Friday, 6 September 2013

ਲਿੱਪਿਆ ਸੰਵਾਰਿਆ ਚੌਂਤਰਾ



ਸੱਚਮੁੱਚ ਕਿੰਨੀ ਠੰਢਕ, ਸਾਂਝ, ਸ਼ਾਂਤੀ ਤੇ ਮੋਹ-ਮੁਹੱਬਤ ਸੀ ਇਨ੍ਹਾਂ ਮਿੱਟੀ ਦੇ ਘਰਾਂ ਦੀ ਕੁਦਰਤੀ ਗੋਦ ਵਿੱਚ। ਮਿੱਟੀ ਦੇ ਕੱਚੇ ਘਰਾਂ ਨੂੰ ਮਿੱਟੀ ਨਾਲ ਹੀ ਲਿੱਪਣਾ-ਪੋਚਣਾ ਤੇ ਸ਼ਿੰਗਾਰਨਾ ਪੰਜਾਬਣਾਂ ਦੀ ਹਸਤ ਕਲਾ ਦਾ ਕਮਾਲ ਸੀ। ਜੇ ਪੰਜਾਬ ਦੀਆਂ ਧੀਆਂ ਦੀ ਸਿਉਣ-ਪ੍ਰੋਣ ਕਲਾ ਬਾਗ਼-ਫੁਲਕਾਰੀਆਂ ਵਿੱਚ ਡੁੱਲ੍ਹ-ਡੁੱਲ੍ਹ ਪੈਂਦੀ ਸੀ ਤਾਂ ਇਹ ਕਲਾ ਮਿੱਟੀ ਦੀਆਂ ਕਲਾ ਕਿਰਤਾਂ ਨੂੰ ਵੀ ਮੂੰਹੋਂ ਬੁਲਾਉਂਦੀ ਰਹੀ ਹੈ। ਕੱਚੇ ਘਰਾਂ ਦੀਆਂ ਕੱਚੀਆਂ ਸਬ੍ਹਾਤਾਂ, ਸਰਬੱਤੀਆਂ, ਸਰਦਲਾਂ, ਵਿਹੜਿਆਂ ਛੱਤਾਂ ਅਤੇ ਚੌਂਕੇ ਚੌਂਤਰਿਆਂ ਨੂੰ ਮਿੱਟੀ ਪੋਚੇ ਨਾਲ ਹੀ ਸ਼ੰਗਾਰਿਆ ਸੰਵਾਰਿਆ ਜਾਂਦਾ ਸੀ। ਘਰ ਦੇ ਅੰਦਰ-ਬਾਹਰ ਤੇ ਛੱਤਾਂ ਉੱਪਰ ਗੋਹੇ-ਰਲੀ ਮਿੱਟੀ ਫੇਰੀ ਜਾਂਦੀ ਸੀ ਜਿਸ ਨੂੰ ਮਿੱਟੀ ਫੇਰਨਾ ਜਾਂ ਤਲੀ ਦੇਣਾ ਕਿਹਾ ਜਾਂਦਾ ਸੀ। ਜਿਵੇਂ ਕਿ ਨਵੀਂ ਭਾਬੋ ਵਿਆਹ ਕੇ ਲਿਆਏ ਵੀਰ ਨੂੰ ਭੈਣਾਂ ਦੋਹਾ ਲਾਉਂਦੀਆਂ ਕਹਿੰਦੀਆਂ ਨੇ-
ਅੰਦਰ ਤਲੀਆਂ ਦੇ ਰਹੀ, ਵੀਰਾ। ਵਿਹੜੇ ਕਰਾਂ ਛਿੜਕਾਅ।
ਪੈਰੀਂ ਪੈਣਾ ਭੁੱਲ ਗਿਆ,
ਤੈਨੂੰ ਨਵੀਂ ਬੰਨੋ ਦਾ, ਵੇ ਵੀਰ ਸੁਲੱਖਣਿਆ ਚਾਅ।
ਵਿਆਹ ਵਿੱਚ ਫਿਰ ਨਾਨਕੇ ਦਾਦਕਿਆਂ ਦੇ ਗਿੱਧੇ ਦੇ ਪਿੜ ਵਿੱਚ ਹੁੰਦੇ ਮੁਕਾਬਲਿਆਂ ਵਿੱਚ ਵੀ ‘ਕਾਲੀ ਮਿੱਟੀ ਫੇਰਨ’ ਦਾ ਜ਼ਿਕਰ ਸਿੱਠਣੀ ਵਜੋਂ ਉਭਰਦਾ ਹੈ-
ਕਾਲੀ ਮਿੱਟੀ ਦਾ ਫੇਰ ਦਿਓ ਪੋਚਾ, ਨਾਨਕਿਆਂ ਦਾ ਕੁੱਪ ਬੰਨ੍ਹ ਦਿਓ।
ਮਿੱਟੀ ਦੇ ਕੱਚੇ ਘਰਾਂ ਦੀ ਬਲਗਣ ਵਿੱਚ ਸਭ ਤੋਂ ਅਹਿਮ ਸਥਾਨ ਹੁੰਦਾ ਸੀ ਚੁੱਲ੍ਹੇ-ਚੌਂਕੇ ਦਾ। ਭੋਜਨ-ਪਕਵਾਨ ਬਣਾਉਣ ਵਾਲੀ ਥਾਂ ਨੂੰ ਸੁੱਚਤਾ ਤੇ ਸਫ਼ਾਈ ਵਾਲੀ ਜਗ੍ਹਾ ਮੰਨਿਆ ਜਾਂਦਾ ਸੀ। ਇਸ ਕਰਕੇ ਪਕਵਾਨ ਬਣਾਉਣ ਵਾਲੀ ਥਾਂ ਨੂੰ ਪਾਕ ਸਾਲ ਵੀ ਕਿਹਾ ਗਿਆ ਹੈ। ਚੁੱਲ੍ਹੇ-ਚੌਂਕੇ ਵਾਲੇ ਚੌਂਤਰੇ ਉੱਪਰ ਕੋਈ ਜੁੱਤੀ ਪਾ ਕੇ ਨਹੀਂ ਸੀ ਜਾਂਦਾ। ਇਹ ਚੌਂਤਰਾ ਘਰ ਦੀ ਕਿਸੇ ਖਾਸ ਸਾਫ਼-ਸਫ਼ਾਈ ਵਾਲੀ ਜਗ੍ਹਾ ਉੱਪਰ ਬਣਾਇਆ ਜਾਂਦਾ ਸੀ। ਜਿਵੇਂ ਘਰ ਦੀਆਂ ਸਬ੍ਹਾਤਾਂ ਦੇ ਅੱਗੇ ਇੱਕ ਨੁੱਕਰੇ ਜਾਂ ਰਸੋਈ ਦੇ ਅੱਗੇ ਬਣਾਇਆ ਜਾਂਦਾ ਸੀ ਪਰ ਪੁਰਾਤਨ ਸਮਿਆਂ ਵਿੱਚ ਰਸੋਈ ਨਾਲੋਂ ਖੁੱਲ੍ਹੇ ਚੌਂਤਰੇ ਦੀ ਜ਼ਿਆਦਾ ਮਹਾਨਤਾ ਰਹੀ ਹੈ। ਸੁਬ੍ਹਾ-ਸ਼ਾਮ ਸਾਰਾ ਪਰਿਵਾਰ ਇਕੱਠਾ ਬੈਠ ਕੇ ਇਸ ਚੌਂਤਰੇ ਉੱਪਰ ਹੀ ਭੋਜਨ ਛਕਦਾ ਸੀ। ਸਰਦੀਆਂ ਵਿੱਚ ਤਾਂ ਚੁੱਲ੍ਹੇ ‘ਹਾਰੇ’ ਦੇ ਨਿੱਘ ਨਾਲ ਪਰਿਵਾਰਕ ਸਾਂਝ ਦਾ ਨਿੱਘ ਹੋਰ ਵੀ ਵਧ ਜਾਂਦਾ। ਇਸੇ ਚੌਂਤਰੇ ਉੱਪਰ ਹੀ ਘਰ ਦੀ ਸੁਆਣੀ ਕਾੜ੍ਹਨੀ ਵਾਲਾ ‘ਬਦਾਮ ਰੰਗਾ’ ਦੁੱਧ ਵਰਤਾਉਂਦੀ ਸੀ। ਇਸ ਚੌਂਤਰੇ ਦੁਆਲੇ ਤਿੰਨ ਢਾਈ ਫੁੱਟ ਦੀ ਕੱਚੀ ਕੰਧ ਦਾ ਪਰਦਾ ਕੀਤਾ ਜਾਂਦਾ ਜਿਸ ਨੂੰ ਕੰਧੋਲੀ ਜਾਂ ਓਟਾ ਕਹਿੰਦੇ ਸਨ। ਇਹ ਓਟੇ ਤੋਂ ਭਾਵ ਹੁੰਦਾ ਸੀ ਓਹਲਾ ਭਾਵ ਖਾਣ ਪਕਾਉਣ ਲਈ ਪਰਦਾ ਕੀਤਾ ਜਾਂਦਾ ਸੀ। ਕੰਧੋਲੀ ਜਾਂ ਓਟੇ ਨਾਲ ਮਿੱਟੀ ਘੱਟਾ ਉੱਡਣ ਦਾ ਡਰ ਵੀ ਘਟ ਜਾਂਦਾ ਸੀ। ਦੂਜਾ ਖਾਣ ਪਕਾਉਣ ਦੀ ਕਿਰਿਆ ਨੂੰ ਪਰਦੇ ਵਿੱਚ ਰੱਖਣ ਦੀ ਪਰੰਪਰਾ ਵੀ ਸੀ ਜਿਵੇਂ ਕਿ ਇੱਕ ਅਖਾਣ ਹੈ-
ਭੋਜਨ, ਭਜਨ ਖ਼ਜ਼ਾਨਾ ਨਾਰੀ, ਤੀਨੋਂ ਪਰਦੇ ਕੇ ਅਧਿਕਾਰੀ।
ਇਸ ਚੌਂਕੇ ਦੇ ਓਟੇ ਉੱਪਰ ਵੀ ਸੁਘੜ-ਸੁਆਣੀਆਂ ਆਪਣੀ ਕਲਾ ਦਾ ਜਾਦੂ ਜ਼ਰੂਰ ਬਿਖੇਰਦੀਆਂ ਸਨ। ਕੰਧੋਲੀ ਉੱਪਰ ਸੋਹਣੀ ਸੁਚੱਜੀ ਮਿੱਟੀ ਫੇਰ ਕੇ ਫਿਰ ਉਸ ਉੱਪਰ ਮਿੱਟੀ ਨਾਲ ਮੋਰ-ਘੁੱਗੀਆਂ, ਚਿੜੀਆਂ ਤੋਤੇ, ਮਿਰਗ ਮੱਛੀਆਂ ਅਤੇ ਫੁੱਲ ਵੇਲਾਂ ਉਕਰੀਆਂ ਜਾਂਦੀਆਂ ਸਨ। ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਚੀਕਣੀ ਮਿੱਟੀ ਦਾ ਪੋਚਾ ਫੇਰ ਦਿੱਤਾ ਜਾਂਦਾ ਸੀ। ਚੌਂਕੇ ਬੈਠੀ ਸੁਆਣੀ ਨੂੰ ਘਰ ਦਰਵਾਜ਼ੇ ਦੀ ਖ਼ਬਰਸਾਰ ਰਹੇ ਇਸ ਲਈ ਓਟੇ ਵਿੱਚ ਗੋਲ, ਤਿਕੋਣੇ ਅਤੇ ਚੌਰਸ ਮੋਰੇ (ਮਘੋਰੇ) ਵੀ ਰੱਖੇ ਜਾਂਦੇ ਸਨ। ਓਟੇ ਨੂੰ ਹੋਰ ਸੁੰਦਰ ਦਿੱਖ ਦੇਣ ਲਈ ਰਕਾਨ ਪੰਜਾਬਣਾਂ ਲੰਬਕਾਰ ਮੋਰੇ ਰੱਖ ਕੇ ਉਸ ਵਿੱਚ ਰੰਗਦਾਰ ਪਾਣੀ ਦੀਆਂ ਭਰੀਆਂ ਕੱਚ ਦੀਆਂ ਬੋਤਲਾਂ ਵੀ ਰੱਖ ਦਿੰਦੀਆਂ ਸਨ। ਓਟੇ ਉੱਪਰ ਇਸ਼ਾਰਾ ਉਂਗਲੀ ਦੇ ਪੋਟੇ ਨਾਲ ਲਾਲ ਰੰਗ ਨਾਲ ਚਿੱਤਰਕਾਰੀ ਵੀ ਕੀਤੀ ਜਾਂਦੀ ਸੀ।
ਅਜਿਹੀ ਚਿੱਤਰਕਾਰੀ ‘ਸਾਂਝੀ ਮਾਈ’ ਬਣਾਉਣ ਸਮੇਂ ਵੀ ਕੰਧਾਂ ਉੱਪਰ ਕੀਤੀ ਜਾਂਦੀ ਸੀ। ਚੌਂਤਰੇ ਉੱਪਰ ਚੁੱਲ੍ਹੇ ਤੋਂ ਬਿਨਾਂ ਅਹਾਰਾ (ਹਾਰਾ) ਉੱਖਲੀ, ਛੋਟਾ ਤੰਦੂਰ ਵੀ ਬਣਾਏ ਜਾਂਦੇ ਸਨ। ਚੁੱਲ੍ਹੇ ਉੱਪਰ ਰੋਟੀਆਂ ਪੱਕਦੀਆਂ, ਅਹਾਰੇ ਦੀ ਤੌੜੀ ਵਿੱਚ ਦੁੱਧ ਕੜ੍ਹਦਾ, ਤਪਲਿਆਂ ਵਿੱਚ ਦਾਲ ਰਿੱਝਦੀ, ਉੱਖਲੀ ਵਿੱਚ ਮੋਠ ਬਾਜਰੇ ਦੀ ਖਿਚੜੀ ਕੁੱਟੀ ਜਾਂਦੀ, ਕੂੰਡੇ ਘੋਟਿਆਂ ਨਾਲ ਸੁਆਦਲੀ ਚਟਣੀ ਰਗੜੀ ਜਾਂਦੀ। ਮਿੱਟੀ ਦੇ ਬਣੇ ਚੁੱਲ੍ਹੇ ਚੌਂਕੇ ਵਿੱਚ ਮਿੱਟੇ ਦੇ ਹੀ ਬਰਤਨਾਂ ਵਿੱਚ ਬਣਦੇ ਭੋਜਨ ਦੀ ਅਨੂਠੀ ਮਹਿਕ ਚੁਗਿਰਦਾ ਮਹਿਕਾਉਂਦੀ ਰਹਿੰਦੀ। ਚੁੱਲ੍ਹੇ-ਚੌਂਕੇ ਦੀਆਂ ਇਹ ਮਿੱਠੀਆਂ ਮਹਿਕਾਂ ਪੰਜਾਬਣਾਂ ਦੇ ਗਲੇ ਨੂੰ ਸ਼ਰਸਾਰ ਕਰਦੀਆਂ, ਜਿੱਥੋਂ ਲੰਮੀ ਹੇਕ ਵਾਲੇ ਸੁਰੀਲੇ ਗੌਣ ਫੁੱਟਦੇ ਜੋ ਸਾਡੇ ਸਮੁੱਚੇ ਲੋਕ ਸਾਹਿਤ ਨੂੰ ਸੁਆਦਲਾ ਤੇ ਸੁਗੰਧਤ ਕਰਦੇ। ਹਰ ਖ਼ੁਸ਼ੀ ਦੇ ਮੌਕੇ ਮਾਣ-ਮੱਤੀਆਂ ਪੰਜਾਬਣਾਂ ਲਿੱਪੇ ਚੌਂਤਰੇ ਦਾ ਗੀਤ ਛੂਹ ਕੇ ਚੁੱਲ੍ਹੇ ਚੌਂਕੇ ਨੂੰ ਨਤਮਸਤਕ ਹੁੰਦੀਆਂ-
ਲਿੱਪਿਆ ਸੰਵਾਰਿਆ ਚੌਂਤਰਾ, ਵੇ
ਡੇਕਾਂ ਫੁੱਲੀਆਂ ਵੇ ਚੀਰੇ ਵਾਲਿਆ ਵੇ।
ਪੁੱਤ ਜਿਨ੍ਹਾਂ ਦੇ ਨੌਕਰੀ,
ਮਾਵਾਂ ਡੁੱਲੀਆਂ ਵੇ ਚੀਰਾ ਵਾਲਿਆ ਵੇ…
