Tuesday, 17 September 2013

ਡਾਹਢਾ ਰੰਗ ਫੁਲਕਾਰੀ ਦਾ



ਔਰਤ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ ਪਰ ਉਸ ਨੂੰ ਆਪਣੇ ਕੁਦਰਤੀ ਹੁਸਨ ਨਾਲ ਕਦੇ ਰੱਜ ਨਹੀਂ ਆਉਂਦਾ। ਜਿੰਨਾ ਚਿਰ ਉਹ ਸੁੰਦਰ ਪਹਿਰਾਵੇ ਤੇ ਹਾਰ-ਸ਼ਿੰਗਾਰ ਨਾਲ ਆਪਣੇ-ਆਪ ਨੂੰ ਸੰਵਾਰ ਨਾ ਲਵੇ, ਉਸ ਦੀ ਤ੍ਰਿਪਤੀ ਨਹੀਂ ਹੁੰਦੀ। ਸੋਹਣਾ ਪਹਿਰਾਵਾ ਤੇ ਹਾਰ-ਸ਼ਿੰਗਾਰ ਔਰਤ ਦੀ ਕਮਜ਼ੋਰੀ ਹੁੰਦੀ ਹੈ, ਜਿਸ ਵੱਲ ਉਸ ਦਾ ਸਦਾ ਧਿਆਨ ਰਹਿੰਦਾ ਹੈ। ਪੁਰਾਤਨ ਸਮਿਆਂ ਵਿੱਚ ਘੱਗਰਾ ਤੇ ਫੁਲਕਾਰੀ (ਦੋਵੇਂ ਕੱਪੜੇ) ਔਰਤ ਲਈ ਪ੍ਰਮੁੱਖ ਹੁੰਦੇ ਸਨ। ਦਾਜ ਵਿੱਚ ਫੁਲਕਾਰੀ ਜ਼ਰੂਰ ਦਿੱਤੀ ਜਾਂਦੀ ਸੀ।
ਫੁਲਕਾਰੀ ਮੋਟੇ ਲਾਲ ਰੰਗ ਦੇ ਖੱਦਰ ਉਪਰ ਰੇਸ਼ਮ ਜਾਂ ਪੱਟ ਦੇ ਧਾਗੇ ਨਾਲ ਕੱਢੀ ਜਾਂਦੀ। ਇਸ ਨੂੰ ਔਰਤਾਂ ਘਰਾਂ ਵਿੱਚ ਹੀ ਕੱਢਦੀਆਂ। ਕਈ ਵਾਰ ਕੁਝ ਕੁੜੀਆਂ ਚਰਖਾ ਕੱਤ ਰਹੀਆਂ ਹੁੰਦੀਆਂ ਤਾਂ ਉਸੇ ਤ੍ਰਿੰਞਣ ਵਿੱਚ ਬੈਠ ਕੇ ਕਈ ਕੁੜੀਆਂ ਫੁਲਕਾਰੀ ਵੀ ਕੱਢ ਰਹੀਆਂ ਹੁੰਦੀਆਂ। ਫੁਲਕਾਰੀ, ਕੁੜੀਆਂ ਅਕਸਰ ਗਰਮੀਆਂ ਦੀ ਰੁੱਤੇ ਕੋਠਿਆਂ ’ਤੇ ਮੰਜੇ ਖੜਵੇਂ ਰੂਪ ’ਚ ਜੋੜ ਕੇ ਇੱਕ ਮੰਜਾ ਵਿੱਚ ਡਾਹ ਕੇ (ਇਸ ਨੂੰ ਬੰਗਲਾ ਬਣਾਉਣਾ ਕਿਹਾ ਜਾਂਦਾ ਹੈ) ਉਸ ’ਤੇ ਬੈਠ ਕੇ ਦੋ-ਦੋ, ਤਿੰਨ-ਤਿੰਨ ਜਣੀਆਂ ਰਲ ਕੇ ਕੱਢਦੀਆਂ ਤੇ ਗੀਤ ਗਾਉਂਦੀਆਂ। ਕਈ ਵਾਰ ਘਰ ’ਚ ਲੱਗੇ ਰੁੱਖ ਹੇਠ ਬੈਠ ਕੇ ਜਾਂ ਘਰ ਦੀ ਡਿਊੜੀ ਦੇ ਦਰਵਾਜ਼ੇ ਅੱਗੇ ਵਾਹ ਹਾਰੇ ਬੈਠ ਕੇ ਕੱਢਦੀਆਂ।
ਫੁਲਕਾਰੀ ਦੀ ਕਢਾਈ ਤੇ ਤੋਪੇ ਕਈ ਕਿਸਮ ਦੇ ਹੁੰਦੇ। ਕਈ ਵਾਰ ਕੱਪੜੇ ਦੇ ਚਾਰੇ ਪਾਸੇ ਗਿੱਠ-ਗਿੱਠ ਚੌੜਾ ਬਾਰਡਰ ਬਣਾਇਆ ਜਾਂਦਾ। ਕਈ ਵਾਰ ਸਾਰੇ ਕੱਪੜੇ ਦੇ ਵਿੱਚ-ਵਿੱਚ ਵਿਰਲੇ ਡਿਜ਼ਾਈਨ ਪਾਏ ਜਾਂਦੇ। ਜੇਕਰ ਕੱਪੜੇ ’ਚ ਥਾਂ-ਥਾਂ ’ਤੇ ਵਿਰਲਾਂ ਹਨ ਤਾਂ ਉਸ ਨੂੰ ਫੁਲਕਾਰੀ ਕਿਹਾ ਜਾਂਦਾ ਪਰ ਕੋਈ ਕੱਪੜਾ ਸਾਰਾ ਹੀ ਕਢਾਈ ਨਾਲ ਭਰ ਦਿੱਤਾ ਜਾਂਦਾ, ਕਿਤੇ ਸੂਈ ਜਿੰਨੀ ਥਾਂ ਦੀ ਵਿਰਲ ਵੀ ਨਾ ਹੁੰਦੀ ਤਾਂ ਉਸ ਨੂੰ ਬਾਗ ਕਿਹਾ ਜਾਂਦਾ।
ਕਈ ਵਾਰ ਫੁਲਕਾਰੀ ਦੀ ਕਢਾਈ ਵਿੱਚ ਸ਼ੀਸ਼ੇ ਤੇ ਸਿਤਾਰੇ ਵੀ ਜੜੇ ਜਾਂਦੇ। ਫੁਲਕਾਰੀ ਦੀ ਕਢਾਈ ਔਖੀ ਹੁੰਦੀ ਤੇ ਬੜੇ ਧਿਆਨ ਨਾਲ ਕੀਤੀ ਜਾਂਦੀ। ਸਾਰਾ ਡਿਜ਼ਾਈਨ ਇੱਕ-ਦੂਜੇ ਤੋਪੇ ’ਤੇ ਨਿਰਭਰ ਕਰਦਾ। ਜੇ ਇੱਕ ਤੋਪਾ ਗ਼ਲਤ ਹੋ ਜਾਵੇ ਤਾਂ ਸਾਰੀ ਫੁਲਕਾਰੀ ਦੀ ਕਢਾਈ ਖ਼ਰਾਬ ਹੋ ਜਾਂਦੀ, ਭਾਵ ਗ਼ਲਤ ਹੋ ਜਾਂਦੀ। ਫੁਲਕਾਰੀ ਦਾ ਹਲਕਾ ਡਿਜ਼ਾਈਨ ਤਾਂ ਇੱਕ ਮਹੀਨੇ ’ਚ ਨਿਕਲ ਜਾਂਦਾ ਪਰ ਬਾਗ ਤਾਂ ਤਿੰਨ-ਚਾਰ ਮਹੀਨੇ ਦਾ ਸਮਾਂ ਲੱਗ ਕੇ ਪੂਰਾ ਹੁੰਦਾ। ਹਰ ਕੁੜੀ ਮਾਪਿਆਂ ਦੇ ਘਰੋਂ ਫੁਲਕਾਰੀ ਕੱਢਣੀ ਜ਼ਰੂਰ ਸਿਖ ਕੇ ਜਾਂਦੀ। ਇਸੇ ਲਈ ਜਦ ਉਸ ਦਾ ਪਤੀ ਉਸ ਨੂੰ ਕੱਢਣਾ ਨਾ ਆਉਣ ਦਾ ਤਾਹਨਾ ਦਿੰਦਾ ਤਾਂ ਉਹ ਅੱਗੋਂ ਜਵਾਬ ਦਿੰਦੀ:-
ਆਪੇ ਤੇ ਕਹਿੰਦਾ ਤੈਨੂੰ ਕੱਢਣਾ ਨਹੀਂ ਆਉਂਦਾ
ਮੈਂ ਕੱਢ ਲਈ ਫੁਲਕਾਰੀ
ਜਦ ਮੈਂ ਉੱਤੇ ਲਈ
ਤੈਂ ਹਾਕਰ ਕਿਉਂ ਮਾਰੀ
ਵਿਆਹ-ਸ਼ਾਦੀਆਂ ਦੇ ਮੌਕੇ ਗਿੱਧੇ ’ਚ ਨੱਚਦੀਆਂ ਮੁਟਿਆਰਾਂ ਵੀ ਫੁਲਕਾਰੀ ਦਾ ਜ਼ਿਕਰ ਕਰਦੀਆਂ:-
ਬਈ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਬੁਟਾਰੀ
ਉੱਥੋਂ ਦੀਆਂ ਦੋ ਕੁੜੀਆਂ ਸੁਣੀਂਦੀਆਂ
ਇੱਕ ਪਤਲੀ ਇੱਕ ਭਾਰੀ
ਬਈ ਪਤਲੀ ’ਤੇ ਤਾਂ ਕੱਖ ਡੋਰੀਆ
ਭਾਰੀ ’ਤੇ ਫੁਲਕਾਰੀ
ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ।
ਕੁੜੀਆਂ ਨੂੰ ਦਾਜ ਵਿੱਚ ਫੁਲਕਾਰੀ ਜ਼ਰੂਰ ਦਿੱਤੀ ਜਾਂਦੀ ਤਾਂ ਕੁੜੀ ਆਪਣੇ ਪੇਕੇ ਘਰ ਭਾਵ ਭਰਾ ਤੇ ਭਾਬੋ ਨੂੰ ਕਿਵੇਂ ਅਸੀਸਾਂ ਦਿੰਦੀ:-
ਵੀਰ ਮੇਰੇ ਕੁੜਤੀ ਦਿੱਤੀ
ਭਾਬੋ ਨੇ ਫੁਲਕਾਰੀ
ਜੁੱਗ-ਜੁੱਗ ਜੀਅ ਭਾਬੋ
ਲੱਗੇ ਜਾਨ ਤੋਂ ਪਿਆਰੀ
