Tuesday, 17 September 2013

ਚੰਨ ਮਾਹੜਿਆ



ਪੰਜਾਬ ਦੀ ਲੋਕ ਸਾਹਿਤ ਪਰੰਪਰਾ ਬੇਹੱਦ ਅਮੀਰ ਹੈ। ਦੁਨੀਆਂ ਵਿੱਚ ਪੰਜਾਬੀਆਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੇ ਪੂਰੇ ਵਿਸ਼ਵ ਵਿੱਚ ਆਪਣਾ ਸਿੱਕਾ ਜਮਾਇਆ ਹੈ। ਪੰਜਾਬ ਦੇ ਵੱਖ-ਵੱਖ ਲੋਕ ਸਾਹਿਤ ਰੂਪ ਇੱਕ ਗੁਲਦਸਤੇ ਦੀ ਨਿਆਈਂ ਹਨ ਜਿਸ ਨੇ ਆਪਣੀ ਖ਼ੁਸ਼ਬੋਈ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਨ੍ਹਾਂ ਲੋਕ ਸਾਹਿਤ ਰੂਪਾਂ ਵਿੱਚ ਕਿਸੇ ਸਮੇਂ ‘ਚੰਨ’ ਵੀ ਬੇਹੱਦ ਹਰਮਨ-ਪਿਆਰਾ ਰੂਪ ਰਿਹਾ ਹੈ ਜੋ ਪੁਣਛ ਦੇ ਇਲਾਕੇ ਨਾਲ ਸਬੰਧ ਰੱਖਦਾ ਹੈ। ਇਹ ਇਲਾਕਾ ਅੱਜ-ਕੱਲ੍ਹ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਹੈ।
ਜਿਸ ਤਰ੍ਹਾਂ ਧਨ ਪੋਠੋਹਾਰ (ਪਾਕਿਸਤਾਨ) ਇਲਾਕੇ ਦੇ ਪ੍ਰਸਿੱਧ ਲੋਕ-ਕਾਵਿ ਰੂਪ ਬਾਲੋ ਮਾਹੀਆ ਵਿੱਚ ਬਾਲੋ ਨਾਂ ਦੀ ਮੁਟਿਆਰ ਵਾਰ-ਵਾਰ ਆਪਣੇ ਪ੍ਰੀਤਮ/ਪ੍ਰੇਮੀ ਨੂੰ ‘ਮਾਹੀ’ ਕਰਕੇ ਅਤੇ ‘ਢੋਲਾ’ ਕਾਵਿ ਰੂਪ ਵਿੱਚ ‘ਢੋਲ’ ਕਹਿ ਕੇ ਸੰਬੋਧਿਤ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ‘ਚੰਨ’ ਲੋਕ-ਕਾਵਿ ਰੂਪ ਵਿੱਚ ਬਿਰਹੋਂ ਕੁੱਠੀ ਮੁਟਿਆਰ ਆਪਣੇ ਪ੍ਰੇਮੀ ਨੂੰ ਵਾਰ-ਵਾਰ ਚੰਨ ਕਹਿ-ਕਹਿ ਕੇ ਪੁਕਾਰਦੀ ਹੈ ਅਤੇ ਉਸ ਨੂੰ ਮਿਲਣ ਦੀ ਤਾਂਘ ਪ੍ਰਗਟ ਕਰਦੀ ਹੈ। ਜਵਾਨੀ ਦੀ ਉਮਰੇ ਉਹ ਮੁਟਿਆਰ ਜਦੋਂ ਆਪਣੇ ਪ੍ਰੇਮੀ/ਪਿਆਰੇ ਨਾਲੋਂ ਵਿਛੜੀ ਹੁੰਦੀ ਹੈ, ਉਸ ਵੇਲੇ ਉਹ ਆਪਣੇ ਦਿਲ ਦੇ ਭਾਵਾਂ ਨੂੰ ਇਸ ਲੋਕ-ਕਾਵਿ ਰੂਪ ਵਿੱਚ ਪ੍ਰਗਟ ਕਰਦੀ ਹੈ। ਵਿਛੋੜੇ ਦੇ ਤੀਰ ਨਾਲ ਵਿੰਨ੍ਹੀ ਗਈ ਉਹ ਮੁਟਿਆਰ ਆਪਣੇ ‘ਚੰਨ’ ਮਾਹੀ ਨਾਲ ਮੁੜ ਮਿਲਾਪ ਦੀ ਤਾਂਘ ਉਜਾਗਰ ਕਰਦੀ ਹੈ। ਨਿਮਨਲਿਖਤ ਨਮੂਨੇ ਵਿੱਚ ਮੁਟਿਆਰ ਦੇ ਅਜਿਹੇ ਹੀ ਭਾਵ ਰੂਪਮਾਨ ਹੋ ਰਹੇ ਹਨ:
ਚੰਨ ਮਾਹੜਿਆ ਪਰਦੇਸੀਆਂ ਦੀ ਕੀ ਵੇ ਨਿਸ਼ਾਨੀ
ਮੈਲੇ-ਮੈਲੇ ਕੱਪੜੇ ਤੇ ਟੋਰ ਨਿਮਾਣੀ
ਗਏ ਪਰਦੇਸੀਆ ਚੰਨਾ ਰੱਬ ਮੇਲੇ।
ਡਾ. ਵਣਜਾਰਾ ਬੇਦੀ ਲੋਕਧਾਰਾ ਵਿਸ਼ਵਕੋਸ਼ ਵਿੱਚ ਇਸ ਕਾਵਿ ਰੂਪ ਦੇ ਮੁੱਢ ਬਾਰੇ ਇੱਕ ਦੰਦ-ਕਥਾ ਪ੍ਰਚਲਤ ਦੱਸਦੇ ਹਨ। ਪੁਣਛ ਦੇ ਨੇੜੇ ਮੁਜ਼ੱਫਰਾਬਾਦ ਵੱਲ ਜਾਂਦਿਆਂ ਰਸਤੇ ਵਿੱਚ ਇੱਕ ਪਹਾੜ ਆਉਂਦਾ ਹੈ। ਉਸ ਪਹਾੜ ਨੂੰ ਲੋਕ ‘ਗੰਗਾ ਚੋਟੀ’ ਦੇ ਨਾਂ ਨਾਲ ਜਾਣਦੇ ਹਨ। ਉਸ ਪਹਾੜ ਦੇ ਕੋਲ ਇੱਕ ਜਵਾਨ ਮੁਟਿਆਰ ਭੇਡਾਂ-ਬੱਕਰੀਆਂ ਚਾਰਨ ਜਾਇਆ ਕਰਦੀ ਸੀ। ਉਸੇ ਥਾਂ ’ਤੇ ਉਸੇ ਇਲਾਕੇ ਦਾ ਇੱਕ ਜਵਾਨ ਆਜੜੀ ਵੀ ਆਪਣੇ ਪਸ਼ੂਆਂ ਨੂੰ ਚਰਾਉਣ ਜਾਂਦਾ ਸੀ। ਅਕਸਰ ਮਿਲਦੇ ਰਹਿਣ ਕਾਰਨ ਦੋਵਾਂ ਦਾ ਪਿਆਰ ਪੈ ਗਿਆ। ਕੁਦਰਤ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਘਰ ਦੀ ਮੰਦੀ ਆਰਥਿਕਤਾ ਕਾਰਨ ਉਸ ਗੱਭਰੂ ਨੂੰ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਫ਼ੌਜ ਵਿੱਚ ਭਰਤੀ ਹੋਣਾ ਪੈ ਗਿਆ। ਫ਼ੌਜ ਵਿੱਚ ਭਰਤੀ ਹੋਣ ਕਾਰਨ ਦੋਵਾਂ ਦਾ ਮਿਲਣਾ ਬੰਦ ਹੋ ਗਿਆ। ਪਿਆਰੇ ਦੇ ਵਿਛੋੜੇ ਕਾਰਨ ਉਸ ਮੁਟਿਆਰ ਦਾ ਕਿਤੇ ਦਿਲ ਨਾ ਲੱਗਦਾ। ਉਹ ਇੱਧਰ-ਉੱਧਰ ਭਟਕਦੀ ਆਪਣੇ ਚੰਨ ਦੇ ਵੈਰਾਗ ਵਿੱਚ ਗੀਤ ਗਾਉਂਦੀ ਫਿਰਦੀ ਰਹਿੰਦੀ। ਨਿਮਨ ਲਿਖਤ ਕਾਵਿ ਟੁਕੜੀਆਂ ਵਿੱਚ ਵਾਰ-ਵਾਰ ਆਉਂਦਾ ਚੰਨ ਦਾ ਜ਼ਿਕਰ ਮਨ ਦੀ ਵੈਰਾਗਮਈ ਭਟਕਣ ਅਤੇ ਬਿਹਬਲਤਾ ਦਾ ਸੰਕੇਤ ਹੈ:
ਚੰਨ ਮਾਹੜਿਆ ਵਣਾਂ ਵਿੱਚ ਬੋਲਦੀ ਏ ਟੋਟਰ
ਨਿੱਕਾ ਜਿਹਾ ਚੰਨ ਮਾਹੜਾ ਫ਼ੌਜ ਵਿੱਚ ਨੌਕਰ 
ਗਏ ਪਰਦੇਸੀਆ ਚੰਨਾ ਕਿਹੜੇ ਦੇਸ ਏਂ। 
-ਚੰਨ ਮਾਹੜਿਆ ਬਣਾਂ ਵਿੱਚ ਬੋਲਦੀ ਆ ਕਾਗਣੀ
ਸੁੱਖਾਂ ਵਾਲੀ ਸੁੱਤੀ ਏ ਤੇ ਦੁੱਖਾਂ ਵਾਲੀ ਜਾਗਣੀ। 
ਗਏ ਪਰਦੇਸੀਆ ਚੰਨਾ ਵੇ ਰੱਬ ਮੇਲੇ।
ਯੁੱਧ ਵਿੱਚ ਉਹ ਜਵਾਨ ਮਾਰਿਆ ਗਿਆ। ਇਸ ਦਰਦਨਾਕ ਘਟਨਾ ਦੀ ਖ਼ਬਰ ਜਦੋਂ ਉਸ ਆਜੜੀ ਮੁਟਿਆਰ ਨੂੰ ਮਿਲੀ ਤਾਂ ਉਹ ਉਸ ਜਵਾਨ ਦੇ ਗ਼ਮ ਵਿੱਚ ਪਾਗਲ ਹੋ ਗਈ। ਉਸ ਗੱਭਰੂ ਦੇ ਸਦੀਵੀ ਵਿਛੋੜੇ ਦੇ ਗ਼ਮ ਵਿੱਚ ਉਸ ਮੁਟਿਆਰ ਨੇ ਜਿਹੜੇ ਕੀਰਨੇ ਤੇ ਵੈਣ ਪਾਏ, ਉਹ ‘ਚੰਨ’ ਦੇ ਨਾਂ ਨਾਲ ਪ੍ਰਸਿੱਧ ਹੋ ਗਏ। ਉਸ ਆਜੜੀ ਮੁਟਿਆਰ ਵੱਲੋਂ ਗਾਏ ਹਰ ਗੀਤ ਵਿੱਚ ਆਪਣੇ ਪ੍ਰੇਮੀ ਨੂੰ ‘ਚੰਨ’ ਸ਼ਬਦ ਨਾਲ ਸੰਬੋਧਿਤ ਹੋਣ ਕਾਰਨ ਵੀ ਇਸ ਲੋਕ-ਕਾਵਿ ਰੂਪ ਦਾ ਨਾਂ ‘ਚੰਨ’ ਪੈ ਗਿਆ। ਇਹ ਮਾਹੀਏ ਨਾਲ ਮਿਲਦਾ ਜੁਲਦਾ ਲੋਕ-ਕਾਵਿ ਰੂਪ ਹੈ ਕਿਉਂਕਿ ਦੋਵਾਂ ਕਾਵਿ ਰੂਪਾਂ ਦੇ ਕਈ ਟੱਪਿਆਂ ਵਿੱਚ ‘ਚੰਨ’ ਅਤੇ ‘ਮਾਹੀ’ ਦੇ ਸੰਬੋਧਨੀ ਸ਼ਬਦਾਂ ਤੋਂ ਬਿਨਾਂ ਹੋਰ ਕੋਈ ਅੰਤਰ ਨਹੀਂ ਹੈ:
ਚੰਨ: ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਚੰਨਾ, ਜਿਵੇਂ ਝੂਟਾ ਫਾਂਸੀ ਦਾ। 
ਮਾਹੀਆ: ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਮਾਹੀਆ, ਜਿਵੇਂ ਝੂਟਾ ਫਾਂਸੀ ਦਾ। 
ਚੰਨ:  ਦੋ ਪੱਤਰ ਅਨਾਰਾਂ ਦੇ। 
ਸਾਡੀ ਗਲੀ ਆ ਚੰਨ ਵੇ,  ਦੁੱਖ ਟੁੱਟਣ ਬਿਮਾਰਾਂ ਦੇ। 
