Friday, 6 September 2013

ਚੁੰਮਾਂ ਤੇਰੀ ਤੜਾਗੀ



ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦੇ ਖੇਤਰ ਵਿੱਚ ਬੱਚੇ ਦੇ ਜਨਮ ਅਤੇ ਉਸ ਨਾਲ ਜੁੜੀਆਂ ਕਈ ਪ੍ਰਕਾਰ ਦੀਆਂ ਰਹੁ-ਰੀਤਾਂ ਮਨਾਉਣ ਦੀ ਰਵਾਇਤ ਮੁੱਢ ਕਦੀਮ ਤੋਂ ਮਨੁੱਖੀ ਜੀਵਨ ਨਾਲ ਤੁਰਦੀ ਆ ਰਹੀ ਹੈ। ਬੱਚੇ ਦੇ ਜਨਮ ਤੋਂ ਹੀ ਨਹੀਂ, ਸਗੋਂ ਜਨਮ ਹੋਣ ਤੋਂ ਪਹਿਲਾਂ ਹੀ, ਉਸ ਦੀ ਸੁਰੱਖਿਆ ਲਈ ਬਹੁਭਾਂਤੀ ਰਸਮਾਂ ਅਤੇ ਮਨੌਤਾਂ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਨਵੇਂ ਮਹਿਮਾਨ ਦੇ ਆਉਣ ਉਪਰੰਤ ਘਰ ਵਿੱਚ ਮੰਗਲ-ਕਾਰਜ ਆਰੰਭ ਹੋਣ ਲੱਗਦੇ ਹਨ। ਭਾਈਚਾਰੇ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।  ਬੱਚੇ ਦਾ ਜਨਮ ਹੁੰਦਿਆਂ ਹੀ ਉਸ ਨੂੰ ਕਿਸੇ ਅਜਿਹੇ ਨੇੜਲੇ ਵਿਅਕਤੀ ਤੋਂ ਗੁੜ੍ਹਤੀ ਦਿਵਾਈ ਜਾਂਦੀ ਹੈ ਜਿਸ ਨੂੰ ਉਸ ਦੇ ਚੰਗੇ ਤੇ ਨੇਕ ਸੁਭਾਅ, ਸ਼ੁਭ ਗੁਣਾਂ ਅਤੇ ਚੰਗੇ ਰੁਤਬੇ ਦਾ ਮਾਲਕ ਹੋਣ ਕਰਕੇ ਭਾਈਚਾਰੇ ਦਾ ਪਿਆਰ ਸਤਿਕਾਰ ਮਿਲਦਾ ਹੈ। ਅਜਿਹਾ ਕਰਨ ਪਿੱਛੇ ਇਹੋ ਲੋਕ ਵਿਸ਼ਵਾਸ ਕਾਰਜ ਕਰਦਾ ਹੈ ਕਿ ਉਸ ਵਿਅਕਤੀ ਹੱਥੋਂ ਗੁੜ੍ਹਤੀ ਲੈ ਕੇ ਬੱਚਾ, ਵੱਡਾ ਹੋ ਕੇ ਉਹੋ ਜਿਹੇ ਗੁਣਾਂ ਅਤੇ ਸੁਭਾਅ ਦਾ ਧਾਰਨੀ ਹੋਵੇਗਾ। ਇਸੇ ਤਰ੍ਹਾਂ ‘ਨਾਮ ਸੰਸਕਾਰ’, ‘ਅੰਨ ਪ੍ਰਾਸਨ’, ‘ਮੁੰਡਨ ਸੰਸਕਾਰ’, ‘ਜਨੇਊ ਸੰਸਕਾਰ’, ‘ਝੰਡ ਲਾਹੁਣ’, ‘ਅੰਮ੍ਰਿਤ ਛਕਣ’ ਅਤੇ ‘ਸੁੰਨਤ ਕਰਨ’ ਵਰਗੀਆਂ ਰਸਮਾਂ ਭਾਈਚਾਰੇ ਦੀ ਮੌਜੂਦਗੀ ਵਿੱਚ ਆਪੋ-ਆਪਣੇ ਧਾਰਮਿਕ ਅਕੀਦਿਆਂ ਅਤੇ ਭਾਈਚਾਰਕ ਨੇਮਾਂ ਅਨੁਸਾਰ ਸੰਪੰਨ ਕੀਤੀਆਂ ਜਾਂਦੀਆਂ ਹਨ, ਭਾਵੇਂ ਕਿ ਇਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੁੰਦਾ।
ਪੰਜਾਬੀ ਲੋਕਧਾਰਾ ਦੇ ਮੱਦੇਨਜ਼ਰ ਨਵਜੰਮੇ ਬੱਚੇ ਨੂੰ ਬਦਰੂਹਾਂ ਜਾਂ ਕੁਝ ਇੱਕ ਭੈਅਦਾਇਕ ਮੰਨੇ ਜਾਣ ਵਾਲੇ ਦੇਵੀ ਦੇਵਤਿਆਂ ਅਤੇ ਪੀਰ-ਫ਼ਕੀਰਾਂ ਤੋਂ ਬਚਾਉਣ ਲਈ, ਉਨ੍ਹਾਂ ਨੂੰ ਖ਼ੁਸ਼ ਕਰਨ ਵਾਸਤੇ ਕਈ ਪ੍ਰਕਾਰ ਦੇ ਸ਼ਰਧਾ ਸੂਚਕ ਕਾਰਜ ਅਤੇ ਪੁੰਨ ਕੀਤੇ ਜਾਂਦੇ ਹਨ। ਕਾਲੀ ਦੇਵੀ ਵਾਂਗ ਸੀਤਲਾ ਮਾਤਾ ਨੂੰ ਵੀ ਭੈਦਾਇਕ ਦੇਵੀ ਮੰਨਿਆ ਜਾਂਦਾ ਹੈ। ਜਦੋਂ ਕਿਸੇ ਬੱਚੇ ਦੇ ਚੇਚਕ ਦੇ ਦਾਣੇ ਨਿਕਲ ਆਉਂਦੇ ਹਨ ਤਾਂ ਲੋਕ-ਵਿਸ਼ਵਾਸ ਮੁਤਾਬਕ ਇਹ ਸਮਝਿਆ ਜਾਂਦਾ ਹੈ ਕਿ ਬੱਚੇ ਵਿੱਚ ਸੀਤਲਾ ਮਾਤਾ ਦਾ ਪ੍ਰਵੇਸ਼ ਹੋ ਗਿਆ ਹੈ। ਜੇ ਕਿਸੇ ਛੋਟੇ ਬੱਚੇ ਨੂੰ ਹੈਜ਼ਾ ਹੋ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਮਹਾਂਮਾਈ ਬੱਚੇ ਨਾਲ ਨਾਰਾਜ਼ ਹੋ ਗਈ ਹੈ। ਕਿਸੇ ਬੱਚੇ ਨੂੰ ਚੰਦਰਾ ਪਰਛਾਵਾਂ ਪੈ ਜਾਵੇ ਤਾਂ ਉਹ ਸੁੱਕ ਕੇ ਹੱਡੀਆਂ ਦੀ ਮੁੱਠ ਬਣ ਜਾਂਦਾ ਹੈ। ਇਸ ਲਈ ਮਸਾਣੀਂ ਦੇਵੀ ਨੂੰ ਖ਼ੁਸ਼ ਕਰਨ ਲਈ ਪ੍ਰਚਲਤ ਪੂਜਾ ਵਿਧੀ ਕੀਤੀ ਜਾਂਦੀ ਹੈ। ਇਨ੍ਹਾਂ ਦੇਵੀ ਦੇਵਤਿਆਂ ਜਾਂ ਪੀਰ ਫ਼ਕੀਰਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਘਰ ਵਿੱਚ ਕੋਈ ਵੀ ਅਜਿਹਾ ਕਾਰਜ ਕਰਨਾ ਵਰਜਿਤ ਹੁੰਦਾ ਹੈ ਜਿਸ ਨਾਲ ਇਹ ਦੇਵੀ-ਦੇਵਤੇ/ਪੀਰ ਕਰੋਧ ਵਿੱਚ ਆ ਜਾਣ।
