Wednesday, 18 September 2013

…ਵੇ ਮੈਂ ਟਿੱਕਾ ਘੜਵਾਉਨੀ ਆਂ



ਮਨੁੱਖ ਆਪਣੇ ਆਪ ਨੂੰ ਸੁੰਦਰ ਬਣਾਉਣ ਜਾਂ ਸੰਵਾਰਨ ਲਈ ਸਦੀਆਂ ਤੋਂ ਗਹਿਣਿਆਂ ਦੀ ਵਰਤੋਂ ਕਰਦਾ ਆ ਰਿਹਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਅਨੁਸਾਰ ਗਹਿਣੇ (ਗਹਿਣਾ) ਤੋਂ ਭਾਵ ਭੂਸ਼ਣ ਜਾਂ ਜ਼ੇਵਰ ਹੈ। ਪ੍ਰੋ. ਜੀਤ ਸਿੰਘ ਜੋਸ਼ੀ ਅਨੁਸਾਰ,‘‘ਸਰੀਰਕ ਖ਼ੂਬਸੂਰਤੀ ਵਿੱਚ ਵਾਧਾ ਕਰਨ ਲਈ ਜੋ ਕੁਝ ਸਿਰਜਿਆ, ਬਣਾਇਆ, ਪਹਿਨਿਆ ਜਾਂ ਅਪਣਾਇਆ ਉਹ ਉਸ ਦੇ (ਮਨੁੱਖੀ) ਹਾਰ-ਸ਼ਿੰਗਾਰ ਵਿੱਚ ਸ਼ਾਮਲ ਹੈ। ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ।’’
ਗਹਿਣਿਆਂ ਦੀ ਉਪਮਾ ‘ਅਲੰਕਾਰ’ ਦੇ ਨਾਲ ਕੀਤੀ ਜਾਂਦੀ ਹੈ ਕਿ ਜਿਵੇਂ ਇੱਕ  ਕਵੀ ਆਪਣੀ ਕਵਿਤਾ ਨੂੰ ਸਜਾਉਣ ਲਈ ਅਲੰਕਾਰਾਂ ਦੀ ਵਰਤੋਂ ਕਰਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਆਪਣੇ ਆਪ ਨੂੰ ਸਜਾਉਣ ਦੇ ਲਈ ਗਹਿਣਿਆਂ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਦੋਂ ਔਰਤ ਜਾਂ ਮਰਦ ਇਨ੍ਹਾਂ ਗਹਿਣਿਆਂ ਨੂੰ ਪਹਿਨਦੇ ਹਨ ਤਾਂ ਉਨ੍ਹਾਂ ਦੇ ਰੂਪ ਨੂੰ ਚਾਰ ਚੰਦ ਲੱਗ ਜਾਂਦੇ ਹਨ।
ਲੋਕ ਗੀਤ ਇੱਕ ਸ਼ੀਸ਼ੇ ਦੀ ਤਰ੍ਹਾਂ ਹੁੰਦੇ ਹਨ। ਇਨ੍ਹਾਂ ਵਿੱਚੋਂ ਮਨੁੱਖੀ ਜ਼ਿੰਦਗੀ ਦੇ ਕਿਸੇ ਵੀ ਪੱਖ ਨੂੰ ਵੇਖਿਆ ਜਾ ਸਕਦਾ ਹੈ। ਮਨੁੱਖੀ ਜ਼ਿੰਦਗੀ ਵਿੱਚ ਗਹਿਣਿਆਂ ਦਾ ਮਹੱਤਵਪੂਰਨ ਸਥਾਨ ਹੈ। ਇਸ ਲਈ ਲੋਕ ਗੀਤਾਂ ਵਿੱਚ ਗਹਿਣਿਆਂ ਦਾ ਭਰਪੂਰ ਜ਼ਿਕਰ ਹੋਇਆ ਮਿਲਦਾ ਹੈ। ਔਰਤਾਂ ਦੇ ਗਹਿਣਿਆਂ ਦੇ ਵਿੱਚੋਂ ਜ਼ਿਆਦਾਤਰ ਸੱਗੀ ਫੁੱਲ, ਟਿੱਕਾ, ਝੂਮਰ ਸੂਈ, ਕਲਿੱਪ, ਬੁੰਦੇ, ਨੱਥ, ਹਾਰ, ਕੰਡੀ, ਗਜਰੇ, ਛੱਲੇ, ਬਾਜੂ ਬੰਦ, ਛਾਪਾਂ, ਪੰਜੇਬਾਂ, ਬਾਂਕਾਂ, ਝਾਂਜਰਾਂ ਆਦਿ ਦਾ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਜਾਦਾ ਹੈ। ਕੁਝ ਨਮੂਨੇ ਇਸ ਪ੍ਰਕਾਰ ਹਨ:
J ਸੱਗੀ ਫੁੱਲ- ਸੱਗੀ ਫੁੱਲ ਮੁਟਿਆਰਾਂ ਦੇ ਸਿਰ ਦਾ ਗਹਿਣਾ ਹੁੰਦੇ ਹਨ। ਲੋਕ ਗੀਤਾਂ ਵਿੱਚ ਜ਼ਿਆਦਾਤਰ ਸੱਗੀ ਦਾ ਜ਼ਿਕਰ ਹੀ ਕੀਤਾ ਜਾਂਦਾ ਹੈ। ਜਿਵੇਂ:-
ਨਾਇਕਾ- ਜੀ ਢੋਲਾ ਸਾਨੂੰ ਸੱਗੀ ਕਰਾ ਦੇ
ਕੋਲੋ-ਕੋਲੇ ਰਤਨ ਜੜਾ,
ਪਾਸ ਜੜਾ ਲਿਆਇਓ ਜੀ ਚੀਨੀਆਂ।
ਨਾਇਕ- ਪੇਕੀਂ ਜਾਈਂ ਨੀਂ ਗੋਰੀ, ਉੱਥੋਂ ਸੱਗੀ ਲਿਆਈਂ,
ਕੋਲੋ-ਕੋਲੇ ਰਤਨ ਜੜਾਈਂ,
ਪਾਸ ਜੜਾ ਲਿਆਈਂ ਨੀ ਚੀਨੀਆਂ।
ਜਾਂ
ਨਾਇਕ- ਮੈਂ ਸੱਗੀ ਕਰਾਈ ਏਥੇ,
ਨੀਂ ਤੂੰ ਪਹਿਨਣ ਵਾਲੀ ਪੇਕੇ,
ਨੀਂ ਮੈਂ ਕੀਹਦੇ ਪਾਵਾਂ ਗੋਰੀਏ।
ਨਾਇਕਾ- ਸੱਗੀ ਪਹਿਨੇ ਤੇਰੀ ਭੈਣ ਵੇ,
ਜਿਹਨੇ ਨਿੱਤ ਪੇਕਿਆਂ ਦੇ ਰਹਿਣਾ,
ਵੇ ਮੈਂ ਜਿਗਰਾ ਕੀਤਾ- ਜਿਗਰਾ ਕੀਤਾ ਵੈਰੀਆ।
ਸੱਗੀ ਫੁੱਲ ਤੋਂ ਬਿਨਾਂ ਟਿੱਕਾ, ਝੂਮਰ ਸੂਈ, ਕਲਿੱਪ ਆਦਿ ਵੀ ਸਿਰ ਨੂੰ ਸ਼ਿੰਗਾਰਨ ਵਾਲੇ ਗਹਿਣੇ ਹਨ। ਲੋਕ ਗੀਤਾਂ ਦੇ ਵਿੱਚ ਇਨ੍ਹਾਂ ਗਹਿਣਿਆਂ ਦਾ ਜ਼ਿਕਰ ਵੀ ਮਿਲਦਾ ਹੈ। ਜਿਵੇਂ:-
ਨਾਇਕਾ- ਟਿੱਕਾ ਕਰਾਦੇ ਢੋਲਾ ਟਿੱਕਾ ਜੀ
ਉੱਤੇ ਪਵਾ ਲਿਆਇਓ ਜੀ ਮੋਰਨੀ।
