Tuesday, 17 September 2013

ਅਜੋਕੀ ਪੰਜਾਬੀ ਗਾਇਕੀ ਰੈਪਰਾਂ ਨੂੰ ਰੈਪ ਦਾ ਅਰਥ ਸਮਝਾਈਏ



ਗੀਤ-ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ। ਤਣਾਓ ਨੂੰ ਭਜਾਉਣ ਦਾ ਰਾਮਬਾਣ ਤੇ ਪਰਮਾਤਮਾ ਨੂੰ ਪਾਉਣ ਦਾ ਸਭ ਤੋਂ ਆਨੰਦਦਾਇਕ ਜ਼ਰੀਆ ਵੀ ਸੰਗੀਤ ਨੂੰ ਮੰਨਿਆ ਜਾਂਦਾ ਹੈ। ਬੁੱਲ੍ਹੇ ਸ਼ਾਹ ਤੋਂ ਮੀਰਾ ਬਾਈ ਤਕ ਨੇ ਨੱਚ-ਗਾ ਕੇ ਪਰਮਾਤਮਾ ਨੂੰ ਪਾ ਲਿਆ ਸੀ ਪਰ ਅੱਜ-ਕੱਲ੍ਹ ਜੋ ਬਹੁਤੇ ਗਾਇਕਾਂ ਦੁਆਰਾ ਗਾਇਆ ਜਾ ਰਿਹਾ ਹੈ, ਬਹੁਤੇ ਗੀਤਕਾਰਾਂ ਦੁਆਰਾ ਲਿਖਿਆ ਜਾ ਰਿਹਾ ਹੈ, ਬਹੁਤੇ ਨਿਰਦੇਸ਼ਕਾਂ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ, ਅਜਿਹੀ ਸਮਗਰੀ ਦੇਖ-ਸੁਣ ਕੇ ਸਿਰ ਨੀਵਾਂ ਹੋ ਜਾਂਦਾ ਹੈ। ਇੰਨਾ ਭੱਦਾ, ਬੇਹੂਦਾ, ਹਿੰਸਾਤਮਕ, ਫੋਕਾ ਤੇ ਅਸ਼ਲੀਲ ਕਿ ਸ਼ਰਮ ਆਉਂਦੀ ਹੈ ਕਿ ਇਹ ਪੰਜਾਬੀ ਸੰਗੀਤ ਹੈ।
ਤੁਸੀਂ ਕਿਸੇ ਦਿਨ ਸਮਾਂ ਤੈਅ ਕਰਕੇ ਪੂਰੇ ਛੇ ਘੰਟੇ ਕੋਈ ਵੀ ਪੰਜਾਬੀ ਸੰਗੀਤ ਚੈਨਲ ਨੂੰ ਦੇਖ ਲਵੋ। ਤੁਹਾਨੂੰ ਕਿਸੇ ਇੱਕ-ਅੱਧ ਗਾਇਕ ਦਾ ਗੀਤ ਤੇ ਵੀਡੀਓ ਨਜ਼ਰ ਆਵੇਗੀ, ਜਿਸ ਦੇ ਬੋਲ ਅਰਥਪੂਰਨ ਹੋਣ ਤੇ ਪੇਸ਼ਕਾਰੀ ਸੱਭਿਅਕ ਹੋਵੇ। ਬਾਕੀ ਦਾ ਸਾਰਾ ਕੁਝ ਸੱਭਿਆਚਾਰ ਦਾ ਸੋਸ਼ਣ ਹੈ। ਬਥੇਰੇ ਬੁੱਧੀਜੀਵੀਆਂ, ਪੱਤਰਕਾਰਾਂ, ਸੂਝਵਾਨ ਲੋਕਾਂ ਤੇ ਆਮ ਲੋਕਾਂ ਨੇ ਇਨ੍ਹਾਂ ਗਾਇਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਇਸ ਲੇਖ ਦਾ ਮੰਤਵ ਇਨ੍ਹਾਂ ਨੂੰ ਮੱਤਾਂ ਦੇਣ ਦਾ ਨਹੀਂ ਹੈ। ਇਨ੍ਹਾਂ ਦੀਆਂ ਕੁਝ ਥੋਥੀਆਂ ਦਲੀਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਨ੍ਹਾਂ ਦੇ ਸਹਾਰੇ ਇਹ ਆਪਣੇ ਆਪ ਨੂੰ ‘ਉÎੱਚਿਤ’ ਠਹਿਰਾਉਂਦੇ ਹਨ।
ਅਕਸਰ ਇਨ੍ਹਾਂ ਦੁਆਰਾ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਬਹੁਤ ਪਹਿਲਾਂ ਕੁਝ ਹੋਰ ਗਾਇਕ ਵੀ ਅਜਿਹੀ ਗਾਇਕੀ ਪੇਸ਼ ਕਰ ਚੁੱਕੇ ਹਨ। ਜੇ ਉਨ੍ਹਾਂ ਨੇ ਗ਼ਲਤੀ ਕੀਤੀ ਹੈ ਤਾਂ ਕੀ ਇਨ੍ਹਾਂ ਲਈ ਉਹੋ ਗ਼ਲਤੀ ਦੁਹਰਾਉਣਾ ਜ਼ਰੂਰੀ ਹੈ? ਆਮ ਭਾਸ਼ਾ ਵਿੱਚ ਕਹਾਂ ਤਾਂ ਜੇ ਕੋਈ ਹੋਰ ਖੂਹ ਵਿੱਚ ਡਿੱਗਿਆ ਹੈ, ਤਾਂ ਕੀ ਨਾਲ ਹੀ ਤੁਸੀਂ ਵੀ ਡਿੱਗਣਾ ਹੈ?ਉਨ੍ਹਾਂ ਨੇ ਵੀ ਉਨ੍ਹਾਂ ਹੀ ਰਿਸ਼ਤਿਆਂ ਵਿੱਚ ਖੁੱਲ੍ਹ ਲਈ ਸੀ, ਜਿਨ੍ਹਾਂ ਦੀ ਸਾਡੇ ਸਮਾਜ ਵਿੱਚ ਖੁੱਲ੍ਹ ਇੱਕ ਹੱਦ ਤਕ ਮਨਜ਼ੂਰ ਹੈ।
ਕਈਆਂ ਦੁਆਰਾ ਇਹ ਬਹਾਨਾ ਘੜਿਆ ਜਾਂਦਾ ਹੈ ਕਿ ਕੰਪਨੀਆਂ ਉਨ੍ਹਾਂ ਤੋਂ ਇਹ ਸਭ ਕਰਵਾਉਂਦੀਆਂ ਨੇ। ਬੇਸ਼ੱਕ ਕੰਪਨੀਆਂ ਵੀ ਇਸ ਸੱਭਿਆਚਾਰਕ ਗੰਧਲੇਪਣ ਲਈ ਵੱਡੇ ਪੱਧਰ ‘ਤੇ ਜ਼ਿੰਮੇਵਾਰ ਹਨ ਪਰ ਜ਼ਿਆਦਾਤਰ ਕੰਪਨੀਆਂ ਬਾਹਰ ਦੀਆਂ ਹਨ। ਉਨ੍ਹਾਂ ਨੂੰ ਪੰਜਾਬ, ਪੰਜਾਬੀਅਤ, ਇੱਥੋਂ ਦੇ ਸਮਾਜ ਤੇ ਇੱਥੇ ਪ੍ਰਚਲਤ ਰਵਾਇਤਾਂ ਦੀ ਕੀ ਜਾਣਕਾਰੀ ਹੋਣੀ ਹੈ। ਸਾਡੇ ਗਾਇਕ, ਗੀਤਕਾਰ ਜਾਂ ਪੇਸ਼ਕਾਰ ਜੇ ਕੰਪਨੀ ਕੋਲ ਅਜਿਹਾ ਪ੍ਰਸਤਾਵ ਹੀ ਨਾ ਲੈ ਕੇ ਜਾਣ, ਅਜਿਹੀ ਸਮਗਰੀ ਹੀ ਨਾ ਦੇਣ ਤਾਂ ਕੰਪਨੀ ਖਲਾਅ ਵਿੱਚੋਂ ਤਾਂ ਲਿਆਉਣੋਂ ਰਹੀ। ਪੈਸੇ ਦੀ ਇਸ ਅੰਨ੍ਹੀ ਲੁੱਟ ਵਿੱਚ ਹਰੇਕ ‘ਰਾਤੋ-ਰਾਤ’ ਸਟਾਰ ਬਣ ਕੇ ਕਰੋੜਪਤੀ ਬਣ ਜਾਣਾ ਚਾਹੁੰਦਾ ਹੈ।
ਇੱਕ ਸੱਭਿਆਚਾਰ ਦਾ ਸੇਵਕ ਬੜੀ ਢੀਠਤਾਈ ਨਾਲ ਕਹਿ ਰਿਹਾ ਸੀ ਕਿ ਪੰਜਾਬੀ ਸਮਾਜ ਵਿੱਚ ਜੋ ਹੋ ਰਿਹਾ ਹੈ, ਉਹ ਉਸੇ ਨੂੰ ਪੇਸ਼ ਕਰ ਰਹੇ ਹਨ। ਕੀ ਸਾਡਾ ਸਮਾਜ ਅੱਜ ਇੰਨਾ ਜ਼ਿਆਦਾ ਗਰਕ ਗਿਆ ਹੈ ਕਿ ਇੱਥੋਂ ਦੀ ਹਰੇਕ ਧੀ ਅੱਜ ‘ਸ਼ਰਾਬ ਪੀਂਦੀ ਹੈ ਅਤੇ ਸੂਟੇ ਲਾਉਂਦੀ ਹੈ’, ਤਾਂ ਕੀ ਗਾਇਕ-ਗੀਤਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਸਾਡੀਆਂ ਧੀਆਂ-ਭੈਣਾਂ ਨੂੰ ਉਸ ਦੇ ਗੌਰਵਪੂਰਨ ਵਿਰਸੇ ਤੇ ਹੱਦਾਂ ਯਾਦ ਕਰਵਾਉਣ। ਕੀ ਇਨ੍ਹਾਂ ਨੂੰ ਇਹ ਨਹੀਂ ਪਤਾ ਪੰਜਾਬ ਦੀ ਕਿਰਸਾਨੀ ਦਾ ਕੀ ਸੰਕਟ ਹੈ? ਮਜ਼ਦੂਰ ਜਮਾਤ ਕਿਨ੍ਹਾਂ ਹਾਲਤਾਂ ਵਿੱਚ ਰਹਿ ਰਹੀ ਹੈ, ਨੌਜਵਾਨਾਂ ਦੀਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਕਿੰਨੀਆਂ ਮੱਧਮ ਨੇ? ”ਕਲਮ ਅੱਗੇ ਹੋਣੀ ਚਾਹੀਦੀ ਹੈ, ਸਮਾਜ ਪਿੱਛੇ।” ਕਲਮ ਸਮਾਜ ਨੂੰ ਸੇਧ ਦੇਣ ਵਾਲੀ ਹੋਣੀ ਚਾਹੀਦੀ ਹੈ। ਸਮਾਜ ਦੀ ਨੀਵਾਣ ਨੂੰ ਵਡਿਆਉਣ ਵਾਲੀ ਨਹੀਂ, ਛੁਟਿਆਉਣ ਵਾਲੀ ਹੋਣੀ ਚਾਹੀਦੀ ਹੈ।
