Tuesday, 17 September 2013

ਹੁਣ ਨਾ ਸਿਆਣਦੀਆਂ ਦਿਉਰਾਂ ਨੂੰ ਭਰਜਾਈਆਂ



ਸਾਡਾ ਸਮਾਜ ਵੱਖ-ਵੱਖ ਰਿਸ਼ਤਿਆਂ ਦੀ ਮਾਲਾ ਵਿੱਚ ਪਰੋਇਆ ਹੋਇਆ ਹੈ। ਰਿਸ਼ਤਿਆਂ ਵਿੱਚ ਪਰੋਈ ਦੁਨੀਆਂ ਦੇ ਰਿਸ਼ਤਿਆਂ ਦੇ ਮਣਕੇ ਹੌਲੀ-ਹੌਲੀ ਕਰਕੇ ਕਿਰ ਰਹੇ ਹਨ। ਰਿਸ਼ਤਿਆਂ ਦੀ ਤੰਦ ਟੁੱਟ ਰਹੀ ਹੈ। ਅੱਜ-ਕੱਲ੍ਹ ਸਮਾਜ ਵਿੱਚ ਕੋਈ ਇਨਸਾਨ ਹੀ ਅਜਿਹਾ ਖ਼ੁਸ਼ਕਿਸਮਤ ਹੋਵੇਗਾ ਜੋ ਸਾਰੇ ਰਿਸ਼ਤੇਦਾਰਾਂ ਨਾਲ ਮਿਲ ਕੇ ਰਹਿੰਦਾ ਹੋਵੇ। ਪਹਿਲਾਂ ਸਮਾਂ ਸੀ ਜਦੋਂ ਪਰਿਵਾਰਾਂ ਦੇ ਅੱਗੇ ਪਰਿਵਾਰ ਵੀ ਮਿਲ ਕੇ ਘਰ  ਰਹਿੰਦੇ ਸਨ। ਵੱਡੇ ਦੀ ਵਡਿਆਈ ਕੀਤੀ ਜਾਂਦੀ ਸੀ।
ਇੱਥੇ ਅਸੀਂ ਦਿਉਰ-ਭਰਜਾਈ ਦੇ ਨਿੱਘੇ ਤੇ ਨੋਕ-ਝੋਕ ਭਰਪੂਰ ਰਿਸ਼ਤੇ ਬਾਰੇ ਗੱਲ ਕਰ ਰਹੇ ਹਾਂ। ਇਹ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਨਿਵੇਕਲੀ ਕਿਸਮ ਦਾ ਹੁੰਦਾ ਹੈ। ਪੁਰਾਣੇ ਵੇਲਿਆਂ ‘ਚ ਇਹ ਰਿਸ਼ਤਾ ਮਾਂ-ਪੁੱਤ ਦੇ ਰਿਸ਼ਤੇ ਵਾਂਗ ਅਪਣੱਤ ਵਾਲਾ ਹੁੰਦਾ ਸੀ ਕਿਉਂਕਿ ਸਾਰਿਆਂ ਤੋਂ ਛੋਟਾ ਦਿਉਰ ਵੱਡੀ ਭਰਜਾਈ ਦੇ ਪੁੱਤਾਂ-ਧੀਆਂ ਤੋਂ ਉਮਰ ਵਿੱਚ ਥੋੜ੍ਹਾ ਹੀ ਵੱਡਾ ਹੁੰਦਾ ਸੀ। ਭਾਵੇਂ ਕਿੰਨੇ ਵੀ ਬੋਲ-ਕਬੋਲ ਬੋਲੇ ਜਾਂਦੇ ਫਿਰ ਵੀ ਇਹ ਰਿਸ਼ਤਾ ਅਟੁੱਟ ਸੀ। ਇਸੇ ਲਈ ਇਸ ਰਿਸ਼ਤੇ ਦੇ ਸੈਂਕੜੇ ਗੀਤ ਤੇ ਬੋਲੀਆਂ ਪ੍ਰਚਲਤ ਹਨ। ਪੁਰਾਣੇ ਸਮਿਆਂ ‘ਚ ਪੜ੍ਹਾਈ ਦਾ ਰੁਝਾਨ ਘੱਟ ਹੋਣ ਕਾਰਨ ਜੇ ਕਿਸੇ ਕੁੜੀ ਦਾ ਪਤੀ ਸਿੱਧਾ-ਸਾਦਾ ਖੇਤੀ ਕਰਨ ਵਾਲਾ ਹੁੰਦਾ ਤੇ ਲੜਕੀ ਥੋੜ੍ਹੀ ਸ਼ੌਕੀਨਨ ਹੁੰਦੀ ਤਾਂ ਉਹ ਦਿਉਰ ਨਾਲ ਮਖੌਲ ਕਰਦੀ ਕਹਿੰਦੀ:-
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਕੰਘੀ,
ਸ਼ੌਕੀਆ ਦਿਉਰਾ ਵੇ,
ਤੈਨੂੰ ਕਿਉਂ ਨਾ ਮੰਗੀ।
ਓਦੋਂ ਸਾਂਝੇ ਪਰਿਵਾਰ ਹੁੰਦੇ ਸਨ ਤੇ ਅਕਸਰ ਵੱਡੀ ਭਰਜਾਈ ਹੀ ਆਪਣੇ ਦਿਉਰ ਨੂੰ ਰਿਸ਼ਤਾ ਕਰਵਾਉਂਦੀ ਸੀ। ਇਹ ਰਿਸ਼ਤਾ ਆਪਣੀ ਸਹੇਲੀ ਜਾਂ ਭੈਣ ਦਾ ਹੀ ਹੁੰਦਾ ਸੀ। ਇਸ ਲਈ ਇਹ ਬੋਲੀ ਆਮ ਗਿੱਧੇ ਵਿੱਚ ਪਾਈ ਜਾਂਦੀ ਸੀ।
ਵਗਦੀ ਨਦੀ ਦੇ ਵਿੱਚ ਪਾਵਾਂ
ਵੇ ਹਵੇਲੀ,
ਦੇਖ ਦਿਉਰਾ ਦੇਖ ਤੈਨੂੰ ਲਿਆਵਾਂ
ਵੇ ਸਹੇਲੀ।
ਉਨ੍ਹਾਂ ਵੇਲਿਆਂ ‘ਚ ਸਾਂਝੇ ਪਰਿਵਾਰਾਂ ਵਿੱਚ ਨੋਕ-ਝੋਕ ਆਮ ਜਿਹੀ ਗੱਲ ਸੀ। ਜਦੋਂ ਵੱਡੀ ਭਰਜਾਈ ਦੀ ਦਿਉਰ ਕੋਈ ਗੱਲ ਨਹੀਂ ਮੰਨਦਾ ਸੀ ਤਾਂ ਉਹ ਕਹਿੰਦੀ ਸੀ:-
ਵਗਦੀ ਨਦੀ ਦੇ ਵਿੱਚ ਪਾਵਾਂ ਵੇ ਚੁਬਾਰਾ,
ਦੇਖ ਦਿਉਰਾ ਦੇਖ ਤੈਨੂੰ ਰੱਖਾਂ
ਵੇ ਕੁੰਵਾਰਾ।
ਕੁਝ ਵੀ ਹੋਵੇ ਭਰਜਾਈ ਨੂੰ ਦਿਓਰ ਆਪਣੇ ਧੀ-ਪੁੱਤ ਜਿੰਨਾ ਹੀ ਪਿਆਰਾ ਹੁੰਦਾ ਸੀ। ਜਿੱਥੇ ਉਹ ਉਸ ਨੂੰ ਗ਼ਲਤ ਪਾਸੇ ਜਾਣ ਤੋਂ ਵਰਜਦੀ ਸੀ, ਉੱਥੇ ਉਸ ਦੀ ਟੌਹਰ ਦਾ ਵੀ ਪੂਰਾ ਖਿਆਲ ਰੱਖਦੀ ਸੀ।  ਇਸ ਲਈ ਉਹ ਉਸ ਨੂੰ ਕਿਸੇ ਪਾਸੋਂ ਤੋਂ ਨੀਵਾਂ ਨਹੀਂ ਹੋਣ ਦੇਣਾ ਚਾਹੁੰਦੀ ਤੇ ਉਸ ਨੂੰ ਕਿਸੇ ਬਰਾਤ ਵਿੱਚ ਸ਼ਾਮਲ ਹੋਣ ਲਈ ਤਿਆਰ ਕਰਦੀ ਕਹਿੰਦੀ ਹੈ:-
