Friday, 6 September 2013

ਬਾਬਲ ਤੇਰਾ ਪੁੰਨ ਹੋਵੇ



ਪੰਜਾਬੀ ਲੋਕ ਗੀਤਾਂ ਦੇ ਵਿਸ਼ਾਲ ਭੰਡਾਰੇ ਵਿੱਚ ਜਦ ਮਨੁੱਖ ਦੇ ਸਮਾਜਿਕ ਇਤਿਹਾਸ ਦੀ ਗੱਲ ਚੱਲਦੀ ਹੈ ਤਾਂ ਸਮਾਜਿਕ ਰਿਸ਼ਤਿਆਂ ਦੀ ਮੁਢਲੀ ਇਕਾਈ ਪਰਿਵਾਰ ਨੂੰ ਕੇਂਦਰ ਵਿੱਚ ਰੱਖ ਕੇ ਵੇਖਿਆ ਜਾਂਦਾ ਹੈ। ਪਰਿਵਾਰ ਦੇ ਮੂਲ ਰਿਸ਼ਤਿਆਂ ਵਿੱਚ ਪਤੀ-ਪਤਨੀ, ਪਿਉ, ਪੁੱਤ, ਪਿਉ-ਧੀ, ਮਾਂ-ਧੀ, ਮਾਂ-ਪੁੱਤ, ਭਰਾ-ਭਰਾ, ਭੈਣ-ਭੈਣ, ਭੈਣ-ਭਰਾ ਆਦਿ   ਰਿਸ਼ਤੇ ਆਉਂਦੇ ਹਨ। ਬਾਕੀ ਰਿਸ਼ਤਾ ਪ੍ਰਣਾਲੀ ਇਨ੍ਹਾਂ ਦੇ ਆਧਾਰ ’ਤੇ ਹੀ ਉਸਰਦੀ ਹੈ। ਰਿਸ਼ਤਿਆਂ ਦੀਆਂ ਦੋ ਪ੍ਰਮੁੱਖ ਕਿਸਮਾਂ ਵਿੱਚੋਂ ਪਹਿਲੀ ਖ਼ੂਨ ਦੇ ਰਿਸ਼ਤਿਆਂ ਦੀ ਹੈ। ਇਹ ਰਿਸ਼ਤੇ ਕੁਦਰਤ ਵੱਲੋਂ ਘੜੇ ਗਏ ਰਿਸ਼ਤਿਆਂ ਵਜੋਂ ਜਾਣੇ ਜਾਂਦੇ ਹਨ ਤੇ ਸਹਿਜ ਸੁਭਾਅ ਹੀ ਜੀਵਨ ਦਾ ਅੰਗ ਬਣ ਜਾਂਦੇ ਹਨ। ਇਸ ਸ਼੍ਰੇਣੀ ਦੇ ਰਿਸ਼ਤਿਆਂ ਦਾ ਸਬੰਧ ਜਨਮ ਕਰ ਕੇ ਜੁੜਦਾ ਹੈ। ਦੂਜੀ ਕਿਸਮ ਦੇ ਰਿਸ਼ਤੇ ਮਨੁੱਖ ਵੱਲੋਂ ਸਿਰਜੇ ਗਏ ਹੁੰਦੇ ਹਨ। ਧੀਆਂ ਨੂੰ ਪਹਿਲੀ ਕਿਸਮ ਦੇ ਰਿਸ਼ਤਿਆਂ ਵਿੱਚੋਂ ਮੂਲ ਰਿਸ਼ਤੇ ਵਜੋਂ ਲਿਆ ਜਾਂਦਾ ਹੈ। ਅਸੀਂ ਇੱਥੇ ਪਿਉ-ਧੀ ਵਿਚਲੇ ਮੋਹ ਦਾ ਜ਼ਿਕਰ ਕਰਨਾ  ਹੈ, ਜਿਸ ਦੀ ਚਰਚਾ ਪੰਜਾਬੀ ਲੋਕ ਧਾਰਾ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਹੋਈ ਹੈ।
