Thursday, 5 September 2013

ਕੋਠੀਆਂ ਅਤੇ ਭੜੋਲੇ



ਅੱਜ ਪਿੰਡਾਂ ਦੀ ਨੁਹਾਰ ਬਦਲ ਚੁੱਕੀ ਹੈ। ਉੱਚੇ-ਉੱਚੇ ਮਹਿਲਨੁਮਾ ਮਕਾਨਾਂ ਕਰਕੇ ਪਿੰਡ ਸ਼ਹਿਰਾਂ ਦਾ ਰੂਪ ਧਾਰ ਗਏ ਹਨ। ਪੁਰਾਤਨ ਪਿੰਡਾਂ ਦੀ ਝਲਕ ਵੀ ਨਜ਼ਰ ਨਹੀਂ ਆਉਂਦੀ। ਹੁਣ ਦੀ ਪੀੜ੍ਹੀ ਨੂੰ ਕੱਚੀਆਂ ਕੋਠੀਆਂ ਭੜੋਲਿਆਂ ਬਾਰੇ ਜਾਣਕਾਰੀ ਨਹੀਂ ਹੈ। ਇਹ ਸਿਰਫ਼ ਬਜ਼ੁਰਗਾਂ ਦੇ ਚੇਤਿਆਂ ਵਿੱਚ ਹੀ ਰਹਿ ਗਈਆਂ ਹਨ। ਅੱਜ ਤੋਂ ਚਾਲੀ ਸਾਲ ਪਹਿਲਾਂ ਪੁਰਾਤਨ ਪਿੰਡਾਂ ਦੇ ਘਰ ਚੌੜੀਆਂ ਸਵਾਤਾਂ ਅਤੇ ਖੁੱਲ੍ਹੇ ਵਿਹੜਿਆਂ ਦੇ ਰੂਪ ਵਿੱਚ ਹੁੰਦੇ ਸਨ। ਇਹ ਖੁੱਲ੍ਹੇ-ਡੁੱਲ੍ਹੇ ਘਰ ਗੂੜ੍ਹੀਆਂ ਮੁਹੱਬਤਾਂ ਅਤੇ ਸਾਂਝਾਂ ਦੇ ਪ੍ਰਤੀਕ ਸਨ। ਇਨ੍ਹਾਂ ਸਵਾਤਾਂ ਅਤੇ ਵਿਹੜਿਆਂ ਵਿੱਚੋਂ ਪਿਆਰ ਅਤੇ ਅਪਣੱਤ ਦੀਆਂ ਖ਼ੁਸ਼ਬੋਈਆਂ ਆਉਂਦੀਆਂ ਸਨ। ਸਾਰੇ ਪਰਿਵਾਰ ਸਾਂਝੇ ਹੁੰਦੇ ਸਨ। ਇਨ੍ਹਾਂ ਲੰਮੀਆਂ ਚੌੜੀਆਂ ਸਵਾਤਾਂ ਵਿੱਚ ਰਹਿਣ ਵਾਲੇ ਘਰਾਂ ਵਿੱਚ ਅਨਾਜ, ਆਟਾ ਅਤੇ ਕੱਪੜੇ-ਲੀੜੇ ਨੂੰ ਸਾਂਭਣ ਲਈ ਘਰ ਵਿੱਚ ਮਿੱਟੀ ਦੀਆਂ ਬਣੀਆਂ ਕੱਚੀਆਂ ਕੋਠੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਕੋਠੀਆਂ ਘਰ ਵਿੱਚ ਜੋ ਕਿ ਬੜੇ ਖੁੱਲ੍ਹੇ-ਡੁੱਲ੍ਹੇ ਹੁੰਦੇ ਸਨ, ਇੱਕ ਪਾਸੇ ਬਣੀਆਂ ਹੁੰਦੀਆਂ ਸਨ। ਇਨ੍ਹਾਂ ਕੋਠੀਆਂ ਦੀ ਬਣਤਰ ਚੌਰਸ, ਢਾਈ ਤੋਂ ਤਿੰਨ ਕੁ ਫੁੱਟ ਚੌੜੀ ਅਤੇ ਲੰਬਾਈ ਛੇ ਤੋਂ ਸੱਤ-ਅੱਠ ਫੁੱਟ ਤਕ ਗਿੱਠਾਂ ਨਾਲ ਨਾਪ ਕੇ ਬਣਾਈ ਜਾਂਦੀ ਸੀ, ਜੋ ਕਿ ਦਸ ਬਾਰ੍ਹਾਂ ਗਿੱਠਾਂ ਤਕ ਅਨੁਮਾਨਤ ਹੁੰਦੀ ਸੀ। ਕੋਠੀ ਦੀ ਛੱਤ ਅਤੇ ਥੱਲੇ ਨੂੰ ਨਿੱਗਰ ਕਰਨ ਲਈ ਸੋਟੀਆਂ ਜਾਂ ਸਰਕੰਡੇ ਦੇ ਕਾਨ੍ਹਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਕੋਠੀ ਦੇ ਭਾਰ ਨੂੰੂ ਸਹਾਰਨ ਲਈ ਹੇਠਾਂ ਮਿੱਟੀ ਦੇ ਹੀ ਚੌਖ਼ਟੇ ਬਣਾਏ ਜਾਂਦੇ ਸਨ। ਖੋਲ੍ਹਣ ਅਤੇ ਬੰਦ ਕਰਨ ਲਈ ਇੱਕ ਚਕੋਰ ਲੱਕੜੀ ਦੀ ਖਿੜਕੀ ਲਾਈ ਜਾਂਦੀ ਸੀ। ਇਹ ਖਿੜਕੀ ਦੋ ਫੱਟੀਆਂ ਨੂੰੂ ਜੋੜ ਕੇ ਬਣਾਈ ਜਾਂਦੀ ਸੀ। ਇਸ ਨੂੰ ਪੰਚਾਂਗ ਕਿਹਾ ਜਾਂਦਾ ਸੀ। ਇਸ ਪੰਚਾਂਗ ਦੀ ਲੰਬਾਈ ਦੋ ਤੋਂ ਤਿੰਨ ਗਿੱਠਾਂ ਤਕ ਹੁੰਦੀ ਸੀ। ਇਨ੍ਹਾਂ ਕੋਠੀਆਂ ਦੇ ਨੇੜੇ ਹੀ ਕੋਠੀਨੁਮਾ ਭੜੋਲੇ ਬਣਾਏ ਜਾਂਦੇ ਸਨ। ਇਹ ਭੜੋਲੇ ਵੀ ਚਾਰ ਤੋਂ ਲੈ ਕੇ ਛੇ ਗਿੱਠਾਂ ਤਕ ਕੋਠੀ ਦੀ ਤਰ੍ਹਾਂ ਹੀ ਬਣਾਏ ਜਾਂਦੇ ਸਨ ਪਰ ਇਨ੍ਹਾਂ ਦੀ ਲੰਬਾਈ ਚੌੜਾਈ ਕੋਠੀ ਤੋਂ ਘੱਟ ਹੁੰਦੀ ਸੀ। ਇਸ ਦੇ ਮੂੰਹ ਦੀ ਬਣਤਰ ਉੱਪਰ ਵੱਲ ਇੱਕ ਗੋਲ ਅਕਾਰ ਵਿੱਚ ਹੁੰਦੀ ਸੀ। ਇਸ ਦੇ ਮੂੰਹ ਨੂੰ ਢਕਣ ਲਈ ਝੱਕਰੇ ਜਾਂ ਤਸਲੇ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਭੜੋਲਿਆਂ-ਕੋਠੀਆਂ ਦੀ ਸਫ਼ਾਈ ਅਤੇ ਲਿਪਾਈ ਲਈ ਪਾਂਡੂ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ। ਕੋਠੀ ਭੜੋਲੇ ਦੀ ਸਾਹਮਣੀ ਦਿੱਖ ਨੂੰ ਸੁੰਦਰ ਬਣਾਉਣ ਲਈ ਮੋਰ, ਘੁੱਗੀਆਂ ਦੇ ਅਕ੍ਰਿਤੀ ਨਮੂਨੇ ਬਹੁਤ ਹੀ ਕਲਾਤਮਿਕ ਢੰਗ ਨਾਲ ਬਣਾਏ ਜਾਂਦੇ ਸਨ। ਸੁਆਣੀ ਦੀ ਸੁਚੱਜਤਾ ਇਨ੍ਹਾਂ ਨਮੂਨਿਆਂ ਵਿੱਚ ਛੁਪੀ ਹੁੰਦੀ ਸੀ। ਇਨ੍ਹਾਂ ਕੋਠੀਆਂ ਭੜੋਲਿਆਂ ਨੂੰੂ ਬਣਾਉਣ ਲਈ ਪੰਦਰਾਂ ਤੇ ਵੀਹ ਦਿਨ ਤਕ ਲੱਗ ਜਾਂਦੇ ਸਨ। ਦੋ-ਦੋ, ਤਿੰਨ-ਤਿੰਨ ਸੁਆਣੀਆਂ ’ਕੱਠੀਆਂ ਹੋ ਕੇ ਲਾਲ ਮਿੱਟੀ ਨੂੰ ਗੁੰਨ੍ਹ-ਗੁੰਨ੍ਹ ਕੇ ਵਿੱਚ ਬਾਰੀਕ ਤੂੜੀ ਦਾ ਮਲ਼ਣ ਪਾ ਕੇ ਚਾਪੜੀਆਂ ਬਣਾ ਕੇ ਤਿਆਰ ਕਰਦੀਆਂ ਸਨ। ਇਸ ਮਿੱਟੀ ਨੂੰ ਤਿਆਰ ਕਰਨ ਲਈ ਸੁਆਣੀਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਸੀ। ਇਹ ਮਿੱਟੀ ਚੀੜ੍ਹੀ ਅਤੇ ਮਜ਼ਬੂਤ ਹੁੰਦੀ ਸੀ ਅਤੇ ਲੰਮੇ ਸਮੇਂ ਲਈ ਕੋਠੀਆਂ ਅਤੇ ਭੜੋਲਿਆਂ ਦੀ ਮੁਨਿਆਦ ਵਧਾਉਂਦੀ ਸੀ। ਇਨ੍ਹਾਂ  ਭੜੋਲਿਆਂ-ਕੋਠੀਆਂ ਦੀ ਵੀਹ ਪੱਚੀ ਸਾਲ ਤੋਂ ਵੀ ਵੱਧ ਉਮਰ ਹੁੰਦੀ ਸੀਤੇ ਇਹ ਹਰ ਘਰ ਦਾ ਸ਼ਿੰਗਾਰ ਹੁੰਦੇ ਸਨ।
ਇਨ੍ਹਾਂ ਕੋਠੀਆਂ-ਭੜੋਲਿਆਂ ਦੇ ਨੇੜੇ ਹੀ ਗੋਲਾਈ ਵਿੱਚ ਆਟਾ ਪਾਉਣ ਲਈ ਮਿੱਟੀ ਦੇ ਦੋ ਮੱਟ ਵੀ ਬਣਾਏ ਜਾਂਦੇ ਸਨ। ਇੱਕ ਮੱਟ ਦੀ ਚੌੜਾਈ ਹੇਠਾਂ ਤੋਂ ਦੋ ਕੁ ਗਿੱਠ ਅਤੇ ਮੱਧ ਤੋਂ ਤਿੰਨ ਚਾਰ ਗਿੱਠ ਮਟਕੇ ਦੇ ਰੂਪ ਵਿੱਚ ਹੁੰਦੀ ਸੀ। ਇਸ ਮੱਟ ਦਾ ਮੂੰਹ ਇੱਕ ਗਿੱਠ ਦੇ ਘੇਰੇ ਵਿੱਚ ਬਣਾਇਆ ਜਾਂਦਾ ਸੀ। ਇਸ ਦੇ ਮੂੰਹ ਵਿੱਚੋਂ ਸੁਆਣੀ ਅਰਾਮ ਨਾਲ ਬੁੱਕ ਭਰ ਕੇ ਆਟਾ ਕੱਢ ਲੈਂਦੀ ਸੀ। ਮੂੰਹ ਨੂੰ ਬੰਦ ਕਰਨ ਲਈ ਝੱਕਰੇ ਦੀ ਵਰਤੋਂ ਕੀਤੀ ਜਾਂਦੀ ਸੀ। ਕੋਠੀਆਂ ਵਿੱਚ ਅਨਾਜ ਨੂੰ ਸਾਂਭਣ ਲਈ ਨਿੰਮ ਦੇ ਪੱਤੇ ਪਾਏ ਜਾਂਦੇ ਸਨ ਤਾਂ ਜੋ ਸੁਸਰੀ ਵਗੈਰਾ ਨਾ ਲੱਗ ਜਾਵੇ ਅਤੇ ਪੰਚਾਂਗ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਇਹ ਅਨਾਜ ਲਗਪਗ ਸਾਲ ਛਿਮਾਹੀ ਲਈ ਭੰਡਾਰ ਕੀਤਾ ਜਾਂਦਾ ਸੀ। ਕੋਈ ਜ਼ਹਿਰੀਲੀ ਕੀਟਨਾਸ਼ਕ ਜਾਂ ਸਲਫ਼ਾਸ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਕੱਪੜੇ-ਲੀੜੇ, ਖੇਸ, ਰਜਾਈਆਂ, ਦਰੀਆਂ ਵੀ ਇਨ੍ਹਾਂ ਕੋਠੀਆਂ ਵਿੱਚ ਹੀ ਸਾਂਭੀਆਂ ਜਾਂਦੀਆਂ ਸਨ। ਟਿੱਡੀ, ਕੀੜੇ ਤੋਂ ਬਚਾਉਣ ਲਈ ਫਿਨਾਇਲ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਸਨ ਤਾਂ ਜੋ ਟਿੱਡੀਆਂ ਇਨ੍ਹਾਂ ਨੂੰ ਟੁੱਕ ਨਾ ਦੇਣ। ਇਨ੍ਹਾਂ ਕੋਠੀਆਂ-ਭੜੋਲਿਆਂ ਨੂੰ ਅਨਾਜ ਆਉਣ ਤੋਂ ਪਹਿਲਾਂ ਝਾੜਿਆ ਸੰਵਾਰਿਆ ਜਾਂਦਾ ਸੀ। ਪਿੜਾਂ ਵਿੱਚੋਂ ਆਏ ਅਨਾਜ ਨੂੰ ਸੁਕਾ ਕੇ ਕੋਠੀਆਂ ਵਿੱਚ ਪਾਇਆ ਜਾਂਦਾ ਸੀ। ਪੀਸਣ ਪਿਹਾਉਣ ਵੇਲੇ ਲੋੜ ਮੁਤਾਬਕ ਅਨਾਜ ਕੱਢਿਆ ਜਾਂਦਾ ਸੀ ਅਤੇ ਪੰਚਾਂਗ ਨਾਲ ਕੋਠੀ ਬੰਦ ਕਰ ਦਿੱਤੀ ਜਾਂਦੀ ਸੀ। ਇਨ੍ਹਾਂ ਕੋਠੀਆਂ-ਭੜੋਲਿਆਂ ਵਿੱਚ ਚੂਹਿਆਂ ਦੇ ਵੜਨ ਦਾ ਉੱਕਾ ਹੀ ਅੰਦੇਸ਼ਾ ਨਹੀਂ ਸੀ ਹੁੰਦਾ। ਕੋਠੀਆਂ-ਭੜੋਲਿਆਂ ’ਚੋਂ ਵਰਤਿਆ ਅਨਾਜ ਬੀਮਾਰੀਆਂ ਤੋਂ ਰਹਿਤ ਹੁੰਦਾ ਸੀ। ਪੁਰਾਣੇ ਗੱਭਰੂ ਬਜ਼ੁਰਗਾਂ ਸੁਆਣੀਆਂ ਦੇ ਚਿਹਰੇ ਹਸੰੂ-ਹਸੰੂ ਅਤੇ ਦਗ਼-ਦਗ਼ ਕਰਦੇ ਸਨ। ਉੱਚੇ ਲੰਮੇ ਗੱਭਰੂ ਮੁਟਿਆਰਾਂ ਪਸੀਨਾ ਵਹਾ ਕੇ ਤਕੜੀ ਮਿਹਨਤ ਕਰਦੇ ਸਨ। ਉਹ ਹਮੇਸ਼ਾਂ ਤੰਦਰੁਸਤ ਅਤੇ ਅਰੋਗ ਰਹਿੰਦੇ ਸਨ। ਹਰੇਕ ਦੇ ਮੂੰਹ ’ਤੇ ਹਾਸੀ-ਠੱਠੇ ਨਜ਼ਰੀਂ ਪੈਂਦੇ ਸਨ। ਕੋਈ ਵੀ ਟੀ.