Tuesday, 17 September 2013

ਰੂਹ ਨੂੰ ਰਾਹਤ ਬਖ਼ਸ਼ਦੀ ਹੈ ਰਾਹਤ ਫ਼ਤਿਹ ਅਲੀ ਖ਼ਾਨ ਦੀ ਗਾਇਕੀ



ਗਾਇਕੀ ਦੇ ਖੇਤਰ ਵਿੱਚ ਉਸਤਾਦ ਰਾਹਤ ਫ਼ਤਿਹ ਅਲੀ ਖ਼ਾਂ ਉਹ ਨਾਂ ਹੈ ਜਿਸ ਬਾਰੇ ਚੜ੍ਹਦੇ-ਲਹਿੰਦੇ ਪੰਜਾਬ ਤੋਂ ਇਲਾਵਾ ਸੰਗੀਤ ਨੂੰ ਪਿਆਰ ਕਰਨ ਵਾਲਾ ਦੁਨੀਆਂ ਦਾ ਹਰ ਬਸ਼ਰ ਚੰਗੀ ਤਰ੍ਹਾਂ ਵਾਕਫ਼ ਹੈ। ਪਿਛਲੇ ਕੁਝ ਕੁ ਸਾਲਾਂ ਦੌਰਾਨ ਰਾਹਤ ਫ਼ਤਿਹ ਅਲੀ ਖ਼ਾਨ ਨੇ ਆਪਣੀ ਮਿਹਨਤ ਸਦਕਾ ਉਹ ਬੁਲੰਦੀਆਂ ਛੂਹ ਲਈਆਂ ਹਨ, ਜਿਨ੍ਹਾਂ ’ਤੇ ਪਹੁੰਚਣਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ ਜਾਂ ਇੰਜ ਕਹਿ ਲਓ ਕਿ ਕਈ ਲੋਕਾਂ ਦੀ ਸਾਰੀ-ਸਾਰੀ ਉਮਰ ਲੰਘ ਜਾਂਦੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਉਹ ਮੁਕਾਮ ਹਾਸਲ ਨਹੀਂ ਹੁੰਦਾ ਜੋ ਰਾਹਤ ਫ਼ਤਿਹ ਅਲੀ ਖ਼ਾਨ ਨੇ ਛੋਟੀ ਉਮਰ ਵਿੱਚ ਹੀ ਹਾਸਲ ਕਰ ਲਿਆ ਹੈ। ਬੀਤੇ ਦਿਨੀਂ ਇੱਕ ਸ਼ੋਅ ਤੋਂ ਬਾਅਦ ਰਾਹਤ ਨਾਲ ਕੁਝ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ। ਪਾਠਕਾਂ ਦੇ ਮਨੋਰੰਜਨ ਅਤੇ ਆਪਣੇ ਚਹੇਤੇ ਫ਼ਨਕਾਰ ਰਾਹਤ ਫ਼ਤਿਹ ਅਲੀ ਖ਼ਾਂ ਪ੍ਰਤੀ ਜਾਣਕਾਰੀ ਵਧਾਉਣ ਲਈ ਪੇਸ਼ ਕਰ ਰਿਹਾ ਹਾਂ ਉਸਤਾਦ ਰਾਹਤ ਫ਼ਤਿਹ ਅਲੀ ਖ਼ਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
? ਰਾਹਤ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ
- ਮੇਰਾ ਜਨਮ ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ ਵਿਖੇ ਸਾਲ 1974 ਨੂੰ ਹੋਇਆ। ਮੇਰੇ ਵਾਲਦ ਸਾਹਿਬ ਦਾ ਨਾਂ ਉਸਤਾਦ ਫਾਰੂਖ਼ ਫ਼ਤਿਹ ਅਲੀ ਖ਼ਾਨ ਹੈ। ਸਾਡਾ ਸਾਰਾ ਪਰਿਵਾਰ ਸੰਗੀਤ ਨਾਲ ਸਬੰਧ ਰੱਖਦਾ ਹੈ। ਮੇਰੇ ਚਾਚਾ ਮਰਹੂਮ ਜਨਾਬ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਸਾਹਿਬ ਹੁਰਾਂ ਨੂੰ ਸਾਰਾ ਜੱਗ ਜਾਣਦਾ ਹੈ। ਅੱਲ੍ਹਾ-ਤਾਲਾ ਦੇ ਰਹਿਮੋ-ਕਰਮ ਅਤੇ ਨੁਸਰਤ ਸਾਹਿਬ ਜੀ ਵੱਲੋਂ ਦਿੱਤੀ ਸੰਗੀਤਕ ਤਾਲੀਮ ਮੁਤਾਬਕ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਚੱਲਣ ਦਾ ਯਤਨ ਕਰ ਰਿਹਾ ਹਾਂ।
? ਜਿਵੇਂ ਤੁਸੀਂ ਦੱਸ ਚੁੱਕੇ ਹੋ ਕਿ ਤੁਹਾਡਾ ਸਾਰਾ ਪਰਿਵਾਰ ਸੰਗੀਤ ਨਾਲ ਸਬੰਧ ਰੱਖਦਾ ਹੈੈ। ਇਹ ਦੱਸੋ ਕਿ ਤੁਹਾਡਾ ਗਾਇਕੀ ਦਾ ਸਫ਼ਰ ਕਿੰਨੇ ਕੁ ਸਾਲ ਦੀ ਉਮਰ ਵਿੱਚ ਸ਼ੁਰੂ ਹੋ ਗਿਆ ਸੀ।
- ਜਿੱਥੋਂ ਤਕ ਗਾਇਕੀ ਦੇ ਸਫ਼ਰ ਦੀ ਗੱਲ ਹੈ ਤਾਂ ਘਰ ਵਿੱਚ ਸੰਗੀਤਕ ਮਾਹੌਲ ਹੋਣ ਕਾਰਨ ਮੈਂ ਬਚਪਨ ਤੋਂ ਹੀ ਸੰਗੀਤ ਦੇ ਰੰਗ ਵਿੱਚ ਰੰਗਿਆ ਗਿਆ ਸਾਂ ਪਰ ਮੈਨੂੰ ਯਾਦ ਹੈ ਕਿ ਮੈਂ ਉਦੋਂ 11 ਸਾਲ ਦਾ ਸਾਂ ਜਦੋਂ ਲੋਕਾਂ ਦੇ ਵੱਡੇ ਹਜੂਮ ਸਾਹਮਣੇ ਇੱਕ ਸੋਲੋ ਗ਼ਜ਼ਲ ਪੇਸ਼ ਕੀਤੀ ਸੀ। 27 ਜੁਲਾਈ 1985 ਵਾਲੇ ਦਿਨ ਬਰਮਿੰਘਮ ’ਚ ਇੱਕ ਸੰਗੀਤਕ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ ਸੀ ਅਤੇ ਮੇਰੇ ਚਾਚਾ ਜਾਨ ਉਸਤਾਦ ਜਨਾਬ ਨੁਸਰਤ ਸਾਹਿਬ ਹੋਰੀਂ ਆਪਣੀ ਪੂਰੀ ਟੀਮ ਸਮੇਤ ਉਥੇ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕਰਨ ਲਈ ਪਹੁੰਚੇ ਸਨ। ਮੈਂ ਵੀ ਉਨ੍ਹਾਂ ਦੇ ਨਾਲ ਹੀ ਗਿਆ ਸਾਂ। ਉਥੇ ਮੈਨੂੰ ਉਨ੍ਹਾਂ ਇੱਕ ਸੋਲੋ ਗ਼ਜ਼ਲ ਗਾਉਣ ਦਾ ਮੌਕਾ ਦਿੱਤਾ ਅਤੇ ਮੈਂ ਉਸ ਵੇਲੇ ‘ਮੁੱਖ ਤੇਰਾ ਸੋਹਣਿਆ ਸ਼ਰਾਬ ਨਾਲੋਂ ਚੰਗਾ ਏ’ ਗ਼ਜ਼ਲ ਗਾਈ। ਮੈਂ ਜਿਵੇਂ ਹੀ ਗ਼ਜ਼ਲ ਗਾ ਕੇ ਸਟੇਜ ਤੋਂ ਉੱਤਰਿਆ, ਹਾਜ਼ਰ ਲੋਕਾਂ ਨੇ ਮੈਨੂੰ ਹੱਥਾਂ ’ਤੇ ਚੁੱਕ ਲਿਆ। ਮੇਰਾ ਉਤਸ਼ਾਹ ਵਧਿਆ ਅਤੇ ਮੇਰੇ ਉਸਤਾਦ ਜਨਾਬ ਨੁਸਰਤ ਸਾਹਿਬ ਵੀ ਬਹੁਤ ਖ਼ੁਸ਼ ਹੋਏ। ਉਸ ਤੋਂ ਬਾਅਦ 1985 ਦੌਰਾਨ ਹੀ ਹੈਰੋ ਲਈਅਰ ਸੈਂਟਰ ਵਿਖੇ ਇੱਕ ਗੀਤ ਗਾਉਣ ਦਾ ਮੌਕਾ ਮਿਲਿਆ, ਇਸ ਮੌਕੇ ਮੈਂ ‘ਗਿਣ-ਗਿਣ ਤਾਰੇ ਲੰਘਦੀਆਂ ਰਾਤਾਂ’ ਗੀਤ ਗਾਇਆ। ਇਨ੍ਹਾਂ ਦੋਵਾਂ ਪੇਸ਼ਕਾਰੀਆਂ ਤੋਂ ਮੈਨੂੰ ਏਨੀ ਹੱਲਾਸ਼ੇਰੀ ਮਿਲੀ ਕਿ ਮੈਂ ਮੁੜ ਕੇ ਪਿਛਾਂਹ ਨਹੀਂ ਤੱਕਿਆ।
? ਬਾਲੀਵੁੱਡ ਵੱਲ ਰੁਖ਼ ਕਿਵੇਂ ਬਣਿਆ।
- ਸਾਲ 2004 ਦੌਰਾਨ ਭਾਰਤ ਵਿੱਚ ਇੱਕ ਫ਼ਿਲਮ ਰਿਲੀਜ਼ ਹੋਈ ਸੀ ‘ਪਾਪ’, ਉਸ ਵਿੱਚ ਮੈਂ ਇੱਕ ਗੀਤ ਗਾਇਆ ਸੀ ‘ਲਾਗੀ ਤੁਮ ਸੇ ਮਨ ਕੀ ਲਗਨ’। ਉਹ ਗੀਤ ਇੰਨਾ ਮਕਬੂਲ ਹੋਇਆ ਕਿ ਬਾਲੀਵੁੱਡ ਡਾਇਰੈਕਟਰਾਂ ਅਤੇ ਸੰਗੀਤਕਾਰਾਂ ਵੱਲੋਂ ਮੇਰੀ ਆਵਾਜ਼ ਦੀ ਮੰਗ ਵਧ ਗਈ ਅਤੇ ਬਾਕੀ ਤੁਹਾਡੇ ਤੋਂ ਕੁਝ ਲੁਕਿਆ ਹੋਇਆ ਵੀ ਨਹੀਂ ਕਿ ਮੈਂ ਕਿੰਨੀਆਂ ਫ਼ਿਲਮਾਂ ਵਿੱਚ ਗਾ ਚੁੱਕਿਆ ਹਾਂ।
? ਕੀ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ ਵਿੱਚ ਕੋਈ ਗੀਤ-ਸੰਗੀਤ ਦਿੱਤਾ ਹੈ।
- ਜੀ ਬਿਲਕੁਲ ਜਿੱਥੋਂ ਤਕ ਮੈਨੂੰ ਯਾਦ ਹੈ ਸਾਲ 1995 ਦੌਰਾਨ ਇੱਕ ਹਾਲੀਵੁੱਡ ਫ਼ਿਲਮ ‘‘ਡੈੱਡ ਮੈਨ ਵਾੱਕਿੰਗ’’ ਵਿੱਚ ਆਪਣੇ ਚਾਚਾ ਜਾਨ ਉਸਤਾਦ ਨੁਸਰਤ ਸਾਹਿਬ ਜੀ ਨਾਲ ਮਿਲ ਕੇ ਇਸ ਦੀਆਂ ਸੰਗੀਤਕ ਧੁਨਾਂ ਵਿੱਚ ਆਪਣਾ ਯੋਗਦਾਨ ਦਿੱਤਾ ਸੀ। ਇਸ ਤੋਂ ਇਲਾਵਾ ਮੇਰੇ ਉਸਤਾਦ ਜਨਾਬ ਨੁਸਰਤ ਸਾਹਿਬ ਜੀ ਦੇ ਫੌਤ ਹੋ ਜਾਣ ਮਗਰੋਂ 