ਬਾਬਲ ਦੇ ਘਰ ਜੰਮੀ ਲਾਡਲੀ ਲੋਰੀਆਂ ਲੈ ਕੇ ਗੁੱਡੀਆਂ ਪਟੋਲਿਆਂ ਨਾਲ ਖੇਡ, ਕਿੱਕਲੀਆਂ ਪਾ, ਗਿੱਧਿਆਂ ਵਿੱਚ ਨੱਚ ਕੇ ਜਦ ਘਰ ਦੇ ਵਿਹੜੇ ਦੀ ਰੌਣਕ ਬਣਦੀ ਹੈ ਤਾਂ ਬਾਪ ਆਪਣੀ ਜਾਈ ਨੂੰ ਵੇਖ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਲੋਕ ਜੀਵਨ ਦੀ ਫੁਲਕਾਰੀ ਵਿੱਚ ਪਿਉ-ਧੀ ਦੇ ਪਿਆਰ ਦੀ ਤੰਦ ਬੜੀ ਪੀਡੀ ਅਤੇ ਬਹੁਰੰਗੀ ਹੈ ਜਿਹੜੀ ਸਮੇਂ ਦੇ ਗੇੜ ਨਾਲ ਫਿੱਕੀ ਬੇਸ਼ੱਕ ਪੈ ਜਾਵੇ ਪਰ ਜਿਉਂਦੇ ਜੀਅ ਟੁੱਟਦੀ ਨਹੀਂ। ਅਜਿਹੇ ਪਰਿਵਾਰ ਵੀ ਹਨ, ਜਿੱਥੇ ਬਾਪ ਪੁੱਤਾਂ ਨਾਲੋਂ ਧੀਆਂ ਨੂੰ ਵੱਧ ਪਿਆਰ ਕਰਦੇ ਹਨ। ਬਾਪ ਪੁੱਤ ਨਾਲੋਂ ਧੀਆਂ ਦੇ ਚੰਗੇਰੇ ਭਵਿੱਖ ਪ੍ਰਤੀ ਵਧੇਰੇ ਚਿੰਤਤ ਹੁੰਦੇ ਹਨ।  ਪਿਉ-ਧੀ ਦੇ ਰਿਸ਼ਤੇ ਦਾ ਆਪਣਾ ਨਿਵੇਕਲਾ ਸੁਹਜ ਹੋਣ ਕਰ ਕੇ ਉਨ੍ਹਾਂ ਦੇ ਪਿਆਰ ਦੀ ਤੀਬਰਤਾ ਦਾ ਵੀ ਵਿਸ਼ੇਸ਼ ਮਹੱਤਵ  ਹੈ।
ਪੰਜਾਬੀ ਲੋਕ ਗੀਤਾਂ ਦੇ ਵਿਸ਼ਾਲ ਖ਼ਜ਼ਾਨੇ ਵਿੱਚ ਪਿਉ-ਧੀ ਦੇ ਪਿਆਰ ਨੂੰ ਵੱਖ-ਵੱਖ ਹਾਲਾਤ ਅਤੇ ਰੂਪਾਂ ਵਿੱਚ ਚਿਤਰਿਆ ਗਿਆ ਹੈ। ਧੀ ਨੇ ਇੱਕ ਦਿਨ ਵਿਆਹੀ ਜਾਣ ਉਪਰੰਤ ਆਪਣੇ ਸਹੁਰਿਆਂ ਦੇ ਘਰ ਤੁਰ ਜਾਣਾ ਹੁੰਦਾ ਹੈ, ਇਹ ਪਿਉ-ਧੀ ਦੋਵਾਂ ਦੇ ਜੀਵਨ ਦੀ ਮਹੱਤਵਪੂਰਨ ਘਟਨਾ ਹੁੰਦੀ ਹੈ। ਵਧੇਰੇ ਲੋਕ ਗੀਤਾਂ ਵਿੱਚ ਵਿਆਹ ਦੇ ਇਸ ਮੌਕੇ ਇਸ ਤੋਂ ਪਹਿਲਾਂ ਅਤੇ ਬਾਅਦ ਦੀਆਂ ਸਥਿਤੀਆਂ ਦਾ ਜ਼ਿਕਰ ਹੋਇਆ ਹੈ, ਜਿਨ੍ਹਾਂ ਵਿੱਚੋਂ ਪਿਉ-ਧੀ ਦੇ ਲਾਡ-ਪਿਆਰ ਦੇ ਭਰਪੂਰ ਹਵਾਲੇ ਮਿਲਦੇ ਹਨ।
ਜਦ ਬਾਬਲ ਧੀ ਲਈ ਚੰਗਾ ਵਰ-ਘਰ ਲੱਭਣ ਲੱਗਦਾ ਹੈ ਤਾਂ ਲੋਕ ਗੀਤ ਰਾਹੀਂ ਧੀ ਦੇ ਬਾਪ ਨਾਲ ਹੋਏ ਸੰਵਾਦ ਵੇਖਣ ਵਾਲੇ ਹਨ:
‘‘ਬੇਟੀ, ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ?
