Tuesday, 17 September 2013

…ਤੋੜਾਂ ਮੈਂ ਕਰੀਰਾਂ ਨਾਲੋਂ ਡੇਲੇ



ਅੱਜ ਵਾਂਗ ਸਦੀਆਂ ਪਹਿਲਾਂ ਵੀ ਮਾਲਵਾ ਹਰਿਆ-ਭਰਿਆ ਹੁੰਦਾ ਸੀ। ਉਦੋਂ ਵੀ ਮਾਲਵੇ ਦੀ ਸਰਸਵਤੀ ਦਰਿਆ ਸਿੰਚਾਈ ਕਰਦਾ ਸੀ। ਸਮੇਂ ਦੇ ਬਦਲਾਅ ਨਾਲ ਦਰਿਆਵਾਂ ਦੇ ਰੁਖ਼ (ਵਹਿਣ) ਬਦਲ ਗਏ ਤੇ ਮਾਲਵਾ ਸਿੰਚਾਈ ਵਿਹੂਣਾ ਹੋ ਗਿਆ। ਉਸ ਸਮੇਂ ਟਿਊਬਵੈੱਲਾਂ ਦੀ ਕਾਢ ਨਹੀਂ ਨਿਕਲੀ ਸੀ ਤੇ ਸਿਰਫ਼ ਖੂਹਾਂ ਦੁਆਰਾ ਹੀ ਪਾਣੀ ਕੱਢਣ ਦੇ ਪ੍ਰਬੰਧ ਸਨ ਪਰ ਮਾਲਵੇ ਦਾ ਖ਼ੁਸ਼ਕ ਅਤੇ ਰੇਤਲੇ ਹੋਣ ਕਾਰਨ ਇੱਥੇ ਖੂਹ ਲਾਉਣਾ ਵੀ ਸੌਖਾ ਕੰਮ ਨਹੀਂ ਸੀ। ਇਸ ਲਈ ਮਾਲਵਾ ਪੂਰਾ ਰੇਗਿਸਤਾਨ ਬਣ ਗਿਆ। ਉਦੋਂ ਇਸ ਮਾਰੂਥਲੀ ਮਾਲਵੇ ਵਿੱਚ ਅਜਿਹੇ ਰੁੱਖ ਪੈਦਾ ਹੋਏ ਜੋ ਖ਼ੁਸ਼ਕ ਅਤੇ ਗਰਮ ਵਾਤਾਵਰਨ ਨੂੰ ਸਹਿਣ ਕਰ ਸਕਦੇ ਸਨ ਅਤੇ ਲੰਮਾ ਸਮਾਂ ਪਾਣੀ ਦੀ ਅਣਹੋਂਦ ਵਿੱਚ ਵੀ ਹਰੇ ਕਚੂਰ ਟਹਿਕਦੇ ਰਹਿੰਦੇ। ਇਨ੍ਹਾਂ ਸਹਿਣਸ਼ੀਲ ਰੁੱਖਾਂ ਨੇ ਮਲਵਈਆਂ ਨੂੰ ਠੰਡੀਆਂ ਛਾਵਾਂ, ਲੱਕੜੀ, ਫਲ ਅਤੇ ਅਨੁਕੂਲ ਵਾਤਾਵਰਨ ਬਖ਼ਸ਼ਿਆ। ਮਾਲਵੇ ਦੇ ਲੋਕਾਂ ਨੇ ਇਨ੍ਹਾਂ ਰੁੱਖਾਂ ਦੇ ਸੁੱਖਾਂ ਤੋਂ ਹੋਈ ਰੂਹ ਦੀ ਤ੍ਰਿਪਤੀ ਨੂੰ ਕਾਵਿ ਵੰਨਗੀਆਂ, ਬਾਤਾਂ, ਗੀਤਾਂ, ਲਕੋਕਤੀਆਂ, ਸਿੱਠਣੀਆਂ ਵਿੱਚ ਪਰੋ ਦਿੱਤਾ, ਜੋ ਸਾਡਾ ਸੱਭਿਆਚਾਰ ਅਖਵਾਇਆ। ਮਾਲਵੇ ਦੇ ਰੇਤਲੇ ਇਲਾਕੇ ਵਿੱਚ ਜਿੱਥੇ ਜੰਡ, ਕਿੱਕਰ, ਬੇਰੀ, ਰੇਰੂ, ਰਹੂੜਾ, ਫਲਾਹੀ, ਪਲਾਹ ਆਪੋ-ਆਪਣਾ ਸਥਾਨ ਰੱਖਦੇ ਹਨ, ਉੱਥੇ ਮਾਲਵੇ ਦੇ ਰੁੱਖਾਂ ਵਿੱਚ ‘ਕਰੀਰ’ ਅਤੇ ਕਰੀਰਾਂ ਦੇ ਫਲ ਡੇਲਿਆਂ ਦੀ ਵੱਖਰੀ ਵਿਸ਼ੇਸ਼ਤਾ ਹੈ। ਜਦੋਂ ਕੁੜੀ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ ਤਾਂ ਰੁੱਖਾਂ ਨੂੰ ਵੀ ਵਿਛੋੜੇ ਦਾ ਸਦਮਾ ਲੱਗਦਾ ਹੈ ਜੋ ਮਾਲਵੇ ਦੇ ਲੋਕ ਗੀਤਾਂ ਵਿੱਚ ਇੰਜ ਪਰੋਇਆ ਹੋਇਆ ਹੈ:
ਅੱਕ, ਢੱਕ ਤੇ ਕਰੀਰ, ਜੰਡ, ਬੇਰੀਆਂ।
ਤੁਰਦੀ ਨੂੰ ਰੋ ਰਹੇ ਨੇ।
ਕਰੀਰ ਮਾਲਵੇ ਦੇ ਰੇਤਲੇ ਇਲਾਕੇ ਦਾ ਝਾੜੀਨੁਮਾ ਰੁੱਖ ਹੈ। ਵਿਗਿਆਨਕ ਭਾਸ਼ਾ ਵਿੱਚ ਕਰੀਰ ਨੂੰ ਕੈਂਪਾਰਿਸ ਡੈਸੀਤੂਆ ਕਿਹਾ ਜਾਂਦਾ ਹੈ। ਇਹ ਪੌਦਾ ਥਾਰ ਦੇ ਮਾਰੂਥਲ, ਦੱਖਣੀ ਏਸ਼ੀਆ ਅਤੇ ਅਫਰੀਕਾ ਦੇ ਖ਼ੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਸ ਰੁੱਖ ਦੀ ਉਚਾਈ 6-7 ਫੁੱਟ ਤੋਂ ਲੈ ਕੇ 13-14 ਫੁੱਟ ਵਿਚਕਾਰ ਹੁੰਦੀ ਹੈ। ਕਰੀਰ ਦੇ ਤਣੇ ਕਿਸੇ ਟਾਵੇਂ ਵਿਰਲੇ ਦੇ ਹੀ ਦਿਸਦੇ ਹਨ ਕਿਉਂਕਿ ਇਸ ਦੀਆਂ ਕੰਡਿਆਲੀਆਂ ਟਾਹਣੀਆਂ ਚਾਰ-ਚੁਫੇਰੇ ਫੈਲਦੀਆਂ ਹਨ ਅਤੇ ਤਣੇ ਦੇ ਚੁਫੇਰੇ ਨੂੰ ਧਰਤੀ ਨਾਲ ਲੱਗ ਕੇ ਲੁਕੋ ਲੈਂਦੀਆਂ ਹਨ ਤੇ ਕਰੀਰ ਇੱਕ ਝਾੜੀਨੁਮਾ ਰੁੱਖ ਦੇ ਰੂਪ ਵਿੱਚ ਦਿਸਦਾ ਹੈ। ਕਰੀਰ ਦੇ ਪੁਰਤਾਨ ਰੁੱਖਾਂ ਵੱਲ ਨਜ਼ਰ ਮਾਰੀਏ ਤਾਂ ਕਰੀਰ ਦਾ 7-8 ਫੁੱਟ ਦਾ ਤਣਾ ਵੀ ਹੁੰਦਾ ਹੈ ਅਤੇ ਉਪਰ ਕੰਡਿਆਲੀਆਂ ਟਾਹਣੀਆਂ ਏਨੀਆਂ ਇੱਕ ਦੂਜੀ ਵਿੱਚ ਫੈਲੀਆਂ ਹੁੰਦੀਆਂ ਹਨ ਕਿ ਕਰੀਰ ਦੇ ਪੱਤੇ ਨਾ ਹੋਣ ਦੇ ਬਾਵਜੂਦ ਕਰੀਰ ਦੀ ਛਤਰੀ ਦੀ ਗੂੜ੍ਹੀ ਛਾਂ ਬਣ ਜਾਂਦੀ ਹੈ। ਤਪਦੇ ਮਾਰੂਥਲ ਵਿੱਚ ਵੀ ਕਰੀਰ ਦੀ ਜੜ੍ਹ ਉਪਰੋਂ ਚਿੱਟੀ ਵਿੱਚੋਂ ਹਰੀ ਅਤੇ ਬਹੁਤ ਲੰਮੀ ਹੁੰਦੀ ਹੈ। ਜਦੋਂ ਮਾਲਵੇ ਦੇ ਟਿੱਬਿਆਂ ਵਾਲੇ ਇਲਾਕੇ ‘ਚ ਟਾਵੇਂ-ਵਿਰਲੇ ਮਾਰੂਥਲੀ ਰੁੱਖ ਹੀ ਹੁੰਦੇ ਸਨ, ਉਸ ਸਮੇਂ ਇਹ ਕੰਡਿਆਲਾ ਰੁੱਖ ਮਲਵਈਆਂ ਨੂੰ ਠੰਡੀਆਂ ਛਾਂਵਾਂ ਬਖ਼ਸ਼ਦਾ ਰਿਹਾ ਹੈ ਜਿਸ ਦੀ ਉਦਾਹਰਣ ਇਸ ਪੁਰਾਤਨ ਬੁਝਾਰਤ ਤੋਂ ਮਿਲਦੀ ਹੈ:
ਜੜ੍ਹ ਹਰੀ ਫੁੱਲ ਕੇਸਰੀ,
ਬਿਨ ਪੱਤਿਆਂ ਦੇ ਛਾਂ।