ਲਿਆ ਦਿਉਰਾ ਤੇਰਾ ਕੁੜਤਾ
ਧੋ ਦਿਆਂ,
ਨਾਲੇ ਧੋ ਦਿਆਂ ਪਰਨਾ,
ਘਰ ਦੇ ਦਿਉਰ ਬਿਨਾਂ,
ਦਿਉਰ ਬਿਨਾਂ ਨੀ ਸਰਨਾ।
ਸਾਂਝੇ ਪਰਿਵਾਰਾਂ ਹੋਣ ਕਰਕੇ ਕਈ ਵਾਰ ਦਿਉਰ-ਭਰਜਾਈ ਜਾਂ ਦਰਾਣੀ-ਜਠਾਣੀ ਦਾ ਆਪਸ ਵਿੱਚ ਕਿਸੇ ਗੱਲ ‘ਤੇ ਲੜਾਈ-ਝਗੜਾ ਹੋ ਜਾਂਦਾ ਸੀ। ਫਿਰ ਔਰਤ ਆਪਣੇ ਪਤੀ ਨੂੰ ਦੁਖੀ ਹੋ ਕੇ ਆਪਣੇ ਦਿਉਰ-ਦਰਾਣੀ ਦੀਆਂ ਸ਼ਿਕਾਇਤਾਂ ਕਰਦੀ ਕਹਿੰਦੀ ਹੈ:-
ਦਿਉਰ-ਦਰਾਣੀ ਅੰਦਰ ਸੌਂਦੇ,
ਤੇਰਾ ਮੰਜਾ ਦਰ ਵਿੱਚ ਵੇ,
ਕੀ ਲੋਹੜਾ ਆ ਗਿਆ,
ਲੋਹੜਾ ਆ ਗਿਆ ਘਰ ਵਿੱਚ ਵੇ,
ਕੀ ਲੋਹੜਾ ਆ ਗਿਆ…।
ਉਸ ਸਮੇਂ ਵੱਡੇ ਬਜ਼ੁਰਗਾਂ ਦੀ ਘਰ ਵਿੱਚ ਚਲਦੀ ਸੀ ਤੇ ਉਨ੍ਹਾਂ ਦੀ ਕਹੀ ਗੱਲ ਸਭ ਮੰਨਦੇ ਸਨ। ਉਨ੍ਹਾਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਸੀ ਕੀਤਾ ਜਾਂਦਾ। ਕਈ ਵਾਰ ਔਰਤਾਂ ਵੱਡੇ ਬਜ਼ੁਰਗ ਨੂੰ ਪੁੱਛ ਕੇ ਇਸ਼ਨਾਨ ਕਰਨ ਚੱਲ ਪੈਂਦੀਆਂ ਸਨ। ਜਦੋਂ ਵੱਡੇ ਬਜ਼ੁਰਗ ਨੇ ਹਾਂ ਕਰ ਦਿੱਤੀ ਬਸ ਫਿਰ ਉਨ੍ਹਾਂ ਨੂੰ ਕਿਸੇ ਹੋਰ ਨੂੰ ਪੁੱਛਣ ਦੀ ਕੋਈ ਖ਼ਾਸ ਲੋੜ ਨਹੀਂ ਸੀ ਹੁੰਦੀ। ਦਿਉਰ ਵਿਚਾਰੇ ਨੂੰ ਇਸ ਗੱਲ ਦਾ ਮੌਕੇ ‘ਤੇ ਹੀ ਪਤਾ ਚਲਦਾ ਸੀ। ਇਸ ਮਾਹੌਲ ਵਿੱਚ ਜਠਾਣੀ ਆਪਣੇ ਦਿਉਰ ਨੂੰ ਟੌਚ ਲਗਾ ਕੇ ਕਹਿੰਦੀ:-