ਇੱਕ ਸੰਗੀਤਕਾਰ ਨੇ ਤਾਂ ਹੱਦ ਹੀ ਮੁਕਾ ਰੱਖੀ ਹੈ। ਉਹ ਗੀਤ ਦੇ ਸ਼ਬਦਾਂ ਨੂੰ ਜਾਣ ਬੁੱਝ ਕੇ ਇਸ ਅੰਦਾਜ਼ ਵਿੱਚ ਬੋਲਦਾ ਹੈ ਕਿ ਸੁਣਨ ਵਾਲੇ ਨੂੰ ਸ਼ਰਮ ਆ ਜਾਂਦੀ ਹੈ ਜਿਸ ਦੀ ਦੇਖਾ-ਦੇਖੀ ਹੋਰ ਵੀ ਮਧੁਰ ਧੁਨਾਂ ਬਣਾਉਣ ਵਾਲੇ ਸੰਗੀਤਕਾਰ ਰੈਪ ਕਰਨ ਲੱਗੇ ਹਨ। ਸ਼ਾਇਦ ਹੀ ਇਨ੍ਹਾਂ ਨੂੰ ਰੈਪ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣਕਾਰੀ ਹੋਵੇ।
ਰੈਪ ਦਾ ਜਨਮ ਅਫਰੀਕਾ ਵਿੱਚ ਹੋਇਆ, ਜਾਂ ਦੁਨੀਆਂ ਦੇ ਕਿਸੇ ਹੋਰ ਖਿੱਤੇ ਵਿੱਚ ਇਸ ਬਾਰੇ ਪਤਾ ਲਾਉਣਾ ਮੁਸ਼ਕਲ ਹੈ ਪਰ ਅਮਰੀਕਾ ਵਿੱਚ ਇਹ 1970 ਦੇ ਦਹਾਕੇ ਵਿੱਚ ਵਪਾਰਕ ਪੱਧਰ ‘ਤੇ ਪ੍ਰਚਲਤ ਹੋਣਾ ਸ਼ੁਰੂ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਅਫ਼ਰੀਕਾ ਤੇ ਹੋਰਨਾਂ ਮੁਲਕਾਂ ਦੇ ਸਿਆਹਫ਼ਾਮ ਨੌਜਵਾਨਾਂ ਦੁਆਰਾ ਰੈਪ ਰਾਹੀਂ ਅਮਰੀਕਾ ਦੀ ਗੋਰੀ ਪੁਲੀਸ ਦਾ ਮਜ਼ਾਕ ਉਡਾ ਕੇ ਵਿਰੋਧ ਪ੍ਰਗਟਾਇਆ ਜਾਂਦਾ ਸੀ, ਜੋ ਬਿਨਾਂ ਵਜ੍ਹਾ ਗਲੀਆਂ ਵਿੱਚ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ। ਹੌਲੀ-ਹੌਲੀ ਇਸ ਨੂੰ ਕਈ ਗਾਇਕਾਂ ਨੇ ਵਪਾਰਕ ਸਫ਼ਲਤਾ ਵਜੋਂ ਕੈਸ਼ ਕਰ ਲਿਆ।  ਰੈਪ ਸੰਗੀਤ ਦੀ ਇੱਕ ‘ਸਟ੍ਰੀਟ ਵੰਨਗੀ’ ਦੇ ਤੌਰ ‘ਤੇ ਸ਼ੁਰੂ ਹੋਇਆ ਸੀ, ਜਿਸ ਵਿੱਚ ਮੁੱਖ ਤੌਰ ‘ਤੇ ਸਿਆਹਫ਼ਾਮ ਲੋਕਾਂ ਦੇ ਦੁੱਖ-ਦਰਦ, ਉਨ੍ਹਾਂ ਦੀਆਂ ਕਾਮਨਾਵਾਂ, ਬੇਪਰਵਾਹੀਆਂ ਤੇ ਉਤਾਂਹ-ਉੱਠਣ ਦੇ ਸੰਘਰਸ਼ ਨੂੰ ਵਿਸ਼ਾ ਬਣਾਇਆ ਗਿਆ। ਸਾਡੇ ਦੇਸੀ ਰੈਪਰਾਂ ਵਾਂਗ ਨਹੀਂ ਕਿ ਆਪਣੀਆਂ ਹੀ ਧੀਆਂ-ਭੈਣਾਂ ਨੂੰ ਦੋ ਲਾਈਨਾਂ ਜੋੜ ਕੇ ਨਿੰਦਣ।