ਜਾਂਦਾ ਰਾਹੀ ਸੌਂ ਗਿਆ,
ਤਕ ਕੇ ਗੂੜ੍ਹੀ ਛਾਂ।
ਪਾਣੀ ਦੀ ਅਣਹੋਂਦ ਸਮੇਂ ਇਹ ਰੁੱਖ ਏਕੜਾਂ ਵਿੱਚ ਜੰਗਲ ਵਾਂਗ ਫੈਲੇ ਹੁੰਦੇ ਸਨ। ਮਾਲਵੇ ਦੇ ਟਿੱਬਿਆਂ ਵਿੱਚ ਵਣਾਂ, ਕਰੀਰਾਂ, ਜੰਡਾਂ ਦੇ ਜੰਗਲ ਰੂਪੀ ਝੁੰਡ ਹੁੰਦੇ ਸਨ। ਦੂਜੇ ਪਿੰਡਾਂ ਨੂੰ ਜਾਣ ਵੇਲੇ ਲੋਕਾਂ ਨੂੰ ਇਨ੍ਹਾਂ ਰੁੱਖਾਂ ਦੇ ਝੁੰਡਾਂ ਦੀਆਂ ਪਗਡੰਡੀਆਂ ਵਿੱਚੋਂ ਗੁਜ਼ਰਨਾ ਪੈਂਦਾ ਸੀ। ਕਰੀਰ ਨੂੰ ਕਰੀਰ ਦਾ ਫਲ ਡੇਲੇ ਲੱਗਣ ਤੋਂ ਪਹਿਲਾਂ ਬਹੁਤ ਹੀ ਸੁੰਦਰ ਗੁਲਾਬੀ-ਕੇਸਰੀ ਭਾਅ ਮਾਰਦੇ ਫੁੱਲ ਲੱਗਦੇ ਹਨ, ਜਿਨ੍ਹਾਂ ਨੂੰ ਮਾਲਵੇ ਵਿੱਚ  ‘ਬਾਟਾ’ ਕਿਹਾ ਜਾਂਦਾ ਹੈ। ਜਦੋਂ ਕਰੀਰਾਂ ਨੂੰ ਬਾਟਾ ਲੱਗਦਾ ਹੈ, ਉਦੋਂ ਹੀ ਮਾਲਵੇ ਦੇ ਟਿੱਬਿਆਂ ‘ਤੇ ਉੱਗੇ ਮਾਰੂ ਛੋਲਿਆਂ ਦੀਆਂ ਟਾਟਾਂ ਨੂੰ ਬੂਰ ਪੈ ਜਾਂਦਾ ਹੈ ਜਿਸ ਦਾ ਵਰਣਨ ਮਲਵਈ ਸੱਭਿਆਚਾਰ ਦੀਆਂ ਵੰਨਗੀਆਂ ਵਿੱਚੋਂ ਇੰਜ ਮਿਲਦਾ ਹੈ:
ਛੋਲਿਆਂ ਨੂੰ ਤਾਂ ਬੂਰ ਪੈ ਗਿਆ,
ਕਰੀਰੀਂ ਪੈ ਗਿਆ ਬਾਟਾ।
ਨੱਚਦੀ ਮੇਲਣ ਦਾ ਲੈ ਲਾ,
ਗੱਭਰੂਆ ਝਾਕਾ।
ਕੁਦਰਤ ਦੀਆਂ ਬਖ਼ਸ਼ੀਆਂ ਰੁੱਤਾਂ ਮੁਤਾਬਕ ਪੋਹ-ਮਾਘ ਦੀ ਠੰਢ ਦੀ ਬੁੱਕਲ ਖੁੱਲ੍ਹਣ ਨਾਲ ਅਤੇ ਫੱਗਣ ਮਹੀਨੇ ਵਿੱਚ ਟਾਵਾਂ-ਵਿਰਲਾ ਮੀਂਹ ਪੈਣ ਨਾਲ ਖੇਤ ਖ਼ੁਸ਼ੀਆਂ ਵਿੱਚ ਝੂਮ ਉੱਠਦੇ ਹਨ। ਫ਼ਸਲਾਂ ਨਿੱਘੀਆਂ ਅਨੁਕੂਲ ਹਵਾਵਾਂ ਨਾਲ ਲਹਿਰਾਉਣ ਲੱਗਦੀਆਂ ਹਨ। ਇਸੇ ਮੌਸਮ ਵਿੱਚ ਸਰੋ੍ਹਂ ਦੇ ਫੁੱਲ ਖਿੜਨ ਨਾਲ ਸਰ੍ਹੋਂ ਦੇ ਖੇਤਾਂ ਵਿੱਚ ਪੀਲੇ ਰੰਗ ਦੀ ਵਿਛੀ ਚਾਦਰ ਮਨ ਨੂੰ  ਮੋਂਹਦੀ ਹੈ ਅਤੇ ਛੋਲਿਆਂ ਦੀਆਂ ਟਾਟਾਂ ਵੀ ਦਾਣੇ ਬਣਨ ਨਾਲ ‘ਪਟੱਕ’ ਕਰਕੇ ਟੁੱਟਣ ਵਾਲੀਆਂ ਹੋ ਜਾਂਦੀਆਂ ਹਨ। ਇਸੇ ਸਮੇਂ ਹੀ ਕਰੀਰਾਂ ਦੀ ਖ਼ੂਬਸੂਰਤੀ ਵੀ ਅੰਗੜਾਈਆਂ ਲੈਣ ਲੱਗਦੀ ਹੈ, ਜਦੋਂ ਕੰਡਿਆਲਾ ਰੁੱਖ ਕੇਸਰੀ-ਗੁਲਾਬੀ ਭਾਅ ਮਾਰਦੇ ਬਾਟੇ (ਫੁੱਲਾਂ) ਨਾਲ ਭਰ ਜਾਂਦਾ ਹੈ ਜਿਸ ਨੂੰ ਦੇਖ ਕੇ ਕਿਸਾਨ ਦੀ ਠੰਢ ਦੀ ਬੁੱਕਲ ਲਹਿ ਜਾਂਦੀ ਹੈ ਤੇ ਉਹ ਖ਼ੁਸ਼ੀ ਨਾਲ  ਮਸਤ ਹੋ ਜਾਂਦਾ ਹੈ। ਇਸ ਕੁਦਰਤ ਦੇ ਨਮੂਨੇ ਨੂੰ ਸੱਭਿਆਚਾਰਕ ਲੋਕ ਬੋਲੀਆਂ ਵਿੱਚ ਇੰਜ ਪਰੋਇਆ ਜਾਂਦਾ ਹੈ:
ਫੱਗਣ ਮਹੀਨੇ ਮੀਂਹ ਪੈ ਜਾਂਦਾ,
ਲੱਗਦਾ ਕਰੀਰੀਂ ਬਾਟਾ।
ਸਰੋਂ ਨੂੰ ਤਾਂ ਫੁੱਲ ਲੱਗ ਜਾਂਦੇ,
ਛੋਲਿਆਂ ਨੂੰ ਪਵੇ ਪਟਾਕਾ।
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ,
ਰੱਬ ਸਭਨਾਂ ਦਾ ਰਾਖਾ।
ਬਸੰਤੀ ਫੁੱਲਾ ਵੇ ਆ ਕੇ ਦੇ ਜਾ ਝਾਕਾ।
ਕਰੀਰ ਦੇ ਡੇਲਿਆਂ ਦਾ ਅਚਾਰ ਬਹੁਤ ਹੀ ਸਵਾਦਲਾ ਖੱਟਾਸ ਵਾਲਾ ਹੁੰਦਾ ਹੈ। ਡੇਲੇ ਨਿੰਮ ਦੀਆਂ ਨਮੋਲੀਆਂ ਵਰਗੇ ਅਤੇ ਏਨੇ ਕੁ ਹੀ ਵੱਡੇ ਹੁੰਦੇ ਹਨ।  ਜਦੋਂ ਕਰੀਰ ਦੇ ਡੇਲੇ ਪੱਕ ਜਾਂਦੇ ਹਨ ਤਾਂ ਇਹ ਲਾਲ ਸੁਰਖ਼ ਹੋ ਜਾਂਦੇ ਹਨ, ਜਿਨ੍ਹਾਂ ਨੂੰ ਪੀਂਝੂ ਆਖਿਆ ਜਾਂਦਾ ਹੈ ਪਰ ਅਚਾਰ ਕੱਚੇ ਹਰੇ ਡੇਲਿਆਂ ਦਾ ਹੀ ਪੈਂਦਾ ਹੈ। ਵੈਦਗੀ ਮੁਤਾਬਕ ਡੇਲਿਆਂ ਦਾ ਅਚਾਰ ਸਿਹਤ ਲਈ ਬਹੁਤ ਗੁਣਕਾਰੀ ਹੈ। ਇਹ ਪੇਟ ਦੀਆਂ ਬੀਮਾਰੀਆਂ, ਜੋੜਾਂ ਦੇ ਦਰਦ, ਬੈਅ ਅਤੇ ਗਠੀਏ ਲਈ ਉੱਤਮ ਮੰਨਿਆ ਜਾਂਦਾ ਹੈ। ਕਰੀਰ ਦੇ ਡੇਲੇ ਤੋੜਨੇ ਬਹੁਤ ਮੁਸ਼ਕਲ ਹੁੰਦੇ ਹਨ। ਡੇਲੇ ਤੋੜਦੇ ਸਮੇਂ ਕਰੀਰ ਦੇ ਤਿੱਖੇ ਕੰਡਿਆਂ ਤੋਂ ਹੱਥਾਂ ਨੂੰ ਬਚਾਉਣਾ ਨਾ-ਮੁਮਕਿਨ ਹੁੰਦਾ ਹੈ।
ਵਾਤਾਵਰਣ ਬਦਲਣ ਨਾਲ ਹੁਣ ਮਾਲਵੇ ਵਿੱਚ ਕਰੀਰਾਂ ਤੇ ਡੇਲਿਆਂ ਦਾ ਫਲ ਅਤੇ ਬਾਟਾ ਘੱਟ ਹੀ ਨਜ਼ਰ ਆਉਂਦਾ ਹੈ ਪਰ ਪੁਰਤਾਨ ਸਮਿਆਂ ਵਿੱਚ ਘਰ-ਘਰ ਡੇਲਿਆਂ ਦਾ ਆਚਾਰ ਹੁੰਦਾ ਸੀ ਅਤੇ ਟੋਕਰੀਆਂ ਵਿੱਚ ਪਾ ਕੇ ਡੇਲੇ ਹੋਕਾ ਦੇ ਕੇ ਗਲੀ-ਗਲੀ ਵਿਕਦੇ ਸਨ ਜਿਸ ਦੀ ਉਦਾਹਰਣ ਸਾਡੇ ਸੱਭਿਆਚਾਰ ਦੀ ਇਸ ਬੁਝਾਰਤ ਤੋਂ ਮਿਲਦੀ ਹੈ:
ਬਾਤ ਪਾਵਾਂ ਬਤੋਲੀ ਪਾਵਾਂ,
ਬੁੱਝੀਂ ਬਾਬਾ ਅਲੀ ਬਲੀ।
ਪੱਤ ਭਾਲਿਆਂ ਲੱਭਦਾ ਨਹੀਂ,
ਫਲ ਵਿਕੇਂਦਾ ਗਲੀ ਗਲੀ।
ਬੀਤੇ ਸਮੇਂ ਵਿੱਚ ਜ਼ਿੰਦਗੀ ਸਹਿਜ ਅਤੇ ਸ਼ਾਂਤ ਸੀ, ਪੈਸੇ ਦੀ ਅੰਨ੍ਹੀ ਦੌੜ-ਭੱਜ ਨਹੀਂ ਸੀ। ਮਲਵੈਣਾਂ ਸਿਰ ‘ਤੇ ਟੋਕਰਾ ਚੁੱਕ ਕੇ ਪਤੀ, ਪੁੱਤ, ਭਰਾ ਜਾਂ ਸੀਰੀਆਂ-ਸਾਂਝੀਆਂ ਦੀ ਰੋਟੀ ਲੈ ਕੇ ਕਈ-ਕਈ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਖੇਤ ਜਾਂਦੀਆਂ ਜਿੱਥੇ ਰੁੱਤ ਮੁਤਾਬਕ ਸੁਆਣੀਆਂ ਛੋਲਿਆਂ ਦਾ ਸਾਗ, ਬਾੜ ਕਰੇਲੇ ਤੋੜ ਲਿਆਉਂਦੀਆਂ, ਉੱਥੇ ਡੇਲਿਆਂ ਦੀ ਰੁੱਤ ਵਿੱਚ ਖੇਤੋਂ ਘਰ ਵਾਪਸ ਆਉਂਦੀਆਂ ਅਚਾਰ ਪਾਉਣ ਲਈ ਡੇਲੇ ਵੀ ਤੋੜਦੀਆਂ। ਡੇਲੇ ਤੋੜਦੀ ਕਿਸੇ ਮੁਟਿਆਰ ਦੀਆਂ ਅੱਖਾਂ ਖੇਤ ਜਾਂਦੇ ਕਿਸੇ ਗੱਭਰੂ ਨਾਲ ਦੋ ਤੋਂ ਚਾਰ ਹੋ ਜਾਂਦੀਆਂ ਤਾਂ ਦੋ ਦਿਲਾਂ ਦੀ ਧੜਕਣ ਵਧ ਜਾਂਦੀ ਜਿਸ ਦਾ ਵਰਣਨ ਮਾਲਵੇ ਦੇ ਗਿੱਧੇ ਵਿੱਚ ਬੋਲੀਆਂ ਪਾ ਕੇ ਇੰਜ ਪੇਸ਼ ਕੀਤਾ ਜਾਂਦਾ ਹੈ:
ਕੱਲ-ਮਕੱਲੀ ਤੋੜਾਂ
ਮੈਂ ਕਰੀਰਾਂ ਨਾਲੋਂ ਡੇਲੇ।
ਵੇ! ਖੜ੍ਹਾ ਰਹਿ ਜ਼ਾਲਮਾਂ
ਸਬੱਬੀਂ ਹੋਗੇ ਮੇਲੇ।
ਇਸੇ ਬੋਲੀ ਦਾ ਮੋੜਾ ਦੂਜੀ ਮੁਟਿਆਰ ਵੱਲੋਂ ਬੋਲੀ ਪਾ ਕੇ ਇੰਜ ਦੱਤਾ ਜਾਂਦਾ ਹੈ:
ਕੱਲ-ਮਕੱਲੀ ਤੋੜੇਂ ਤੂੰ
ਕਰੀਰਾਂ ਨਾਲੋਂ ਡੇਲੇ।
ਨੀਂ! ਸੰਭਾਲ ਗੋਰੀਏ
ਚੁੰਨੀ ‘ਤੇ ਸੱਪ ਮੇਲ੍ਹੇ।
ਅੱਜ-ਕੱਲ੍ਹ ਦੇ ਯੁੱਗ ਮੁਤਾਬਕ ਪਿਛਲੇ ਸਮੇਂ ਵਿੱਚ ਲੋਕ ਸੁਆਰਥੀ ਨਹੀਂ ਸਨ, ਕੋਈ ਮੁਕਾਬਲੇਬਾਜ਼ੀ ਨਹੀਂ ਸੀ, ਸਗੋਂ ਲੋਕਾਂ ਵਿੱਚ ਰੂਹ ਦਾ ਗੂੜ੍ਹਾ ਪਿਆਰ ਸੀ। ਆਂਢਣਾਂ-ਗੁਆਂਢਣਾਂ ਮੁਟਿਆਰ ਕੁੜੀਆਂ ਇੱਕ-ਦੂਜੀ ਦੀਆਂ ਪੱਕੀਆਂ ਸਹੇਲੀਆਂ ਹੁੰਦੀਆਂ। ਵਿਆਹ-ਸਾਹਿਆਂ, ਖ਼ੁਸ਼ੀਆਂ-ਖੇੜਿਆਂ ਜਾਂ ਤੀਆਂ ਵਿੱਚ ਗਿੱਧਾ ਪਾਉਂਦੀਆਂ ਕੁੜੀਆਂ ਆਪਣੇ ਗੂੜ੍ਹੇ ਪਿਆਰ ਦਾ ਇਜ਼ਹਾਰ ਬੋਲੀ ਪਾ ਕੇ ਇੰਜ ਕਰਦੀਆਂ ਅਤੇ ਆਪਣੇ ਰੁੱਖ ਕਰੀਰ ਨੂੰ ਨਹੀਂ ਭੁੱਲਦੀਆਂ:
ਆਉਂਦੀ ਕੁੜੀਏ ਜਾਂਦੀ ਕੁੜੀਏ
ਤੋੜ ਲਿਆ ਕਰੀਰਾਂ ਨਾਲੋਂ ਡੇਲੇ।
ਨੀਂ ਪਿਆਰ ਸਹੇਲੀਆਂ ਦਾ
ਸੱਪ ਬਣ ਕੇ ਕਾਲਜੇ ਮੇਲ੍ਹੇ।
ਕਰੀਰ ਦੇ ਰੁੱਖ ਦੀ ਲੱਕੜ ਬਹੁਤ ਹੀ ਅਮੁੱਲ ਅਤੇ ਗੁਣਾਂ ਭਰਪੂਰ ਹੁੰਦੀ ਹੈ। ਕਰੀਰ ਦੀ ਲੱਕੜ ਦਾ ਕੰੂਡੇ ਵਿੱਚ ਮਿਰਚ, ਮਸਾਲਾ, ਚਟਣੀ ਰਗੜਣ ਵਾਲਾ ਘੋਟਣਾ, ਦੁੱਧ ਰਿੜਕਣ ਵਾਲੀ ਮਧਾਣੀ, ਸਾਗ ਘੋਟਣ ਵਾਲੀਆਂ ਘੋਟਣੀਆਂ ਇਸ ਲਈ ਬਣਦੀਆਂ ਹਨ ਕਿਉਂਕ ਇੱਕ ਤਾਂ ਇਸ ਦੀ ਲੱਕੜ ਬਹੁਤ ਸਖ਼ਤ ਹੁੰਦੀ ਹੈ ਦੂਜਾ ਇੱਕ ਲੱਕੜ ਦੇ ਘੋਟਣੇ, ਘੋਟਣੀਆਂ, ਮਧਾਣੀਆਂ, ਦੀ ਵਰਤੋਂ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਗਿਆ ਅੰਸ਼ ਸਿਹਤ ਲਈ ਉੱਤਮ ਮੰਨਿਆ ਗਿਆ ਹੈ। ਇਸ ਦੀ ਲੱਕੜ ਸਖ਼ਤ ਹੋਣ ਕਾਰਨ ਹੀ ਜਿੱਥੇ ਇਸ ਦਾ ਰੂੁੰ ਪਿੰਜਣ ਵਾਲਾ ਵੇਲਣਾ ਬਣਦਾ ਸੀ, ਉੱਥੇ ਰੋਟੀਆਂ ਵੇਲਣ ਵਾਲਾ ਵੇਲਣਾ ਵੀ ਕਰੀਰ ਦੀ ਲੱਕੜ ਦਾ ਬਣਦਾ। ਜਿਵੇਂ ਅੱਜ-ਕੱਲ੍ਹ ਮੱਕੀ ਦੀ ਰੋਟੀ ਨਦੀਦ ਹੈ ਪਰ ਕਣਕ ਆਮੋ-ਆਮ ਹੈ। ਇਸ ਦੇ ਉਲਟ ਬੀਤੇ ਸਮੇਂ ਵਿੱਚ ਕਣਕ ਦੀ ਵੱਡੀ ਘਾਟ ਸੀ ਪਰ ਮੱਕੀ ਆਮੋ-ਆਮ ਸੀ। ਜਦੋਂ ਕੋਈ ਘਰ ਮਿਲਣ ਰਿਸ਼ਤੇਦਾਰ ਆਉਂਦਾ ਤਾਂ ਉਸ ਲਈ ਵਿਸ਼ੇਸ਼ ਤੌਰ ‘ਤੇ ਕਣਕ ਦੀ ਰੋਟੀ ਪੱਕਦੀ। ਪੁਰਾਣੇ ਇੱਕ ਬਿਰਤਾਂਤ ਅਤੇ ਕਰੀਰ ਦੇ ਵੇਲਣੇ ਨੂੰ ਉਸ ਸਮੇਂ ਦੇ ਵਰਤਮਾਨ ਨੇ ਲੋਕ ਬੋਲੀਆਂ ਵਿੱਚ ਇੰਜ ਪਰੋਇਆ ਹੈ:
ਆਪ ਤਾਂ ਖਾਂਦੇ ਕਣਕ ਦੀ ਪੱਕੀ,
ਮੇਰੇ ਹਿੱਸੇ ਮੱਕੀ।
ਨੀਂ ਕਰੀਰ ਦਾ ਵੇਲਣਾ