2002 ਵਿੱਚ ਮੈਂ ਅਮਰੀਕਨ ਫ਼ਿਲਮਾਂ ਅਤੇ ਆਰਕੈਸਟਰਾਂ ਦੀਆਂ ਧੁਨਾਂ ਤਿਆਰ ਕਰਨ ਵਾਲੇ ਕੰਪੋਜਰ ਜੇਮਸ ਹੌਰਨਰ ਨਾਲ ਮਿਲ ਕੇ ਹਾਲੀਵੁੱਡ ਫ਼ਿਲਮ ‘ਦਿ ਫੋਰ ਫੈਦਰਸ’ ਦਾ ਸੰਗੀਤ ਤਿਆਰ ਕਰਵਾਇਆ ਸੀ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਮੈਂ ਹਾਲੀਵੁੱਡ ਸੰਗੀਤਕਾਰ ਮੇਲ ਗਿਬਸਨ ਦੀ ਐਲਬਮ ‘ਅਪੋਕਾਲਿਪਟੋ’ ’ਚ ਗਾਇਆ ਹੈ।
? ਤੁਸੀਂ ਗੀਤ, ਗ਼ਜ਼ਲ ਅਤੇ ਕਵਾਲੀ ਬਖ਼ੂਬੀ ਗਾਉਂਦੇ ਹੋ ਅਤੇ ਗਾਇਕੀ ਦੇ ਖੇਤਰ ਵਿੱਚ ਤੁਹਾਡਾ ਕੋਈ ਸਾਨੀ ਨਹੀਂ ਹੈ। ਇਹ ਦੱਸੋ ਕਿ ਤੁਹਾਨੂੰ ਕੀ ਗਾ ਕੇ ਸਭ ਤੋਂ ਵੱਧ ਸਕੂਨ ਮਿਲਦਾ ਹੈ।
- ਮੇਰੇ ਲਈ ਸੰਗੀਤ ਦੇ ਇਹ ਤਿੰਨੋਂ ਰੂਪ ਰੂਹ, ਜਿਸਮ ਅਤੇ ਜਾਨ ਵਾਂਗ ਹਨ। ਮੈਂ ਸੰਗੀਤ ਤੋਂ ਬਿਨਾਂ ਆਪਣੇ ਆਪ ਨੂੰ ਅਧੂਰਾ ਸਮਝਦਾ ਹਾਂ। ਅੱਲ੍ਹਾ-ਤਾਲਾ ਨੇ ਜੋ ਮੇਰੀ ਪਛਾਣ ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਬਣਾਈ ਹੈ, ਉਹ ਸਭ ਸੰਗੀਤ ਕਰਕੇ ਹੀ ਹੈ। ਸੰਗੀਤ ਹੀ ਮੇਰੀ ਜ਼ਿੰਦਗੀ ਹੈ। ਇਹ ਮੇਰੇ ਲਈ ਸਾਹਾਂ ਦੀ ਰਵਾਨਗੀ ਵਾਂਗ ਹੈ। ਜਿੱਥੋਂ ਤਕ ਰਹੀ ਗੱਲ ਗੀਤ, ਗ਼ਜ਼ਲ ਜਾਂ ਕਵਾਲੀ ਗਾਉਣ ਦੀ। ਮੈਂ ਕਵਾਲੀ ਬਾਰੇ ਇਹੀ ਕਹਿਣਾ ਚਾਹਾਂਗਾ ਕਿ ਕਵਾਲੀ ਸਿਰਫ਼ ਸੰਗੀਤ ਹੀ ਨਹੀਂ ਸਗੋਂ ਇਹ ਇੱਕ ਸੰਦੇਸ਼ ਵੀ ਹੈ। ਕਵਾਲੀ ਦੀ ਸ਼ੁਰੂਆਤ ਸੂਫ਼ੀ ਮੁਰਸ਼ਦਾਂ ਨੇ ਕੀਤੀ ਸੀ ਅਤੇ ਜਦੋਂ ਅਸੀਂ ਕਵਾਲੀ ਦੀਆਂ ਧੁਨਾਂ ਤਿਆਰ ਕਰਦੇ ਹਾਂ ਜਾਂ ਗਾਉਂਦੇ ਤਾਂ ਇਸ ਦਾ ਅਸਰ ਹਮੇਸ਼ਾਂ ਰਹਿੰਦਾ ਹੈ। ਹੋਰ ਸੰਗੀਤ ਦਾ ਅਸਰ ਸਮੇਂ ਨਾਲ ਘੱਟ ਵੱਧ ਹੋ ਸਕਦਾ ਹੈ ਪਰ ਕਵਾਲੀ ਦਾ ਅਸਰ ਹਮੇਸ਼ਾਂ ਬਣਿਆ ਰਹਿੰਦਾ ਹੈ। ਜਦੋਂ ਕੋਈ ਇਨਸਾਨ ਕਵਾਲੀ ਸੁਣਦਾ ਹੈ ਤਾਂ ਇਹ ਉਸ ਦੀ ਰੂਹ ਨੂੰ ਤ੍ਰਿਪਤ ਕਰਦੀ ਹੈ ਅਤੇ ਉਸ ਨੂੰ ਅੰਦਰੋਂ ਹਲੂਣ ਕੇ ਮਨੁੱਖਤਾ ਵਾਲਾ ਜਜ਼ਬਾ ਪੈਦਾ ਕਰਦੀ ਹੈ। ਮੈਂ ਸਮਝਦਾ ਹਾਂ ਇਹ ਮੇਰਾ ਫ਼ਰਜ਼ ਹੈ ਕਿ ਸੂਫ਼ੀ ਮੁਰਸ਼ਦਾਂ ਦੇ ਸੰਦੇਸ਼ ਨੂੰ ਹਰ ਬਸ਼ਰ ਤਕ ਪਹੁੰਚਾਵਾਂ।
? ਤੁਹਾਡੀ ਕੋਈ ਭਵਿੱਖ ਦੀ ਯੋਜਨਾ ਜਾਂ ਇੱਛਾ ਜਿਹੜੀ ਪੂਰੀ ਕਰਨਾ ਚਾਹੁੰਦੇ ਹੋ।
- ਮੈਂ ਜਨਾਬ ਨੁਸਰਤ ਸਾਹਿਬ ਵੱਲੋਂ ਦਿੱਤੀ ਤਾਲੀਮ ਦੀ ਤਾਮੀਲ ਕਰਦਿਆਂ, ਸੂਫ਼ੀ ਮੁਰਸ਼ਦਾਂ ਦਾ ਸੰਦੇਸ਼ ਕਵਾਲੀ ਰਾਹੀਂ ਇਸ ਕਾਇਨਾਤ ਦੇ ਕੋਨੇ-ਕੋਨੇ ਤਕ ਪਹੁੰਚਾ ਕੇ ਉਨ੍ਹਾਂ ਦੇ ਖ਼ੁਆਬ ਨੂੰ ਸਾਕਾਰ ਕਰਨਾ ਚਾਹੁੰਦਾ ਹਾਂ।
? ਆਪਣੇ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਕੀ ਤੁਸੀਂ ਆਪਣਾ ਕੋਈ ਸ਼ਾਗਿਰਦ ਵੀ ਤਿਆਰ ਕਰ ਰਹੇ ਹੋ।
- ਜੀ ਹਾਂ ਬਿਲਕੁਲ, ਇੱਕ ਬੱਚਾ ਹੈ ਪਾਕਿਸਤਾਨ ਤੋਂ ਹੀ, ਮੈਂ ਉਸ ਵਿੱਚ ਸੰਗੀਤ ਦਾ ਚੰਗਾ ਭਵਿੱਖ ਦੇਖ ਰਿਹਾ ਹਾਂ।
ਰਾਹਤ ਫ਼ਤਿਹ ਅਲੀ ਖ਼ਾਂ ਨਾਲ ਗੱਲਬਾਤ ਕਰਕੇ ਰਤਾ ਜਿੰਨਾ ਵੀ ਮਹਿਸੂਸ ਨਹੀਂ ਸੀ ਹੋਇਆ ਕਿ ਇਹ ਸਾਡੀ ਪਹਿਲੀ ਮੁਲਾਕਾਤ ਸੀ। ਬੇਹੱਦ ਮਿਲਾਪੜੇ ਸੁਭਾਅ ਅਤੇ ਖ਼ੁਸ਼ਮਿਜ਼ਾਜ ਤਬੀਅਤ ਦੇ ਮਾਲਕ ਰਾਹਤ ਫ਼ਤਿਹ ਅਲੀ ਖ਼ਾਂ ਨਾਲ ਗੱਲਬਾਤ ਕਰਕੇ ਵਾਕਿਆ ਹੀ ਰੂਹ ਨੂੰ ਸਕੂਨ ਮਿਲਿਆ। ਰੱਬ ਅੱਗੇ ਅਰਦਾਸ ਹੈ ਕਿ ਰਾਹਤ ਇੰਜ ਹੀ ਆਪਣੀ ਮਖਮਲੀ ਆਵਾਜ਼ ਨਾਲ ਸਰੋਤਿਆਂ ਦੀ ਰੂਹ ਨੂੰ ਸਕੂਨ ਬਖ਼ਸ਼ਦਾ ਰਹੇ। ਸ਼ਾਲਾ! ਉਸ ਦੇ ਸਾਰੇ ਸੁਪਨੇ ਅਤੇ ਯੋਜਨਾਵਾਂ ਪੂਰੀਆਂ ਹੋਣ। ਆਮੀਨ!

-ਸ਼ਰਨਜੀਤ ਬੈਂਸ


No comments:

Post a Comment