ਜਦੋਂ ਔਰਤ ਦਾ ਮਾਹੀ ਕਿਧਰੇ ਦੂਰ-ਦੁਰਾਡੇ ਪਰਦੇਸ ਜਾਂਦਾ ਤਾਂ ਉਹ ਆਪਣੀਆਂ ਫੁਲਕਾਰੀਆਂ ਸੰਦੂਕਾਂ ਵਿੱਚ ਸੰਭਾਲ ਦਿੰਦੀ ਹੈ ਪਰ ਜਦ ਉਸ ਨੂੰ ਮਾਹੀ ਦੇ ਆਉਣ ਦਾ ਪਤਾ ਲੱਗਦਾ ਜਾਂ ਮਾਹੀ ਘਰ ਆ ਜਾਂਦਾ ਤਾਂ ਉਹ ਸੰਦੂਕ ’ਚੋਂ ਚਾਈਂ-ਚਾਈਂ ਸਭ ਤੋਂ ਵਧੀਆ ਫੁਲਕਾਰੀ ਕੱਢਦੀ ਤੇ ਗੀਤ ਗਾਉਂਦੀ ਵਿਹੜੇ ’ਚ ਝੂਮਦੀ ਫਿਰਦੀ:-
ਨਣਦੇ ਨੀਂ, ਮੈਂ ਖੋਲ੍ਹਾਂ ਸੰਦੂਕ
ਤੇ ਕੱਢਾਂ ਫੁਲਕਾਰੀ ਨੀਂ
ਸ਼ੀਸ਼ਿਆਂ ਤੇ ਸਿਤਾਰਿਆਂ ਵਾਲੀ ਨੀਂ
ਤੇਰਾ ਵੀਰ ਜੁ ਆਇਆ/ਆਂਵਦਾ
ਜੇ ਕਿਧਰੇ ਔਰਤ ਦਾ ਮਾਹੀ ਪਰਦੇਸ ਗਿਆ ਹੁੰਦਾ ਤਾਂ ਵਿਯੋਗ ਵਿੱਚ ਝੂਰਦੀ ਰਹਿੰਦੀ। ਜਿਹੜੀਆਂ ਫੁਲਕਾਰੀਆਂ ਉਸ ਦੇ ਸੱਧਰਾਂ ਨਾਲ ਕੱਢ ਕੇ ਸਹੁਰੇ ਘਰ ਲਿਆਂਦੀਆਂ ਹੁੰਦੀਆਂ ਹਨ ਕਿ ਉਹ ਪਤੀ ਦੇ ਨਾਲ ਆਉਣ-ਜਾਣ ਸਮੇਂ ਫੁਲਕਾਰੀ ਲੈ ਕੇ ਸੱਜ-ਧੱਜ ਕੇ ਜਾਇਆ ਕਰੇਗੀ, ਉਹ ਫੁਲਕਾਰੀ ਉਸ ਨੂੰ ਪਤੀ ਦੇ ਵਿਛੋੜੇ ਵਿੱਚ ਚੰਗੀ ਨਾ ਲੱਗਦੀ:-
ਫੁਲਕਾਰੀ ਮੇਰੀ ਰੇਸ਼ਮੀ
ਰੰਗ ਨਾ ਆਇਆ ਠੀਕ
ਛੇਤੀ ਦਰਸ਼ਨ ਦੇਵਣੇ
ਮੈਂ ਰਾਹ ਰਹੀ ਉਡੀਕ
ਜੇ ਕਿਧਰੇ ਦੋਹਾਂ ਜੀਆਂ ਵਿੱਚ ਮਨ-ਮੁਟਾਵ ਹੋ ਜਾਂਦਾ ਤਾਂ ਔਰਤ ਆਪਣੀ ਫੁਲਕਾਰੀ ਲਾਹ ਪਤੀ ਦੇ ਪੈਰਾਂ ’ਤੇ ਰੱਖ ਕੇ ਮੁਆਫ਼ੀ ਮੰਗਦੀ ਤੇ ਅੱਗੋਂ ਤੋਂ ਕਦੇ ਨਾਰਾਜ਼ ਹੋਣ ਤੋਂ ਤੋਬਾ ਕਰਦੀ:-
ਕੜੀਏ ਕੜੀਏ ਕੜੀਏ
ਤੈਨੂੰ ਚੱਕ ਬਨੇਰੇ ਧਰੀਏ
ਰੁੱਸੇ ਮਾਹੀ ਦਾ ਕੀ ਕਰੀਏ?
ਫੁਲਕਾਰੀ ਲਾਹ ਪੈਰਾਂ ’ਤੇ ਧਰੀਏ
ਇੱਕ ਵਾਰ ਬੋਲੋ ਜੀ
ਆਪਾਂ ਫੇਰ ਕਦੇ ਨਾ ਲੜੀਏ
ਕਈ ਵਿਚਾਰੇ ਤਾਂ ਆਰਥਿਕ ਤੰਗੀ ਕਾਰਨ ਫੁਲਕਾਰੀ ਵਾਲੀ ਦਾ ਸਾਥ ਨਿਭਾਉਣ ਬਿਨਾਂ ਹੀ ਜ਼ਿੰਦਗੀ ਕੱਟ ਜਾਂਦੇ ਭਾਵ ਛੜੇ ਰਹਿ ਜਾਂਦੇ ਤੇ ਕਈ ਘਰੇਲੂ ਕਲੇਸ਼ ਕਰਕੇ ਰੰਨਾਂ ਛੱਡ ਬਹਿੰਦੇ:-
ਰਾਹੇ ਜਾਂਦੀਆਂ ਦੋ ਮੁਟਿਆਰਾਂ
ਲੈ ਕੇ ਸਿਰਾਂ ’ਤੇ ਫੁਲਕਾਰੀਆਂ
ਇੱਕ ਰੰਨਾਂ ਨੂੰ ਝੂਰਦੇ ਰਹਿ ਜਾਣ ਛੜੇ
ਇੱਕ ਮੂਰਖਾਂ ਮਨੋਂ ਵਿਸਾਰੀਆਂ
ਪੁਰਾਤਨ ਸਮਿਆਂ ’ਚ ਲੋਕ ਅੰਧ-ਵਿਸ਼ਵਾਸਾਂ ਤੇ ਜਾਦੂ-ਟੂਣਿਆਂ ’ਚ ਵਿਸ਼ਵਾਸ ਰੱਖਦੇ ਸਨ। ਜੇ ਕਿਸੇ ਦੇ ਮਾਤਾ ਨਿਕਲਦੀ ਤਾਂ ਉਸ ਉਪਰ ਲਾਲ ਫੁਲਕਾਰੀ ਦਿੱਤੀ ਜਾਂਦੀ ਅਤੇ ਬੱਚੇ ਦੀ ਮਾਂ ਜਾਂ ਘਰ ਦਾ ਨੇੜਲਾ ਜੀਅ ਵੀ ਲਾਲ ਰੰਗ ਦੀ ਚੁੰਨੀ ਜਾਂ ਫੁਲਕਾਰੀ ਲੈਂਦਾ ਤਾਂ ਜੋ ਦੇਵੀ ਮਾਤਾ ਠੰਢ ਵਰਤਾਵੇ ਤੇ ਜਲਦੀ ਆਰਾਮ ਆਵੇ।
ਜਦੋਂ ਬਰਾਤਾਂ ਘੋੜੀਆਂ, ਰੱਥਾਂ, ਬੋਤਿਆਂ ’ਤੇ ਜਾਂਦੀਆਂ ਸਨ ਤਾਂ ਪਿੱਛੋਂ ਪੇਕੇ ਫੇਰਾ ਪਾਉਣ ਗਈ ਵਹੁਟੀ ਨੂੰ ਵੀ ਮਾਹੀਆ ਘੋੜੀ ਜਾਂ ਬੋਤੇ ’ਤੇ ਲੈਣ ਜਾਂਦਾ। ਜਿਵੇਂ ਸੱਜ ਵਿਆਹੀ ਵਹੁਟੀ ਸ਼ਿੰਗਾਰੀ ਜਾਂਦੀ ਹੈ, ਇਸੇ ਤਰ੍ਹਾਂ ਘੋੜੀ ਜਾਂ ਬੋਤਾ ਵੀ ਸ਼ਿੰਗਾਰ ਕੇ ਹੀ ਸਹੁਰੇ ਘਰ ਲਿਜਾਇਆ ਜਾਂਦਾ ਹੈ ਤੇ ਪਿੱਛੇ ਬਿਠਾ ਕੇ ਵਹੁਟੀ ਲਿਆਂਦੀ ਜਾਂਦੀ। ਨਵ-ਵਿਆਹੀ ਤੋਂ ਭਾਰੀ ਫੁਲਕਾਰੀ ਸੰਭਾਲੀ ਨਾ ਜਾਂਦੀ ਤਾਂ ਉਹ ਬੋਤਾ/ ਘੋੜੀ ਹੌਲੀ ਤੋਰਨ ਲਈ ਕਹਿੰਦੀ:-
