Wednesday, 4 September 2013

ਮੇਲੇ ਨੂੰ ਚੱਲ ਚੱਲੀਏ


‘ਮੇਲਾ’ ਮੇਲ ਸ਼ਬਦ ਤੋਂ ਬਣਿਆ ਹੈ। ਸੱਜਣਾਂ-ਪਿਆਰਿਆਂ, ਮਿੱਤਰਾਂ ਸਨੇਹੀਆਂ ਤੇ ਜਾਣੂਆਂ-ਪਛਾਣੂਆਂ ਦਾ ਮਿਲਣਾ ਹੀ ਮੇਲਾ ਹੈ। ਇਸ ਵਿੱਚ ਨਿੱਘ, ਹੁਲਾਸ ਤੇ ਤ੍ਰਿਪਤੀ ਦਾ ਅੰਸ਼ ਭਾਰੂ ਹੈ। ਜੇ ਪੰਜਾਬੀਆਂ ਦੇ ਸੱਭਿਆਚਾਰਕ ਖਾਸੇ ਦੇ ਦਰਸ਼ਨ ਕਰਨੇ ਹੋਣ ਤਾਂ ਕਿਸੇ ਮੇਲੇ ਵਿੱਚ ਜਾ ਕੇ ਵਿਚਰਨਾ ਪਏਗਾ।
ਮੇਲਿਆਂ ਦੀ ਉਤਪਤੀ ਕਬੀਲਾਈ ਸਮਾਜ ਤੋਂ ਹੋਈ। ਜਦੋਂ ਲੋਕ ਦਰੱਖਤਾਂ ਦੇ ਝੁੰਡ ਥੱਲੇ ਮਨ ਪ੍ਰਚਾਵੇ ਲਈ ਇਕੱਠੇ ਹੁੰਦੇ ਤਾਂ ਅਖਾੜਾ ਜਮਾਉਂਦੇ, ਨੱਚਦੇ-ਟੱਪਦੇ ਤੇ ਗਾਉਂਦੇ। ਅਜਿਹੇ ਹੀ ਮਨੋਰੰਜਨ ਲਈ ਅਗਾਂਹ ਫਿਰ ਕੋਈ ਦਿਨ ਮਿਥਦੇ ਤੇ ਵਿਦਾ ਹੁੰਦੇ। ਮੇਲੇ ਅਮੂਮਨ ਮਾੜੀਆਂ, ਥੇਹਾਂ, ਟੋਭਿਆਂ ਅਤੇ ਹੋਰ ਅਜਿਹੀਆਂ ਸਾਂਝੀਆਂ ਥਾਵਾਂ ’ਤੇ ਲੱਗਦੇ। ਧਾਰਮਿਕ ਮੇਲੇ ਡੇਰਿਆਂ, ਮੰਦਰਾਂ, ਮਸੀਤਾਂ-ਦਰਗਾਹਾਂ ਜਾਂ ਗੁਰਦੁਆਰਿਆਂ ਵਿੱਚ ਲੱਗਦੇ। ਮੇਲਾ ਕਿਸੇ ਵੀ ਥਾਂ ਕਿਉਂ ਨਾ ਲੱਗੇ, ਇਸ ਦਾ ਮਨੋਰਥ ਭਾਈਚਾਰਕ ਸਾਂਝ, ਮਨੁੱਖੀ ਕਦਰਾਂ-ਕੀਮਤਾਂ ਦਾ ਉਭਾਰ ਤੇ ਪਰਸਪਰ ਏਕਤਾ ਦੀ ਉਸਾਰੀ ਹੁੰਦਾ ਹੈ। ਇਹ ਅਤ੍ਰਿਪਤ ਭਾਵਨਾਵਾਂ ਦੀ ਪੂਰਤੀ ਕਰਵਾਉਂਦਾ ਤੇ ਨਵੀਆਂ ਸੱਧਰਾਂ ਜਗਾਉਂਦਾ ਹੈ।