ਬੀ., ਕੈਂਸਰ ਦਾ ਨਾਂ ਤਕ ਨਹੀਂ ਸੀ ਜਾਣਦਾ। ਸਾਂਝੇ ਪਰਿਵਾਰ ਇੱਕ ਹੀ ਛੱਤ ਥੱਲੇ ਜਾਂ ਖੁੱਲ੍ਹੇ ਵਿਹੜਿਆਂ ਵਿੱਚ ਬਿਨਾਂ ਪੱਖੇ ਜਾਂ ਏ.ਸੀ. ਤੋਂ ਬਗੈਰ ਸੌਂਦੇ ਸਨ। ਮਾਮੂਲੀ ਬੁਖਾਰ ਜਾਂ ਜ਼ੁਕਾਮ ਹੋਣ ’ਤੇ ਦਸ਼ਾਂਦੇ ਵਰਤੇ ਜਾਂਦੇ ਸਨ। ਦੇਸੀ ਜਵੈਣ, ਸੌਂਫ਼, ਸੋਏ ਜਾਂ ਮੁਨੱਕਿਆਂ ਦੇ ਦਸ਼ਾਂਦੇ ਬਣਾ ਕੇ ਪੀਤੇ ਜਾਂਦੇ ਸਨ। ਚਾਟੀ ਦੀ ਲੱਸੀ ਦਹੀਂ ਮੱਖਣ ਹਰ ਘਰ ਵਿੱਚ ਵਰਤਿਆ ਜਾਂਦਾ ਸੀ। ਦਸੌਰੀ ਚੀਜ਼ਾਂ ਦਾ ਨਾਮੋ-ਨਿਸ਼ਾਨ ਨਹੀਂ ਸੀ ਸੁਣਦੇ। ਕਦੇ ਕਿਸੇ ਬਜ਼ੁਰਗ ਦੇ ਐਨਕ ਤਕ ਨਹੀਂ ਸੀ ਲੱਗਦੀ ਦੇਖੀ। ਬਜ਼ੁਰਗ ਲੰਮੀਆਂ ਉਮਰਾਂ ਪਾਉਂਦੇ ਸਨ। ਪੈਦਲ ਤੁਰਦੇ ਘੋਰ ਮੁਸ਼ੱਕਤ ਕਰਦੇ ਕੋਠੀਆਂ-ਭੜੋਲਿਆਂ ’ਚ ਸਾਂਭਿਆ ਅਨਾਜ ਗੁੜ-ਆਟਾ ਖਾਂਦੇ ਸਨ। ਚੌੜੀਆਂ ਛਾਤੀਆਂ, ਭਰਵੇਂ ਜੁੱਸੇ, ਕਬੱਡੀਆਂ ਅਖਾੜੇ ਪੰਜਾਬ ਦੀ ਸ਼ਾਨ ਹੁੰਦੇ ਸਨ।
ਅੱਜ ਸਮਾਂ ਬਦਲ ਗਿਆ ਹੈ। ਬੀਮਾਰੀਆਂ ਨੇ ਬਰੂਹਾਂ ਮੱਲ ਲਈਆਂ ਹਨ। ਪ੍ਰਦੂਸ਼ਣ ਅਤੇ ਮਹਿਲਨੁਮਾ ਮਕਾਨਾਂ ਨੇ ਅਪਣੱਤ ਖ਼ਤਮ ਕਰ ਦਿੱਤੀ ਹੈ। ਭੜੋਲੇ-ਕੋਠੀਆਂ ਪੇਂਡੂ ਸੱਭਿਆਚਾਰ ਵਿੱਚੋਂ ਮਨਫ਼ੀ ਹੋ ਗਈਆਂ ਹਨ। ਕੱਚੀਆਂ ਸਵਾਤਾਂ ਵਿੱਚੋਂ ਆਉਂਦੀਆਂ ਠੰਢੀਆਂ ਹਵਾਵਾਂ, ਖ਼ੁਸ਼ਬੋਈਆਂ ਅਤੇ ਸਾਂਝਾਂ ਇਨ੍ਹਾਂ ਮਹਿਲਨੁਮਾ ਮਕਾਨਾਂ ਵਿੱਚੋਂ ਦੇਖਣ ਨੂੰ ਨਹੀਂ ਮਿਲਦੀਆਂ। ਅੱਜ ਹਰੇਕ ਬੁੱਢੇ, ਬੱਚੇ, ਇਸਤਰੀ ਦੇ ਚਿਹਰੇ ’ਤੇ ਉਦਾਸੀਆਂ ਦਾ ਮੰਜ਼ਰ ਹੈ। ਹਾਸੇ, ਠੱਠੇ, ਮਸ਼ਕੂਲੇ ਇਨ੍ਹਾਂ ਕੋਠੀਆਂ ’ਚੋਂ ਮਨਫ਼ੀ ਹੋ ਗਏ ਹਨ। ਉਨ੍ਹਾਂ ਪੁਰਾਣੇ ਘਰਾਂ ਵਿਹੜਿਆਂ ਅਤੇ ਸਵਾਤਾਂ ਨੂੰ ਫੁੱਟਾਂ ਵਿੱਚ ਨਾਪ ਕੇ ਮਹਿਲ ਉਸਾਰੇ ਜਾ ਰਹੇ ਹਨ, ਜਿਸ ਨਾਲ ਸਾਡਾ ਪੁਰਾਤਨ ਸੱਭਿਆਚਾਰਕ ਅਮੀਰ ਵਿਰਸਾ ਸ਼ਰਮ-ਹਯਾ, ਧੀਆਂ-ਭੈਣਾਂ ਦੀ ਇੱਜ਼ਤ ਅਤੇ ਪਰਦੇ ਦੀ ਰਾਖੀ ਕਰਨ ਦੇ ਜਜ਼ਬੇ ਖ਼ਤਮ ਹੋ ਗਏ ਹਨ। ਸਿਰਫ਼ ਇਨ੍ਹਾਂ ਕੋਠੀਆਂ ਵਿੱਚ ਪੀਪੇ ਅਲਮਾਰੀਆਂ ਦੀਵਾਨ ਬੈੱਡ, ਡੱਬੇ, ਚੁੱਲ੍ਹਿਆਂ ਦੀ ਥਾਂ ਸਿਲੰਡਰਾਂ ਨੇ ਮੱਲ ਲਈ ਹੈ। ਆਧੁਨਿਕਤਾ ਦੇ ਚਾਨਣ ਨੇ ਸਾਡੇ ਮਨਾਂ ਵਿੱਚ ਹਨੇਰਾ ਕਰ ਦਿੱਤਾ ਹੈ। ਪਿਆਰ, ਸਾਂਝਾਂ, ਮੁਹੱਬਤਾਂ ਪੱਤਰਾ ਵਾਚ ਗਈਆਂ ਹਨ। ਭੜੋਲੇ, ਮੱਟ, ਕੱਚੀਆਂ ਕੋਠੀਆਂ ਪਿੰਡਾਂ ਵਿੱਚੋਂ ਖ਼ਤਮ ਹੋ ਗਏ ਹਨ। ਪੁਰਾਤਨ ਵਿਰਾਸਤ ਸੱਭਿਆਚਾਰ ਬਜ਼ੁਰਗਾਂ ਤੋਂ ਸੁਣੀਆਂ-ਸੁਣਾਈਆਂ ਗੱਲਾਂ ਰਹਿ ਗਈਆਂ ਹਨ:
ਛੁਪਗੇ ਭੜੋਲੇ ਮੱਟ, ਅੰਨ ਦਾ ਭੰਡਾਰ ਕੋਠੀਆਂ,
ਚਾਟੀਆਂ ਦੁਧੋ੍ਹੜੀਆਂ ਤੇ ਸੰਮਾਂ ਵਾਲੀਆਂ ਸੋਟੀਆਂ।
ਗੋਕੇ ਬਲਦਾਂ ਦੀ ਜੋੜੀ, ਵਿਹੜੇ ਦਾ ਸ਼ਿੰਗਾਰ ਹੁੰਦੀ ਸੀ,
ਲਵੇਰੀਆਂ ਦੀ ਗਿਣਤੀ ਵੀ, ਘੱਟੋ-ਘੱਟ ਚਾਰ ਹੁੰਦੀ ਸੀ।
ਸ਼ੈਂਟੇ ਵਾਲੀ ਚੋਬਰਾਂ ਦੇ ਹੱਥ ’ਚ ਪਰਾਣੀ ਹੁੰਦੀ ਸੀ।
ਲੰਬੜਾਂ ਦੀ ਨੂੰਹ ਗਿੱਧਿਆਂ ਦੀ ਰਾਣੀ ਹੁੰਦੀ ਸੀ।
ਦੀਂਹਦਾ ਨਹੀਓਂ ਹੁਣ ਨੱਚਦਾ ਪੰਜਾਬ ਬੇਲੀਓ,
ਨਸ਼ਿਆਂ ਨੇ ਖਾ ਲਿਆ ਈ ਰੰਗਲਾ ਪੰਜਾਬ ਬੇਲੀਓ।
-ਜਗਜੀਤ ਸਿੰਘ ਜੱਗਾ

No comments:

Post a Comment