇ ਜਾਣ ਲਈ ਇਹ ਪਹਿਲਾ ਕਦਮ ਸੀ।
ਅੱਜ ਗਿੱਧਾ ਅਤੇ ਭੰਗੜਾ ਪੰਜਾਬੀ ਲੋਕ ਨਾਚਾਂ ਦੇ ਮੋਹਰੀ ਨਾਚਾਂ ਵਜੋਂ ਜਾਣੇ ਜਾਂਦੇ ਹਨ ਪਰ ਪੇਸ਼ਕਾਰੀ ਅਤੇ ਵਿਸ਼ਾ ਵਸਤੂ ਦੇ ਪੱਖ ਤੋਂ ਇਹ ਦੋਵੇਂ ਨ੍ਰਿਤ ਆਪਣਾ ਲੋਕ ਨਾਚਾਂ ਵਾਲਾ ਸਰੂਪ ਗੁਆਉਂਦੇ ਜਾ ਰਹੇ ਹਨ। ਅੱਜ ਬਾਲੀਵੁੱਡ ਦੀ ਹਰੇਕ ਫ਼ਿਲਮ ਵਿੱਚ ਕਿਵੇਂ ਨਾ ਕਿਵੇਂ ਭੰਗੜਾ ਵਿਖਾਇਆ ਜਾਂਦਾ ਹੈ ਅਤੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਅਜਿਹਾ ਨਹੀਂ ਹੁੰਦਾ ਜਿਸ ਵਿੱਚ ਭੰਗੜਾ ਨਾ ਪੈਂਦਾ ਹੋਵੇ ਪਰ ਇਸ ਪੇਸ਼ਕਾਰੀ ਵਿੱਚੋਂ ਲੋਕ ਨ੍ਰਿਤ ਗਾਇਬ ਹੋ ਚੁੱਕਾ ਹੈ। ਸੋਹਣੀਆਂ ਪੁਸ਼ਾਕਾਂ ਅਤੇ ਕੰਨ ਪਾੜਵੇਂ ਮਿਊਜ਼ਿਕ ਦੇ ਸ਼ੋਰ ਵਿੱਚ ਅੱਠਾਂ ਜਾਂ ਦਸਾਂ ਨਰਤਕਾਂ ਦੀ ਟੋਲੀ ਏਧਰ-ਓਧਰ ਛਾਲਾਂ ਮਾਰਦੀ, ਖੂੰਡੇ ਘੁਮਾਉਂਦੀ, ਭੰਬੀਰੀਆਂ ਵਾਂਗ ਘੁੰਮਦੀ ਦਸਾਂ ਕੁ ਮਿੰਟਾਂ ਵਿੱਚ ਸਾਹੋ-ਸਾਹ ਹੋ ਜਾਂਦੀ ਹੈ।
ਭੰਗੜੇ ਦੀ ਇਸ ਦੁਰਦਸ਼ਾ ਲਈ ਬਾਹਰਲੇ ਮੁਲਕਾਂ ਵਿੱਚ ਨਿੱਤ ਦਿਹਾੜੇ ਹੁੰਦੇ ਰੰਗਾਰੰਗ ਪ੍ਰੋਗਰਾਮ, ਸਕੂਲਾਂ, ਯੂਨੀਵਰਸਿਟੀਆਂ ਦੇ ਯੁਵਕ ਮੇਲੇ ਅਤੇ ਹੋਰ ਅਖੌਤੀ ਸੱਭਿਆਚਾਰਕ ਮੇਲੇ ਬਹੁਤ ਜ਼ਿੰਮੇਵਾਰ ਹਨ। ਜਿੱਥੇ ਇਨ੍ਹਾਂ ਮੇਲਿਆਂ ਅਤੇ ਯੂਨੀਵਰਸਿਟੀਆਂ ਨੇ ਇਸ ਨ੍ਰਿਤ ਨੂੰ ਸੰਭਾਲਣ ਲਈ ਯੋਗਦਾਨ ਪਾਇਆ ਹੈ, ਉੱਥੇ ਇਸ ਦਾ ਸਰੂਪ ਵਿਗਾੜਨ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਸਿਰ ਹੀ ਆਉਂਦੀ ਹੈ ਕਿਉਂਕਿ ਭੰਗੜੇ ਅਤੇ ਦੂਜੇ ਲੋਕ ਨਾਚਾਂ ਦੇ ਅਖੌਤੀ ਕੋਚ ਜਾਂ ਟਰੇਨਰ ਮੁਕਾਬਲੇਬਾਜ਼ੀ ਦੇ ਚੱਕਰ ਵਿੱਚ ਇਸ ਦੀ ਗਤੀ ਤੇਜ਼ ਕਰੀ ਜਾ ਰਹੇ ਹਨ। ਪਹਿਰਾਵਾ ਬੇਲੋੜਾ ਬੋਝਲ ਬਣਾਈ ਜਾ ਰਹੇ ਹਨ। ਇਹੋ ਹਾਲ ਕੁੜੀਆਂ ਦੇ ਗਿੱਧੇ ਦਾ ਹੈ। ਗਿੱਧਾ, ਗਿੱਧਾ ਨਾ ਰਹਿ ਕੇ ਭੰਗੜਾ ਬਣ ਗਿਆ ਤੇ ਭੰਗੜਾ ਹੁਣ ਪਤਾ ਨਹੀਂ ਕੀ ਬਣ ਗਿਆ ਹੈ।
ਪੰਜਾਬ ਦੇ ਬਾਕੀ ਲੋਕ ਨਾਚਾਂ, ਜਿਨ੍ਹਾਂ ਵਿੱਚ ਲੁੱਡੀ, ਝੂਮਰ, ਮਲਵਈ ਗਿੱਧਾ ਅਤੇ ਸੰਮੀ ਹੁਣ ਮੁੜ ਪ੍ਰਸਿੱਧ ਹੋ ਰਹੇ ਹਨ ਲਈ ਹਾਲਾਤ ਕੁਝ ਸੁਖਾਵੇਂ ਨਜ਼ਰ ਆਉਂਦੇ ਹਨ। ਜਿਨ੍ਹਾਂ ਘਰਾਣਿਆਂ ਵਿੱਚੋਂ ਇਹ ਨ੍ਰਿਤ ਲੋਕ ਮਨ ਦਾ ਹਿੱਸਾ ਬਣੇ ਸਨ, ਉਨ੍ਹਾਂ ਹੀ ਕਬੀਲਿਆਂ ਦੇ ਕੁਝ ਲੋਕ ਇਨ੍ਹਾਂ ਨੂੰ ਮੁੜ ਵਿਕਸਤ ਕਰਨ ਲਈ ਉਪਰਾਲੇ ਕਰ ਰਹੇ ਹਨ। ਜਿੱਥੇ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਨਾਚਾਂ ਨੂੰ ਲੋਕ ਨਾਚਾਂ ਦੀ ਵੱਖਰੀ ਵੰਨਗੀ ਵਿੱਚ ਸ਼ਾਮਲ ਕਰਕੇ ਗਿੱਧੇ ਭੰਗੜੇ ਤੋਂ ਇਲਾਵਾ ਇਨ੍ਹਾਂ ਦੇ ਵੱਖਰੇ ਮੁਕਾਬਲੇ ਸ਼ੁਰੂ ਕਰਵਾ ਦਿੱਤੇ ਹਨ, ਉੱਥੇ ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਹੋਰ ਸੰਸਥਾਵਾਂ ਇਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਭੰਗੜਾ ਹੁਣ ਸਿਰਫ਼ ਕਾਲਜ ਦੇ ਨੌਜਵਾਨਾਂ ਤਕ ਸੀਮਤ ਹੋ ਕੇ ਰਹਿ ਗਿਆ ਹੈ ਜਦਕਿ ਝੂਮਰ ਤੇ ਮਲਵਈ ਗਿੱਧਾ ਅਜੇ ਵੀ ਪੰਜਾਬ ਦੀਆਂ ਕੁਝ ਰਵਾਇਤੀ ਟੋਲੀਆਂ ਨੱਚ ਰਹੀਆਂ ਹਨ ਜਿਨ੍ਹਾਂ ਵਿੱਚ ਹਰ ਵਰਗ ਦੇ ਨਰਤਕ ਸ਼ਾਮਲ ਹੁੰਦੇ ਹਨ। ਕੁੜੀਆਂ ਦਾ ਗਿੱਧਾ ਜੋ ਪੰਜਾਬੀ ਰਹਿਤਲ ਵਿੱਚ ਹਰ ਖ਼ੁਸ਼ੀ ਦੇ ਮੌਕੇ ਜਨਮ ਦਿਨ, ਵਿਆਹ, ਮੰਗਣੀ, ਤੀਆਂ, ਤ੍ਰਿੰਞਣਾਂ ਦਾ ਸ਼ਿੰਗਾਰ ਹੁੰਦਾ ਸੀ, ਹੁਣ ਸਿਰਫ਼ ਯੁਵਕ ਮੇਲਿਆਂ ਤਕ ਸੀਮਤ ਰਹਿ ਗਿਆ ਹੈ। ਹੁਣ ਪੰਜਾਬੀ ਵਿਆਹਾਂ ਵਿੱਚ ਗਿੱਧਾ ਨਹੀਂ ਪੈਂਦਾ। ਕੁੜੀਆਂ ਅਤੇ ਅਧਖੜ੍ਹ ਉਮਰ ਦੀਆਂ ਔਰਤਾਂ ਗਿੱਧਾ ਪਾਉਣ ਦੀ ਬਜਾਏ ਡੀ ਜੇ ’ਤੇ ‘ਚੱਕਵੇਂ’ ਗੀਤਾਂ ਉੱਪਰ ਆਪਣੇ ਬਜ਼ੁਰਗਾਂ, ਭਰਾਵਾਂ ਦੇ ਬਰਾਬਰ ਉੱਚੀਆਂ ਬਾਹਾਂ ਚੁੱਕ ਕੇ ਨੱਚਦੀਆਂ ਹਨ ਤੇ ਵੀਡੀਓ ਕੈਮਰੇ ਦੇ ਮੂਹਰੇ ਹੋ ਕੇ ਫੋਟੋਆਂ ਖਿਚਵਾਉਂਦੀਆਂ ਹਨ। ਜਿਵੇਂ ਲੋਕ ਗੀਤਾਂ ਦੇ ਬੋਲ ਸਾਡੇ ਚੇਤਿਆਂ ਵਿੱਚੋਂ ਵਿਸਰ ਰਹੇ ਹਨ, ਉਸੇ ਤਰ੍ਹਾਂ ਗਿੱਧੇ ਭੰਗੜੇ ਦੀਆਂ ਮੁਦਰਾਵਾਂ ਸਾਡੇ ਅੱਲ੍ਹੜ ਸਰੀਰਾਂ ਨੂੰ ਅਲਵਿਦਾ ਕਹਿ ਰਹੀਆਂ ਹਨ।
No comments:
Post a Comment