ਬੱਚੇ ਦੀ ਪੈਦਾਇਸ਼ ਉਪਰੰਤ ਉਸ ਦਾ ਕੋਈ ਭੈੜਾ ਜਿਹਾ ਜਾਂ ਉਲਟਾ ਸਿੱਧਾ ਨਾਂ ਰੱਖ ਕੇ ਉਸ ਦੇ ਮੱਥੇ ਜਾਂ ਕੰਨ ਪਿੱਛੇ ਕਾਲਖ ਦਾ ਟਿੱਕਾ ਲਾਇਆ ਜਾਂਦਾ ਹੈ ਤਾਂ ਜੋ ਆਮ ਲੋਕਾਂ ਦੀ ਬੱਚੇ ਦਾ ਸੁੰਦਰਤਾ ਵੱਲ ਬਹੁਤਾ ਧਿਆਨ ਨਾ ਜਾਵੇ ਅਤੇ ਉਸ ਨੂੰ ਲੋਕਾਂ ਦੀ ਭੈੜੀ ਨਜ਼ਰ ਤੋਂ ਬਚਾਇਆ ਜਾ ਸਕੇ। ਪੰਜਾਬ ਵਿੱਚ ਓਪਰੀਆਂ ਸ਼ੈਆਂ-ਬਦਰੂਹਾਂ ਤੋਂ ਬਚਾਉਣ ਲਈ ਜਿਹੜੇ ਲੋਕ ਵਿਸ਼ਵਾਸ ਅਤੇ ਰਸਮਾਂ ਜਾਂ ਮਨੌਤਾਂ ਪ੍ਰਚਲਤ ਹਨ, ਉਨ੍ਹਾਂ ਵਿੱਚੋਂ ਇੱਕ, ਬੱਚੇ ਨੂੰ ‘ਤੜਾਗੀ ਬੰਨ੍ਹਣਾ’ ਵੀ ਹੈ। ਇਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ‘ਛੁਦ੍ਰ ਘੰਟਿਕਾ’ ਕਿਹਾ ਜਾਂਦਾ ਹੈ। ਇਸ ਦਾ ਦੂਜਾ ਨਾਂ ‘ਤ੍ਰਾਗੜੀ’ ਵੀ ਹੈ। ਕਾਲੇ ਰੰਗ ਦਾ ਪੱਕਾ ਮੋਟਾ ਧਾਗਾ, ਜਿਸ ਨੂੰ ਆਮ ਤੌਰ ’ਤੇ ਡੋਰੀ ਵੀ ਕਿਹਾ ਜਾਂਦਾ ਹੈ, ਵਿੱਚ ਚਾਂਦੀ ਦੇ ਘੁੰਗਰੂ, ਕਾਲੇ ਰੰਗ ਦਾ ਮੋਤੀ ਅਤੇ ਲੋਗੜੀ ਦੇ ਫੁੱਲ ਆਦਿ ਪਰੋਏ ਜਾਂਦੇ ਹਨ। ਕਈ ਵਾਰੀ ਚਾਂਦੀ ਦਾ ਤੀਰ ਕਮਾਨ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਤੜਾਗੀ ਦਾ ਧਾਗਾ ਲਾਲ ਰੰਗ ਦਾ ਵੀ ਹੁੰਦਾ ਹੈ।