ਨੀਂ ਜਾਈਏ, ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ?’’
‘‘ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ, ਬਾਬਲ ਵਰ ਲੋੜੀਏ!’’
‘‘ਬੇਟੀ, ਕਿਹੋ ਜਿਹਾ ਵਰ ਲੋੜੀਏ?’’
‘‘ਬਾਬਲ ਜਿਉਂ ਤਾਰਿਆਂ ਵਿੱਚੋਂ ਚੰਨ
ਚੰਨਾਂ ਵਿੱਚੋਂ ਕਾਹਨ, ਘਨਈਆ ਵਰ ਲੋੜੀਏ….।’’
ਚੰਗਾ ਵਰ-ਘਰ ਪ੍ਰਾਪਤ ਕਰਨਾ ਹਰੇਕ ਧੀ ਦੀ ਰੀਝ ਹੁੰਦੀ ਹੈ ਅਤੇ ਮਾਂ-ਬਾਪ ਦੀ ਇੱਛਾ ਤੇ ਚਾਅ ਵੀ। ਧੀ ਕਿਉਂ ਜੋ ਆਪਣੇ ਬਾਪ ਨਾਲ ਅਥਾਹ ਪਿਆਰ ਕਰਦੀ ਹੈ, ਇਸ ਲਈ ਉਹ ਕਹਿਣ ਤੋਂ ਬਿਲਕੁਲ ਨਹੀਂ ਝਿਜਕਦੀ:
‘‘ਬਾਬਲਾ, ਇੱਕ ਮੇਰਾ ਕਹਿਣਾ ਕੀਜੀਏ,
ਮੈਨੂੰ ਰਾਮ ਰਤਨ ਵਰ ਦੀਜੀਏ।’’ 
‘‘ਜਾਈਏ, ਲੈ ਆਂਦਾ ਵਰ ਮੈਂ ਟੋਲ ਕੇ 
ਜਿਉਂ ਰੰਗ ਕਸੰੁਭੜਾ ਘੋਲ ਕੇ।’’
‘‘ਬਾਬਲ, ਇੱਕ ਮੈਨੂੰ ਪਛੋਤੋੜਾ ਬੜੋ ਬਈ
 ਮੈਂ ਆਪ ਗੋਰੀ ਵਰ ਸੌਂਲਾ ਈ।’’
ਇੱਕ ਲੰਮੇ ਲੋਕ ਗੀਤ ਵਿੱਚ ਧੀ ਆਪਣੇ ਬਾਪ ਨੂੰ ਬਹੁਤੇ ਪੁੱਤਾਂ ਵਾਲੇ ਘਰ ਵਿੱਚ ਵਿਆਹੁਣ ਲਈ ਵੀ ਕਹਿੰਦੀ ਹੈ, ਜਿੱਥੇ ਆਏ ਸਾਲ ਕਿਸੇ ਨਾ ਕਿਸੇ ਦਾ ਵਿਆਹ ਹੁੰਦਾ ਰਹੇ। ਉਹ ‘ਸੱਠ ਬੂਰੀਆਂ ਝੋਟੀਆਂ’ ਵਾਲੇ ਘਰ ਵਿਆਹੇ ਜਾਣਾ ਵੀ ਪਸੰਦ ਕਰਦੀ ਹੈ, ਜਿੱਥੇ ਦੁੱਧ, ਦਹੀਂ, ਮੱਖਣ, ਲੱਸੀ ਦੀ ਕੋਈ ਘਾਟ ਨਾ ਹੋਵੇ। ਨਾਲ ਹੀ ਉਹ ਇਹ ਵੀ ਕਹਿ ਰਹੀ ਹੈ:
ਜਿੱਥੇ ਲਿੱਪਣੇ ਨਾ ਪੈਣ ਬਨੇਰੇ, 
ਉਹ ਘਰ ਟੋਲੀਂ ਬਾਬਲਾ!
ਧੀ ਬਾਬਲ ਨੂੰ ਕਾਲੇ ਰੰਗ ਦਾ ਵਰ ਟੋਲਣ ਤੋਂ ਗੁਰੇਜ਼ ਕਰਨ ਲਈ ਕਹਿੰਦੀ ਹੈ:
ਕਾਲਾ ਭੂੰਡ ਨਾ ਸਹੇੜੀਂ ਬਾਬਲਾ
ਘਰ ਦਾ ਮਾਲ ਡਰੂ!
