Sunday, 8 September 2013

ਮੇਰਾ ਮੱਘਰ ਕਰੀਂ ਵਿਆਹ ਵੇ



ਮੱਘਰ ਸਾਲ ਦਾ ਨੌਵਾਂ ਮਹੀਨਾ ਹੈ।  ਪਹਿਲੇ ਸਮਿਆਂ ਵਿੱਚ ਦੁਨੀਆਂਦਾਰੀ ਤੇ ਕਬੀਲਦਾਰੀ ਦੇ ਬਹੁਤੇ ਕੰਮਕਾਜ ਪੰਡਤਾਂ-ਬ੍ਰਾਹਮਣਾਂ ਤੋਂ ਜੰਤਰੀ ਵਿਖਾ ਕੇ ਕੀਤੇ ਜਾਂਦੇ ਸਨ। ਵਿਆਹ ਦਾ ਦਿਨ ਤਾਂ ਵਿਸ਼ੇਸ਼ ਤੌਰ ’ਤੇ ਪੰਡਤ ਤੋਂ ਜੰਤਰੀ ਵਿਖਾ ਕੇ ਰੱਖਿਆ ਜਾਂਦਾ ਸੀ। ਮੱਘਰ ਮਹੀਨੇ ਬਾਰੇ ਧਾਰਨਾ ਬਣੀ ਹੋਈ ਸੀ ਕਿ ਜਿਨ੍ਹਾਂ ਦਾ ਵਿਆਹ ਮੱਘਰ ਵਿੱਚ ਹੋਵੇ, ਉਨ੍ਹਾਂ ਦੀ ਉਮਰ ਲੰਮੀ ਹੁੰਦੀ ਹੈ। ਇਸ ਲਈ ਪਹਿਲੇ ਸਮਿਆਂ ਵਿੱਚ ਬਹੁਤੇ ਪਰਿਵਾਰ ਮੱਘਰ ਮਹੀਨੇ ਹੀ ਵਿਆਹ ਕਰਦੇ ਸਨ। ਮੱਘਰ ਮਹੀਨਾ ਪੂਰਾ ਠੰਢ ਦਾ ਮਹੀਨਾ ਹੋਣ ਕਰਕੇ ਇਸ ਮਹੀਨੇ ਪਕਾਈ ਮਠਿਆਈ ਅਤੇ ਵਿਆਹ ਦੇ ਹੋਰ ਪਕਵਾਨ ਖ਼ਰਾਬ ਨਹੀਂ ਹੁੰਦੇ ਸਨ। ਪਹਿਲੇ ਸਮਿਆਂ ਵਿੱਚ ਸੰਯੁਕਤ ਪਰਿਵਾਰ ਹੁੰਦੇ ਸਨ। ਦਾਦੇ ਤੋਂ ਪੋਤੇ ਤਕ ਇੱਕ ਹੀ ਛੱਤ ਥੱਲੇ ਰਹਿੰਦੇ ਸਨ। ਇਸ ਲਈ ਹਰ ਕੰਮ ਦਾਦੇ ਤੋਂ ਪੁੱਛ ਕੇ ਕੀਤਾ ਜਾਂਦਾ ਸੀ। ਇਸ ਕਰਕੇ ਸੁਹਾਗ ਦੇ ਕਈ ਲੋਕ ਗੀਤਾਂ ਵਿੱਚ ਪੋਤੀ ਆਪਣੇ ਦਾਦੇ/ਬਾਬੇ ਨੂੰ ਮੱਘਰ ਦੇ ਮਹੀਨੇ ਵਿੱਚ ਵਿਆਹ ਕਰਨ ਦੀ ਸਲਾਹ ਵੀ ਦੇ ਜਾਂਦੀ ਸੀ ਪਰ ਧੀ ਦਾ ਸਭ ਤੋਂ ਵੱਧ ਜ਼ੋਰ ਤਾਂ ਆਪਣੇ ਬਾਬਲ ਉਪਰ ਹੁੰਦਾ ਹੈ। ਇਸ ਲਈ ਉਹ ਬਾਬਲ ਨੂੰ ਮੱਘਰ ਮਹੀਨੇ ਵਿਆਹ ਰੱਖਣ ਦੀ ਅਰਜ਼ੋਈ ਕਰਦੀ ਹੁੰਦੀ ਸੀ:
ਮੈਂ ਤੈਨੂੰ ਬਾਬਲ ਆਖਦੀ
ਮੇਰਾ ਮੱਘਰ ਕਰੀਂ ਵਿਆਹ ਵੇ।
ਤੇਰਾ ਭੱਤ ਨਾ ਬੁੱਸੇ
ਤੇਰਾ ਗੋਤ ਨਾ ਰੁੱਸੇ
ਤੇਰਾ ਦਹੀਂ ਨਾ ਫਿੱਟਿਆ ਜਾਉ ਵੇ।