ਮੈਂ ਤੇ ਦਰਾਣੀ ਦੋਵੇਂ ਤੀਰਥਾਂ
ਨੂੰ ਚੱਲੀਆਂ,
ਦਿਉਰ ਕਹਿੰਦਾ ਦੋਵੇਂ ਕੱਲੀਆਂ
ਕਿਉਂ ਚੱਲੀਆਂ,
ਟਾਈਮ ਗੱਡੀ ਦਾ ਹੋਣ ਲੱਗਿਆ,
ਦਿਉਰ ਮਾਰ ਕੇ ਦੁਹੱਥੜਾ
ਰੋਣ ਲੱਗਿਆ।
ਇਸ ਤਰ੍ਹਾਂ ਹੀ ਜੇਠ-ਭਰਜਾਈ ਦੇ ਰਿਸ਼ਤੇ ਵਿੱਚ ਦਿਓਰ-ਭਰਜਾਈ ਦੇ ਰਿਸ਼ਤੇ ਵਾਂਗ ਨੋਕ-ਝੋਕ ਨਹੀਂ ਹੁੰਦੀ। ਇਹ ਰਿਸ਼ਤਾ ਇੱਜ਼ਤ ਵਾਲਾ ਜ਼ਰੂਰ ਹੁੰਦਾ ਹੈ। ਕਈ ਵਾਰ ਠੱਠਾ ਮਖੌਲ ਵੀ ਹੁੰਦਾ ਹੈ। ਇਸ ਦੇ ਉਲਟ ਵੱਡੀ ਭਰਜਾਈ ਆਪਣੇ ਦਿਉਰ ਪ੍ਰਤੀ ਬੁਹਤ ਪਿਆਰ ਰੱਖਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ:-
ਦਿਉਰਾ ਭਾਵੇਂ ਮੱਝ ਚੁੰਘ ਜਾਏ,
ਛੜੇ ਜੇਠ ਨੂੰ ਲੱਸੀ ਨਹੀਂ ਦੇਣੀ।
ਸਾਂਝੇ ਪਰਿਵਾਰ ਵਿੱਚ ਨੋਕ-ਝੋਕ ਹੋਣਾ ਮਾਮੂਲੀ ਗੱਲ ਹੈ। ਇਸ ਲਈ ਜਦੋਂ ਦਿਉਰ ਦਾ ਵਿਆਹ ਹੋ ਜਾਂਦਾ ਹੈ ਤਾਂ ਵੱਡੀ ਭਰਜਾਈ ਦਾ ਆਪਣੇ ਦਿਉਰ ‘ਤੇ ਪਹਿਲਾਂ ਜਿੰਨਾ ਜ਼ੋਰ ਨਹੀਂ ਰਹਿੰਦਾ। ਚਲਦੀ ਵੱਡੀ ਭਰਜਾਈ ਦੀ ਹੁੰਦੀ ਹੈ। ਇਸੇ ਲਈ ਉਹ ਲੜਾਈ ਤੋਂ ਮੁਕਤੀ ਪਾਉਣ ਲਈ ਕਹਿੰਦੀ ਹੈ:-
ਲਿਆ ਦਿਉਰਾ ਤੈਨੂੰ ਅੱਡ ਕਰ ਦੇਵਾਂ,
ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ, ਵੇ ਨਿੱਤ
ਕੌਣ ਲੜੇ।
ਵੱਡੀ ਭਰਜਾਈ ਨੂੰ ਆਪਣੇ ਦਿਉਰ ਨੂੰ ਅਲੱਗ ਕਰਨ ਦਾ ਦੁੱਖ ਵੀ ਹੁੰਦਾ ਹੈ ਕਿਉਂਕਿ ਕਈ ਵਾਰ ਛੋਟਾ ਦਿਉਰ ਆਪਣੀ ਭਰਜਾਈ ਦਾ ਦੁੱਖ-ਸੁੱਖ ਵੀ ਸੁਣਦਾ ਹੈ।