ਤਾਂ ਬਾਪ ਅੱਗਿਓਂ ਧੀ ਨੂੰ ਧਰਵਾਸ ਦਿੰਦਿਆਂ ਆਖਦਾ ਹੈ:
ਪੁੱਤ ਬਖ਼ਤਾਵਰਾਂ ਦੇ ਕਾਲੇ
ਵੇਖੀਂ ਧੀਏ ਨਿੰਦ ਨਾ ਦੇਈਂ!
ਆਪਣਾ ਸਾਹਾ ਮਿਥਣ ਲਈ ਵੀ ਧੀ ਆਪਣੇ ਬਾਬਲ ਨੂੰ ਧਿਆਨ ਰੱਖਣ ਲਈ ਕਹਿੰਦੀ ਹੈ:
* ਮੈਂ ਤੈਨੂੰ ਆਖਿਆ, 
ਮੇਰੇ ਬਾਬਲ ਸੁਣ ਧਰਮੀਆਂ ਵੇ 
ਸਾਵਣ ਕਾਜ ਨਾ ਰਚਾਈਂ
ਸਾਵਣ ਬਰਸਦੇ ਜੀ 
ਕੋਈ ਮੇਘੜੇ ਜੀ, ਵਾਰੀ ਮੇਘੜੇ
ਭਿੱਜ ਜਾਂਦੇ ਸ਼ਾਮ ਜੀ ਦੇ ਕੱਪੜੇ, ਹਰੇ ਰਾਮ ਜੀ।
ਮੈਂ ਤੈਨੂੰ ਬਾਬਲ ਧਰਮੀ ਆਖ ਰਹੀ
ਆਹੋ ਰੇ, ਬਾਬਲ, ਮੱਘਰ ਕਰਿਓ ਵਿਆਹ।
* ਅੰਦਰ ਛੇੜੀਏ, ਬਾਹਰ ਦਲੀਏ, ਦਿੱਤੋ ਸੂ ਕਾਜ ਰਚਾ
ਬਾਬਲ, ਮੈਂ ਬੇਟੀ ਮੁਟਿਆਰ
ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ।
ਫਿਰ ‘ਵਚਨਾਂ ਦੀ ਬੱਝੀ’ ਧੀ ਨੂੰ ਇੱਕ ਦਿਨ ਬਾਬਲ ਦਾ ਦੇਸ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ ਹੈ।
ਸਾਡੇ ਬਾਗਾਂ ਦੀ ਕੋਇਲ ਕਿੱਧਰ ਚੱਲੀ ਏ?
ਬਾਬਲ ਧਰਮੀ ਦੇ ਬੋਲ ਪੁਗਾ ਚੱਲੀ ਏ।
ਧੀ ਬੀਬੀ ਰਾਣੀ ਬਣ ਕੇ ਬਾਬਲ ਦੇ ਕੀਤੇ ਵਚਨਾਂ ’ਤੇ ਪੂਰੀ ਉੱਤਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ। ਬਾਪ ਦੇ ਦੁੱਖ-ਸੁੱਖ ਦੀ ਸਾਂਝੀਦਾਰ ਬਣਦੀ ਹੈ। ਮਾਂ ਦੀ ਆਂਦਰ ਦਾ ਨਿੱਘ ਅਤੇ ਪਿਤਾ ਦੇ ਦਿਲ ਦਾ ਪਿਆਰ-ਲਾਡਲੀ ਧੀ ਜਦ ਡੋਲੀ ਚੜ੍ਹਦੀ ਹੈ ਤਾਂ ਪਿਉ-ਧੀ ਦੇ ਪਿਆਰ ਦਾ ਅਨੂਠਾ ਰੰਗ ਪੰਜਾਬੀ ਲੋਕ ਗੀਤਾਂ ਵਿੱਚ ਪੇਸ਼ ਹੁੰਦਾ ਹੈ:
ਬੀਬੀ ਦਾ ਬਾਬਲ ਨਿਓਂ ਗਿਆ, ਹੋਰ ਨਿਵਿਆਂ ਨਾ ਕੋਈ
ਨਿਓਂ ਗਿਆ ਪਰਬਤ ਪਹਾੜਾਂ ਦਾ ਹੋਰ ਨਿਵਿਆਂ ਨਾ ਕੋਈ
ਬੀਬੀ ਦਾ ਬਾਬਲ ਇਉਂ ਰੋਵੇ, ਜਿਉਂ ਘਟਾ ਸਾਵਣ ਦੀ ਕੋਈ
ਤੂੰ ਕਿਉਂ ਰੋਨਾਂ ਏਂ ਬਾਬਲਾ 
ਵੇ ਜੱਗ ਹੁੰਦੜੀ ਆਈ।