ਪਹਿਲੇ ਸਮਿਆਂ ਵਿੱਚ ਜ਼ਮੀਨਾਂ ਦੀ ਮਾਲਕੀ ਰਾਜੇ-ਮਹਾਰਾਜੇ ਤੇ ਨਵਾਬਾਂ ਦੀ ਹੁੰਦੀ ਸੀ। ਇਸ ਲਈ ਹਲ-ਵਾਹਕਾਂ ਨੂੰ ਪੈਦਾ ਹੋਈ ਫ਼ਸਲ ਦਾ ਇੱਕ ਨਿਰਧਾਰਤ ਹਿੱਸਾ ਇਨ੍ਹਾਂ ਰਾਜੇ-ਮਹਾਰਾਜਿਆਂ ਅਤੇ ਨਵਾਬਾਂ ਨੂੰ ਦੇਣਾ ਹੁੰਦਾ ਸੀ। ਉਸ ਸਮੇਂ ਖੇਤੀ ਸਾਰੀ ਦੀ ਸਾਰੀ ਮੀਂਹ ’ਤੇ ਨਿਰਭਰ ਹੁੰਦੀ ਸੀ। ਕਈ ਵਾਰ ਵੇਲੇ ਸਿਰ ਮੀਂਹ ਨਾ ਪੈਣ ਕਰਕੇ ਕਾਲ ਪੈ ਜਾਂਦਾ ਸੀ ਜਾਂ ਫ਼ਸਲ ਘੱਟ ਹੁੰਦੀ ਸੀ, ਜਿਸ ਨਾਲ ਹਲ-ਵਾਹਕਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਸੀ। ਕਈ ਵਾਰ ਮੱਘਰ ਦੇ ਮਹੀਨੇ ਜੇ ਫ਼ਸਲ ’ਚ ਪਿਆਜੀ ਨਾਂ ਦਾ ਨਦੀਨ ਜ਼ਿਆਦਾ ਹੋ ਜਾਂਦਾ ਤਾਂ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਦਾ, ਜਿਸ ਕਰਕੇ ਫ਼ਸਲ ਕਿਸਾਨ ਦੇ ਪੱਲੇ ਘੱਟ ਹੀ ਪੈਂਦੀ ਸੀ। ਇਸ ਸਬੰਧੀ ਅਖਾਣ ਹੈ:
ਮੱਘਰ ਪੋਹ ਖੇਤ ਪਿਆਜੀ
ਦਾਣੇ ਉਧਾਰ ਤੇ ਦਮ ਵਿਆਜੀ
ਉਸ ਜੱਟ ਦੀ ਹੁੰਦੀ ਬਰਬਾਦੀ।
ਉਨ੍ਹਾਂ ਸਮਿਆਂ ਵਿੱਚ ਦੂਜਾ ਕੰਮ ਇਨ੍ਹਾਂ ਰਾਜੇ-ਮਹਾਰਾਜਿਆਂ ਤੇ ਨਵਾਬਾਂ ਦੀ ਫ਼ੌਜ ਦੀ ਨੌਕਰੀ ਹੁੰਦੀ ਸੀ। ਇਹ ਉਹ ਸਮੇਂ ਸਨ ਜਦੋਂ ਅੱਖਾਂ ਤੋਂ ਦੂਰ ਹੋਏ ਮਨੁੱਖ ਨੂੰ ਪਰਦੇਸ ਗਿਆ ਗਿਣਿਆ ਜਾਂਦਾ ਸੀ। ਇਸੇ ਕਰਕੇ ਉਸ ਸਮੇਂ ਦਾ ਅਖਾਣ ਹੈ:
ਅੱਖੋਂ ਓਹਲੇ, ਪਹਾੜ ਓਹਲੇ।
ਜਿਸ ਮੁਟਿਆਰ ਦਾ ਪਤੀ ਫ਼ੌਜ ਵਿੱਚ ਭਰਤੀ ਹੋ ਜਾਂਦਾ ਸੀ, ਉਹ ਪਰਦੇਸੀ ਹੀ ਬਣ ਜਾਂਦਾ ਸੀ। ਉਸ ਪਤਨੀ ਨੂੰ ਵਿਛੋੜੇ ਕਰਕੇ ਮੱਘਰ ਮਹੀਨਾ ਵੱਢ-ਵੱਢ ਖਾਂਦਾ ਸੀ ਤੇ ਉਸ ਦੀ ਸੁਰਤ ਹਮੇਸ਼ਾਂ ਆਪਣੇ ਪਤੀ ਵੱਲ ਲੱਗੀ ਰਹਿੰਦੀ ਸੀ। ਇਸ ਲਈ ਪਤਨੀ ਦੀ ਆਪਣੇ ਪਤੀ ਲਈ ਬਣਾਈ ਰੰਗੀਲੀ ਲੇਫ਼/ਰਜਾਈ ਵੀ ਉਸ ਨੂੰ ਵੱਢ-ਵੱਢ ਖਾਂਦੀ ਸੀ। ਉਸ ਲੇਫ਼ ਨੂੰ ਤਾਂ ਉਹ ਟੰਗਣੇ ਦੇ ਉਪਰ ਟੰਗਣ ਤਕ ਜਾਂਦੀ ਹੈ। ਕੋਈ ਕੰਮ ਕਰਨ ਨੂੰ ਉਸ ਦਾ ਦਿਲ ਨਹੀਂ ਕਰਦਾ ਸੀ, ਜਿਸ ਕਰਕੇ ਉਸ ਨੂੰ ਆਪਣੀ ਸੱੱਸ ਦੀਆਂ ਝਿੜਕਾਂ ਵੀ ਸਹਿਣੀਆਂ ਪੈਂਦੀਆਂ ਸਨ:
ਮੱਘਰ ਮਹੀਨੇ ਜੀ
ਮੈਂ ਧਾਰ ਪਈ ਕੱਢਦੀ।
ਸੱਸ ਮੇਰੀ ਮੈਨੂੰ ਨਿੱਤ
ਗਾਲ੍ਹਾਂ ਪਈ ਕੱਢਦੀ।
ਪਰਦੇਸ ਗਿਆ ਢੋਲਾ ਮੱਘਰ ਮਹੀਨੇ ਵਿੱਚ ਵੀ ਘਰ ਵਾਪਸ ਨਹੀਂ ਪਰਤਦਾ। ਫਿਰ ਨਿਮਾਣੀ ਹੋ ਕੇ ਉਹ ਰੱਬ ਅੱਗੇ ਅਰਦਾਸ ਕਰਦੀ ਹੈ:
ਮੱਘਰ ਦਾ ਮਹੀਨਾ ਨੀਂ ਮਾਂ
ਅਸੀਂ ਲੇਫ਼ ਰੰਗਾਏ।
ਢੋਲਾ ਨਹੀਂ ਆਇਆ
ਅਸਾਂ ਟੰਗਣੇ ਪਾਏ।
ਤੁਧ ਬਿਨ ਡਾਹਢੇ ਰੱਬ ਜੀ
ਮੇਰਾ ਭੌਰ ਨਿਮਾਣਾ।
ਪੰਜਾਬੀ ਲੋਕ ਗੀਤਾਂ ਵਿੱਚ ਮੱਘਰ ਮਹੀਨੇ ਬਾਰੇ ਹੋਰ ਵੀ ਕਾਫ਼ੀ ਜ਼ਿਕਰ ਮਿਲਦਾ ਹੈ। ਬੇਸ਼ੱਕ ਮੱਘਰ ਮਹੀਨਾ ਕਿਸੇ ਲਈ ਤੜਪ ਦਾ ਕਾਰਨ ਬਣਦਾ ਹੈ ਤੇ ਕਿਸੇ ਲਈ ਇੱਕ ਆਫ਼ਤ ਕਿਉਂਕਿ ਇਸ ਮਹੀਨੇ ਠੰਢ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਇਸ ਦੇ ਬਾਵਜੂਦ ਪੰਜਾਬੀ ਲੋਕ ਜੀਵਨ ਵਿੱਚ ਇਸ ਦੀ ਵਿਸ਼ੇਸ਼ ਥਾਂ ਹੈ। ਗਿਆਨੀ ਗੁਰਦਿੱਤ ਸਿੰਘ ਨੇ ਕਿਸਾਨਾਂ ਦੇ ਬਾਰਾਂਮਾਹ ਵਿੱਚ ਮੱਘਰ ਮਹੀਨੇ ਵਿੱਚ ਪੈਂਦੀ ਠੰਢ ਬਾਰੇ ਤੇ ਠੰਢ ਤੋਂ ਬਚਨ ਦੇ ਉਪਾਵਾਂ ਬਾਰੇ ਬਹੁਤ ਸੋਹਣਾ ਵਰਣਨ ਕੀਤਾ ਹੈ:
ਮੱਘਰ ਚੜ੍ਹਿਆ ਚੜ੍ਹੀ ਠੰਢ
ਸਾਡੇ ਬੱਜਣ ਪਏ ਦੰਦ।
ਲਾਹ ਭੇਡਾਂ ਦੀ ਵੀ ਉਨ
ਸੇਠਾਂ ਕੱਪੜੇ ਲਏ ਬੁਣ।
ਅਸੀਂ ਮੁਰਮਰੇ ਭੁਨਾਏ
ਝੱਗੇ ਦੋਲੇ ਦੇ ਸੁਆਏ।
ਰਲਾਏ ਲੋਕਾਂ ਮੇਵੇ ਸੁੱਕੇ
ਅਸੀਂ ਤਿਲ ਹੀ ਲੈ ਕੁੱਟੇ।
ਵੱਗੇ ਠੱਕਾ ਵਰ੍ਹੇ ਮੀਂਹ
ਪਵੇ ਬਾਘ ਭਾਵੇਂ ਸ਼ੀਂਹ।
ਅਸੀਂ ਮਾਰ ਕੇ ਝੁੰਬ
ਲਾਈਏ ਪਾਣੀ ਘੁੰਮ ਘੁੰਮ।
ਸਿਰ ਸੱਪਾਂ ਦੇ ਵੀ ਮਿਧਦਿਆਂ
ਢੋਲਾ! ਹੇ ਹੋ ਹਾ।
-ਹਰਕੇਸ਼ ਸਿੰਘ ਕਹਿਲ
 ਸੰਪਰਕ: 81464-22238

No comments:

Post a Comment