Wednesday, 4 September 2013

ਟਾਵੇਂ-ਟਾਵੇਂ ਦਿਸਣ ਵਾਣ ਦੇ ਮੰਜੇ


ਜ਼ਿੰਦਗੀ ਦੀ ਤੇਜ਼ ਰਫ਼ਤਾਰ ਨੇ ਸਾਡੀ ਵਿਰਾਸਤ, ਸਾਡੇ ਸੱਭਿਆਚਾਰ ਵਿੱਚੋਂ ਪਤਾ ਨਹੀਂ ਕੀ-ਕੀ ਮਨਫ਼ੀ ਕਰ ਦਿੱਤਾ ਹੈ ਅਤੇ ਪਤਾ ਨਹੀਂ ਅਜੇ ਹੋਰ ਕਿੰਨਾ ਕੁਝ ਕਿਰਦਾ ਜਾਵੇਗਾ, ਸਾਡੇ ਇਸ ਅਮੀਰ ਸੱਭਿਆਚਾਰ ਦੀ ਬੁੱਕਲ ਵਿੱਚੋਂ। ਸਾਡੇ ਇਸ ਸੱਭਿਆਚਾਰ ਦੀ ਇੱਕ ਅਹਿਮ ਵੰਨਗੀ ਜਿਸ ਦੇ ਬਿਨਾਂ ਘਰ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਉਹ ਅੱਜ ਹਾਸ਼ੀਏ ’ਤੇ ਆ ਖਲੋਤੀ ਹੈ। ਉਸ ਅਹਿਮ ਵੰਨਗੀ, ਸੌਗਾਤ ਦੀ ਹਾਲਤ ਵੇਖ ਕੇ ਕਿਸੇ ਸ਼ਾਇਰ ਨੇ ਕੁਝ ਇਸ ਤਰ੍ਹਾਂ ਕਿਹਾ ਹੈ:
ਆਉਣ ਪਰਾਹੁਣੇ, ਜਾਣ ਪਰਾਹੁਣੇ ਵਾਣ ਦਾ ਮੰਜਾ ਡਹਿੰਦਾ,
ਸੇਰੂ ਟੁੱਟ ਗਏ, ਹੀਆਂ ਹਿੱਲੀਆਂ ਬਹਿ ਗਿਆ ਬਹਿੰਦਾ-ਬਹਿੰਦਾ
ਅੱਜ ਉਸ ਮੰਜੇ ਦੀ ਇਹ ਹਾਲਤ, ਸਾਹ ਟਾਵਾਂ ਜਿਹਾ ਲੈਂਦਾ।
ਜੀ ਹਾਂ ਵਾਣ ਦਾ ਉਹ ਮੰਜਾ ਜੋ ਅੱਜ ਆਪਣੀ ਹੋਂਦ ਗੁਆ ਬੈਠਾ ਹੈ, ਕਦੇ ਘਰਾਂ ਦਾ ਸ਼ਿੰਗਾਰ ਹੋਇਆ ਕਰਦਾ ਸੀ ਅਤੇ ਧੀ ਦੇ ਦਾਜ ਵਿੱਚ ਨਵਾਰੀ ਮੰਜਿਆਂ ਦੇ ਨਾਲ-ਨਾਲ ਵਾਣ ਦੇ ਮੰਜਿਆਂ ਦੀਆਂ ਇੱਕ-ਦੋ ਜੋੜੀਆਂ ਵੱਖ-ਵੱਖ ਨਮੂਨਿਆਂ ਵਿੱਚ ਬੁਣ ਕੇ ਦਿੱਤੀਆਂ ਜਾਂਦੀਆਂ ਸਨ। ਘਰ ਵਿੱਚ ਆਏ ਪਰਾਹੁਣਿਆਂ ਲਈ ਇਨ੍ਹਾਂ ਵਾਣ ਦੇ ਮੰਜਿਆਂ ਉੱਪਰ ਹੱਥੀਂ ਕੱਢੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸਨ। ਇਨ੍ਹਾਂ ਵਾਣ ਦੇ ਮੰਜਿਆਂ ਉੱਪਰ ਸੌਣ ਦਾ ਵੱਖਰਾ ਆਨੰਦ ਹੁੰਦਾ ਸੀ। ਖੁੱਲ੍ਹ ਕੇ ਨੀਂਦ ਆਉਣੀ ਅਤੇ ਸੌਂ ਕੇ ਥਕਾਵਟ ਦੂਰ ਹੋ ਜਾਣੀ। ਜਦੋਂ ਪਹਿਲੇ ਸਮਿਆਂ ਵਿੱਚ ਬਰਾਤਾਂ ਰਾਤ ਰਹਿੰਦੀਆਂ ਸਨ ਤਾਂ ਸਾਰੇ ਪਿੰਡ ਤੋਂ ਬਰਾਤ ਦੇ ਸੌਣ ਲਈ ਵਾਣ ਦੇ ਮੰਜੇ ਇਕੱਠੇ ਕੀਤੇ ਜਾਂਦੇ ਸਨ। ਖ਼ੁਸ਼ੀ ਦੇ ਮੌਕਿਆਂ ’ਤੇ ਇਨ੍ਹਾਂ ਮੰਜਿਆਂ ਨੂੰ ਜੋੜ ਕੇ ਉੱਪਰ ਸਪੀਕਰ ਲਾਏ ਜਾਂਦੇ ਸਨ।
ਅੱਜ ਦੇ ਇਸ ਵਪਾਰਕ ਯੁੱਗ ਵਿੱਚ ਕਿਸੇ ਕੋਲ ਐਨਾ ਵਕਤ ਨਹੀਂ ਕਿ ਉਹ ਪਹਿਲਾਂ ਸਣ ਦਾ ਕਣ ਬੀਜੇ, ਗਰਨੇ ਬੰਨ੍ਹੇ, ਗਲਣ ਲਈ ਦਸ ਦਿਨ ਲਈ ਪਾਣੀ ਵਿੱਚ ਨੱਪੇ, ਸਣ ਕੱਢੇ, ਵਾਣ ਕੱਤੇ, ਲੱਛੇ ਬਣਾਏ, ਧੋ-ਬਣਾ ਕੇ ਸਾਫ਼ ਕਰਕੇ ਪਾਵੇ, ਸੇਰੂ, ਹੀਆਂ, ਚੁਗਾਠਾਂ ਲਿਆ ਕੇ ਫਿਰ ਕਿਸੇ ਮੰਜਾ ਬਣਾਉਣ ਵਾਲੇ ਨੂੰ ਲੱਭ ਕੇ ਉਸ ਕੋਲੋਂ ਮੰਜਾ ਬਣਵਾਵੇ। ਉਂਜ ਵੀ ਅੱਜ ਦੇ ਮਹਿੰਗੇ ਬੈੱਡਾਂ ਅੱਗੇ ਵਾਣ ਦੇ ਮੰਜੇ ਦੀ ਕੋਈ ਪੇਸ਼ ਚੱਲਦੀ ਨਹੀਂ ਦਿਖਦੀ। ਅਮੀਰ ਘਰਾਂ ਵਿੱਚ ਤਾਂ ਵਾਣ ਦੇ ਮੰਜੇ ਦੀ ਕੋਈ ਥਾਂ ਹੀ ਨਹੀਂ ਰਹੀ। ਮੱਧਵਰਗੀ ਅਤੇ ਗ਼ਰੀਬ ਪਰਿਵਾਰਾਂ ਵਿੱਚ ਇਸ ਦੀ ਹੋਂਦ ਨੂੰ ਲੋਹੇ ਦੇ ਫੋਲਡਿੰਗ ਮੰਜਿਆਂ ਅਤੇ ਲੱਕੜ ਦੇ ਬੈਂਚਾਂ ਨੇ ਢਾਹ ਲਾਈ ਹੈ। ਹੁਣ ਜੇ ਕਿਤੇ ਕੋਈ ਵਾਣ ਦਾ ਮੰਜਾ ਦਿਸਦਾ ਹੈ ਤਾਂ ਉਹ ਕਿਤੇ ਦਾਦੀ-ਦਾਦੇ ਦੇ ਵੇਲੇ ਦਾ ਰਹਿ ਗਿਆ ਹੋਇਆ ਲੱਗਦਾ ਹੈ ਕਿਉਂਕਿ ਉਸ ਦੀਆਂ ਚੂਲਾਂ ਆਦਿ ਢਿੱਲੀਆਂ ਹੋਈਆਂ ਹੀ ਮਿਲਦੀਆਂ ਹਨ। ਸਾਬਤ ਸੂਰਤ ਮੰਜੇ ਦੇ ਦਰਸ਼ਨ ਤਾਂ ਹੁਣ ਨੁਮਾਇਸ਼ਾਂ ਵਿੱਚ ਹੀ ਹੁੰਦੇ ਹਨ।
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਸੰਪਰਕ: 099888-1168
1

No comments:

Post a Comment