ਬਾਬਲ ਦਾ ਘਰ ਛੱਡ ਕੇ ਜਾਣ ਲੱਗੀਆਂ ਧੀਆਂ ਆਪਣੇ-ਆਪ ਨੂੰ ਨਿਮਾਣੀਆਂ ਚਿੜੀਆਂ ਦੇ ਚੰਬੇ ਦੀ ਨਿਆਈਂ ਸਮਝਦੀਆਂ ਹਨ ਤੇ ਕਹਿੰਦੀਆਂ ਹਨ:
ਸਾਡਾ ਚਿੜੀਆਂ ਦਾ ਚੰਬਾ ਵੇ ,ਬਾਬਲ ਅਸਾਂ ਉੱਡ ਜਾਣਾ
ਸਾਡੀ ਲੰਮੀ ਉਡਾਰੀ ਵੇ ,ਬਾਬਲ ਕਿਹੜੇ ਦੇਸ ਜਾਣਾ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ
ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ,ਬਾਬਲ ਗੁੱਡੀਆਂ ਕੌਣ ਖੇਡੂ
ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ!
ਮਾਂ-ਬਾਪ, ਭੈਣਾਂ-ਭਰਾਵਾਂ ਦੇ ਪਿਆਰ ਅਤੇ ਵਿਯੋਗ ਦੀ ਮੂਰਤ ਬਣੀ ਬੀਬੀ ਰਾਣੀ ਆਪਣੇ ਬਾਪ ਨੂੰ ਵਾਸਤਾ ਪਾਉਂਦੀ ਕਹਿੰਦੀ ਹੈ:
ਮੈਨੂੰ ਰੱਖ ਲੈ ਵੇ ਬਾਬਲ, ਵੇ ਅੱਜ ਦੀ ਰਾਤ ਉਧਾਰੀ
ਕੀਕਣ ਰੱਖਾਂ ਧੀਏ ਨੀਂ, ਮੈਂ ਸਜਣ ਸਦਾ ਲਏ ਆਪ ਨੀਂ।
ਬਾਪ ਦੇ ਘਰ ਦੀਆਂ ਖ਼ੁਸ਼ੀਆਂ ਅਤੇ ਆਜ਼ਾਦੀ ਨੂੰ ਯਾਦ ਕਰਦਿਆਂ ਸਹੁਰੇ ਘਰ ਬੈਠੀ ਧੀ ਕਹਿੰਦੀ ਹੈ:
ਪੇਕੇ ਕਿਸ ਧਰਮੀ ਬਣਾਏ, ਗਲੀਆਂ ਵਿੱਚ ਦੁੜੰਗੇ ਲਾਏ
ਪੇਕੇ ਮੋਤੀਚੂਰ ਦੇ ਲੱਡੂ, ਜਿਹੜਾ ਖਾਏ, ਸੋਈ ਲਲਚਾਏ।
ਧੀ ਦੇ ਵਿਆਹ ਤੋਂ ਬਾਅਦ ਜੇ ਮਾਵਾਂ-ਧੀਆਂ ਦੇ ਮਿਲਣ ਸਮੇਂ ਚੁਬਾਰੇ ਦੀਆਂ ਚਾਰੇ ਕੰਧਾਂ ਹਿੱਲਣ ਲੱਗਦੀਆਂ ਹਨ ਤਾਂ ਪਿਉ-ਧੀ ਵੀ ਇੱਕ-ਦੂਜੇ ਨੂੰ ਮਿਲਣ ਲਈ ਉਤਾਵਲੇ ਹੁੰਦੇ ਹਨ। ਸਹੁਰੇ ਘਰ ਦੇ ਕਦੇ ਸੁਖਾਵੇਂ ਤੇ ਕਦੇ ਤਲਖ਼ ਅਨੁਭਵ ਨੂੰ ਧੀ ਆਪਣੇ ਬਾਪ ਨਾਲ ਸਾਂਝਿਆਂ ਕਰਨਾ ਲੋੜਦੀ ਹੈ ਤੇ ਆਪਣੇ ਕੋਲ ਆਉਣ ਦਾ ਸੱਦਾ ਦਿੰਦੀ ਹੈ:
* ਓਸ ਗੱਡੀ ਆਈਂ ਬਾਬਲਾ ਜਿਹੜੀ ਧੀਆਂ ਦੇ ਦੇਸ ਨੂੰ ਜਾਵੇ।
* ਪੀੜ੍ਹੀ ਉੱਤੇ ਬਹਿ ਜਾ ਬਾਬਲਾ ਤੈਨੂੰ ਸਹੁਰਿਆਂ ਦਾ ਹਾਲ ਸੁਣਾਵਾਂ!