ਬੋਤਾ ਹੌਲੀ ਤੋਰ ਮਿੱਤਰਾ
ਮੇਰੀ ਉੱਡ-ਉੱਡ ਜਾਏ ਫੁਲਕਾਰੀ
ਜਦ ਨਵ-ਵਿਆਹੀ ਰੇਸ਼ਮੀ ਕੱਪੜੇ ਪਾ ਕੇ, ਫੁਲਕਾਰੀ ਲੈ ਕੇ ਹਾਰ-ਸ਼ਿੰਗਾਰ ਕਰਕੇ ਸਹੁਰੇ ਘਰ ਪੁੱਜਦੀ ਤਾਂ ਉਸ ਦੇ ਹੁਸਨ ਦੀ ਚਰਚਾ ਹੁੰਦੀ:-
ਹੁਸਨ ਗੋਰੀ ਦਾ ਚੋ-ਚੋ ਪੈਂਦਾ
ਜਿਉਂ ਮਾਖਿਉਂ ਮੁਖਿਆਰੀ ਦਾ
ਨੈਣੀਂ ਗੋਰੀ ਨੇ ਕਜਲਾ ਪਾਇਆ
ਡਾਹਢਾ ਰੰਗ ਫੁਲਕਾਰੀ ਦਾ।
ਰੇਸ਼ਮ-ਰੇਸ਼ਮ ਹਰ ਕੋਈ ਕਹਿੰਦਾ
ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਸੋਹਣੀਏ
ਇਸ਼ਕ ਹੁਸਨ ਸੰਗ ਤੋਲਦਾ।
ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਪਾਈ
ਪਿੰਡ ਵਿੱਚ ਚੰਦ ਚੜ੍ਹ ਗਿਆ
ਜਦ ਬਹੂ ਮੁਕਲਾਵੇ ਆਈ।
ਫੁਲਕਾਰੀਆਂ ਭਾਰੇ ਖੱਦਰ ਦੀਆਂ ਹੋਣ ਕਾਰਨ ਜਿੱਥੇ ਸਿਰ ’ਤੇ ਲੈ ਕੇ ਸੰਭਾਲਣ ਵਿੱਚ ਔਖਾ ਮਹਿਸੂਸ ਕਰਦੀਆਂ, ਉੱਥੇ ਕਢਾਈ ਕਰਨ ਸਮੇਂ ਵੀ ਕਈ-ਕਈ ਮਹੀਨੇ ਜਦ ਫੁਲਕਾਰੀ ਦੀ ਕਢਾਈ ਨੂੰ ਲੱਗ ਜਾਂਦੇ ਤਾਂ ਕੁੜੀਆਂ ਥੱਕ ਜਾਂਦੀਆਂ ਤੇ ਬਾਹਾਂ ’ਚ ਖੱਲੀਆਂ ਪੈ  ਜਾਂਦੀਆਂ:-
ਕੱਢਾਂ ਫੁਲਕਾਰੀ ਮਾਹੀ ਵੇ, 
ਪਏ ਬਾਂਹ ਨੂੰ ਖੱਲੀ ਢੋਲਾ।
ਫੁਲਕਾਰੀ ਭਾਰੀ ਮਾਹੀ ਵੇ, 
ਹੁਣ ਜਾਏ ਨਾ ਝੱਲੀ ਢੋਲਾ।
ਕਿੰਨਾ ਵੀ ਭਾਰ ਸਹਿਣ ਕਰਨਾ ਪਵੇ ਪਰ ਕੁੜੀਆਂ ਨੂੰ ਫੁਲਕਾਰੀ ਬੜੀ ਪਿਆਰੀ ਹੁੰਦੀ ਹੈ ਤੇ ਉਹ ਘੁੱਟ-ਘੁੱਟ ਰੀਝਾਂ ਨਾਲ ਬੁੱਕਲ ਮਾਰਦੀਆਂ ਹਨ:-
