ਪੰਜਾਬੀ ਲੋਕ ਗੀਤ, ਪੰਜਾਬੀਆਂ ਦੀ ਜੀਵਨ ਜਾਚ ਦੀ ਬਾਤ ਬਹੁਤ ਸੌਖੇ ਤੇ ਸੁਚੱਜੇ ਢੰਗ ਨਾਲ ਪਾਉਂਦੇ ਹਨ। ਇਸ ਲੋਕ-ਕਾਵਿ ਦਾ ਜਨ-ਸਾਧਾਰਨ ਦੀਆਂ ਭਾਵਨਾਵਾਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਲੋਕ ਗੀਤ ਜਿੱਥੇ ਨੱਢੀਆਂ-ਚੋਬਰਾਂ ਦੇ ਜਜ਼ਬਾਤ ਅਤੇ ਬਜ਼ੁਰਗਾਂ ਦੇ ਤਜਰਬਿਆਂ ਦੀ ਗੱਲ ਕਰਦੇ ਹਨ, ਉੱਥੇ ਇਹ ਕਿਸੇ ਦਿਲ ਦੀ ਵੇਦਨਾ ਜਾਂ ਮਨ ਵਿਚਲੀਆਂ ਰੜਕਾਂ ਤੇ ਕਸਕਾਂ ਨੂੰ ਵੀ ਸਪਸ਼ਟ ਰੂਪ ਵਿੱਚ ਬਿਆਨ ਕਰਦੇ ਹਨ। ਪੰਜਾਬ ਦੇ ਕਿਰਤੀ ਕਿਸਾਨ ਬਾਰੇ ਵੀ ਲੋਕ-ਕਾਵਿ ਵਿੱਚ ਠੋਕ-ਵਜਾ ਕੇ ਗੱਲ ਕੀਤੀ ਗਈ ਹੈ। ਪੰਜਾਬ ਦੇ ਕਿਸਾਨ ਅਤੇ ਸਖ਼ਤ ਮਿਹਨਤ ਦਾ ਕਦੇ ਰੂਹ ਤੇ ਬੁੱਤ ਵਾਲ਼ਾ ਰਿਸ਼ਤਾ ਹੁੰਦਾ ਸੀ ਪਰ ਲੋਹੜੇ ਦੀ ਮਿਹਨਤ ਦੇ ਬਾਵਜੂਦ ਇਨ੍ਹਾਂ ਦੇ ਘਰਾਂ ਵਿੱਚ ਤੰਗੀਆਂ-ਤੁਰਸ਼ੀਆਂ ਦਾ ਹੀ ਰਾਜ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਾਮੇ ਲੋਕ ਭੁੱਖੇ ਢਿੱਡ ਵੀ ਆਪਣੀ ਸੱਚੀ-ਸੁੱਚੀ ਕਿਰਤ ਸਦਕਾ ਰੱਜੇ ਰਹਿੰਦੇ ਸਨ। ਇਨ੍ਹਾਂ ਦੀ ਬੜ੍ਹਕ ਤੇ ਚੜ੍ਹਤ ਸਦਾ ਕਾਇਮ ਰਹਿੰਦੀ ਸੀ। ਲੋਕ-ਕਾਵਿ ਇਸ ਗੱਲ ਦੀ ਸ਼ਾਹਦੀ ਭਰਦਾ ਹੈ:
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ ਕਣਕਾਂ ਨਿੱਸਰਦੀਆਂ।