ਪੰਜਾਬ ਦੀ ਧਰਤੀ ਤਾਂ ਹੈ ਹੀ ਮੇਲਿਆਂ ਨਾਲ ਵਰੋਸਾਈ ਹੋਈ। ਸ਼ਾਇਦ ਹੀ ਕੋਈ ਪਿੰਡ-ਗਰਾਂ ਅਜਿਹਾ ਹੋਵੇ ਜਿਸ ਦਾ ਨਾਂ ਕਿਸੇ ਮੇਲੇ, ਦਿਨ-ਦਿਹਾਰ ਜਾਂ ਅਜਿਹੇ ਕਿਸੇ ਤਿਉਹਾਰ ਨਾਲ ਨਾ ਜੁੜਿਆ ਹੋਵੇ। ਛਪਾਰ ਦਾ ਮੇਲਾ, ਜਰਗ ਦਾ ਮੇਲਾ ਆਦਿ ਕੌਮਤਾਂਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਮੇਲੇ ਹਨ। ਵਿਸਾਖੀ, ਦੀਵਾਲੀ, ਦੁਸਹਿਰਾ, ਮਾਘੀ, ਬਸੰਤ, ਹੋਲਾ-ਮਹੱਲਾ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਹਨ। ਮੇਲਿਆਂ ਵਿੱਚ ਅਖਾੜੇ ਲੱਗਣਾ, ਘੋਲ ਹੋਣਾ, ਛਿੰਝਾਂ ਪੈਣੀਆਂ, ਘੋੜਿਆਂ-ਕੁੱਤਿਆਂ-ਬਲਦਾਂ ਦੇ ਮੁਕਾਬਲੇ ਆਦਿ ਪੰਜਾਬੀਆਂ ਦਾ ਜੀਵਨ ਦਾ ਮੁੱਖ ਅੰਗ ਰਹੇ ਹਨ। ਇਨ੍ਹਾ ਮੇਲਿਆਂ ਵਿੱਚ ਨਚਾਰ ਨੱਚਦੇ ਅਤੇ ਢੋਲ ਦੇ ਡਗੇ ’ਤੇ ਜਵਾਨਾਂ ਦੀ ਜ਼ੋਰ ਅਜ਼ਮਾਈ ਹੁੰਦੀ। ਦੂਰੋਂ ਨੇੜਿਓਂ ਲੋਕ ਪੈਦਲ, ਘੋੜਿਆਂ-ਟਾਂਗਿਆਂ ਅਤੇ ਊਠਾਂ ’ਤੇ ਮੇਲੇ ਵਿੱਚ ਸ਼ਿਰਕਤ ਕਰਨ ਪਹੁੰਚਦੇ। ਕੱਪੜਿਆਂ ਦੀ ਵੰਨ ਸੁਵੰਨਤਾ ਮੇਲੇ ਦਾ ਰੂਪ ਸ਼ਿੰਗਾਰਦੀ:
ਲਹਿੰਗਾ ਰੰਗ ਦੇ ਲਲਾਰੀਆ ਮੇਰਾ
ਮੇਲੇ ਜਾਣਾ ’ਨੰਦਪੁਰ ਦੇ
ਧੋ ਦੇ ਚਾਦਰਾ ਲਾਹੌਰੀ ਲੂਣ ਪਾ ਕੇ
ਮੇਲੇ ਜਾਣਾ ਮੁਕ’ਸਰ ਦੇ
ਗੋਟਾ ਲਾ ਕੇ ਚੁੰਨੀ ਨੂੰ ਨਿਕਲੀ
ਮੇਲੇ ਜਾਣ ਗੁੱਗੇ ਪੀਰ ਦੇ
ਮੇਲਿਆਂ ਦਾ ਉਤਸ਼ਾਹ ਜਿੱਥੇ ਨਵੇਂ ਲੀੜਿਆਂ-ਕੱਪੜਿਆਂ ਨਾਲ ਜੁੜਦਾ, ਉੱਥੇ ਘਰਾਂ ਦੀ ਸਾਫ਼-ਸਫ਼ਾਈ ਤੇ ਲਿੱਪਾਪੋਚੀ ਵੀ ਹੁੰਦੀ। ਮੇਲਿਆਂ ਦੇ ਸ਼ੌਕੀਨ ਆਪਣੇ ਪਹਿਰਾਵੇ ਨੂੰ ਹੀ ਨਾ ਸੁਆਰਦੇ ਸਗੋਂ ਆਪਣੇ ਘੋੜਿਆਂ, ਬੋਤਿਆਂ, ਬਲਦਾਂ ਲਈ ਘੁੰਗਰੂ, ਫੁੰਮਣ, ਹਾਰਾਂ-ਹਮੇਲਾਂ, ਟੱਲੀਆਂ, ਕਾਠੀਆਂ ਨਾਲ ਸ਼ਿੰਗਾਰਦੇ। ਗੱਭਰੂ ਸਾਥਣ ਮੁਟਿਆਰ ਲਾਲ ਮੇਲੇ ਦੇ ਉਤਸ਼ਾਹ ਵਿੱਚ ਬੋਤਾ ਭਜਾਉਂਦਾ ਤਾਂ ਉਸ ਦੇ ਬੋਲ ਉੱਭਰਦੇ:
ਬੋਤਾ ਹੌਲੀ ਤੋਰ ਮਿੱਤਰਾ
ਮੇਰਾ ਨਰਮ ਕਾਲਜਾ ਧੜਕੇ
ਬੋਤਾ ਹੌਲੀ ਤੋਰ ਮਿੱਤਰਾ
ਮੇਰੇ ਦੁਖਣ ਕੰਨਾਂ ਦੇ ਵਾਲੇ
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ
ਆਪਣੀ ਟੌਹਰ ਦੇ ਨਾਲ ਮੁਟਿਆਰ ਬੋਤੇ ਦੇ ਸ਼ਿੰਗਾਰ ਦੀ ਫ਼ਰਮਾਇਸ਼ ਵੀ ਕਰਦੀ ਹੈ:
ਮੇਲੇ ਨੂੰ ਚੱਲੂੰਗੀ ਨਾਲ ਤੇਰੇ,
ਬੋਤੇ ਨੂੰ ਸ਼ਿੰਗਾਰ ਮਿੱਤਰਾ
ਕਈ ਵਾਰੀ ਅਵੈੜ ਬੋਤਾ ਅੱਗੇ ਵੱਢਣ ਨੂੰ ਆਉਂਦਾ ਹੈ।
ਕੇਹਾ ਪਾਲਿਆ ਕੁਲੱਛਣਾ ਬੋਤਾ
ਚੜ੍ਹਦੀ ਦੇ ਵੱਢੇ ਦੰਦੀਆਂ।
ਜੇ ਕਦੇ ਮੁਟਿਆਰ ਆਪਣੇ ਗੱਭਰੂ ਸਾਥੀ ਨਾਲ ਮੇਲੇ ਜਾਣੋਂ ਅਸਮਰੱਥ ਹੁੰਦੀ ਤਾਂ ਉਹ ਆਪਣੀ ਮੰਗ ਜ਼ਰੂਰ ਰੱਖਦੀ:
ਮੇਲੇ ਚੱਲਿਆਂ ਲਿਆ ਦਈ ਲਹਿੰਗਾ
ਲੈ ਜਾ ਮੇਰਾ ਲੱਕ ਮਿਣ ਕੇ
ਜੇ ਕਿਸੇ ਕਾਰਨ ਘਰ ਦੇ ਵੱਡੇ ਮੇਲੇ ਜਾਣ ਤੋਂ ਵਰਜਦੇ ਤਾਂ ਮੁਟਿਆਰ ਨੂੰ ਇਹ ਵਾਰਾ ਨਾ ਖਾਂਦਾ:
ਟੱਲ ਟੱਲ ਟੱਲ, ਬੁੜ੍ਹੀ ਨੂੰ ਬੋਲਣ ਦੇ
ਮੇਲਾ ਵੇਖਣ ਚੱਲ
ਇਵੇਂ ਹੀ ਜੇ ਕਿਧਰੇ ਘਰ ਵਿੱਚ ਸੱਸ ਬੀਮਾਰ ਹੋਵੇ ਜਾਂ ਘਰ ਨਣਦ ਕੁਆਰੀ ਹੋਵੇ ਤਾਂ ਮੁਟਿਆਰ ਲਈ ਮੇਲੇ ਜਾਣਾ ਔਖਾ ਹੋ ਜਾਂਦਾ। ਜੇ ਸੱਸ ਮਰ ਜਾਏ ਜਾਂ ਨਣਦ ਸਹੁਰੇ ਤੁਰ ਜਾਵੇ ਤਾਂ ਮੁਟਿਆਰ ਮੇਲੇ ਜਾਣ ਲਈ ਆਪਣਾ ਰਾਹ ਸੁਖਾਲਾ ਹੋਇਆ ਮਹਿਸੂਸ ਕਰਦੀ ਹੈ:
ਸੱਸ ਮਰ ਗਈ ਨਣਾਨ ਸਹੁਰੇ ਤੁਰ ਗਈ
ਆਪਾਂ ਦੋਵੇਂ ਮੇਲੇ ਚੱਲੀਏ।
ਮੇਲੇ ਨੂੰ ਜੀਵਨ ਦੇ ਸੱਚ ਨਾਲ ਜੋੜ ਕੇ ਇੰਜ ਵੀ ਕਿਹਾ ਜਾਂਦਾ ਹੈ:
ਓੜਕ ਨੂੰ ਮਰ ਜਾਣਾ,
ਆਓ ਸਾਰੇ ਮੇਲੇ ਚੱਲੀਏ
ਮੇਲਾ ਦੋ ਘੜੀਆਂ,
ਰਲ ਕੇ ਵੇਖੀਏ ਸਾਰੇ
ਪੁਰਾਣੇ ਵੇਲਿਆਂ ਵਿੱਚ ਲੋਕ ਗੱਡੇ ਜੋੜਦੇ ਅਤੇ ਰਲ-ਮਿਲ ਹੁੰਮ ਹੁਮਾ ਕੇ ਮੇਲੇ ਜਾਂਦੇ। ਰਾਹ ਵਿੱਚ ਗੀਤਾਂ ਦੀ ਛਹਿਬਰ ਲੱਗਦੀ, ਗਿੱਧੇ ਪੈਂਦੇ ਤੇ ਮੁਸਕੜੀਆਂ ਦਾ ਵੱਟੋ-ਸੱਟਾ ਹੁੰਦਾ:
ਮੇਲਾ ਮੇਲਾ ਕਰੇਂ ਮੇਲਣੇ,
ਮੇਲਾ ਲੱਗੂ ਬਥੇਰਾ
ਸਾਰੇ ਪਿੰਡ ਦੇ ਚੋਬਰ ਆ ਗਏ
ਕੀ ਬੁੱਢੜਾ ਕੀ ਠੇਰਾ
ਤੈਨੂੰ ਧੁੱਪ ਲੱਗਦੀ, ਮੱਚੇ ਕਾਲਜਾ ਮੇਰਾ
ਸ਼ਮਲਿਆਂ-ਕੈਂਠਿਆਂ ਨਾਲ ਫੱਬੇ ਗੱਭਰੂ ਆਪਣੀ ਹੋਂਦ ਦਾ ਪ੍ਰਗਟਾਵਾ ਕੁਝ ਇੰਜ ਕਰਦੇ:
ਅਸੀਂ ਗੱਭਰੂ ਦੇਸ ਪੰਜਾਬ ਦੇ
ਸਾਡੀ ਸ਼ੇਰਾਂ ਵਰਗੀ ਸ਼ਾਨ
ਸਾਡੀ ਬਾਹੀਂ ਬਿਜਲੀਆਂ ਨੱਚਦੀਆਂ
ਸਾਡੇ ਪੈਰ ਭੰਗੜੇ ਪਾਣ
ਮੇਲੇ ਚੱਲ ਮਿੱਤਰਾ
ਅੱਜ ਮਿਲਣੇ ਹਾਣ ਨੂੰ ਹਾਣ।
ਮੇਲੇ ਮਿੱਠੀਆਂ ਸਾਂਝਾਂ ਦੇ ਸਬੱਬ ਬਣਦੇ। ਕੁਝ ਵਿਸ਼ੇਸ਼ ਮੇਲੇ ਪੰਜਾਬੀ ਲੋਕ ਧਾਰਾ ਨਾਲ ਗਹਿਰੇ ਜੁੜ ਗਏ। ਲੋਕਾਂ ਦੇ ਮਨਾਂ ਵਿਚਲਾ ਉਤਸ਼ਾਹਉਨ੍ਹਾਂ ਮੇਲਿਆਂ ਦੀ ਮਹੱਤਤਾ ਨੂੰ ਉਭਾਰਦਾ। ਲੋਕ ਕਿਸੇ ਵੀ ਕੀਮਤ ’ਤੇ ਉਸ ਮੇਲੇ ਦੀਆਂ ਰੰਗੀਨੀਆਂ ਤੋਂ ਵਿਰਵੇ ਨਾ ਹੋਣਾ ਚਾਹੁੰਦੇ। ਜਰਗ ਦੇ ਮੇਲੇ ਨਾਲ ਜੁੜੀ ਇਹ ਲੋਕ ਬੋਲੀ ਆਪਣੀ ਖ਼ੂਬਸੂਰਤੀ ਦੀ ਮਿਸਾਲ ਆਪ ਹੈ:
ਚੱਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੁੱਕ ਲਊਂ
ਹਰਮੇਸ਼ ਕੌਰ ਯੋਧੇ
ਸੰਪਰਕ: 84272-2615
5

No comments:

Post a Comment