ਪੇਂਡੂ ਸਮਾਜ ਵਿੱਚ ਇਸ ਧਾਗੇ ਦਾ ਖ਼ਾਸ ਮਹੱਤਵ ਸਵੀਕਾਰ ਕੀਤਾ ਜਾਂਦਾ ਹੈ। ਤੜਾਗੀ ਕੇਵਲ ਮੁੰਡੇ ਦੇ ਹੀ ਲੱਕ ਦੁਆਲੇ ਬੰਨ੍ਹੀ ਜਾਂਦੀ ਹੈ, ਲੜਕੀ ਦੇ ਲੱਕ ਦੁਆਲੇ ਨਹੀਂ। ਸਦੀਆਂ ਪਹਿਲਾਂ ਸਾਂਝੇ ਪੰਜਾਬ ਵਿੱਚ ਰਾਜਪੂਤ ਘਰਾਣਿਆਂ ਅਤੇ ਕਬੀਲਿਆਂ ਵਿੱਚ ਪਿਤਾ ਵੱਲੋਂ ਅੰਬ, ਨਿੰਮ ਅਤੇ ਘਾਹ ਦੀਆਂ ਪੱਤੀਆਂ ਨੂੰ ਪਤਲੀ ਰੱਸੀ ਵਾਂਗ ਵੱਟ ਕੇ ਆਪਣੇ ਬੱਚੇ ਦੇ ਲੱਕ ਦੁਆਲੇ ਬੰਨ੍ਹਣ ਦੀ ਰਵਾਇਤ ਤੁਰਦੀ ਆ ਰਹੀ ਹੈ ਤਾਂ ਜੋ ਬੱਚੇ ’ਤੇ ਭੂਤ ਪ੍ਰੇਤਾਂ ਦਾ ਸਾਇਆ ਨਾ ਪੈ ਸਕੇ ਪਰ ਬਹੁਗਿਣਤੀ ਪੇਂਡੂ ਤਬਕਿਆਂ ਵਿੱਚ ਬੱਚੇ ਦੇ ਲੱਕ ਦੁਆਲੇ ਤੜਾਗੀ ਬੰਨ੍ਹਣ ਦੀ ਰਸਮ ਉਸ ਨੂੰ ਜਨਮ ਦਿਵਾਉਣ ਵਾਲੀ ਦਾਈ ਹੱਥੋਂ ਹੀ ਅਦਾ ਕਰਵਾਈ ਜਾਂਦੀ ਹੈ। ਤੜਾਗੀ ਬੰਨ੍ਹਣ ਵਾਲੀ ਦਾਈ ਬੱਚੇ ਨੂੰ ਖਿਡਾਉਂਦੀ ਤੇ ਝੂਟੇ ਦਿੰਦੀ ਹੈ:
ਚੰਦਨ ਦਾ ਤੇਰਾ ਬਣਿਆ ਪੰਘੂੜਾ,
ਰੇਸ਼ਮ ਡੋਰਾਂ ਪਾਈਆਂ।
ਪੱਟ ਦੇ ਪੰਘੂੜੇ ਮੇਰਾ ਗੋਬਿੰਦ ਖੇਡੇ,
ਝੂਟੇ ਦੇਵਣ ਦਾਈਆਂ।
ਤੜਾਗੀ ਬੰਨ੍ਹਣ ਉਪਰੰਤ ਦਾਈ ਨੂੰ ਸ਼ਗਨ ਦੇ ਕੇ ਵਿਦਾ ਕੀਤਾ ਜਾਂਦਾ ਹੈ। ਅੱਜ-ਕੱਲ੍ਹ ਤੜਾਗੀ ਤਿਆਰ ਕਰਨ ਵਾਲੇ ਸੁਨਿਆਰ, ਜਿਸ ਲਈ ਪੇਂਡੂ ਭਾਸ਼ਾ ਵਿੱਚ ਆਦਰਸੂਚਕ ਸ਼ਬਦ ‘ਸੋਨੀ ਭਗਤ’ ਵੀ ਵਰਤਿਆ ਜਾਂਦਾ ਹੈ, ਦੇ ਪਰਿਵਾਰ ਦੀ ਕੋਈ ਇਸਤਰੀ ਵੀ ਜੱਚਾ ਬੱਚਾ ਵਾਲੇ ਘਰ ਜਾ ਕੇ ਤੜਾਗੀ ਦੇ ਨਾਲ-ਨਾਲ ਚਾਂਦੀ ਦਾ ਕੜਾ ਲੈ ਕੇ ਜਾਂਦੀ ਹੈ ਅਤੇ ਬੱਚੇ ਨੂੰ ਖ਼ੁਦ ਪਹਿਨਾਉਂਦੀ ਹੈ।  ਬਦਲੇ ਵਿੱਚ ਉਸ ਨੂੰ ਮੁੰਡੇ ਵਾਲਿਆਂ ਵੱਲੋਂ ਸ਼ਗਨ ਵਜੋਂ ਸੂਟ ਤੇ ਸ਼ਗਨ ਆਦਿ ਭੇਟ ਕੀਤੇ ਜਾਂਦੇ ਹਨ।