ਬਹੁਤੀ ਜ਼ਮੀਨ-ਜਾਇਦਾਦ ਦੇ ਮਾਲਕ ਜ਼ਿਮੀਂਦਾਰਾਂ ਜਾਂ ਜਗੀਰਦਾਰਾਂ ਦੇ ਜੀਵਨ ਦਾ ਥੋੜ੍ਹੀ ਜ਼ਮੀਨ ਵਾਲੇ ਆਮ ਕਿਸਾਨ ਦੇ ਜੀਵਨ ਨਾਲੋਂ ਬਹੁਤ ਅੰਤਰ ਹੁੰਦਾ ਸੀ ਤੇ ਅੱਜ ਵੀ ਹੈ। ਉਨ੍ਹਾਂ ਵੱਡੇ ਘਰਾਂ ਦੀਆਂ ਔਰਤਾਂ ਵੀ ਆਮ ਕਿਸਾਨਾਂ ਦੀਆਂ ਔਰਤਾਂ ਨਾਲੋਂ ਵਧੀਆ ਜ਼ਿੰਦਗੀ ਬਸਰ ਕਰਦੀਆਂ ਸਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਘਰੋਂ ਬਾਹਰ ਆਉਣ-ਜਾਣ ਦੀ ਬਹੁਤੀ ਖੁੱਲ੍ਹ ਨਹੀਂ ਸੀ ਹੁੰਦੀ। ਕਈ ਵਾਰ ਉਹ ਸਭ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਕੁਦਰਤੀ ਰੰਗ ਮਾਣਨ ਨੂੰ ਤਰਸਦੀਆਂ ਸਨ। ਮੈਨੂੰ ਜਾਪਦਾ ਹੈ ਕਿ ਲੋਕ-ਕਾਵਿ ਦੀ ਇਹ ਟੂਕ ਕਿਸੇ ਅਜਿਹੇ ਤਰਸੇਵੇਂ ਦਾ ਹੀ ਬਿਆਨ ਕਰਦੀ ਹੈ:
ਸਹੁਰੇ ਕੈਦ ਕੱਟੀ, ਨਾ ਚੋਰੀ ਨਾ ਡਾਕਾ।
ਪਰਿਵਰਤਨ ਕੁਦਰਤ ਦਾ ਨਿਯਮ ਹੈ ਅਤੇ ਇਸੇ ਅਨੁਸਾਰ ਕਿਸਾਨ ਦੀ ਜੀਵਨ ਸ਼ੈਲੀ ਵਿੱਚ ਵੀ ਬਦਲਾਓ ਆਇਆ ਹੈ। ਅੱਜ ਇਹ ਲੋਕ ਲੱਕ ਤੋੜਵੀਂ ਮਸ਼ੱਕਤ ਨਹੀਂ ਕਰਦੇ ਕਿਉਂਕਿ ਅਜੋਕਾ ਯੁੱਗ ਮਸ਼ੀਨੀ ਹੈ। ਅੱਜ ਕੋਈ ਪਹਿਰ ਦੇ ਤੜਕੇ ਉੱਠ, ਬਲਦਾਂ ਦੇ ਕੰਨ੍ਹੇ ’ਤੇ ਪੰਜਾਲੀ ਧਰ ਹਲ਼ ਵਾਹੁਣ ਨਹੀਂ ਜਾਂਦਾ। ਨਾ ਹੀ ਬਲਦਾਂ ਜਾਂ ਬੋਤਿਆਂ ਨੂੰ ਜੋੜ ਕੇ ਟਿੰਡਾਂ ਵਾਲੇ ਖੂਹ ਨਾਲ ਖੇਤ ਸਿੰਜੇ ਜਾਂਦੇ ਹਨ। ਉਹ ਸਮਾਂ ਬਦਲ ਗਿਆ ਹੈ ਜਦੋਂ ਕਿਸਾਨ ਖੂਹ ਦੀ ਗਰਦਲ ਦੀ ਗਾਧੀ ’ਤੇ ਬੈਠਾ ਕਈ ਵਾਰ ਸਾਰੀ ਰਾਤ ਪਸ਼ੂਆਂ ਨੂੰ ਹੱਕਦਾ ਰਹਿੰਦਾ। ਪੋਹ-ਮਾਘ ਦੇ ਮਹੀਨੇ ਨੰਗੇ ਪੈਰੀਂ ਸੁੰਨ ਹੋਏ ਤੇ ਠੰਢ ਨਾਲ ਠੁਰ-ਠੁਰ ਕਰਦੇ ਹੱਥਾਂ ਨਾਲ ਨੱਕੇ ਮੋੜਦਾ। ਇਹ ਕਿਸਾਨ ਫਿਰ ਵੀ ਪ੍ਰਸੰਨ ਚਿੱਤ ਕਦੇ ਹੀਰ ਦੀਆਂ ਹੇਕਾਂ ਲਾਉਂਦਾ ਹੈ।
