ਧਰਤੀ ’ਤੇ ਜੀਵਨ ਦੀ ਹੋਂਦ ਰੁੱਖਾਂ ਕਾਰਨ ਹੈ। ਰੁੱਖਾਂ ਦੀਆਂ ਅਨੇਕਾਂ ਕਿਸਮਾਂ ਵਿੱਚੋਂ ਟਾਹਲੀ ਮਜ਼ਬੂਤ ਅਤੇ ਗੂੜ੍ਹੀ ਛਾਂ ਵਾਲਾ ਰੁੱਖ ਹੈ। ਟਾਹਲੀ ਨੂੰ ਵਿਗਿਆਨਕ ਭਾਸ਼ਾ ਵਿੱਚ ‘ਦਲਬਰਜੀਆ ਸਿਸੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਟਾਹਲੀ ਨੂੰ ਸੀਸ਼ਮ ਅਤੇ ਸਿੰਸਪਾ ਵੀ ਕਹਿੰਦੇ ਹਨ। ਟਾਹਲੀ ਦਾ ਮੂਲ ਸਥਾਨ ਭਾਰਤ ਨੂੰ ਮੰਨਿਆ ਗਿਆ ਹੈ ਪਰ ਬਿਹਾਰ ਟਾਹਲੀ ਪੈਦਾ ਕਰਨ ਵਿੱਚ ਸਾਰੇ ਭਾਰਤ ਵਿੱਚੋਂ ਪਹਿਲਾ ਸਥਾਨ ਰੱਖਦਾ ਹੈ। ਟਾਹਲੀ ਪਹਾੜੀ, ਮੈਦਾਨੀ, ਦਰਿਆਈ ਅਤੇ ਘੱਟ ਰੇਤਲੇ ਇਲਾਕਿਆਂ ਵਿੱਚ ਆਮ ਪਾਈ ਜਾਂਦੀ ਹੈ। ਟਾਹਲੀ ਤੋਂ ਮਨੁੱਖਤਾ ਨੂੰ ਪ੍ਰਾਪਤ ਹੋਏ ਸੁੱਖਾਂ ਵਿੱਚੋਂ ਸੱਭਿਆਚਾਰਕ ਸ਼ਬਦਾਂ ਦੀ ਉਪਜ ਹੋਈ। ਪੁਰਾਤਨ ਲੋਕ ਸਮੂਹ ਨੇ ਰੁੱਖਾਂ ਦੇ ਸੁੱਖਾਂ ਨੂੰ ਜਿਹੜੀਆਂ ਕਾਵਿ ਪੰਕਤੀਆਂ ਵਿੱਚ ਪਰੋਇਆ ਉਹ ਲੋਕ ਗੀਤ ਅਤੇ ਲੋਕ ਬੋਲੀਆਂ ਬਣ ਗਏ। ਸਾਡੇ ਸਮਾਜ ਦੇ ਪੁਰਾਤਨ ਰਿਵਾਜਾਂ ਮੁਤਾਬਕ ਵਿਆਹ ਤੋਂ ਕਈ-ਕਈ ਸਾਲ ਜਾਂ ਦਹਾਕੇ ਪਹਿਲਾਂ ਮੰਗਣਾ ਹੁੰਦਾ ਸੀ, ਮੰਗਣੇ ਨੂੰ ਰੋਪਣਾ ਪੈਣਾ ਕਹਿੰਦੇ ਸਨ। ਇਸ ਸਮੇਂ ਤੋਤੇ ਦਾ ਬੋਲਣਾ ਸ਼ੁਭ ਮੰਨਿਆ ਜਾਂਦਾ ਸੀ। ਅਜਿਹੇ ਖ਼ੁਸ਼ੀ ਦੇ ਸਮੇਂ ਇੱਕ ਭੈਣ ਆਪਣੇ ਭਰਾ ਦੀ ਸੁੱਖ ਮੰਗਦੀ ਹੋਈ ਟਾਹਲੀ ਦੇ ਰੁੱਖ ਦਾ ਵਰਣਨ ਕਰਦੀ ਹੋਈ ਇੰਜ ਆਖਦੀ ਹੈ:
ਮੇਰੇ ਵੀਰ ਦਾ ਰੋਪਣਾ ਪੈਂਦਾ,
ਟਾਹਲੀ ਉੱਤੋਂ ਬੋਲ ਤੋਤਿਆ।