ਪੰਜਾਬੀ ਲੋਕ-ਮਨ ‘ਧਾਗੇ’ ਵਿੱਚ ਬਹੁਤ ਵਿਸ਼ਵਾਸ ਰੱਖਦਾ ਆਇਆ ਹੈ। ਧਾਗੇ ਨੂੰ ਜਦੋਂ ‘ਮੰਤ੍ਰਿਆ’ ਜਾਂਦਾ ਹੈ ਤਾਂ ਉਹ ‘ਖ਼ਾਸ’ ਵਸਤੂ ਦਾ ਦਰਜਾ ਪ੍ਰਾਪਤ ਕਰ ਜਾਂਦਾ ਹੈ। ਤੜਾਗੀ ਜਦੋਂ ਘੁੰਗਰੂਆਂ ਅਤੇ ਲੋਗੜੀ ਦੇ ਫੁੱਲਾਂ ਨਾਲ ਸ਼ਿੰਗਾਰੀ ਜਾਂਦੀ ਹੈ ਤਾਂ ਉਹ ਇੱਕ ਸਾਧਾਰਨ ਕਾਲੀ ਡੋਰੀ ਤੋਂ ‘ਖਾਸ’ ਚੀਜ਼ ਬਣ ਕੇ ਬੱਚੇ ਦੇ ਲੱਕ ਦੁਆਲੇ ਲੰਮੇ ਸਮੇਂ ਲਈ ਬੰਨ੍ਹੀ ਜਾਂਦੀ ਹੈ। ਲੋਕ ਕਹਾਣੀਆਂ ਵਿੱਚ ਸੁਣਦੇ ਆਏ ਹਾਂ ਕਿ ਕਿਸੇ ਜਾਦੂਗਰਨੀ ਜਾਂ ਫੱਫੇਕੱੁਟਣੀ ਵੱਲੋਂ ਕਿਸੇ ਰਾਜਕੁਮਾਰ ਜਾਂ ਪਰੀ ਨੂੰ ਵੱਸ ਵਿੱਚ ਕਰਕੇ ਉਸ ਦੇ ਸਰੀਰ ’ਤੇ ਮੰਤ੍ਰਿਆ ਧਾਗਾ ਬੰਨ੍ਹ ਕੇ ਉਸ ਨੂੰ ਸਿਲ ਪੱਥਰ, ਮੱਖੀ ਜਾਂ ਕੋਈ ਹੋਰ ਜੜ੍ਹ-ਵਸਤੂ ਬਣਾ ਦਿੱਤਾ ਜਾਂਦਾ ਸੀ। ਦੇਰ ਬਾਅਦ ਜਦੋਂ ਉਧਰੋਂ ਕੋਈ ਪਹੁੰਚਿਆ ਹੋਇਆ ਸੰਤ-ਫ਼ਕੀਰ ਜਾਂ ਪਰਉਪਕਾਰੀ-ਇਨਸਾਨ ਲੰਘਦਾ ਸੀ ਤਾਂ ਉਸ ਦੀ ਨਜ਼ਰ ਉਸ ਨੁਕਸਾਨਦਾਇਕ ਮੰਤ੍ਰੇ ਹੋਏ ਧਾਗੇ ’ਤੇ ਪੈਂਦੀ ਸੀ। ਉਹ ਉਸ ਧਾਗੇ ਨੂੰ ਤਤਕਾਲ ਆਪਣੇ ਇਲਮ ਤੇ ਸਿਆਣਪ ਨਾਲ ਕੱਟ ਦਿੰਦਾ ਸੀ। ਫਲਸਰੂਪ, ਰੁੱਖ, ਸਿਲ-ਪੱਥਰ, ਮੱਖੀ ਜਾਂ ਜੜ੍ਹ-ਹੀਣ ਵਸਤੂ ਮੁੜ ਮਨੁੱਖੀ ਜਾਮੇ ਵਿੱਚ ਆ ਜਾਂਦੀ ਸੀ ਪਰ ਤੜਾਗੀ ਦਾ ਧਾਗਾ ਬੱਚੇ ਨੂੰ ਬੁਰੀਆਂ ਸ਼ਕਤੀਆਂ/ਬਦਰੂਹਾਂ ਤੋਂ ਬਚਾਉਣ ਦਾ ਕਾਰਜ ਕਰਨ ਵਾਲਾ ਹੀ ਸਵੀਕਾਰਿਆ ਗਿਆ ਹੈ।
‘ਤੜਾਗੀ’ ਮਹਿਜ਼ ਇੱਕ ਸਾਧਾਰਨ ਕਾਲੀ ਜਾਂ ਲਾਲ ਰੰਗ ਦੀ ਡੋਰੀ ਨਹੀਂ ਹੁੰਦੀ ਸਗੋਂ ਇਸ ਵਿੱਚ ਮਾਂ ਦੀਆਂ ਸੱਧਰਾਂ ਅਤੇ ਭਾਵਨਾਵਾਂ ਵੀ ਛੁਪੀਆਂ ਹੁੰਦੀਆਂ ਹਨ ਜਿਹੜੀਆਂ ਉਸ ਦੇ ਬੱਚੇ ਦੇ ਹਿੱਤ ਵਿੱਚ ਹੁੰਦੀਆਂ ਹਨ। ਜਿਵੇਂ ਬੱਚੇ ਦੇ ਗਲ ਵਿੱਚ ‘ਨਜ਼ਰ ਵੱਟੂ’ (ਜਿਸ ਨੂੰ ਫੁੱਲ-ਤਵੀਤੜੀਆਂ ਕਿਹਾ ਜਾਂਦਾ ਹੈ, ਜਿਸ ਵਿੱਚ ਤੀਰ-ਕਮਾਨ, ਗਲੀ ਵਾਲੇ ਪੈਸੇ ਅਤੇ ਕੌਡੀਆਂ ਆਦਿ ਪਰੋਈਆਂ ਜਾਂਦੀਆਂ ਹਨ) ਪਹਿਨਾਇਆ ਜਾਂਦਾ ਹੈ, ਉਸੇ ਪ੍ਰਕਾਰ ਬੱਚੇ ਦੇ ਲੱਕ ਦੁਆਲੇ ਬੰਨ੍ਹੀ ਤੜਾਗੀ ਵਿੱਚ ਮੋਤੀ, ਘੁੰਗਰੂ ਅਤੇ ਲੋਗੜੀ ਦੇ ਫੁੱਲ ਬੰਨ੍ਹੇ ਜਾਂਦੇ ਹਨ। ਘੁੰਗਰੂਆਂ ਦੀ ਗਿਣਤੀ ਪੰਜ, ਸੱਤ, ਨੌਂ ਜਾਂ ਗਿਆਰਾਂ ਹੁੰਦੀ ਹੈ। ਕਈ ਵਾਰੀ ਤੜਾਗੀ ਵਿੱਚ ਸੂਰ ਦਾ ਦੰਦ ਵੀ ਬੰਨ੍ਹ ਦਿੱਤਾ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਜੇ ਸੂਰ, ਜੋ ਹਾਥੀ ਦਾ ਛੋਟਾ ਰੂਪ ਹੈ ਦਾ ਮਾਸ ਖਾਧਾ ਜਾਵੇ ਤਾਂ ਕੋਈ ਚੰਦਰੀ ਨਜ਼ਰ ਉਸ ਦੇ ਨੇੜੇ ਨਹੀਂ ਫਟਕ ਸਕਦੀ।
ਸੂਰ-ਦੰਦ ਵੀ ਤੜਾਗੀ ਜਾਂ ਗਲੇ ’ਚ ਪਹਿਨਣ ਪਿੱਛੇ ਇਹੋ ਧਾਰਣਾ ਕਾਰਜਸ਼ੀਲ ਵਿਖਾਈ ਦਿੰਦੀ ਹੈ। ਫੁੱਲ-ਤਵੀਤੜੀਆਂ ਜਾਂ ਤੜਾਗੀ ਵਿੱਚ ਸੁਰਾਖ ਕੱਢ ਕੇ ਪਰੋਈ ਹੋਈ ਕੌਡੀ ਦਾ ਤਾਅਲੁਕ ਵੀ ਪੰਜਾਬੀ ਲੋਕ-ਮਾਨਸਿਕਤਾ ਨਾਲ ਜੁੜਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਕੌਡੀ ਵੀ ਬੱਚੇ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਦਾ ਕਾਰਜ ਕਰਦੀ ਹੈ। ਇਹ ਕੌਡੀ ਕਿਸੇ ਬੱਚੇ ਉਪਰ ਆਉਣ ਵਾਲੇ ਸੰਕਟ/ਕਰੋਪੀ ਨੂੰ ਆਪਣੇ ਤਿੱਖੇ ਦੰਦਾਂ ਨਾਲ ਚਬਾ ਕੇ ਆਪਣੇ ਢਿੱਡ ਵਿੱਚ ਹੀ ਜਜ਼ਬ ਕਰ ਲੈਂਦੀ ਹੈ। ਤੜਾਗੀ ਵਿਚਲੇ ਘੁੰਗਰੂਆਂ ਦੀ ਛਣਛਣ ਕਰਦੀ ਆਵਾਜ਼ ਕੰਮ ਕਾਰ ਵਿੱਚ ਰੁੱਝੀ ਮਾਂ ਨੂੰ ਸੁਣਾਈ ਦਿੰਦੀ ਰਹਿੰਦੀ ਹੈ ਅਤੇ ਇਸ ਨਾਲ ਮਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਨੇੜੇ-ਤੇੜੇ ਹੀ ਖੇਡ ਰਿਹਾ ਹੈ।
ਅੱਜ-ਕੱਲ੍ਹ ਕਈ ਪਰਿਵਾਰਾਂ ਵੱਲੋਂ ਬੱਚੇ ਨੂੰ ਚਾਂਦੀ ਦੇ ਘੁੰਗਰੂਆਂ ਦੀ ਥਾਂ ਸੋਨੇ ਦੇ ਘੁੰਗਰੂਆਂ ਵਾਲੀ ਤੜਾਗੀ ਬੰਨ੍ਹੀ ਜਾਂਦੀ ਹੈ। ਪੰਜਾਬੀ ਦੀ ਇੱਕ ਪ੍ਰਚਲਤ ਲੋਰੀ ਵਿੱਚ ਦਾਦੀ ਆਪਣੇ ਨੰਨ੍ਹੇ-ਮੁੰਨੇ ਪੋਤੇ ਦੀਆਂ ਅੱਖਾਂ, ਹੱਥ, ਮੂੰਹ ਆਦਿ ਚੁੰਮਦੀ ਹੋਈ ਉਸ ਦੇ ਲੱਕ ਦੁਆਲੇ ਬੰਨ੍ਹੀ ਤੜਾਗੀ ਨੂੰ ਵੀ ਚੁੰਮਦੀ ਹੈ:
ਚੁੰਮਾਂ ਤੇਰੀ ਤੜਾਗੀ, ਊਂ-ਊਂ
ਤੇਰੇ ਸਦਕੇ ਜਾਂਦੀ ਦਾਦੀ, ਊਂ-ਊਂ
ਲਾਲ ਨੂੰ ਲੋਰੀ ਦੇਵਾਂ।
ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਕਈ ਵਾਰੀ ਖੇਡਦਿਆਂ-ਖੇਡਦਿਆਂ ਤੜਾਗੀ ਦਾ ਧਾਗਾ ਪੁਰਾਣਾ ਅਤੇ ਬੋਦਾ ਹੋਣ ਕਾਰਨ ਕਿਧਰੇ ਟੁੱਟ ਕੇ ਘੁੰਗਰੂਆਂ ਸਮੇਤ ਡਿੱਗ ਜਾਂਦਾ ਹੈ ਜਾਂ ਘਰ ਵਾਲਿਆਂ ਵੱਲੋਂ ਲਾਹ ਲਿਆ ਜਾਂਦਾ ਹੈ ਅਤੇ ਉਸ ਨੂੰ ਆਉਣ ਵਾਲੇ ਦੂਜੇ ਬੱਚੇ ਲਈ ਸਾਂਭ ਲਿਆ ਜਾਂਦਾ ਹੈ। ਪੁਰਾਣੇ ਲੋਕ ਤੜਾਗੀ ਨੂੰ ਵੀ ਇੱਕ ਅਜਿਹਾ ਵਸੀਲਾ ਤਸਲੀਮ ਕਰਦੇ ਸਨ ਜਿਸ ਰਾਹੀਂ ਕਿਸੇ ਬੱਚੇ ਦੇ ਸਰੀਰਕ ਤੌਰ ’ਤੇ ਵਧਣ ਫੁੱਲਣ ਦੀਆਂ ਸੰਭਾਵਨਾਵਾਂ ਦਾ ਪਤਾ ਲੱਗਦਾ ਰਹਿੰਦਾ ਹੈ।