ਕਦੇ ਠੰਢ ਵਿੱਚ ਠਰਦਾ ਤੇ ਕਦੇ ਗਰਮੀ ਜਾਂ ਮੀਂਹ ਦੀ ਰੁੱਤੇ ਇਹ ਸਿਰੜੀ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਫ਼ਸਲਾਂ ਪਾਲਦਾ। ਇਹ ਕਿਸਾਨ ਦਾਤੀਆਂ ਨਾਲ ਕਣਕਾਂ ਵੱਢਦਾ ਤੇ ਫਿਰ ਫਲ਼ਿ੍ਹਆਂ ਨਾਲ ਗਾਹੁੰਦਾ ਪਰ ਇਸ ਅੰਨਦਾਤੇ ਦੇ ਘਰ ਦੀਆਂ ਗਰਜ਼ਾਂ ਫੇਰ ਵੀ ਪੂਰੀਆਂ ਨਾ ਹੁੰਦੀਆਂ। ਅਜਿਹੇ ਮੌਕੇ ਕੋਈ ਮੁਟਿਆਰ ਸਬਰ ਦਾ ਘੁੱਟ ਭਰਦਿਆਂ ਕਹਿੰਦੀ:
ਡੁੱਬ ਜਾਣ ਘਰਾਂ ਦੀਆਂ ਗਰਜ਼ਾਂ, ਲੌਂਗ ਕਰਾਉਣਾ ਸੀ…।
ਇਸਤਰੀ ਮਨ ਦੀ ਵੇਦਨਾ ਤੇ ਮਰਦ ਦੀਆਂ ਬੇਵਸੀਆਂ ਇਹ ਲੋਕ ਗੀਤ ਸੱਚੋ-ਸੱਚ ਬਿਆਨ ਕਰਦੇ ਹਨ। ਵੰਨਗੀ ਲਈ ਕੁਝ ਬੋਲੀਆਂ ਪੇਸ਼ ਹਨ,ਕੋਈ ਅਣਪੁੱਗੀ ਰੀਝ ’ਤੇ ਝੂਰਦੀ ਹੈ:
ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਬਣੀਆਂ…।
ਜਾਂ
ਮੁੰਡੇ ਮਰ ਗਏ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ…।
ਪਰ ਲੰਮੀ ਤੇ ਦਲੇਰ ਸੋਚ ਵਾਲੀ ਸੁਆਣੀ ਆਖਦੀ ਹੈ:
ਪਹਿਲਾਂ ਮਾਮਲੇ ਤੋਂ ਜਾਨ ਛੁਡਾ ਲੈ,
ਬੰਦ ਫੇਰ ਬਣ ਜਾਣਗੇ।
ਸੋਚਾਂ ਵਿੱਚ ਡੁੱਬੀ ਡੂੰਘੀਆਂ ਵਿਚਾਰਾ ਕਰਦੀ ਉਹ ਅਨਪੜ੍ਹ ਕਿਸਾਨ ਔਰਤ ਆਪਣੀ ਮਿਹਨਤ ਦੀ ਕਮਾਈ ਦੀ ਸਰਮਾਏਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਚਿੰਤਾ ਕਰਦੀ ਹੈ:
ਬੋਹਲ਼ ਸਾਰਾ ਵੇਚ ਘੱਤਿਆ
ਛਿੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ…।