ਅੱਜ-ਕੱਲ੍ਹ ਹਰੇਕ ਗਾਇਕ ਆਪਣਾ ਇੱਕ ਗੀਤ ਚੰਡੀਗੜ੍ਹ ‘ਤੇ ਆਧਾਰਿਤ ਜ਼ਰੂਰ ਬਣਾਉਂਦਾ ਹੈ। ਜਿਹੜੇ ਗੀਤਕਾਰ ਚੰਡੀਗੜ੍ਹ ਦੇ ਚੌਕਾਂ ਤੋਂ ਪੁੱਛ-ਪੁੱਛ ਕੇ ਬੱਸ ਫੜਦੇ ਰਹੇ ਨੇ, ਉਨ੍ਹਾਂ ਨੇ ਚੰਡੀਗੜ੍ਹ ਦਾ ਬਿੰਬ ਅਜਿਹੇ ਸ਼ਹਿਰ ਵਜੋਂ ਬਣਾ ਦਿੱਤਾ ਹੈ, ਜਿੱਥੇ ਮੁੰਡੇ-ਕੁੜੀਆਂ ਘਰਦਿਆਂ ਦਾ ਪੈਸਾ ਫੂਕਣ, ਗੇੜੀਆਂ ਕੱਢਣ, ਆਸ਼ਕੀ ਕਰਨ ਵਾਸਤੇ ਹੀ ਜਾਂਦੇ ਹਨ। ਖਰੂਦੀ ਕਿਸਮ ਦੇ ਕੁਝ ਨੌਜਵਾਨ ਚੰਡੀਗੜ੍ਹ ਵਿੱਚ ਵੀ ਹਨ। ਕਿਸ ਗਲੀ-ਮੁਹੱਲੇ ਵਿੱਚ ਇੱਕ ਦੋ ਨਹੀਂ ਹੁੰਦੇ ਪਰ ਸਾਡੇ ਗਾਇਕਾਂ ਨੇ ਇਨ੍ਹਾਂ ਦੀ ਸ਼ਾਨ ਵਿੱਚ ਕਸੀਦੇ ਪੜ੍ਹਨ ‘ਚ ਦਿਨ-ਰਾਤ ਇੱਕ ਕਰ ਰੱਖਿਆ ਹੈ। ਇਨ੍ਹਾਂ ਨੂੰ ਚੰਡੀਗੜ੍ਹ ਦੀ ਉਹ ਜਵਾਨੀ ਨਜ਼ਰ ਨਹੀਂ ਆਉਂਦੀ, ਜਿਹੜੀ ਦਿਨ-ਰਾਤ ਆਈ.ਟੀ. ਸੈਕਟਰ ਵਿੱਚ ਆਪਣਿਆਂ ਸੁਪਨਿਆਂ ਦੀ ਪੂਰਤੀ ਹਿੱਤ ਮਸ਼ੀਨ ਬਣ ਚੁੱਕੀ ਹੈ ਜਾਂ ਫਿਰ ਇਹ ਕਦੋਂ ਉਨ੍ਹਾਂ ‘ਪਾਲਿਸੀ ਮੇਕਰਾਂ’ ਦੀ ਗੱਲ ਕਰਨਗੇ, ਜਿਹੜੇ ਚੰਡੀਗੜ੍ਹ ਵਿੱਚ ਸਾਲਾਂਬੱਧੀ ਸਿਵਲ ਸਰਵਿਸ ਜਾਂ ਅਜਿਹੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰ ਕਰ ਰਹੇ ਹਨ। ਪਿਛਲੇ ਲਗਪਗ ਇੱਕ ਦਹਾਕੇ ਤੋਂ ਸਿਵਲ ਸਰਵਿਸ ਦੇ ਨਤੀਜਿਆਂ ਵਿੱਚ ਚੰਡੀਗੜ੍ਹ ਖੇਤਰ ਦੀ ਜੋ ਝੰਡੀ ਹੈ, ਉਹ ਇਨ੍ਹਾਂ ਗਾਇਕਾਂ ਜਾਂ ਗੀਤਕਾਰਾਂ ਦੇ ਨਜ਼ਰੀਂ ਨਹੀਂ ਪੈਂਦੀ।