ਇਸ ਓਟੇ ਵਿੱਚ ਹੀ ਚੁੱਲ੍ਹੇ ਚੌਂਕੇ ਨਾਲ ਸਬੰਧਤ ਹੋਰ ਸਾਜ਼ੋ ਸਮਾਨ ਜਿਵੇਂ ਚਿਮਟਾ ਫੂਕਣੀ, ਤਵਾ, ਥਪਨਾ, ਤੌੜੀ, ਚਾਟੀ, ਕੂੰਡਾ ਘੋਟਣਾ, ਮੂੜ੍ਹਾ, ਚਕਲਾ ਵੇਲਣਾ ਪਿਆ ਹੁੰਦਾ ਸੀ। ਚੁੱਲ੍ਹੇ ਚੌਂਕੇ ਨੂੰ ਸ਼ਿੰਗਾਰਨ ਲਈ ਹਰ ਸੁਆਣੀ ਆਪਣੀ ਕਲਾ ਮੁਤਾਬਕ ਪੂਰਾ ਜ਼ੋਰ ਲਾਉਂਦੀ ਸੀ। ਕਿਸੇ ਰਕਾਨ ਔਰਤ ਦੀ ਸੁਘੜਤਾ, ਸਲੀਕੇ ਅਤੇ ਚੱਜ-ਅਚਾਰ ਦੀ ਪਰਖ ਚੁੱਲ੍ਹੇ-ਚੌਂਕੇ ਦੀ ਸਫ਼ਾਈ ਅਤੇ ਸ਼ਿੰਗਾਰ ਤੋਂ ਹੀ ਹੋ ਜਾਂਦੀ ਸੀ। ਇਹ ਚੁੱਲ੍ਹੇ-ਅਹਾਰੇ ਫੇਰ ਭਲਾ ਸਾਡੇ ਲੋਕ ਸਾਹਿਤ ਦੀ ਰੰਗਤ ਤੋਂ ਕਿਵੇਂ ਵਾਂਝੇ ਰਹਿ ਸਕਦੇ ਨੇ। ਇਹ ਤਾਂ ਸਗੋਂ ਮੌਖਿਕ ਪਰਤਾਂ ਤੇ ਮੋਤੀਆਂ ਵਾਂਗ ਪਰੋਏ ਦਿਸਦੇ ਹਨ-
ਚੁੱਲ੍ਹੇ ਪਕਾਵਾਂ ਰੋਟੀਆਂ ਤੇ ਹਾਰੇ ਧਰਦੀ ਖੀਰ,
ਨੀਂ ਛੁਡਾ ਲੈ ਨਣਦੇ ਕੁੱਟੂਗਾ ਤੇਰਾ ਵੀਰ।
ਹਾਰੇ ਕੜ੍ਹਦੇ ਦੁੱਧ ਦੀ ਗਵਾਹੀ ਵੀ ਲੋਕ ਗੀਤ ਪੀੜ੍ਹੀ ਦਰ ਪੀੜ੍ਹੀ ਦਿੰਦੇ ਰਹੇ ਹਨ-
ਆਉਂਦੀ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ,
ਬਈ ਦੁੱਧ ਦਾ ਗਿਲਾਸ ਡੁੱਲ੍ਹ ਗਿਆ
ਸਾਰਾ ਟੱਬਰ ਚਿੰਘਿਆੜਾਂ ਮਾਰੇ…।
ਜਾਂ
ਹਾਰੇ ਦੁੱਧ ਕੜ੍ਹੇਂਦੀਏ ਨੀਂ ਉੱਤੇ ਆਈ ਐ ਮਲਾਈ,
ਬੀਬੀ ਗਵੀਏ ਨੀਂ ਸਾਡੀ ਮੰਨ ਲੈ ਵਧਾਈ।
ਹਾਰੇ ਵਾਂਗ ਤੰਦੂਰ ਵੀ ਲੋਕ ਸਾਹਿਤ ਵਿੱਚ ਲਾਲੋ-ਲਾਲ ਹੋਇਆ ਤਪਦਾ ਹੈ-
ਉੱਚੜਾ ਬੁਰਜ ਲਾਹੌਰ ਦਾ,
ਕੋਈ ਹੇਠਾਂ ਤਪੇ ਤੰਦੂਰ ਮਾਹੀਆ ਬੇਲੀਆ
ਗਿਣ-ਗਿਣ ਲਾਹਾਂ ਰੋਟੀਆਂ
ਵੇ ਕੋਈ ਲਹਿਣ ਪੂਰਾਂ ਦੇ ਪੂਰ ਮਾਹੀਆ ਬੇਲੀਆ।
ਲੰਮੀਏ ਨੀਂ ਲੰਝੀਏ ਛੈਲ ਜਵਾਨੇ ਵਧ ਤਾਂ ਗਈਂ ਏ ਖਜ਼ੂਰ ਵਾਂਗੂੰ,
ਜੇ ਬੁਲਾਇਆ ਤਾਂ ਤਪ ਗਈ ਤੰਦੂਰ ਵਾਂਗੂੰ।
ਇਹ ਚੁੱਲ੍ਹੇ ਹਾਰੇ ਵੀ ਇੱਕ ਦਿਨ ਨਹੀਂ ਸੀ ਬਣਦੇ। ਇਨ੍ਹਾਂ ਨੂੰ ਬਣਾਉਣ ਲਈ ਕਾਲੀ ਮਿੱਟੀ ਵਿੱਚ ਤੂੜੀ ਮਿਲਾ ਕੇ ਸਖ਼ਤ ਮਿੱਟੀ ਨਾਲ ਢਾਂਚੇ ਅਰੰਭੇ ਜਾਂਦੇ ਸਨ, ਜਿਸ ਨੂੰ ਚੁੱਲ੍ਹਾ ਹਾਰਾ ‘ਡੌਲਣਾ’ ਕਿਹਾ ਜਾਂਦਾ ਸੀ। ਫਿਰ ਇਸ ਨੂੰ ਰੋਜ਼-ਰੋਜ਼ ਥੋੜ੍ਹਾ-ਥੋੜ੍ਹਾ ਉਪਰ ਵਧਾਇਆ ਜਾਂਦਾ ਸੀ ਜਿਸ ਨੂੰ ‘ਵਾਰ ਦੇਣਾ’ ਕਹਿੰਦੇ ਸਨ। ਮੁਕੰਮਲ ਹੋ ਜਾਣ ’ਤੇ ਇਨ੍ਹਾਂ ਉੱਪਰ ਕਲਾ ਕਿਰਤਾਂ ਉਕਰ ਕੇ ਪੋਚਾ ਫੇਰ ਕੇ ਅੰਤਮ ਛੋਹ ਦਿੱਤੀ ਜਾਂਦੀ ਸੀ।