ਜੇ ਤੜਾਗੀ ਬੱਚੇ ਦੇ ਵੱਡਾ ਹੋਣ ਨਾਲ ਕਸੀ ਜਾਂਦੀ ਹੋਵੇ ਤਾਂ ਇਸ ਨਾਲ ਬੱਚੇ ਦੇ ਸਿਹਤਮੰਦ ਹੋਣ ਦੀ ਪੁਸ਼ਟੀ ਹੁੰਦੀ ਹੈ। ਇਸ ਦੇ ਉਲਟ ਜੇ ਤੜਾਗੀ ਢਿੱਲੀ ਹੁੰਦੀ ਜਾਂਦੀ ਹੋਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਬੱਚੇ ਨੂੰ ਮਾਂ ਦਾ ਦੁੱਧ ਜਾਂ ਭੋਜਨ ਉਚਿਤ ਮਾਤਰਾ ਵਿੱਚ ਨਹੀਂ ਮਿਲ ਰਿਹਾ ਜਿਸ ਕਰਕੇ ਬੱਚਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਦੱਬੇ ਕੁਚਲਿਆਂ ਦੇ ਪੰਜਾਬੀ ਲੋਕ ਸ਼ਾਇਰ ਸੰਤ ਰਾਮ ਉਦਾਸੀ ਨੇ ਆਪਣੀ ਇੱਕ ਕਵਿਤਾ ਵਿੱਚ ਆਰਥਿਕ ਪੱਖੋਂ ਥੁੜ੍ਹੇ ਟੁੱਟੇ ਗ਼ਰੀਬ ਪਰਿਵਾਰ ਵਿੱਚ ਵਿਚਰਦੀ ਔਰਤ ਦੇ ਢਿੱਡੋਂ ਭੁੱਖੇ ਬਾਲ ਦੀ ਢਿਲਕਦੀ ਜਾਂਦੀ ਤੜਾਗੀ ਬਾਰੇ ਭਾਵਨਾਵਾਂ ਇਸ ਤਰ੍ਹਾਂ ਪ੍ਰਗਟ ਕੀਤੀਆਂ ਹਨ:
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ।
ਅੱਜ ਦੇ ਗਿਆਨ-ਵਿਗਿਆਨ ਯੁੱਗ ਵਿੱਚ ਵੀ ‘ਤੜਾਗੀ’ ਵਾਲੇ ਬੱਚੇ ਆਮ ਵੇਖੇ ਜਾ ਸਕਦੇ ਹਨ ਅਤੇ ਇਸ ਨਾਂ ਦਾ ਇੱਕ ਬਾਲ ਰਸਾਲਾ ਵੈੱਬਸਾਈਟ ’ਤੇ ਵੀ ਲਾਂਚ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਬੱਚਿਆਂ ਦੀਆਂ ਸੱਭਿਆਚਾਰਕ ਅਤੇ ਸਾਹਿਤਕ ਰੁਚੀਆਂ ਪ੍ਰਫੁਲਤ ਕੀਤੀਆਂ ਜਾ ਸਕਣ।

-ਦਰਸ਼ਨ ਸਿੰਘ ਆਸ਼ਟ (ਡਾ.)
* ਸੰਪਰਕ:98144-23703


No comments:

Post a Comment