ਮੇਰੀਏ ਦਾਜ ਦੀਏ ਫੁਲਕਾਰੀਏ
ਨੀਂ ਘੁੱਟ-ਘੁੱਟ ਮਾਰਾਂ ਬੁੱਕਲਾਂ
ਵਿਆਹ ਦੇ ਸਾਰੇ ਕਾਰਜ ਫੁਲਕਾਰੀਆਂ ਨਾਲ ਹੀ ਸੰਪੂਰਨ ਹੁੰਦੇ ਹਨ। ਜਦ ਵਿਆਂਹਦੜ ਕੁੜੀ/ ਮੁੰਡੇ ਨੂੰ ਵਟਣਾ ਮਲਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਚੌਕੀ ’ਤੇ ਬਿਠਾ ਕੇ ਸੁਹਾਗਣ ਔਰਤਾਂ ਉਸ ਉਪਰ ਫੁਲਕਾਰੀ ਦੀਆਂ ਚਾਰੇ ਕੰਨੀਆਂ ਫੜ ਕੇ ਆਲੇ-ਦੁਆਲੇ ਖੜ ਜਾਂਦੀਆਂ ਹਨ। ਫੁਲਕਾਰੀ ਦਾ ਕਢਾਈ ਵਾਲਾ ਪਾਸਾ ਭਾਵ ਸਿੱਧਾ ਪਾਸਾ ਵਿਆਂਹਦੜ ਦੇ ਸਿਰ ਵੱਲ ਹੁੰਦਾ ਹੈ, ਉਲਟਾ ਪਾਸਾ ਉਪਰ ਕੀਤਾ ਜਾਂਦਾ ਹੈ। ਮੂੰਹ ਜੁਠਾ ਕੇ ਵਟਣਾ ਮਲ ਕੇ ਇਹ ਫੁਲਕਾਰੀ ਵਿਆਂਹਦੜ ਦੇ ਸਿਰ ’ਤੇ ਦਿੱਤੀ ਜਾਂਦੀ ਹੈ ਤੇ ਉਹ ਫੁਲਕਾਰੀ ਦੀ ਬੁੱਕਲ ਮਾਰ ਕੇ ਝੋਲੀ ਵਿੱਚ ਮੱਠੇ ਗੁਣੇ ਪਵਾ ਲੈਂਦੀ ਹੈ। ਵਿਆਂਹਦੜ ਦੀ ਮਾਂ ਵੀ ਇਨ੍ਹਾਂ ਸ਼ਗਨਾਂ ਸਮੇਂ ਆਪਣੇ ਸਿਰ ’ਤੇ ਫੁਲਕਾਰੀ ਲੈਂਦੀ ਹੈ ਪਰ ਜੇ ਹੁਣ ਕਿਧਰੇ ਬਾਜ਼ਾਰਾਂ ’ਚ ਵਿਕਦੀ ਫੁਲਕਾਰੀ ਦਿਖਾਈ ਦਿੰਦੀ  ਤਾਂ ਉਹ ਵੀ ਮਸ਼ੀਨੀ ਕਢਾਈ, ਹਲਕੇ ਦੁਪੱਟੇ ’ਤੇ ਕੀਤੀ ਹੁੰਦੀ ਹੈ।

ਮੋਬਾਈਲ: 84272-26155

                                                                                       ਹਰਮੇਸ਼ ਕੌਰ ਯੋਧੇ

No comments:

Post a Comment