ਬਾਣੀਏ ਨੇ ਅੱਤ ਚੁੱਕ ਲਈ
ਸਾਰੇ ਜੱਟ ਕਰਜ਼ਾਈ ਕੀਤੇ।
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁੱਟ ਲਈ…।
ਗੱਭਰੂ ਵੀ ਆਪਣੀ ਸਾਥਣ ਦੀਆਂ ਰੀਝਾਂ ਪੂਰੀਆਂ ਕਰਨਾ ਚਾਹੁੰਦਾ ਹੈ ਜਿਸ ਨੂੰ ਲੋਕ-ਕਾਵਿ ਵਿੱਚ ਬੜੇ ਭਾਵਪੂਰਤ ਢੰਗ ਨਾਲ਼ ਬਿਆਨਿਆ ਗਿਆ ਹੈ:
ਆਹ ਲੈ ਨੱਤੀਆਂ ਘੜਾ ਲਈਂ ਪਿੱਪਲ ਪੱਤੀਆਂ
ਕਿਸੇ ਕੋਲ਼ ਗੱਲ ਨਾ ਕਰੀਂ…।
ਜਦੋਂ ਗੁਰਬਤ ਦੀ ਮਾਰੀ ਨੰਗੇ ਪੈਰੀਂ ਤੁਰੀ ਜਾਂਦੀ ਮੁਟਿਆਰ ਭੱਖੜੇ ਨਾਲ਼ ਲਹੂ-ਲੂਹਾਣ ਹੋਏ ਪੈਰਾਂ ਦੀ ਪੀੜ ਦੀ ਸਤਾਈ ਕਹਿੰਦੀ ਹੈ:
ਭੱਖੜੇ ਨੇ ਪੈਰ ਪਾੜਤੇ ਜੁੱਤੀ ਲੈ ਦੇ ਮੁਲਾਹਜ਼ੇਦਾਰ।
ਤਾਂ ਉਸ ਤੋਂ ਕੁਰਬਾਨ ਜਾਂਦਾ ਗੱਭਰੂ ਕਹਿੰਦਾ ਹੈ:
ਤੈਨੂੰ ਲੈ ਦੂੰ ਸਲੀਪਰ ਕਾਲੇ ਭਾਵੇਂ ਮੇਰੀ ਮਹਿੰ ਵਿਕ ਜੇ।
ਬੇਸ਼ੱਕ ਮਹਿੰਗਾਈ ਨੇ ਹਰੇਕ ਦੇ ਸਾਹ ਸੂਤੇ ਪਏ ਹਨ ਅਤੇ ਕਿਸਾਨ ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹਾ ਹੈ ਪਰ ਅੱਜ ਕਿਸਾਨ ਪੁੱਤਾਂ ਦੇ ਖੇਤੀ ਵੱਲੋਂ ਮੁੱਖ ਮੋੜਨ ਅਤੇ ਸਾਰੀ ਜ਼ਿੰਮੇਵਾਰੀ ਨੌਕਰ ’ਤੇ ਛੱਡ ਆਪ ਐਸ਼ ਕਰਨ ਨੇ ਵੀ ਖੇਤੀ ਨੂੰ ਘਾਟੇ ਦਾ ਧੰਦਾ ਬਣਾਉਣ ਵਿੱਚ ਕਸਰ ਨਹੀਂ ਛੱਡੀ। ਪੰਜਾਬ ਦੀ ਨੌਜਵਾਨੀ ਨੂੰ ਵੀ ਲੋਕ-ਕਾਵਿ ਸਿਰਜਣ ਵਾਲੀਆਂ ਚੌਕੰਨੇ ਕਰਦੀਆਂ ਹਨ:
ਔਖੇ ਲੰਘਦੇ ਘਰਾਂ ਦੇ ਲਾਂਘੇ ਛੱਡ ਦੇ ਤੂੰ ਵੈਲਦਾਰੀਆਂ
ਹਲ਼ ਛੱਡ ਕੇ ਚਰ੍ਹੀ ਨੂੰ ਜਾਣਾ, ਜੱਟਾ ਤੇਰੀ ਜੂਨ ਬੁਰੀ…।
