Sunday, 8 September 2013

ਆਹ ਲੈ ਰੇਸ਼ਮੀ ਪਰਾਂਦਾ ਨੀਂ



ਪਰਾਂਦਾ ਪੰਜਾਬਣ ਦੇ ਰੰਗ-ਰੂਪ ਨੂੰ ਚਾਰ ਚੰਨ ਲਾਉਂਦਾ ਹੈ। ਸਾਡੇ ਸਮਾਜ ਵਿੱਚ ਲਾਲ ਸੂਹੇ ਰੰਗ ਤੋਂ ਹੀ ਲਾਲ ਜਾਂ ਸੂਹੇ ਰੰਗ ਦੇ ਪਰਾਂਦੇ ਦਾ ਜ਼ਿਆਦਾ ਰਿਵਾਜ਼ ਰਿਹਾ ਹੈ। ਸਾਡੇ ਪੰਜਾਬੀ ਸ਼ਾਇਰਾਂ ਨੇ ਵੀ ਲਾਲ ਰੰਗ ਦੇ ਪਰਾਂਦੇ ਦਾ ਖ਼ੂਬ ਜ਼ਿਕਰ ਕੀਤਾ ਹੈ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ ਨੀਂ
ਅੱਜ ਦੇ ਮਸ਼ੀਨੀ ਯੁੱਗ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਉਲਝੀਆਂ ਪੰਜਾਬਣਾਂ ਨੇ ਜਿੱਥੇ ਮਜਬੂਰੀਵੱਸ ਲੰਮੀਆਂ ਗੁੱਤਾਂ ਅਤੇ ਪਰਾਂਦਿਆਂ ਤੋਂ ਕਿਨਾਰਾ ਕਰ ਲਿਆ ਹੈ ਉੱਥੇ ਹੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਥੱਲੇ ਫੈਸ਼ਨਾਂ ਪੱਟੀਆਂ ਮੁਟਿਆਰਾਂ ਨੇ ਨਾਗਾਂ ਵਰਗੀਆਂ ਕਾਲੀਆਂ ਗੁੱਤਾਂ ਤੇ ਲਾਲ ਸੂਹੇ ਪਰਾਂਦਿਆਂ ਨੂੰ ਅਲਵਿਦਾ ਆਖ ਮੇਮਾਂ ਵਾਂਗ ਪਟੇ ਰੱਖ ਲਏ ਹਨ:
ਕਿੱਥੋਂ ਨਵਾਂ ਫੈਸ਼ਨ ਲਿਆਂਦਾ ਨੀਂ ਪੰਜਾਬਣੇ
ਕਿੱਲੀ ਉੱਤੇ ਟੰਗਤਾ ਪਰਾਂਦਾ ਨੀਂ ਪੰਜਾਬਣੇ
ਭਾਵੇਂ ਪਰਾਂਦਾ ਅੱਜ ਬੀਤੇ ਸਮੇਂ ਦੀ ਕਹਾਣੀ ਬਣ ਚੁੱਕਾ ਹੈ ਪਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੋਣ ਵਾਲੇ ਸਮਾਗਮਾਂ, ਫੈਸਟੀਵਲਾਂ ਦੌਰਾਨ ਹਰ ਪੰਜਾਬਣ ਦੀ ਗੁੱਤ ਉੱਪਰ ਪਰਾਂਦਾ ਸਜਿਆ ਦਿਖਾਈ ਦਿੰਦਾ ਹੈ।
ਸੋਹਣੀ-ਸੁਨੱਖੀ, ਉੱਚੀ-ਲੰਮੀ ਨੱਢੀ ਜਦੋਂ ਆਪਣੀ ਕਾਲੀ ਗੁੱਤ ਨਾਲ ਲਾਲ ਪਰਾਂਦਾ ਸਜਾ ਲੈਂਦੀ ਹੈ ਤਾਂ ਸਾਰੀ ਕਾਇਨਾਤ ਨਸ਼ਿਆ ਜਾਂਦੀ ਹੈ। ਤਦੇ ਕਿਸੇ ਸ਼ਾਇਰ ਨੇ ਲਿਖਿਆ ਹੈ:
ਨੀਂ ਤੇਰਾ ਲਾਲ ਪਰਾਂਦਾ, ਹਾਏ ਨੀਂ ਦਿਲ ਲੁੱਟਦਾ ਜਾਂਦਾ
ਮੁਟਿਆਰ ਦੀ ਲੰਮੀ ਗੁੱਤ ਨਾਲ ਪਰਾਂਦੇ ਦਾ ਬਹੁਤ ਗੂੜ੍ਹਾ ਤੇ ਪੁਰਾਣਾ ਸਬੰਧ ਹੈ। ਗੁੱਤ ਤੇ ਪਰਾਂਦੇ ਦੇ ਅਟੁੱਟ ਰਿਸ਼ਤੇ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕੋਈ ਗੱਭਰੂ ਆਪਣੇ ਹਾਣ ਦੀ ਮੁਟਿਆਰ ਨੂੰ ਆਖਦਾ ਹੈ:
ਤੇਰੀ ਮੇਰੀ ਆਏਂ ਲੱਗਜੇ, ਜਿਵੇਂ ਗੁੱਤ ਦੀ ਪਰਾਂਦੇ ਨਾਲ ਯਾਰੀ
ਵਰਤਮਾਨ ਸਮੇਂ ਵਿੱਚ ਪਰਾਂਦੇ ਦੀ ਬੇਸ਼ੱਕ ਓਨੀ ਅਹਿਮੀਅਤ ਨਹੀਂ ਰਹੀ ਪਰ ਇੱਕ ਸਮਾਂ ਸੀ ਜਦੋਂ ਪਰਾਂਦਾ ਸੌਗਾਤ ਦੇ ਰੂਪ ਵਿੱਚ ਭੇਟ ਕੀਤਾ ਜਾਂਦਾ ਸੀ। ਇੱਕ ਗੀਤ ਦੀਆਂ ਇਹ ਸਤਰਾਂ ਉਸ ਸਮੇਂ ਨੂੰ ਸਾਡੇ ਸਾਹਮਣੇ ਤਰੋ-ਤਾਜ਼ਾ ਕਰ ਦਿੰਦੀਆਂ ਹਨ:
ਆਹ ਲੈ ਰੇਸ਼ਮੀ ਪਰਾਂਦਾ, ਨੀਂ ਸੰਭਾਲ ਕੇ ਰੱਖੀਂ
ਨਾਗ ਵਾਂਗੂੰ ਵਲ਼ ਖਾਂਦਾ, ਨੀਂ ਸੰਭਾਲ ਕੇ ਰੱਖੀਂ
ਉਸ ਸਮੇਂ ਪਰਾਂਦੇ ਦੀ ਖ਼ੂਬ ਚੜ੍ਹਤ ਸੀ ਅਤੇ ਹਰ ਮੁਟਿਆਰ ਦਾ ਪਰਾਂਦੇ ਨਾਲ ਖ਼ਾਸ ਲਗਾਓ ਹੁੰਦਾ ਸੀ। ਜੇ ਕਿਸੇ ਮੁਟਿਆਰ ਦੇ ਬਾਬਲ ਵੱਲੋਂ ਉਸ ਲਈ ਲੱਭਿਆ ਗਿਆ ਵਰ ਕੱਦ ਵਿੱਚ ਛੋਟਾ ਹੁੰਦਾ ਤਾਂ ਉਹ ਮੁਟਿਆਰ ਤ੍ਰਿੰਞਣੀ ਜੁੜੀਆਂ ਆਪਣੀਆਂ ਸਹੇਲੀਆਂ ਨੂੰ ਨਿਹੋਰੇ ਨਾਲ ਦੱਸਦੀ ਹੈ:
ਬਾਬਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਜਦੋਂ ਕਿਸੇ ਅੱਲ੍ਹੜ ਮੁਟਿਆਰ ਦਾ ਮਾਹੀ ਪਰਦੇਸੀ ਹੋਵੇ ਤਾਂ ਉਸ ਨੂੰ ਆਪਣਾ ਹਾਰ-ਸ਼ਿੰਗਾਰ ਚੰਗਾ ਨਹੀਂ ਲੱਗਦਾ ਅਤੇ ਉਹ ਇਸ ਉਦਾਸ ਆਲਮ ਵਿੱਚ ਆਪਣਾ ਹਾਰ-ਸ਼ਿੰਗਾਰ ਜਿਸ ਵਿੱਚ ਰੇਸ਼ਮੀ ਪਰਾਂਦਾ ਵੀ ਸ਼ਾਮਲ ਹੁੰਦਾ ਹੈ, ਨੂੰ ਉਤਾਰ ਕੇ ਰੱਖ ਦਿੰਦੀ ਹੈ ਅਤੇ ਆਪਣੇ ਪਰਦੇਸੀ ਮਾਹੀ ਨੂੰ ਰੁਲ ਰਹੇ ਹਾਰ-ਸ਼ਿੰਗਾਰ ਦਾ ਵਾਸਤਾ ਦਿੰਦਿਆਂ ਆਪਣਾ ਹਾਲ ਬਿਆਨਦੀ ਹੈ:
ਰੇਸ਼ਮੀ ਪਰਾਂਦੇ ਨਾਲੇ ਡੋਰੀਆਂ, ਢੋਲਾ ਪਈਆਂ ਹੋਗੀਆਂ ਪੁਰਾਣੀਆਂ
ਸਾਉਣ ਦੀਆਂ ਝੜੀਆਂ ਵੇ ਫ਼ੌਜੀਆ, ਕੱਲੀ ਤੋਂ ਲੰਘਾਈਆਂ ਨਹੀਓਂ ਜਾਣੀਆਂ
ਖ਼ੁਦਾ ਕਰੇ ਕਿਸੇ ਮੁਟਿਆਰ ਦਾ ਮਾਹੀ ਉਸ ਤੋਂ ਕਦੇ ਨਾ ਵਿਛੜੇ ਅਤੇ ਉਹ ਹਮੇਸ਼ਾਂ ਹੱਸਦੀ-ਵੱਸਦੀ ਹਾਰ-ਹੁਮੇਲਾਂ ਤੇ ਪਰਾਂਦੇ ਡੋਰੀਆਂ ਨਾਲ ਸਜੀ ਰਹੇ। ਸ਼ਾਲਾ! ਕਦੇ ਵੀ ਕੋਈ ਅਜਿਹਾ ਗੀਤ ਉਸ ਦੀ ਤ੍ਰਾਸਦੀ ਨੂੰ ਪੇਸ਼ ਕਰਨ ਲਈ ਲਿਖਣ ਦੀ ਲੋੜ ਨਾ ਪਵੇ:
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ,
ਜਿਨ੍ਹਾਂ ਦੇ ਰਾਤੀਂ ਯਾਰ ਵਿੱਛੜੇ…।
-ਬੇਅੰਤ ਗਿੱਲ (ਭਲੂਰ)
ਸੰਪਰਕ: 94639-81958

No comments:

Post a Comment