ਲਿਆ ਦਿਉਰਾ ਤੈਨੂੰ ਅੱਡ ਕਰ ਦੇਵਾਂ,
ਦੇ ਕੇ ਸ਼ੇਰ ਪੰਜੀਰੀ,
ਤੂੰ ਅੱਡ ਹੋ ਗਿਆ ਵੇ,
ਮੇਰਿਆ ਦੁੱਖਾਂ ਦਾ ਸੀਰੀ,
ਤੂੰ ਅੱਡ ਹੋ ਗਿਆ ਵੇ…।
ਇਹ ਸਭ ਗੱਲਾਂ ਬੀਤ ਚੁੱਕੇ ਸਮੇਂ ਦੀਆਂ ਹੋ ਕੇ ਰਹਿ ਗਈਆਂ ਹਨ। ਇਹ ਰਿਸ਼ਤਾ ਵੀ ਲੋਪ ਹੋ ਰਿਹਾ ਹੈ। ਦਿਉਰ-ਭਰਜਾਈ ਦੇ ਰਿਸ਼ਤੇ ਵਿੱਚ ਪਹਿਲਾਂ ਜਿਹੀ ਮਿਠਾਸ ਨਹੀਂ ਰਹੀ। ਅੱਜ-ਕੱਲ੍ਹ ਤਾਂ ਕੋਈ ਕਿਸੇ ਤੋਂ ਉਏ ਕਹਾ ਕੇ ਰਾਜੀ ਨਹੀਂ, ਪੁਰਾਣੇ ਸਮੇਂ ਵਿੱਚ ਬਜ਼ੁਰਗ  ਕੁਝ ਵੀ ਕਹਿ ਜਾਂਦੇ ਸਨ ਪਰ ਕੋਈ ਮੂੰਹੋਂ ਜਵਾਬ ਨਹੀਂ ਸੀ ਦਿੰਦਾ।
ਅੱਜ-ਕੱਲ੍ਹ ਕੋਈ ਕਰਮਾਂ ਵਾਲਾ ਹੀ ਸਾਰੇ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਬੱਚੇ, ਚਾਚਾ-ਚਾਚੀ ਕਹਿਣ ਨੂੰ ਤਰਸ ਰਹੇ ਹਨ। ਕੋਈ ਨਹੀਂ ਚਾਹੁੰਦਾ ਕਿ ਕੋਈ ਸ਼ਰੀਕਾ ਸਾਡੇ ਨਾਲੋਂ ਵਧੇ-ਫੁਲੇ। ਇਹ ਸਾਡੇ ਰਿਸ਼ਤਿਆਂ ਦਾ ਸਭ ਤੋਂ ਦੁਖਾਂਤਕ ਪਹਿਲੂ ਹੈ ਕਿ ਖ਼ੂਨ ਦੇ ਰਿਸ਼ਤੇ ਪਾਣੀ ਹੋ ਰਹੇ ਹਨ। ਅੱਜ ਦੇ ਹਾਲਾਤ ਮੁਤਾਬਕ ਦਿਓਰ-ਭਰਜਾਈ ਦੇ ਰਿਸ਼ਤੇ ਬਾਰੇ ਇਹੀ ਕਿਹਾ ਜਾ ਸਕਦਾ ਹੈ:-
ਰਾਈਆਂ, ਰਾਈਆਂ ਰਾਈਆਂ,
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ।
-ਅਮਰਜੀਤ ਕੌਰ

No comments:

Post a Comment