ਚਾਰ-ਪੰਜ ਦਹਾਕੇ ਪਹਿਲਾਂ ਦੀ ਗੱਲ ਹੈ ਵੱਡੇ ਤੜਕੇ ਤੋਂ ਹਲ਼ ਵਾਹੁਣ ਗਿਆ ਹਾਲ਼ੀ ਦੁਪਹਿਰ ਤਕ ਘਰ ਮੁੜਦਾ ਤੇ ਸਰਦੀ ਵਿੱਚ ਚਾਹ ਦਾ ਘੁੱਟ ਤੇ ਗਰਮੀ ਵਿੱਚ ਲੱਸੀ ਦਾ ਛੰਨਾ ਪੀ ਕੇ ਖੇਤਾਂ ਵਿੱਚੋਂ ਚਰ੍ਹੀ ਬਾਜਰਾ ਵੱਢਣ ਜਾਂਦਾ। ਹਲ਼ ਦਾ ਮੁੰਨਾ ਛੱਡ ਉਹ ਹੱਥ ਵਿੱਚ ਦਾਤੀ ਚੁੱਕ ਲੈਂਦਾ। ਚਰ੍ਹੀ ਦਾ ਭਾਰ ਸਿਰ ’ਤੇ ਚੁੱਕ ਕੇ ਲਿਆਉਂਦਾ ਤੇ ਘਰ ਆ ਕੇ ਪੱਠੇ ਕੁਤਰਨ ਵਾਲ਼ੀ ਮਸ਼ੀਨ ਨਾਲ਼ ਹੱਥੀਂ ਕੁਤਰਾ ਕਰਦਾ। ਡੰਗਰਾਂ ਨੂੰ ਪੱਠੇ ਪਾ ਉਹ ਆਪ ਨ੍ਹਾਉਂਦਾ ਧੋਂਦਾ ਤੇ ਰੋਟੀ ਖਾਂਦਾ। ਥੋੜ੍ਹੀ ਦੇਰ ਆਰਾਮ ਕਰ ਕੇ ਉਹ ਮੁੜ ਡੰਗਰ ਵੱਛੇ ਨੂੰ ਪਾਣੀ ਪਿਆ ਕੇ ਖੇਤਾਂ ਨੂੰ ਤੁਰ ਜਾਂਦਾ। ਉਹਦੀ ਸਾਥਣ ਵੀ ਘਰ ਦੇ ਧੰਦਿਆਂ ਤੋਂ ਸਮਾਂ ਕੱਢ ਕੇ ਉਸ ਦੀ ਮਦਦ ਕਰਦੀ। ਉਹ ਸੰਝ ਪਈ ਘਰ ਆਉਂਦਾ ਤੇ ਫਿਰ ਪਸ਼ੂਆਂ ਦੇ ਦਾਣੇ-ਪੱਠੇ ਦਾ ਜੁਗਾੜ ਕਰਦਾ। ਅੱਜ ਸੰਨ੍ਹੀ ਭਾਵ ਗੁਤਾਵਾ ਵੀ ਪਸ਼ੂਆਂ ਦੀ ਖੁਰਲੀ ’ਚੋਂ ਲੋਪ ਹੁੰਦਾ ਜਾ ਰਿਹਾ ਹੈ ਕਿਉਂਕਿ ਹਰਾ ਚਾਰਾ ਆਮ ਹੀ ਰਹਿੰਦਾ ਹੈ। ਪਿਛਲੇ ਸਮੇਂ ਪਾਣੀ ਦੀ ਘਾਟ ਕਾਰਨ ਹਰਾ ਚਾਰਾ ਬਹੁਤੀ ਦੇਰ ਨਹੀਂ ਸੀ ਰਹਿੰਦਾ ਤੇ ਦੂਜਾ ਪਸ਼ੂ ਵੀ ਜ਼ਿਆਦਾ ਹੁੰਦੇ ਸਨ। ਗਰਮੀ ਦੀ ਰੁੱਤ ਵਿੱਚ ਘਰ ਦੇ ਦਾਣੇ-ਫੱਕੇ ਯਾਨੀ ਕਿ ਜੌਂ, ਛੋਲੇ, ਮੱਕੀ ਜਾਂ ਕਣਕ ਰਲ਼ਾ ਕੇ ਮੋਟਾ-ਮੋਟਾ ਆਟਾ ਪਿਹਾਇਆ ਜਾਂਦਾ ਜਿਸ ਨੂੰ ਦਾਣਾ ਜਾਂ ਦੈੜ ਕਿਹਾ ਜਾਂਦਾ। ਖੁਰਲੀ ਵਿੱਚ ਤੂੜੀ ਪਾ ਕੇ ਤੇ ਉੱਤੇ ਪਾਣੀ ਛਿੜਕ ਕੇ ਇਹ ਦੈੜ-ਦਾਣਾ ਉਸ ਵਿੱਚ ਚੰਗੀ ਤਰ੍ਹਾਂ ਰਲਾਇਆ ਜਾਂਦਾ ਤੇ ਉਸ ਨੂੰ ਸੰਨ੍ਹੀ ਜਾਂ ਗੁਤਾਵਾ ਕਿਹਾ ਜਾਂਦਾ। ਸੰਨ੍ਹੀ ਕਰਦਿਆਂ ਜਾਂ ਰਲਾਉਂਦਿਆਂ ਜੱਟ ਦਾ ਪੂਰਾ ਘੋਲ ਹੁੰਦਾ। ਕਈ ਵਾਰ ਸਰ੍ਹੋਂ ਦੀ ਖਲ ਵੀ ਤੂੜੀ ਵਿੱਚ ਰਲਾਈ ਜਾਂਦੀ। ਉਨ੍ਹਾਂ ਦਿਨਾਂ ਵਿੱਚ ਹਰ ਕੰਮ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਕੁਦਰਤੀ ਖਾਦ-ਪਾਣੀ ’ਤੇ ਹੀ ਫ਼ਸਲ ਪਲਦੀ ਸੀ। ਜਾਨ ਔਖੀ ਕਰ-ਕਰ ਕੀਤੀ ਮਿਹਨਤ ਨੂੰ ਵੀ ਕੁਦਰਤੀ ਕਰੋਪੀ ਲੈ ਡੁੱਬਦੀ। ਕਦੇ ਸੋਕਾ ਫ਼ਸਲ ਨੂੰ ਮਾਰ ਜਾਂਦਾ ਤੇ ਕਦੇ ਬਹੁਤੇ ਮੀਂਹ, ਕਦੇ ਤੋਰੀਏ ਨੂੰ ਤੇਲੀਆ ਖਾ ਜਾਂਦਾ ਤੇ ਕਦੇ ਕਣਕ ਨੂੰ ਟਿੱਡੀ ਦਲ। ਨਾ ਕੀਟਨਾਸ਼ਕ ਦਵਾਈਆਂ ਸਨ ਤੇ ਨਾ ਹੋਰ ਤਕਨੀਕਾਂ। ਕਿਸਾਨ ਦੀ ਨਾਰ ਰੀਝਾਂ ਪਾਲਦੀ ਰਹਿ ਜਾਂਦੀ ਕਿ ਫ਼ਸਲ ਆਈ ਤੋਂ ਪੂਰੀਆਂ ਕਰਾਂਗੀ ਪਰ ਉਨ੍ਹਾਂ ਦੀਆਂ ਆਸਾਂ ’ਤੇ ਗੜੇਮਾਰ ਹੋ ਜਾਂਦੀ ਤੇ ਕਰਾਰ ਪੂਰਾ ਨਾ ਹੁੰਦਾ:
ਜੱਟ ਪੈ ਗਿਆ ਕਰਾਰੋਂ ਝੂਠਾ ,
ਤੋਰੀਏ ਨੂੰ ਲੱਗਾ ਤੇਲੀਆ….।
ਜਦੋਂ ਕੋਈ ਮੁਟਿਆਰ ਆਪਣੀ ਨਿੱਕੀ-ਨਿੱਕੀ ਸੱਧਰ ਦਾ ਕਤਲ ਹੁੰਦਾ ਵੇਖਦੀ ਤਾਂ ਹਾਣੀ ਨੂੰ ਕਹਿੰਦੀ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੁੱਕ ਲਿਆ ਬਾਜ਼ਾਰ ਵਿੱਚੋਂ ਚਾਕੂ
ਕੁੜਤੀ ਲੈਣੀ ਆਉਣ ਜਾਣ ਨੂੰ
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ।