ਬਾਪੂ ਤੇਰੇ ਕੁੜਮਾਂ ਨੇ ਗੋਰੇ ਰੰਗ ਦੀ ਕਦਰ ਨਾ ਪਾਈ!
* ਭਾਵੇਂ ਬਾਪੂ ਮੈਂ ਮਰ ਜਾਂ, ਜਾਂ ਮਰ ਜਾਏ ਕੁੜਮਣੀ ਤੇਰੀ।
ਤੂੰ ਧੀਏ ਅੱਜ ਮਰ ਜਾ, ਜੁੱਗ ਜੀਵੇ ਨੀਂ ਕੁੜਮਣੀ ਮੇਰੀ।
ਜੇ ਬਾਪੂ ਮੈਂ ਮਰ ਗਈ ,ਕੀ ਲੱਗੂਗੀ ਕੁੜਮਣੀ ਤੇਰੀ
ਬਾਬਲ ਦਾ ਮਨ ਜਦ ਪਸੀਜਿਆ ਜਾਂਦਾ ਹੈ ਤਾਂ ਧੀ ਉਸ ਨੂੰ ਇਹ ਕਹਿ ਕੇ ਢਾਰਸ ਦਿੰਦੀ ਹੈ:
ਨਾ ਰੋ ਬਾਬਲ ਮੇਰਿਆ, ਧੀਆਂ ਦੇ ਦੁੱਖ ਬੁਰੇ
ਪਿਤਾ, ਧੀ ਦੇ ਹਰੇਕ ਕਾਰ-ਵਿਹਾਰ ਸਮੇਂ ਉਸ ਨੂੰ ਵਿੱਤ ਮੂਜਬ ਕੁਝ ਨਾ ਕੁਝ ਦੇ ਕੇ ਉਸ ਪ੍ਰਤੀ ਆਪਣਾ ਪਿਆਰ ਪ੍ਰਗਟਾਉਂਦਾ ਹੈ:
ਮੈਂ ਸੁਣਿਆ ਮੇਰਾ ਬਾਬਲ ਆਇਆ
ਚਾਂਦੀ ਦੀ ਗੱਡ ਲਿਆਇਆ
ਕੁੜੇ ਸੱਸੇ, ਚਾਂਦੀ ਦੀ ਗੱਡ ਲਿਆਇਆ!
ਇਹ ਲੋਕ ਗੀਤ ਪਿਉ-ਧੀ ਦੀ ਆਪਸੀ ਸਾਂਝ ਦੀ ਗਾਥਾ ਜ਼ਬਾਨੀ ਕਹਿੰਦੇ ਹਨ। ਨਾ ਆਉਣ ਵਾਲੇ ਯੁੱਗਾਂ ਤਕ ਪਿਉ-ਧੀ ਦੇ ਪਿਆਰ ਦੀ ਮਿਠਾਸ ਨੇ ਘਟਣਾ ਹੈ ਅਤੇ ਨਾ ਹੀ ਲੋਕ ਗੀਤਾਂ ਨੇ ਇਸ ਅਮੁੱਕ ਪਿਆਰ ਦੀਆਂ ਬਾਤਾਂ ਪਾਉਣੋਂ ਹਟਣਾ ਹੈ। ਸ਼ਾਲਾ! ਪੰਜਾਬੀ ਲੋਕ ਗੀਤ ਇਸ ਸਦੀਵੀ ਪਿਆਰ ਦੀ ਮਹਿਕ ਨੂੰ ਵਧਾਉਂਦੇ ਤੇ ਬਿਖੇਰਦੇ ਰਹਿਣ।

-ਡਾ. ਪ੍ਰਿਤਪਾਲ ਸਿੰਘ ਮਹਿਰੋਕ
* ਸੰਪਰਕ: 98885-10185


No comments:

Post a Comment