ਨਾ ਤਾਂ ਇਨ੍ਹਾਂ ਦੁਆਰਾ ਗੀਤਾਂ ਵਿੱਚ ਕਿਸੇ ਨਿੱਘਰ ਵਿਸ਼ੇ ਨੂੰ ਛੂਹਿਆ ਜਾਂਦਾ ਹੈ, ਨਾ ਗੀਤ ਦੇ ਬੋਲਾਂ ਵਿੱਚ ਦਮ ਹੁੰਦਾ ਹੈ ਅਤੇ ਫ਼ਿਲਮਾਂਕਣ ਤਾਂ ਅਤਿ ਦਰਜੇ ਦਾ ਘਟੀਆ ਹੁੰਦਾ ਹੈ। ਆਪਣੇ ਬਚਾਅ ਵਿੱਚ ਇਨ੍ਹਾਂ ਦੁਆਰਾ ਇਹ ਬਹਾਨਾ ਘੜਿਆ ਜਾਂਦਾ ਹੈ ਕਿ ਜੋ ਸਰੋਤੇ ਪਸੰਦ ਕਰਦੇ ਹਨ, ਅਸੀਂ ਉਹੋ ਹੀ ਪੇਸ਼ ਕਰਦੇ ਹਾਂ। ਇਹ ਸਰਾਸਰ ਝੂਠਾ ਤੇ ਗੁਮਰਾਹਕੁਨ ਬਹਾਨੇ ਤੋਂ ਵੱਧ ਕੁਝ ਨਹੀਂ ਹੈ। ਸਰੋਤਿਆਂ ਨੇ ਨਵੇਂ ਗਾਇਕ ਸਤਿੰਦਰ ਸਰਤਾਜ ਦੀਆਂ ਲਗਪਗ ਸਾਰੀਆਂ ਹੀ ਰਚਨਾਵਾਂ ਨੂੰ ਰੱਜਵਾਂ ਪਿਆਰ ਦਿੱਤਾ ਹੈ। ਇਹ ਬਿਨਾਂ ਕਿਸੇ ਵੀਡੀਓ ਦੇ, ਬਿਨਾਂ ਗਾਇਕ ਦੀ ਪਛਾਣ ਦੇ ਹੀ ਸੁਪਰ-ਡੁਪਰ ਹਿੱਟ ਰਹੀਆਂ ਨੇ। ਨਾ ਸਿਰਫ਼ ਸਰੋਤਿਆਂ ਨੇ ਸਲਾਹਿਆ ਹੈ, ਸਗੋਂ ਵਪਾਰਕ ਤੌਰ ‘ਤੇ ਵੀ ਬਹੁਤ ਹਿੱਟ ਰਹੀਆਂ ਹਨ। ਉਮੀਦ ਕਰਦੇ ਹਾਂ, ਆਪਣੀ ਇਸ ਸ਼ਾਨਦਾਰ ਤੇ ਸਾਹਿਤਕ ਸ਼ੁਰੂਆਤ ਨੂੰ ਇਹ ਯਾਦ ਰੱਖਣਗੇ। ਇਸ ਤੋਂ ਇਲਾਵਾ ਜਿਸ ਪੱਛਮੀ ਸੰਗੀਤ ਦੀ ਇਹ ਨਕਲ ਕਰਦੇ ਹਨ, ਉੱਥੇ ਵੀ ਲੋਕਾਂ ਨੇ ਦਮਦਾਰ ਰਚਨਾਵਾਂ ਨੂੰ ਬੇਪਨਾਹ ਪਸੰਦ ਕੀਤਾ ਹੈ। ‘ਨਾਟ ਅਫਰੇਡ ‘ਐਮੀਨੈਮ’ ਦੇ ਦੁਆਰਾ ਅਨੇਕਾਂ ਔਕੜਾਂ ਦੇ ਬਾਵਜੂਦ ਅੱਗੇ ਵਧਣ ਦੀ ਕਹਾਣੀ ਬਿਆਨ ਕਰਦਾ ਹੈ। ‘ਵੇਅ ਯੂ ਲਾਈ’ ਦਾ ਵਿਸ਼ਾ ਪਤੀ-ਪਤਨੀ ਦੇ ਹਿੰਸਾਤਮਕ ਸਬੰਧ ਤੇ ਘਰੇਲੂ ਕਲੇਸ਼ ਹੈ। ਕੀ ਸਾਡੇ ਰੈਪਰ ਤੇ ਗੀਤਕਾਰ ਕਿਸੇ ਅਜਿਹੇ ਵਿਸ਼ੇ ਨੂੰ ਛੂਹਣ ਦੀ ਹਿੰਮਤ ਕਰਨਗੇ?
ਸਾਡੇ ਗੀਤਕਾਰਾਂ ਨੂੰ ਕੇਵਲ ਇੱਕ ਹੀ ਵਿਸ਼ਾ ਲੱਭਿਆ ਹੋਇਆ ਹੈ- ਮੁੰਡੇ ਤੇ ਕੁੜੀ ਦਾ ਪਿਆਰ। ਇਸ ਦਾ ਚਿਤਰਨ ਵੀ ਅਤਿ ਭੱਦੇ ਤੇ ਕਾਮੁਕ ਤਰੀਕੇ ਨਾਲ ਕੀਤਾ ਜਾਂਦਾ ਹੈ। ਅਜਿਹਾ ਵੀ ਨਹੀਂ ਕਿ ਪੱਛਮੀ ਸਮਾਜ ਵਿੱਚ ਪਿਆਰ ਆਧਾਰਿਤ ਗੀਤ ਪਸੰਦ ਨਹੀਂ ਕੀਤੇ ਜਾਂਦੇ। ‘ਟੇਲਰ ਸਵਿਫਟ’ ਦਾ ‘ਲਵ-ਸਟੋਰੀ’ ਆਵਾਜ਼, ਬੋਲਾਂ, ਤਰਜ਼ ਤੇ ਫ਼ਿਲਮਾਂਕਣ ਦਾ ਇੰਨਾ ਸੁਚੱਜਾ ਸੁਮੇਲ ਹੈ ਕਿ ਦੇਖ-ਸੁਣ ਕੇ ਮਨ ਅਸ਼-ਅਸ਼ ਕਰ ਉੱਠਦਾ ਹੈ। ਨਾ ਸਿਰਫ਼ ਇਹ ਪੂਰੀ ਐਲਬਮ ਵਪਾਰਕ ਪੱਧਰ ‘ਤੇ ਸਫ਼ਲ ਹੋਈ ਸੀ, ਸਗੋਂ ਇਸ ਨੇ ਕਈ ਗ੍ਰੈਮੀ ਐਵਾਰਡ ਵੀ ਜਿੱਤੇ ਸਨ। ਮੇਰੇ ਕਹਿਣ ਦਾ ਭਾਵ ਸਿਰਫ਼ ਇਹੋ ਹੈ ਕਿ ਚਾਹੇ ਦੁਨੀਆਂ ਦਾ ਕੋਈ ਵੀ ਕੋਨਾ ਹੋਵੇ, ਵਧੀਆ ਚੀਜ਼ ਹਰੇਕ ਥਾਂ ‘ਤੇ ਪਸੰਦ ਕੀਤੀ ਜਾਂਦੀ ਹੈ।
ਚਿੰਤਾਜਨਕ ਪਹਿਲੂ ਇਹ ਹੈ ਕਿ ਟੀ.ਵੀ. ਦੇ ਮਾਧਿਅਮ ਰਾਹੀਂ ਇਹ ਹਰ ਘਰ ਵਿੱਚ ਵੜ ਗਏ ਹਨ। ਸਰੋਤੇ ਕਿਸੇ ਇੱਕ-ਅੱਧ ਵਧੀਆ ਗੀਤ ਸੁਣਨ ਦੀ ਆਸ ਵਿੱਚ ਚੈਨਲ ਤੇ ਚੈਨਲ ਘੁਮਾਉਂਦੇ ਰਹਿੰਦੇ ਹਨ ਪਰ ਹਰ ਥਾਂ ਇਹੋ ‘ਸੱਭਿਆਚਾਰਕ ਦੂਤ’ ਛਾਏ ਹੁੰਦੇ ਹਨ। ਜ਼ਬਰਦਸਤੀ ਦਿਖਾਉਣ ਜਾਂ ਸੁਣਾਉਣ ਨੂੰ ਹੀ ਇਹ ਗਾਇਕ ਪ੍ਰਸਿੱਧੀ ਦੀ ਕਸੌਟੀ ਮੰਨਦੇ ਹਨ। ਸਰੋਤਿਆਂ ਨੂੰ ਵੀ ਹੁਣ ਪੱਕਾ ਨਿਸ਼ਚਾ ਕਰ ਲੈਣਾ ਚਾਹੀਦਾ ਕਿ ਨਾ ਤਾਂ ਅਜਿਹੇ ਕਿਸੇ ਗਾਇਕ ਨੂੰ ਪ੍ਰੋਗਰਾਮ ‘ਤੇ ਬੁਲਾਇਆ ਜਾਵੇ ਤੇ ਨਾ ਹੀ ਅਜਿਹੇ ਗਾਇਕ ਨੂੰ ਕੋਈ ਸਹਿਯੋਗ ਦਿੱਤਾ ਜਾਵੇ। ‘ਇਸਤਰੀ ਜਾਗ੍ਰਿਤੀ ਮੰਚ’ ਨਾਲ ਜੁੜੀਆਂ ਔਰਤਾਂ ਤਾਂ ਜਾਗ ਚੁੱਕੀਆਂ ਨੇ, ਬਾਕੀ ਲੋਕ ਪਤਾ ਨਹੀਂ ਕਦੋਂ ਜਾਗਣਗੇ। ਮੀਡੀਆ ਨੂੰ ਵੀ ‘ਵਿਦੇਸ਼ੀ ਪੰਜਾਬੀ ਮੀਡੀਆ’ ਤੋਂ ਸਬਕ ਲੈਣਾ ਚਾਹੀਦਾ ਹੈ ਜਿਸ ਨੇ ਕਈ ਵਾਰ ਅਜਿਹੇ ਗਾਇਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਤੌਬਾ ਕਰਵਾਈ ਹੈ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿ ਉਹ ਇੱਕ ਸੈਂਸਰ ਬੋਰਡ ਦੀ ਜਲਦ ਤੋਂ ਜਲਦ ਸਥਾਪਨਾ ਕਰੇ, ਜਿਸ ਦਾ ਕੰਮ ਹਰੇਕ ਗੀਤ ਤੇ ਕੈਸੇਟ ਨੂੰ ਦਰਜਾ ਦੇਣਾ ਹੋਵੇ। ਇਸੇ ਦਰਜੇ ਦੇ ਮੁਤਾਬਕ ਹੀ ਟੀ.ਵੀ. ‘ਤੇ ਗੀਤ ਜਾਂ ਪ੍ਰੋਮੋ ਚਲਾਉਣ ਦਾ ਸਮਾਂ ਮੁਕੱਰਰ ਹੋਵੇ। ਜਦੋਂ ਇੱਕ ਦਰਜੇ ਦੇ ਗਾਣੇ ਜਾਂ ਪ੍ਰੋਮੋ ਚੱਲਦੇ ਹੋਣ ਤਾਂ ਦੂਜੇ ਦਰਜੇ ਦੇ ਗੀਤ ਜਾਂ ਪ੍ਰੋਮੋ ਵਿੱਚ ਨਾ ਚੱਲਣ ਤਾਂ ਇੱਕ ਵਧੀਆ ਗੀਤ ਦੇਖ-ਸੁਣ ਰਹੇ ਸਰੋਤੇ ਨਾਲ ਜ਼ਬਰਦਸਤੀ ਭੱਦਾ ਮਜ਼ਾਕ ਨਾ ਹੋਵੇ।
ਜੇ ਸਰਕਾਰ ਇਹ ਵੀ ਨਹੀਂ ਕਰ ਸਕਦੀ ਤਾਂ ਕ੍ਰਿਪਾ ਕਰਕੇ ਅਜਿਹੀ ਵਿਵਸਥਾ ਬਣਾ ਦੇਵੇ, ਜਿਸ ਤਹਿਤ ਅਜਿਹੇ ਸਾਰੇ ਗੀਤ, ਜਿਨ੍ਹਾਂ ਵਿੱਚ ਪੌਪ, ਰੈਪ, ਹਿੱਪ-ਹਾਪ, ਜੈਜ਼ ਜਾਂ ਹੋਰ ਵਿਦੇਸ਼ੀ ਤਰਜ਼ਾਂ ਵਰਤੀਆਂ ਹੋਣ ਅਤੇ ਜਿਨ੍ਹਾਂ ਵਿੱਚ ਮਾਡਲ ਕੁੜੀਆਂ ਦੇ ਪੂਰੇ ਕੱਪੜੇ ਨਾ ਹੋਣ ਅਤੇ ਅੰਗਰੇਜ਼ੀ ਦੇ ਸ਼ਬਦ ਧੱਕੇ ਨਾਲ ਬੇਮਤਲਬ ਘੁਸੇੜੇ ਗਏ ਹੋਣ, ਅਜਿਹੇ ਗੀਤਾਂ ਲਈ ‘ਪੰਜਾਬੀ ਗੀਤ ਸੰਗੀਤ’ ਸ਼ਬਦ ਵਰਤਣ ‘ਤੇ ਪਾਬੰਦੀ ਹੋਵੇ। ਇਨ੍ਹਾਂ ਵਾਸਤੇ ‘ਪਿੰਗਲਿਸ਼ ਮਿਊਜ਼ਿਕ’ ਜਾਂ ਅਜਿਹਾ ਹੋਰ ਸ਼ਬਦ ਪ੍ਰਚੂਲਤ ਕੀਤਾ ਜਾਵੇ। ਘੱਟ ਤੋਂ ਘੱਟ ਪੰਜਾਬੀ ਸੰਗੀਤ ਦਾ ਨਾਂ ਤਾਂ ਨਾ ਬਦਨਾਮ ਕੀਤਾ ਜਾਵੇ।
-ਮਨੀਰ ਖਾਂ
ਮੋਬਾਈਲ: 84271-00445

No comments:

Post a Comment