ਕਿਸਾਨ ਘਰਾਂ ਦੀ ਮਾੜੀ-ਮੰਦੀ ਆਰਥਿਕਤਾ ਦਾ ਲੋਕ-ਕਾਵਿ ਵਿੱਚ ਬਹੁਤ ਜ਼ਿਕਰ ਹੈ। ਇਹ ਗੱਲ ਦੇਖਣ ਵਾਲੀ ਹੈ ਘਰ ਭਾਵੇਂ ਬਾਬਲ ਦਾ ਹੈ ਜਾਂ ਮਾਹੀ ਦਾ ਪਰ ਮਾਲੀ ਹਾਲਤ ਤਕਰੀਬਨ ਇੱਕੋ ਜਿਹੀ ਹੈ। ਕਿਸਾਨੀ ਜੀਵਨ ਦਾ ਕਿਹੜਾ ਪੱਖ ਹੈ ਜੋ ਲੋਕ ਗੀਤਾਂ ਜਾਂ ਲੋਕ-ਕਾਵਿ ਦੀਆਂ ਹੋਰ ਵਿਧਾਵਾਂ ਵਿੱਚ ਨਹੀਂ ਰਚਿਆ ਗਿਆ। ਇਨ੍ਹਾਂ ਮਿਹਨਤਕਸ਼ ਜਿਊੜਿਆਂ ਨੂੰ ਇਹ ਲਾਚਾਰੀਆਂ ਤੇ ਕਬੀਲਦਾਰੀਆਂ ਉਮਰ ਭਰ ਹੀ ਆਪਣੀ ਗ੍ਰਿਫ਼ਤ ਵਿੱਚੋਂ ਨਹੀਂ ਨਿਕਲਣ ਦਿੰਦੀਆਂ।
ਪੰਜਾਬ ਦੇ ਕਿਸਾਨ ਦੀ ਹਾਲਤ ਬਾਰੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੇ ਗੀਤ ਦੇ ਬੋਲ ਲੋਕ-ਕਾਵਿ ਵਿੱਚ ਹੀ ਨਹੀਂ ਕਿਰਤੀ ਕਿਸਾਨਾਂ ਦੇ ਖ਼ੂਨ ਵਿੱਚ ਰਚੇ ਹੋਏ ਹਨ:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲ਼ਾਂ ਵਿੱਚੋਂ ਨੀਰ ਵੱਗਿਆ।
ਲਿਆ ਤੰਗਲ਼ੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜੱਗਿਆ।
ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ
ਨੀਂ ਮੇਰੀਏ ਜੁਆਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੁਦਾਮਾਂ ਵਿੱਚੋਂ
ਨਿਕਲੇਂ ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗਮੰਤਰੀਓ,
ਮੇਰੇ ਬੇਜ਼ਬਾਨ ਢੱਗਿਆ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਹਲ਼ਾਂ ਵਿੱਚੋਂ ਨੀਰ ਵੱਗਿਆ…

ਪਰਮਜੀਤ ਕੌਰ ਸਰਹਿੰਦ ਸੰਪਰਕ:98728-9859
9
9
No comments:
Post a Comment