ਮੈਂ ਵੇਲ-ਵੇਲ ਥੱਕੀ।
ਸਾਡੇ ਸੱਭਿਆਚਾਰ ਵਿੱਚ ਸਿੱਠਣੀਆਂ, ਦੋਹਿਆਂ ਦੀ ਵਿਸ਼ੇਸ਼ ਮਹੱਤਤਾ ਸੀ। ਵਿਆਹ ਸਮੇਂ ਇਕੱਠੀਆਂ ਹੋਈਆਂ ਮੇਲਣਾਂ ਜਿੱਥੇ ਗਿੱਧਾ ਪਾਉਂਦੀਆਂ, ਉੱਥੇ ਗਿੱਧਿਆਂ ਵਿੱਚ ਉੱਚੀ ਹੇਕ ਵਿੱਚ ਦੋਹੇ ਵੀ ਲਾਉਂਦੀਆਂ, ਜਿਸ ਵਿੱਚ ਲੰਬੀ ਹੇਕ ਕੱਢ ਕੇ ਦੋ ਸੁਆਣੀਆਂ ਸਵਾਲ ਕਰਦੀਆਂ ਅਤੇ ਇਸ ਸਵਾਲ ਦੇ ਹੱਲ ਸਬੰਧੀ ਦੋ ਸੁਆਣੀਆਂ ਲੰਬੀ ਹੇਕ ਨਾਲ ਹੀ ਉੱਤਰ ਦਿੰਦੀਆਂ। ਕਰੀਰ ਸਬੰਧੀ ਪੁਰਾਤਨ ਵੰਨਗੀਆਂ ਵਿੱਚੋਂ ਦੋਹੇ ਦਾ ਵਰਨਣ ਇੰਜ ਮਿਲਦਾ ਹੈ:
ਸਵਾਲ: ਜੜ ਬੱਗੀ ਫੁੱਲ ਕੇਸਰੀ
ਚਤਰੇ ਬਿਨ ਪੱਤਿਆਂ ਦੀ ਛਾਂ।
ਐਡੀ ਚਤਰ ਤੂੰ ਹੈਂ
ਦੱਸ ਬ੍ਰਿਛ ਦਾ ਨਾਂ।
ਜਵਾਬ: ਜੜ੍ਹ ਬੱਗੀ ਫੁੱਲ ਕੇਸਰੀ
ਚਤਰੇ ਬਿਨ ਪੱਤਿਆਂ ਦੀ ਛਾਂ।
ਐਡੀ ਚਤਰ ਮੈਂ ਹਾਂ
ਕਰੀਰ ਬ੍ਰਿਛ ਦਾ ਨਾਂ।
ਮਾਲਵੇ ਵਿੱਚ ਪੀਰਾਂ, ਫਕੀਰਾਂ, ਬਾਬਿਆਂ ਦੀ ਪੂਜਾ ਹੁੰਦੀ ਰਹੀ ਹੈ। ਇਸ ਜਗ੍ਹਾ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਹੀ ਪ੍ਰਾਪਤ ਨਹੀਂ ਸਗੋਂ ਉਨ੍ਹਾਂ ਨੇ ਮਾਲਵੇ ਵਿੱਚ ਰਹਿ ਕੇ ਯੁੱਧ ਵੀ ਕੀਤੇ ਜਿਨ੍ਹਾਂ ਦੀ ਯਾਦ ਵਿੱਚ ਵੱਖ-ਵੱਖ ਇਤਿਹਾਸਕ ਸਥਾਨਾਂ ‘ਤੇ ਵਿਸ਼ੇਸ਼ ਦਿਨ ਤਿਉਹਾਰਾਂ ‘ਤੇ ਮੇਲੇ ਵੀ ਲੱਗਦੇ ਹਨ। ਬਹੁਤੀ ਥਾਈਂ ਜਿੱਥੇ ਮੇਲੇ ਲੱਗਦੇ ਹਨ, ਉੱਥੇ ਜੰਡਾਂ, ਰੇਰੂਆਂ, ਕਰੀਰਾਂ ਦੇ ਟਾਂਵੇਂ ਵਿਰਲੇ ਰੁੱਖਾਂ ਦੀ ਹੋਂਦ ਅੱਜ ਵੀ ਦਿਸਦੀ ਹੈ ਕਿ ਇੱਥੇ ਇਨ੍ਹਾਂ ਰੁੱਖਾਂ ਦੇ ਸੰਘਣੇ ਜੰਗਲ ਸਨ। ਗੁਰੂਸਰ (ਬਠਿੰਡਾ) ਜਿੱਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਯੁੱਧ ਕੀਤਾ ਸੀ, ਉੱਥੇ ਪੁਰਾਤਨ ਝਿੜੀ ਅੱਜ ਵੀ ਮੌਜੂਦ ਹੈ। ਮਾਲਵੇ ਦੇ ਮੇਲਿਆਂ ਅਤੇ ਕਰੀਰ ਦੇ ਸੋਹਣੇ ਫੁੱਲਾਂ ਦੀ ਸਾਂਝ ਅੱਜ ਵੀ ਸਾਡੇ ਸੱਭਿਆਚਾਰਕ ਅਤੇ ਇਤਿਹਾਸਕ ਪਿਛੋਕੜ ਵਿੱਚੋਂ ਇੰਜ ਮਿਲਦੀ ਹੈ:
ਘੁੰਮ ਵੇ ਕਰੀਰਾ ਘੁੰਮ ਵੇ,
ਰੱਬ ਤੈਨੂੰ ਲਾਵੇ ਡੇਲੇ।
ਸੋਹਣੇ ਫੁੱਲ ਖਿੜੇ ਸਈਓ,
ਥਾਂ-ਥਾਂ ਲੱਗਦੇ ਮੇਲੇ।
ਰਾਮਪੁਰਾ ਫੂਲ (ਬਠਿੰਡਾ) ਕੋਲ ਮੇਲਾ ਭੁੱਲਰ ਮਾੜੀ ਭਰਦਾ ਹੈ, ਜਿੱਥੇ 12 ਏਕੜ ਜਗ੍ਹਾ ਵਿੱਚ ਵਣ, ਕਰੀਰ, ਜੰਡ, ਫਲਾਹੀ, ਰੇਰੂ, ਰਹੂੜੇ ਦੇ ਰੁੱਖਾਂ ਦੀ ਝਿੜੀ ਅੱਜ ਵੀ ਮੌਜੂਦ ਹੈ। ਮਾਲਵੇ ਇਲਾਕੇ ਦੇ ਲੋਕ ਜਦ ਆਪਣੇ ਦਿਨ ਤਿਉਹਾਰ ‘ਤੇ ਅੱਜ ਵੀ ਮੇਲੇ ਵਿੱਚ ਆਉਂਦੇ ਹਨ ਤਾਂ ਮਲਵੈਣਾਂ ਹੋਰ ਗੀਤਾਂ ਤੋਂ ਇਲਾਵਾ ਕਰੀਰ ਸਬੰਧੀ ਅਜਿਹੇ ਗੀਤ ਗਾਉਂਦੀਆਂ ਇਨ੍ਹਾਂ ਰੁੱਖਾਂ ਵਿੱਚ ਪ੍ਰਵੇਸ਼ ਕਰਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਗਲਾਸ ਲੱਸੀ ਦਾ ਨੀਂ।
ਇਨ੍ਹਾਂ ਨੀਂ ਕਰੀਰਾਂ ਵਿੱਚ,ਕਰੀਰਾਂ ਵਿੱਚ
ਬਾਬਾ ਸਿੱਧ ਦੱਸੀ ਦਾ ਨੀਂ।
ਮਾਲਵੇ ਦਾ ਵਾਤਾਵਰਨ ਅੱਜ ਖੁਸ਼ਕ ਤੋਂ ਤਰ ਹੋ ਗਿਆ ਹੈ। ਰੇਤਲੀ ਮਿੱਟੀ ਉਪਜਾਊ ਹੋ ਗਈ ਹੈ। ਜੰਗਲ ਕੱਟਦੇ-ਕੱਟਦੇ 90 ਕਿਲੋਮੀਟਰ ਦੇ ਚੁਫੇਰੇ ਵਿੱਚ  ਫੈਲਿਆ ‘ਲੱਖੀ ਜੰਗਲ’ ਅੱਜ ਖਤਮ ਹੋ ਚੁੱਕਿਆ ਹੈ। ਕਰੀਰਾਂ ਦੇ ਝੁੰਡ ਖਤਮ ਹੋ ਚੁੱਕੇ ਹਨ। ਕੋਈ ਟਾਂਵਾਂ ਵਿਰਲਾ ਕਰੀਰ ਦਿਸਦਾ ਵੀ ਹੈ ਤਾਂ ਉਸ ਨੂੰ ਨਾ ਹੀ ਬਾਟਾ ਲੱਗਦਾ ਹੈ ਅਤੇ ਨਾ ਹੀ ਡੇਲੇ। ਇਸ ਕਰੀਰਾਂ ਦੇ ਵਿਛੋੜਿਆਂ ਨੂੰ ਮਲਵੈਣਾਂ ਅੱਜ ਗੀਤਾਂ, ਬੋਲੀਆਂ ਰਾਹੀਂ ਇੰਜ ਮਹਿਸੂਸ ਕਰਦੀਆਂ ਹਨ:
ਕਰੀਰ ਤਾਂ ਸੁੱਕ ਗਏ ਵੇ
ਰਣ ਸਿਆਂ ਡੇਲਿਆਂ ਦੇ ਹਾਵੇ ਵੇ…।
ਡੇਲਿਆਂ ਦਾ ਹਾਵਾ ਵੇ
ਰਣ ਸਿਆਂ ਉੱਠਣੇ ਨਾ ਦੇਂਦਾ ਵੇ।
-ਡਾ. ਲਖਵੀਰ ਸਿੰਘ ਨਾਮਧਾਰੀ
* ਮੋਬਾਈਲ: 98768-50680

No comments:

Post a Comment