ਚੁੱਲ੍ਹੇ ਚੌਂਕੇ ਤੋਂ ਬਿਨਾਂ ਘਰ ਵਿੱਚ ਆਟਾ ਪੀਸਣ ਵਾਲੀ ਚੱਕੀ, ਆਟਾ ਪਾਉਣ ਵਾਲੇ ਭੜੋਲੇ, ਅਨਾਜ ਸਾਂਭਣ ਵਾਲੀਆਂ ਬਖਾਰੀਆਂ ਸਭ ਮਿੱਟੀ ਦੀਆਂ ਬਣਾਈਆਂ ਜਾਂਦੀਆਂ ਸਨ। ਕਾਲੀ ਮਿੱਟੀ ਨੂੰ ਗੁੰਨ-ਗੁੰਨ ਕੇ ਸੀਮਿੰਟ ਵਰਗੀ ਬਣਾ ਲਿਆ ਜਾਂਦਾ ਸੀ ਜਿਸ ਤੋਂ ਇਹ ਸਭ ਚੀਜ਼ਾਂ ਤਿਆਰ ਹੁੰਦੀਆਂ ਸਨ। ਭੜੋਲੇ, ਬਖਾਰੀਆਂ ਦੇ ਢੱਕਣ ਵੀ ਮਿੱਟੀ ਪੱਥ ਕੇ ਤਿਆਰ ਕੀਤੇ ਜਾਂਦੇ ਸਨ। ਇਹ ਆਕਾਰ ਵਿੱਚ ਚੁੱਲ੍ਹੇ ਹਾਰਿਆਂ ਨਾਲੋਂ ਵੱਡੇ ਹੋਣ ਕਾਰਨ ਇਨ੍ਹਾਂ ਉੱਪਰ ਚਿੱਤਰਕਾਰੀ ਵੀ ਵੱਡੀ ਹੀ ਕੀਤੀ ਜਾਂਦੀ ਸੀ। ਇਨ੍ਹਾਂ ਉੱਪਰ ਸ਼ੇਰ, ਹਾਥੀ, ਹਿਰਨ, ਘੋੜੇ, ਮਿਰਗ ਮੱਛੀਆਂ ਬੜੀ ਰੀਝ ਨਾਲ ਚਿਤਰੇ ਜਾਂਦੇ ਸਨ। ਇਨ੍ਹਾਂ ਸਭ ਚੀਜ਼ਾਂ ਦੀ ਕਲਾਤਮਕਤਾ ਬਾਰੇ ਸੋਚ ਕੇ ਪੰਜਾਬਣਾਂ ਦੀ ਕਲਾ ਨੂੰ ਅਤੇ ਕਲਾ ਲਈ ਕੱਢੇ ਜਾਂਦੇ ਸਮੇਂ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਸਵੇਰੇ ਉੱਠ ਕੇ ਚੱਕੀ ਪੀਹਣੀ, ਧਾਰਾਂ ਕੱਢਣੀਆਂ, ਪਸ਼ੂ ਢਾਂਡਾ ਸਾਂਭਣਾ, ਚੁੱਲ੍ਹਾ ਚੌਂਕਾ ਕਰਨਾ, ਖੇਤ ਭੱਤਾ ਲੈ ਕੇ ਜਾਣਾ, ਕਸੀਦਾਕਾਰੀ ਜਿਹੇ ਰੁਝੇਵਿਆਂ ਵਿੱਚੋਂ ਮਿੱਟੀ ਵਿੱਚੋਂ ਮੂਰਤਾਂ ਘੜਨੀਆਂ ਸੁਖਾਲਾ ਕੰਮ ਨਹੀਂ ਸੀ। ਇਹ ਕਲਾ ਭੜੋਲੇ-ਬਖਾਰੀਆਂ ਦੇ ਵੀ ਸਿਰ ਚੜ੍ਹ ਬੋਲਦੀ ਸੀ।
ਘਰ ਦੀਆਂ ਕੱਚੀਆਂ ਕੰਧਾਂ ਨੂੰ ਲਿੱਪ ਕੇ ਲਿਸ਼ਕਾਉਣਾ ਵੀ ਪੰਜਾਬਣ ਸੁਆਣੀ ਦੇ ਹਿੱਸੇ ਹੀ ਆਉਂਦਾ ਸੀ। ਕੰਧਾਂ ਵਿੱਚ ਆਲੇ ਰੱਖੇ ਹੁੰਦੇ ਸਨ ਅਤੇ ਇੱਕ ਘਿਓ-ਮੱਖਣ ਸਾਂਭਣ ਲਈ ਕੋਠੀ ਬਣਾਈ ਹੁੰਦੀ ਸੀ ਜਿਸ ਨੂੰ ਲੱਕੜ ਦਾ ਦਰਵਾਜ਼ਾ ਲੱਗਾ ਹੁੰਦਾ ਸੀ। ਘਿਓ ਵਾਲੀ ਕੋਠੀ ਦੀ ਚਾਬੀ ਵੱਡੀ ਬੇਬੇ ਦੇ ਖੀਸੇ ਵਿੱਚ ਹੁੰਦੀ ਸੀ। ਸਬ੍ਹਾਤ ਦੀ ਕੰਧ ਉੱਪਰ ਟੰਗੇ ਬੋਹੀਏ ਵੀ ਮਿੱਟੀ ਪੱਥ ਕੇ ਹੀ ਬਣਦੇ ਸਨ। ਚੀਕਣੀ ਮਿੱਟੀ ਵਿੱਚ ਅਖ਼ਬਾਰੀ ਕਾਗ਼ਜ਼ ਰਲਾ ਕੇ ਮਿੱਟੀ ਗੁੰਨੀ ਜਾਂਦੀ ਸੀ। ਫਿਰ ਘੜਾ ਮੂਧਾ ਕਰਕੇ ਇਹ ਗਿੱਲੀ ਮਿੱਟੀ ਉਸ ਉੱਪਰ ਪੱਥ ਦਿੱਤੀ ਜਾਂਦੀ ਸੀ। ਕਈ ਦਿਨਾਂ ਬਾਅਦ ਸੁੱਕ ਜਾਣ ’ਤੇ ਇਹ ਮੁਢਲਾ ਢਾਂਚਾ ਉਤਾਰ ਲਿਆ ਜਾਂਦਾ ਸੀ। ਫਿਰ ਇਸ ਦੇ ਕਿਨਾਰੇ ਬਣਾ ਕੇ ਇਸ ਨੂੰ ਮੁਕੰਮਲ ਕਰ ਦਿੱਤਾ ਜਾਂਦਾ ਸੀ।
ਸੁੱਕ ਜਾਣ ਉਪਰੰਤ ਇਸ ਉਪਰ ਚੀਕਣੀ ਮਿੱਟੀ ਫੇਰ ਕੇ ਰੰਗ-ਬਰੰਗੇ ਰੰਗਾਂ ਨਾਲ ਚਿੱਤਰਕਾਰੀ ਕੀਤੀ ਜਾਂਦੀ ਸੀ। ਫਿਰ ਇਸ ਵਿੱਚ ਧਾਗਾ ਪਰੋ ਕੇ ਇਸ ਨੂੰ ਕੰਧ ’ਤੇ ਲੱਗੀ ਮੇਖ ਉਪਰ ਟੰਗ ਦਿੱਤਾ ਜਾਂਦਾ ਸੀ। ਵਿਆਹ-ਸ਼ਾਦੀਆਂ ਮੌਕੇ ਇਨ੍ਹਾਂ ਵਿੱਚ ਭਾਜੀ (ਮਠਿਆਈ) ਪਾ ਕੇ ਵਰਤਾਈ ਜਾਂਦੀ ਸੀ। ਘਰ ਵਿੱਚ ਆਟਾ-ਦਾਣਾ ਪਾਉਣ ਲਈ ਵੀ ਬੋਹੀਏ ਵਰਤੇ ਜਾਂਦੇ ਸਨ। ਇਹ ਵੋਹਟੀ ਵਰਗਾ ਖੁੱਲ੍ਹੇ ਮੂੰਹ ਵਾਲਾ ਬਰਤਨ ਹੁੰਦਾ ਸੀ ਜਿਸ ਨੂੰ ਚਰਖਾ ਕੱਤਣ ਵੇਲੇ ਪੂਣੀਆਂ-ਗਲੋਟੇ ਪਾਉਣ ਲਈ ਵੀ ਵਰਤ ਲਿਆ ਜਾਂਦਾ ਸੀ। ਮਿੱਟੀ ਨੂੰ ਵਰਤੋਂ ਲਈ ਵਰਤਣਾ ਪੰਜਾਬਣਾਂ ਦੀ ਸੁਘੜਤਾ ਦੀ ਮੂੰਹ ਬੋਲਦੀ ਤਸਵੀਰ ਸੀ। ਬੋਹੀਆਂ ਤੋਂ ਹੇਠਲਾ ਸਥਾਨ ਹੁੰਦਾ ਸੀ ‘ਟਾਂਡ’ ਦਾ ਜੋ ਆਧੁਨਿਕ ਸੈਲਫਾਂ, ਕਾਨਸਾਂ ਅਤੇ ਸ਼ੋਅ ਕੇਸਾਂ ਦਾ ਪੁਰਾਤਨ ਰੂਪ ਸੀ। ਸਰਕੜੇ ਦੇ ਕਾਨਿਆਂ ਦਾ ਸਹਾਰਾ ਦੇ ਕੇ ਮਿੱਟੀ ਦੀਆਂ ਸੈਲਫਾਂ ਦਾ ਢਾਂਚਾ ਖੜ੍ਹਾ ਕੀਤਾ ਜਾਂਦਾ ਸੀ। ਫਿਰ ਗਿੱਲੀ ਮਿੱਟੀ ਵਿੱਚ ਸਰਕੜੇ ਦੇ ਕਾਨਿਆਂ ਨੂੰ ਗੱਡ ਕੇ ਕਾਨਿਆਂ ਉੱਪਰ ਕਟਾਵਦਾਰ (ਤਿਕੋਣਦਾਰ) ਮਿੱਟੀ ਲਾਈ ਜਾਂਦੀ ਸੀ। ਇਹ ਟਾਂਡਾਂ ਦੋ-ਦੋ ਛੱਤੀਆਂ ਵੀ ਹੁੰਦੀਆਂ ਸਨ। ਉੱਪਰਲੀ ਟਾਂਡ ਵਿੱਚ ਘਰ ਦਾ ਨਿੱਕਾ-ਮੋਟਾ ਸਮਾਨ ਰੱਖਿਆ ਜਾਂਦਾ ਜਾਂ ਸਜਾਵਟੀ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ। ਜਿਵੇਂ ਰੰਗਦਾਰ ਪਾਣੀ ਦੀਆਂ ਭਰੀਆਂ ਬੋਤਲਾਂ, ਕਰੋਸ਼ੀਏ ਦੇ ਬੁਣੇ ਹੋਏ ਮੋਰ ਤੋਤੇ, ਚਿੜੀਆਂ ਫੁੱਲਾਂ ਦੇ ਗੁਲਦਸਤੇ ਆਦਿ। ਰਾਤ ਨੂੰ ਜਗਾਉਣ ਵਾਲਾ ਤੇਲ ਵਾਲਾ ਦੀਵਾ ਵੀ ਟਾਂਡ ਵਿੱਚ ਹੀ ਪਿਆ ਹੁੰਦਾ। ਸਾਰਾ ਘਰ ਲਿੱਪਣ ਪੋਚਣ ਤੋਂ ਬਾਅਦ ਰਹਿੰਦੀਆਂ ਝੀਤਾਂ ਜਾਂ ਮੋਰੀਆਂ ਵੀ ਮੁੰਦ ਦਿੱਤੀਆਂ ਜਾਂਦੀਆਂ ਸਨ, ਜਿਸ ਬਾਰੇ ਇੱਕ ਲੋਕ ਬੋਲੀ ਵਿੱਚ ਜ਼ਿਕਰ ਹੈ-
ਕੰਧਾਂ ਕੋਠੇ ਸਾਰੇ ਲਿੱਪ ਲਏ, ਲਿੱਪਣੋਂ ਰਹਿ ਗਈਆਂ ਝੀਤਾਂ
ਵੇ ਘਰ ਸਹੁਰਿਆਂ ਦੇ, ਤੈਨੂੰ ਵੀਰਨਾ ਡੀਕਾਂ।
ਵਿਆਹ-ਸ਼ਾਦੀਆਂ ਅਤੇ ਦਿਨ-ਤਿਉਹਾਰਾਂ ਮੌਕੇ ਘਰ ਦੀ ਲਿੱਪਾ ਪੋਚੀ ਕਰਕੇ ਘਰ ਸ਼ਿੰਗਾਰੇ ਜਾਂਦੇ ਸਨ। ਇਸ ਨਾਲ ਇੱਕ ਤਾਂ ਘਰ ਦਾ ਸੁਹੱਪਣ ਵਧ ਜਾਂਦਾ ਦੂਜਾ ਮਿੱਟੀ ਘੱਟਾ ਉੱਡਣਾ ਬੰਦ ਹੋ ਜਾਂਦਾ। ਕੀੜੇ ਪਤੰਗਿਆਂ ਦੀਆਂ ਖੁੱਡਾਂ ਵੀ ਬੰਦ ਹੋ ਜਾਂਦੀਆਂ। ਮਿੱਟੀ ਲਾਉਣ ਲਈ ਗਲੀ-ਗੁਆਂਢ ਅਤੇ ਸ਼ਰੀਕੇ ਕਬੀਲੇ ਦੀਆਂ ਔਰਤਾਂ ਇਕੱਠੀਆਂ ਰਲ ਕੇ ਕੰਮ ਕਰਦੀਆਂ ਸਨ। ਹਾਸੇ-ਮਜ਼ਾਕ ਕਰਦੀਆਂ ਹੀ ਉਹ ਇੱਕ ਦੂਜੀ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਰਹਿੰਦੀਆਂ। ਕੋਠੇ ਉੱਪਰ ਬੱਠਲਾਂ ਨਾਲ ਮਿੱਟੀ ਪਹੁੰਚਾਉਣ ਦਾ ਕੰਮ ਘਰ ਦੇ ਮਰਦ ਵੀ ਕਰ ਦਿੰਦੇ ਸਨ। ਮਿੱਟੀ ਮੱਧਣੀ ਤੇ ਰਲਾਉਣੀ ਵੀ ਕਿਸੇ ਤਕੜੀ ਕੱਦਾਵਰ ਔਰਤ ਦਾ ਹੀ ਕੰਮ ਹੁੰਦਾ ਸੀ।
ਪਰਦੇਸੀ ਹੋਏ ਪਤੀ ਦੀਆਂ ਪਤਨੀਆਂ ਵੀ ਘਰ ਲਿੱਪਦੀਆਂ ਪੋਚਦੀਆਂ ਪਤੀ ਦੇ ਘਰ ਆਉਣ ਦੀਆਂ ਦੁਆਵਾਂ ਕਰਦੀਆਂ। ਉਹ ਕੱਚੇ ਘਰ ਦੇ ਬਨੇਰੇ ਲਿੱਪਦੀਆਂ ਬੜੇ ਵੈਰਾਗ ਵਿੱਚ ਗਾਉਂਦੀਆਂ-
ਨਣਦੇ ਨੀਂ ਲਿੱਪਾਂ ਕੱਚੜੇ ਬਨੇਰੇ, ਝਾਕਾਂ ਚੁਫੇਰੇ,
ਝਾਕਾਂ ਚੁਫੇਰੇ ਨੀਂ। ਜੇ ਤੇਰਾ ਵੀਰਨ ਫੇਰਾ ਪਾਵੇ…
ਸਮੇਂ ਦੇ ਬਦਲਣ ਨਾਲ ਤਕਨੀਕੀ ਯੁੱਗ ਦੀ ਆਮਦ ਨਾਲ ਮੁਟਿਆਰਾਂ ਲਿੱਪਣ ਪੋਚਣ ਜਿਹੇ ਕੰਮਾਂ ਨੂੰ ਬੋਝ ਸਮਝਣ ਲੱਗੀਆਂ। ਉਹ ਬਾਬਲ ਤੋਂ ਅਜਿਹੇ ਘਰਾਂ ਦੀ ਮੰਗ ਕਰਨ ਲੱਗੀਆਂ ਜਿੱਥੇ ਲਿੱਪਣ-ਪੋਚਣ ਦਾ ਝੰਜਟ ਹੀ ਨਾ ਹੋਵੇ-
ਉਹ ਘਰ ਟੋਲੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ।