ਮਾਹੀਆ: ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਆ ਮਾਹੀਆ, ਦੁੱਖ ਟੁੱਟਣ ਬਿਮਾਰਾਂ ਦੇ।
ਕਈ ਮਾਹੀਏ ਦੇ ਟੱਪਿਆਂ ਵਿੱਚ ਤਾਂ ਮਾਹੀਏ ਨੂੰ ‘ਚੰਨ’ ਸ਼ਬਦ ਨਾਲ ਪੁਕਾਰ ਕੇ ਉਸ ਨਾਲ ਕਾਵਿਕ ਗੱਲਾਂ ਕੀਤੀਆਂ ਗਈਆਂ ਹਨ। ਅਜਿਹੇ ਟੱਪਿਆਂ ਵਿੱਚ ‘ਚੰਨ’ ਅਤੇ ‘ਮਾਹੀਆ’ ਕਾਵਿ ਰੂਪ ਦੀ ਇਹੀ ਪਛਾਣ ਹੁੰਦੀ ਹੈ ਕਿ ‘ਚੰਨ’ ਦੇ ਸਾਰੇ ਟੱਪਿਆਂ ਵਿੱਚ ਵਿਛੋੜੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜਦੋਂਕਿ ‘ਮਾਹੀਏ ਦੇ ਟੱਪਿਆਂ ਵਿੱਚ ਬਹੁਤੀ ਥਾਈਂ ਮਿਲਾਪ ਦੀ ਗੱਲ ਛੋਹੀ ਗਈ ਹੁੰਦੀ ਹੈ; ਜਿਵੇਂ
-ਗੱਲ ਕਰਕੇ ਕੀ ਲੈਣਾ ਏ। 
ਦੁਨੀਆਂ ਤੋਂ ਡਰ ਚੰਨ ਵੇ, ਅਸੀਂ ਦੁਨੀਆ ’ਚ ਰਹਿਣਾ ਏ।
ਲੋਕ-ਕਾਵਿ ਦੇ ਕਈ ਰੂਪਾਂ ਵਿੱਚ ਚੰਨ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ ਜਿਵੇਂ ਸੁਹਾਗ, ਘੋੜੀਆਂ, ਸਿੱਖਿਆ ਅਤੇ ਸਿਹਰੇ ਕਾਵਿ ਰੂਪ ਵਿੱਚ ਪਰ ਇਨ੍ਹਾਂ ਕਾਵਿ ਰੂਪਾਂ ਨੂੰ ‘ਚੰਨ’ ਕਾਵਿ ਰੂਪ ਦਾ ਬਦਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਚਾਰੇ ਲੰਮੇ ਬਿਰਤਾਂਤਕ ਕਾਵਿ ਰੂਪ ਹਨ, ਟੱਪੇ ਨਹੀਂ। ਇਨ੍ਹਾਂ ਚਾਰਾਂ ਕਾਵਿ ਰੂਪਾਂ ਵਿੱਚ ‘ਚੰਨ’ ਸ਼ਬਦ ਚੰਦਰਮਾਂ ਦੇ ਸੁਹੱਪਣ, ਚਮਕ ਅਤੇ ਉਸ ਦੇ ਠੰਢ ਵਰਤਾਉਣ ਵਾਲੇ ਸੁਭਾਅ ਵਾਸਤੇ ਵਰਤਿਆ ਗਿਆ ਹੈ, ਮਾਹੀ ਦੇ ਵਿਛੋੜੇ ਦੇ ਹੇਰਵੇ ਵਜੋਂ ਨਹੀਂ। ਜਿਵੇਂ ਅੱਗੇ ਵਰਣਲ ਕੀਤੇ ਸੁਹਾਗ ਵਿੱਚ ਕੁੜੀ ਆਪਣੇ ਵੀਰ/ਮਾਪਿਆਂ ਵੱਲੋਂ ਪੁੱਛਣ ’ਤੇ  ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ, ਇਹ ਅਰਜ਼ੋਈ ਕਰਦੀ ਹੈ ਕਿ ਉਸ ਲਈ ਲੱਭਿਆ ਜਾਣ ਵਾਲਾ ਵਰ ‘ਚੰਨ’ (ਚੰਦਰਮਾ) ਵਰਗਾ ਸੁਹਣਾ ਹੋਣਾ ਚਾਹੀਦਾ ਹੈ।
‘ਸਿੱਖਿਆ’ ਕਾਵਿ ਰੂਪ ਦੀਆਂ ਤੁਕਾਂ ਵਿੱਚ ਲਾਵਾਂ/ਫੇਰੇ ਲੈ ਚੁੱਕੀ ਮੁਟਿਆਰ ਨੂੰ ਅਸੀਸ ਦਿੱਤੀ ਜਾਂਦੀ ਹੈ ਕਿ ਸਾਰੀ ਉਮਰ ਉਸ ਦੀ ਕਿਸਮਤ ਦਾ ਸਿਤਾਰਾ ਚੰਦਰਮਾਂ ਵਾਂਗ ਰੋਸ਼ਨ ਰਹੇ:
ਸਦਾ ਮਹਿਕ ਗ੍ਰਹਿਸਤ ਦੇ ਬਾਗ ਅੰਦਰ
ਜੁਗ ਜੁਗ ਜੀਂਦਾ ਰਹੇ ਸੁਹਾਗ ਤੇਰਾ। 
ਤੇਰੇ ਜੀਵਨ ਦੇ ਚਾਨਣੀ ਪੈਰ ਧੋਵੇ
ਅਤੇ ਚੰਨ ਵਾਂਗੂੰ ਚਮਕੇ ਭਾਗ ਤੇਰਾ।
ਨਿਮਨ ਦਰਜ ਕਾਵਿ ਟੁਕੜੀ ਭਾਵ ‘ਸਿਹਰਾ’ ਕਾਵਿ ਰੂਪ ਵਿੱਚ ਚੰਨ ਸ਼ਬਦ ਲਾੜੇ ਦੀ ਉਪਮਾ ਵਜੋਂ ਵਰਤਿਆ ਗਿਆ ਹੈ:
ਇਹ ਕੁਝ ਕੀਤਾ ਇਕੱਠਾ ਤੇ ਬਹਿ ਗਿਆ ਮੈਂ
ਸੋਹਣੇ ਚੰਨ ਦਾ ਸੇਹਰਾ ਬਨਾਵਣੇ ਨੂੰ।
ਸਮੇਂ ਵਿੱਚ ਆਈ ਤਬਦੀਲੀ ਕਾਰਨ ਵਰਤਮਾਨ ਸਮੇਂ ਵਿੱਚ ‘ਚੰਨ’ ਵੰਨਗੀ ਇੱਧਰਲੇ ਪੰਜਾਬ ਭਾਵ ਭਾਰਤੀ ਪੰਜਾਬ ਵਿੱਚ ਬਹੁਤ ਘੱਟ ਗਾਈ ਜਾਂਦੀ ਹੈ, ਹਾਂ ਮਾਹੀਆ-ਟੱਪਿਆਂ, ਬੋਲੀਆਂ ਅਤੇ ਢੋਲਿਆਂ ਵਿੱਚ ਚੰਨ ਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਹੈ। ਅੱਜ-ਕੱਲ੍ਹ ਇਹ ਵੰਨਗੀ ਟਾਵੇਂ-ਟਾਵੇਂ ਰੂਪ ਵਿੱਚ ਸੱਭਿਆਚਾਰਕ ਅਤੇ ਲੋਕ ਗੀਤਾਂ ਨਾਲ ਸਬੰਧਤ ਪੁਸਤਕਾਂ ਤਕ ਸਿਮਟ ਕੇ ਰਹਿ ਗਈ ਹੈ।

ਮੋਬਾਈਲ: 84275-58982

                                                                                ਡਾ. ਰਾਜਵੰਤ ਕੌਰ ਪੰਜਾਬੀ

1 comment:

  1. ਮੇਰਾ ਆਰਟੀਕਲ ਪਾਉਣ ਲਈ ਸ਼ੁਕਰੀਆ ਜੀ.... ਮੋ. ਨੰ: ਦਰੁਸਤ ਕਰ ਲਓ ...8567886223 ਹੈ ਜੀ।

    ReplyDelete