ਤੋਤੇ ਨੂੰ ਵਿੱਛੜੇ ਮੇਲਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਛੋੜੇ ਦੇ ਦਰਦ ਨੂੰ ਵਿਛੋੜਾ ਸਹਿਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ। ਇੱਕ-ਦੂਜੇ ਤੋਂ ਦੂਰੀ ਸਹਿ ਰਹੇ ਪ੍ਰੇਮੀਆਂ ਸਬੰਧੀ ਟਾਹਲੀ ਦੇ ਰੁੱਖ ਅਤੇ ਤੋਤਾ ਬੋਲਣ ਦਾ ਵਰਣਨ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਮਿਲDrਦਾ ਹੈ:
ਟਾਹਲੀ ਉੱਤੋਂ ਬੋਲ ਤੋਤਿਆ
ਕਦੋਂ ਹੋਣਗੇ ਸੱਜਣ ਦੇ ਮੇਲੇ
ਟਾਹਲੀ ਦਾ ਰੁੱਖ ਬਹੁਤ ਮੋਟੇ ਪੋਰੇ ਵਾਲਾ, ਵੱਡੇ ਮੋਟੇ ਡਾਹਣਿਆਂ ਵਾਲਾ ਤਾਰਦਾਰ ਸਖ਼ਤ ਅਤੇ ਚੀਕਣੀ ਲੱਕੜੀ ਵਾਲਾ ਰੁੱਖ ਹੈ। ਟਾਹਲੀ ਨੂੰ ਮਾਲਵੇ ਦਾ ਸਾਗਵਾਨ ਵੀ ਆਖਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਗੱਡੇ ਦੇ ਨਿਰਮਾਣ ਵਿੱਚ ਟਾਹਲੀ ਦਾ ਖਾਸ ਮਹੱਤਵ ਹੁੰਦਾ ਸੀ। ਗੱਡੇ ਦੀ ਨਾਭ, ਬੂਜਲੀ, ਗਜ਼, ਪੁੱਠੀਆ, ਛੱਤ, ਸ਼ਗਨੀ, ਪਿੰਜਣੀ, ਠੋਡ, ਸਦਵਾਈ, ਅਲਾਰੀਆ, ਫੱਲ੍ਹੜ ਸਭ ਟਾਹਲੀ ਦੇ ਬਣਦੇ ਸਨ।
ਪੁਰਾਣੀ ਤਿਆਰ ਹੋਈ ਟਾਹਲੀ ਦੇ ਤਣੇ ਅਤੇ ਡਾਹਣਿਆਂ ਵਿੱਚ ਉੱਪਰੋਂ 3/4 ਇੰਚ ਬੱਗੋਂ ਹੁੰਦੀ ਹੈ ਅਤੇ ਵਿਚਕਾਰੋਂ ਟਾਹਲੀ ਦੀ ਲੱਕੜ ਖਾਕੀ- ਲਾਲ ਅਤੇ ਕਈ ਵਾਰ ਲਾਲ-ਕਾਲੀ ਭਾਅ ਮਾਰਦੀ ਹੈ। ਟਾਹਲੀ ਦੀ ਲੱਕੜ ਇਮਾਰਤਾਂ ਲਈ ਮਜ਼ਬੂਤ, ਸੁੰਦਰ ਅਤੇ ਲਾਹੇਵੰਦ ਮੰਨੀ ਜਾਂਦੀ ਹੈ। ਜਿੱਥੇ ਤਰਖਾਣ ਚੌਰਸੀਆਂ, ਸੱਥੀਆਂ, ਹਥੌੜੇ, ਹਥੌੜੀਆਂ, ਘਣਾਂ ਦੇ ਦਸਤੇ ਟਾਹਲੀ ਦੇ ਪਾ ਕੇ ਖ਼ੁਸ਼ ਹੁੰਦਾ, ਉੱਥੇ ਮਿਸਤਰੀ ਟਾਹਲੀ ਦਾ ਰੰਦਾ ਬਣਾ ਕੇ ਮਾਣ ਮਹਿਸੂਸ ਕਰਦੇ ਸਨ। ਖੇਤਾਂ ਦੇ ਸਖ਼ਤ ਕੰਮਾਂ ਵਿੱਚ ਹਲਾਂ, ਖੁਰਪਿਆਂ ਦੇ ਦਸਤਿਆਂ, ਕਹੀਆਂ, ਕਸੋਲੀਆਂ, ਤੰਗਲੀਆਂ ਦੇ ਦਸਤੇ ਵੀ ਟਾਹਲੀ ਦੇ ਪੈਂਦੇ ਸੀ। ਮਾਲਵੇ ਵਿੱਚ ਟਾਹਲੀ ਤੋਂ ਪਹਿਲਾਂ ਰਹੂੜੇ ਜਾਂ ਕਿੱਕਰ ਦੀ ਲੱਕੜ ਵਰਤੋਂ ਵਿੱਚ ਆਉਂਦੀ ਸੀ। ਟਾਹਲੀ ਦੀ ਮਜ਼ਬੂਤੀ ਦੇਖ ਕੇ ਚਰਖੇ ਵੀ ਟਾਹਲੀ ਦੇ ਬਣਨ ਲੱਗ ਪਏ। ਇੱਕ ਧੀ ਆਪਣੀ ਮਾਂ ਨੂੰ ਟਾਹਲੀ ਦਾ ਚਰਖਾ ਬਣਾਉਣ ਲਈ ਜਿਹੜੇ ਸ਼ਬਦਾਂ ਵਿੱਚ ਬਿਆਨ ਕਰਦੀ ਹੈ, ਉਹ ਸਾਡੇ ਲੋਕ ਗੀਤਾਂ ਵਿੱਚ ਇੰਜ ਪਰੋਏ ਹੋਏ ਹਨ:
ਕਿੱਕਰ ਦਾ ਮੇਰਾ ਚਰਖਾ ਮਾਏ,
ਟਾਹਲੀ ਦਾ ਬਣਵਾ ਦੇ।
ਇਸ ਚਰਖੇ ਦੇ ਹਿੱਲਣ ਮਝੇਰੂ,
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ,
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਨੀਂ ਚੰਦਰਾ,
ਸਾਡੀ ਅੱਲ੍ਹੜਾਂ ਦੀ ਨੀਂਦ ਗਵਾਵੇ।
ਟਾਹਲੀ ਦਾ ਰੁੱਖ ਆਮ ਤੌਰ ’ਤੇ ਲਗਪਗ 30 ਤੋਂ 50 ਫੁੱਟ ਦੇ ਵਿਚਕਾਰ ਹੁੰਦਾ ਹੈ। ਚੁਫੇਰੇ ਫੈਲਿਆ ਇਹ ਰੁੱਖ ਸਭ ਨੂੰ ਠੰਢੀ ਗੂੜ੍ਹੀ ਛਾਂ ਬਖ਼ਸ਼ਦਾ ਹੈ। ਟਾਹਲੀ ਦੇ ਮਜ਼ਬੂਤ ਡਾਹਣੇ ਹੋਣ ਕਰਕੇ ਸਾਉਣ ਮਹੀਨੇ ਵਿੱਚ ਕੁੜੀਆਂ ਇਸ ’ਤੇ ਪੀਂਘਾਂ ਝੂਟਦੀਆਂ ਹਨ। ਟਾਹਲੀ ਦੇ ਰੁੱਖ ਨੂੰ ਜਿੱਥੇ ਪਹਾੜਾਂ, ਮੈਦਾਨਾਂ, ਖੂਹਾਂ, ਛੱਪੜਾਂ, ਟੋਭਿਆਂ, ਖੇਤਾਂ, ਚੋਆਂ, ਸੱਥਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਆਮ ਵੇਖਿਆ ਜਾ ਸਕਦਾ ਹੈ, ਉੱਥੇ ਦਰਿਆਵਾਂ ਦੇ ਕਿਨਾਰਿਆਂ ’ਤੇ ਟਾਹਲੀ ਚੁਫ਼ੇਰੇ ਨੂੰ ਚਾਰ ਚੰਨ ਲਾਉਂਦੀ ਹੈ। ਟਾਹਲੀ ਦੇ ਕੱਚੇ ਛੋਟੇ ਰੁੱਖ ਦੀ ਛਿੱਲੜ ਜਿੱਥੇ ਕਰੀਮ ਅਤੇ ਹਰੇ ਰੰਗ ਦੀ ਰਲਵੀਂ-ਮਿਲਵੀਂ ਭਾਅ ਮਾਰਦੀ ਹੈ, ਉੱਥੇ ਪੱਕੇ ਰੁੱਖ ਦੀ ਛਿੱਲੜ ਭੂਰੇ ਰੰਗ ਦੀ ਅਤੇ ਬੰਜਰ ਧਰਤੀ ਵਾਂਗ ਉੱਪਰੋਂ ਫਟੀ ਜਿਹੀ ਹੁੰਦੀ ਹੈ। ਟਾਹਲੀ ਦੇ ਪੱਤੇ ਹਰੇ ਕਚੂਰ ਪਤਾਸਿਆਂ ਵਰਗੇ ਗੋਲ ਹੁੰਦੇ ਹਨ। ਪੱਤੇ ਦੀ ਡੰਡੀ ਸਾਹਮਣੇ ਇੱਕ ਛੋਟੀ ਜਿਹੀ ਨੋਕ ਹੁੰਦੀ ਹੈ। ਅਪਰੈਲ ਮਹੀਨੇ ਵਿੱਚ ਗਰਮੀ ਸ਼ੁਰੂ ਹੁੰਦਿਆਂ ਹੀ ਟਾਹਲੀ ’ਤੇ ਪੀਲੇ, ਚਿੱਟੇ ਰੰਗ ਦੇ ਛੋਟੇ-ਛੋਟੇ ਫੁੱਲ ਲੱਗਦੇ ਹਨ। ਫੁੱਲਾਂ ਤੋਂ ਬਾਅਦ 2-3 ਇੰਚ ਦੀਆਂ ਹਰੇ/ਪੀਲੇ ਰੰਗ ਦੀਆਂ ਪਤਲੀਆਂ ਚਪਟੀਆਂ ਫਲੀਆਂ ਵਿੱਚ ਟਾਹਲੀ ਦਾ ਬੀਜ ਬਣਦਾ ਹੈ। ਇਕ ਫਲੀ ਵਿੱਚ 2 ਤੋਂ 4 ਬੀਜ ਹੁੰਦੇ ਹਨ। ਜਦ ਸਾਉਣ ਮਹੀਨੇ ਵਿੱਚ ਮੀਂਹ ਦੀ ਛਹਿਬਰ ਲੱਗ ਜਾਂਦੀ ਹੈ ਤਾਂ ਠੰਢੀਆਂ ਹਵਾਵਾਂ ਨਾਲ ਫਲੀਆਂ ਅਤੇ ਪੱਤੇ ਅਨੋਖਾ ਸੰਗੀਤ ਪੈਦਾ ਕਰਦੇ ਹਨ। ਪੰਛੀ ਵੀ ਟਾਹਲੀਆਂ ’ਤੇ ਆਪਣੀਆਂ ਸੁਰਾਂ ਦੇ ਰਾਗ ਅਲਾਪਦੇ ਹਨ।:
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ,
ਗਾਉਣ ਵਾਲੇ ਦਾ ਮੂੰਹ,
ਹਾਣੀਆਂ ਟਾਹਲੀ ’ਤੇ ਘੁੱਗੀ ਕਰੇ ਘੂੰ-ਘੂੰ
ਆਪਣੀ ਧੀ ਦੀ ਡੋਲੀ ਤੋਰਨ ਤੋਂ ਮਗਰੋਂ ਮਾਵਾਂ-ਧੀਆਂ ਇੱਕ-ਦੂਜੀ ਕੋਲੋਂ ਵਿੱਛੜ ਜਾਂਦੀਆਂ ਹਨ। ਵਿਛੋੜੇ ਨੂੰ ਮਿਲਾਪ ਵਿੱਚ ਬਦਲਣ ਲਈ ਸਾਉਣ ਦੀਆਂ ਤੀਆਂ ਦੀ ਉਡੀਕ ਹੁੰਦੀ ਹੈ। ਮਾਵਾਂ-ਧੀਆਂ ਦੇ ਵਿਛੋੜੇ ਸਬੰਧੀ ਟਾਹਲੀ ਦੇ ਜ਼ਿਕਰ ਰਾਹੀਂ ਲੋਕ ਗੀਤਾਂ ਵਿੱਚ ਮਿਲਦਾ ਹੈ:
ਉੱਚੀ ਟਾਹਲੀ ’ਤੇ ਘੁੱਗੀਆਂ ਦਾ ਜੋੜਾ
ਮਾਵਾਂ ਧੀਆਂ ਦਾ ਲੰਮਾ ਵਿਛੋੜਾ
ਰੱਬਾ ਕਿਤੇ ਮਿਲੀਏ…
ਮਿਲੀਏ ਤਾਂ ਮਿਲੀਏ ਮਿਲ ਮੇਰੀਏ ਜਾਨੇ
ਹੁਣ ਤਾਂ ਪੈ ਗਈਆਂ ਵੱਸ ਬਿਗਾਨੇ
ਰੱਬਾ ਕਿਤੇ ਮਿਲੀਏ…
ਵੈਦਗੀ ਪੱਖੋਂ ਨਜ਼ਰ ਮਾਰੀਏ ਤਾਂ ਟਾਹਲੀ ਦੀਆਂ ਪੱਤੀਆਂ ਵਿੱਚੋਂ ਟੈਨਿਨ ਪ੍ਰਾਪਤ ਹੁੰਦਾ ਹੈ ਜੋ ਅਨੇਕਾਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਟਾਹਲੀ ਦੀ ਲੱਕੜੀ ਵਿੱਚੋਂ ਤੇਲ ਨਿਕਲਦਾ ਹੈ ਜੋ ਵੀਰਜ਼ ਵਰਧਕ ਹੈ ਅਤੇ ਕੋੜ੍ਹ, ਸਫ਼ੈਦ ਦਾਗ਼, ਪੇਟ ਦੇ ਕੀੜੇ, ਖ਼ੂਨ ਸ਼ੁੱਧ ਕਰਨ ਅਤੇ ਫੋੜੇ ਫੁੰਨਸੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਟਾਹਲੀ ਤੋਂ ਤਿਆਰ ਦਵਾਈਆਂ ਹਿਚਕੀ, ਸੋਜ਼, ਬਲਗਮ, ਬਵਾਸੀਰ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਲਈ ਲਾਹੇਵੰਦ ਹਨ। ਟਾਹਲੀ ਅਨੇਕ ਗੁਣਾਂ ਦੀ ਖਾਣ ਹੈ। ਟਾਹਲੀ ਦੀਆਂ ਨਵੀਆਂ ਟਾਹਣੀਆਂ ਸੂਖ਼ਮ ਤੇ ਕੋਮਲ ਹੁੰਦੀਆਂ ਹਨ। ਜਦੋਂ ਇਹ ਟਾਹਣੀਆਂ ਪੱਕ ਜਾਂਦੀਆਂ ਹਨ ਤਾਂ ਕਮਜ਼ੋਰ ਦੰਦਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਣ ਲਈ ਇਸ ਦੀ ਦਾਤਣ ਬਹੁਤ ਫਾਇਦੇਮੰਦ ਹੁੰਦੀ ਹੈ। ਪਿਸ਼ਾਬ ਦੀਆਂ ਪਰੇਸ਼ਾਨੀਆਂ ਲਈ ਟਾਹਲੀ ਦੇ ਪੱਤਿਆਂ ਦਾ ਕਾੜ੍ਹਾ ਲਾਹੇਵੰਦ ਹੈ।