ਭਾਵੇਂ ਅਸੀਂ ਦਿਨੋਂ- ਦਿਨ ਮਿੱਟੀ ਨਾਲੋਂ ਮੋਹ ਭੰਗ ਕਰ ਰਹੇ ਹਾਂ ਪਰ ਸਾਡੇ ਜਨ ਜੀਵਨ ਵਿੱਚ ਰਚੇ-ਵਸੇ ਮਿੱਟੀ ਸਬੰਧੀ ਅਖਾਣ ਮੁਹਾਵਰੇ ਸਾਨੂੰ ਮਿੱਟੀ ਦਾ ਮੁੜ ਚੇਤਾ ਕਰਵਾਉਂਦੇ ਹਨ। ਜਿਵੇਂ, ਮਿੱਟੀ ਨਾਲ ਮਿੱਟੀ ਹੋਣਾ, ਮਿੱਟੀ ਦਾ ਮਾਧੋ ਹੋਣਾ, ਮਿੱਟੀ ਪਾਉਣੀ, ਮਿੱਟੀ ਪੁੱਟਣੀ, ਮਿੱਟੀ ਵਿੱਚ ਮਿਲਾਉਣਾ, ਚੱਕਵਾਂ ਚੁੱਲ੍ਹਾ, ਚੁੱਲ੍ਹੇ ਦੇ ਵੱਟੇ ਨਾਲ, ਤੰਦੂਰ ਵਾਂਗ ਤਪਣਾ, ਸੁੱਜ ਭੜੋਲਾ ਹੋਣਾ, ਭੜੋਲੇ ਚੂਹੇ ਨੱਚਣੇ, ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ, ਕੁੜੀਆਂ ਨੂੰ ਤਾਂ ਨਿੱਤ ਵਾਰ ਆਉਂਦੈ, ਪੋਚਾ ਫੇਰਨਾ, ਕੂੰਡਾ ਕਰਨਾ ਆਦਿ।
ਹੁਣ ਤਾਂ ਮਿੱਟੀ ਇਲਾਜ ਪ੍ਰਣਾਲੀ ਵਿੱਚ ਵੀ ਵਰਤੀ ਜਾਂਦੀ ਹੈ ਪਰ ਅਸੀਂ ਆਧੁਨਿਕ ਯੁੱਗ ਦੇ ਹਾਣੀ ਪੱਥਰ ਜੜ੍ਹਤ ਘਰਾਂ ਦੇ ਬਾਸ਼ਿੰਦੇ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਮਿੱਟੀ ਨਾਲ ਛੂਹਣ ਤਕ ਨਹੀਂ ਦਿੰਦੇ। ਆਖਰ ਸਭ ਨੇ ‘ਮਾਟੀ ਮਾਟੀ ਹੋਈ ਏਕ’ ਵਾਂਗ ਮਿੱਟੀ ਵਿੱਚ ਹੀ ਮਿਲਣਾ ਹੈ ਪਰ ਇਹ ਸੌਂਧੀ ਮਿੱਟੀ ਤਾਂ ਸਾਡੇ ਸੱਭਿਆਚਾਰ ਦੀਆਂ ਮਹਿਕਾਂ ਵੰਡਦੀ ਹੈ। ਪੰਜਾਬ ਦੀ ਮਿੱਟੀ ਵਿੱਚੋਂ ਪੰਜਾਬੀਆਂ ਦੀਆਂ ਕਲਾਕ੍ਰਿਤਾਂ, ਮਿਹਨਤਾਂ, ਬਰਕਤਾਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੇ। ਉਹ ਪੰਜਾਬ ਦੀਆਂ ਜਾਈਆਂ ਜੋ ਮਿੱਟੀ ਨੂੰ ਮੂੰਹੋਂ ਬੁਲਾਉਣ ਦੀ ਬਰਕਤ ਰੱਖਦੀਆਂ ਸਨ ਕਿਧਰੋਂ ਵੀ ਭਾਲੀਆਂ ਨਹੀਂ ਲੱਭਦੀਆਂ। ਉਨ੍ਹਾਂ ਦੇ ਹੱਥੋਂ ਬਣੀਆਂ ਕੀਮਤੀ ਲਾਲਾਂ ਵਰਗੀਆਂ ਕਿਰਤਾਂ ਵੀ ਮਿੱਟੀ ਵਿੱਚ ਹੀ ਮਿੱਟੀ ਹੋ ਗਈਆਂ ਹਨ ਜਿਨ੍ਹਾਂ ਉੱਪਰ ਸਮਿਆਂ ਦੀ ਧੂੜ ਪੈ ਗਈ ਹੈ ਹੁਣ ਤਾਂ ਬਸ…
ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।

-ਜਗਜੀਤ ਕੌਰ ਜੀਤ
* ਸੰਪਰਕ: 94173-80887


No comments:

Post a Comment