ਜਿਵੇਂ ਮਨੁੱਖੀ ਜੀਵਨ ਵਿੱਚ ਇਕੱਲਤਾ ਜੀਵਨ ਵਿੱਚ ਵੱਡੀ ਸਮੱਸਿਆ ਹੈ, ਉਵੇਂ ਹੀ ਰੁੱਖ ਵੀ ਇਕੱਲਾ ਨਹੀਂ ਉਗਾਉਂਦੇ ਸਨ। ਇਹ ਲੋਕ ਗੀਤ ਸਾਨੂੰ ਅਜਿਹਾ ਹੀ ਅਹਿਸਾਸ ਕਰਾਉਂਦਾ ਹੈ:
’ਕੱਲੀ ਹੋਵੇ ਨਾ ਵਣਾਂ ਵਿੱਚ ਟਾਹਲੀ,
’ਕੱੱਲਾ ਨਾ ਹੋਵੇ ਪੁੱਤ ਜੱਟ ਦਾ
’ਕੱਲਾ ਰੁੱਖ ਜੰਗਲਾਂ ਵਿੱਚ ਡੋਲੇ,
’ਕੱਲਾ ਰੱਬਾ ਕੋਈ ਨਾ ਹੋਵੇ
ਸਾਡੇ ਲੋਕ ਗੀਤਾਂ ਵਿੱਚ ਜੇ ਟਾਹਲੀ ਉਗਾਈ ਜਾਂਦੀ ਹੈ ਤਾਂ ਉਸ ਕੋਲ ਤੂਤ ਲਾਉਣ ਦੀ ਗੱਲ ਇਸੇ ਵਿਸ਼ੇ ਦਾ ਪ੍ਰਗਟਾਵਾ ਹੈ। ਇਨ੍ਹਾਂ ਲੋਕ ਗੀਤਾਂ ਨੂੰ ਜਦੋਂ ਤ੍ਰਿੰਞਣਾਂ ਜਾਂ ਤੀਆਂ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਅਤੇ ਵਿਆਹ ਸਮੇਂ ਮੇਲਣਾ ਲੰਮੀ ਹੇਕ ਵਿੱਚ ਗਾਉਂਦੀਆਂ ਹਨ ਤਾਂ ਚੁਫੇਰਾ ਵਾਹ-ਵਾਹ ਕਰ ਉੱਠਦਾ ਹੈ:
ਕਿੱਥੇ ਤੇ ਲਾਨੀਆਂ ਟਾਹਲੀਆਂ,
ਵੇ ਪੱਤਾਂ ਵਾਲੀਆਂ!
ਵੇ ਮੇਰਾ ਪਤਲਾ ਮਾਹੀ,
ਕਿੱਥੇ ਤੇ ਲਾਵਾਂ ਸ਼ਤੂਤ?
ਬਾਗ਼ੀ ਤਾਂ ਲਾਨੀਆਂ ਟਾਹਲੀਆਂ,
ਵੇ ਪੱਤਾਂ ਵਾਲੀਆਂ!
ਵੇ ਮੇਰਾ ਪਤਲਾ ਮਾਹੀ,
ਬੂਹੇ ’ਤੇ ਲਾਵਾਂ ਸ਼ਤੂਤ!
ਕਈ ਪਿੰਡਾਂ ਅਤੇ ਗੁਰਦੁਆਰਿਆਂ ਦੇ ਨਾਂ ਵੀ ਟਾਹਲੀ ਦੇ ਨਾਂ ’ਤੇ ਰੱਖੇ ਹੋਏ ਹਨ। ਰੁੱਖ ਸਾਡਾ ਬਹੁਤ ਕੀਮਤੀ ਸਰਮਾਇਆ ਹਨ। ਇਸ ਲਈ ਰੁੱਖਾਂ ਨੂੰ ਵੱਢਣਾ ਤਾਂ ਦੂਰ ਦੀ ਗੱਲ ਹੈ ਸਗੋਂ ਛਾਂਗਣਾ ਵੀ ਨਹੀਂ ਚਾਹੀਦਾ। ਇਹੋ ਸੁਨੇਹਾ ਇਹ ਲੋਕ ਬੋਲੀ ਦਿੰਦੀ ਹੈ:
ਊਠਾਂ ਵਾਲਿਆਂ ਛਾਂਗ ਲਈ ਟਾਹਲੀ
ਤਿੱਪ ਤਿੱਪ ਰੋਣ ਅੱਖੀਆਂ।
Dr lakhbir singh
No comments:
Post a Comment