ਨਾਇਕ- ਟਿੱਕਾ-ਟਿੱਕਾ ਗੋਰੀਏ ਕੋਈ ਨਾ ਬਣਦਾ, ਨੀਂ ਗੋਰੀਏ
ਟਿੱਕਾ ਤੂੰ ਪੇਕਿਆਂ ਤੋਂ ਲਿਆ,
ਉੱਤੇ ਪਵਾ ਲਿਆਈਂ ਨੀਂ ਮੋਰਨੀ।
ਜਾਂ
ਮੋਰਨ ਦੇ ਕਾਰਨ, ਵੇ ਮੈਂ ਟਿੱਕਾ ਕਰਵਾਉਨੀ ਆਂ, (ਘੜਵਾਉਨੀ ਆਂ)
ਪਹਿਨਣ ਦੇ ਵੇਲੇ ਵੇ, ਹੰਢਾਵਣ ਦੇ ਵੇਲੇ,
ਤੂੰ ਉੱਡ ਜਾਨਾ ਵੇ ਮੋਰਾ।
ਤੇਰੀਆਂ ਗੁੱਝੀਆਂ ਨੇ ਰਮਜ਼ਾਂ,
ਵੇ ਮੈਂ ਦਿਲ ਵਿੱਚ ਸਮਝਾਂ,
ਤੂੰ ਉੱਡ ਜਾਨਾ ਵੇ ਮੋਰਾ।
ਜਾਂ
ਧੀ- ਟਿੱਕਾ ਘੜੀਂ ਨਾ ਮਾਏ, ਨੀਂ ਨਾਮਾ ਜੜਤ ਜੜਾਈਂ,
ਉੱਠ ਕੇ ਮਿਲ ਨੀਂ ਮਾਏ, ਗੱਡੀ ’ਟੇਸ਼ਨ ’ਤੇ ਆਈ।
ਮਾਂ- ਉੱਠ ਕੇ ਮੈਂ ਨਾ ਮਿਲਾਂ, ਮਿਲੇ ਵੱਡੀ ਭਰਜਾਈ,
ਮਾਪੇ ਸਦਾ ਨਾ ਧੀਏ, ਜੁੱਗ ਜੀਵਨ ਭਾਈ।
JJJJJJ
ਬਾਬਲ- ਮੇਰੀ ਬੀਬੀਏ ਨੀਂ, ਚੰਦ ਟਿੱਕੀਏ ਨੀਂ,
ਤੈਨੂੰ ਕਾਹੇ ਦਾ ਚਾਉ।
ਧੀ-ਮੇਰੇ ਬਾਬਲਾ ਵੇ, ਲੱਖ ਧਰਮੀਆਂ ਵੇ,
ਮੈਨੂੰ ਸੂਈ ਦਾ ਚਾਉ।
ਸਿਰ ਦੇ ਗਹਿਣਿਆਂ ਤੋਂ ਬਾਅਦ ਕੰਨਾਂ ਦੇ ਗਹਿਣੇ ਆ ਜਾਂਦੇ ਹਨ। ਇਨ੍ਹਾਂ ਗਹਿਣਿਆਂ ਵਿੱਚ ਕਾਂਟੇ, ਬੁੰਦੇ, ਲੋਟਣ, ਪਿੱਪਲ ਪੱਤੀਆਂ, ਵਾਲੀਆਂ, ਝੁਮਕੇ ਆਦਿ ਆਉਂਦੇ ਹਨ। ਲੋਕ ਗੀਤਾਂ ਵਿੱਚ ਕੰਨ ਦੇ ਗਹਿਣੇ:
ਕਾਂਟੇ ਕਰਾ ਕੇ ਦੇ ਗਿਆ,
ਨੀਂ ਆਪ ਤੁਰ ਗਿਆ ਤਲੀ ਨੂੰ,
ਮੈਨੂੰ ਛੱਡ ਗਿਆ ਖੜ੍ਹੀ ਨੂੰ।
ਕਾਂਟੇ ਪਾ ਵਿਹੜੇ ਵਿੱਚ ਬਹਿੰਦੀ ਰਾਧਾ,
ਕ੍ਰਿਸ਼ਨ ਜੀ ਨੇ ਪਾ ਲਈ ਫੇਰੀ,
ਨੀਂ ਤੂੰ ਦੇ ਦੇ ਰਾਧਾ, ਦੇ ਦੇ ਬੰਸਰੀ ਮੇਰੀ।
ਜਾਂ
ਮੇਰਾ ਝੁਮਕਾ ਡਿੱਗ ਪਿਆ ਵੇ,
ਕਰੇਲਿਆਂ ਵਾਲੀ ਵਾੜ ਮੇਂ।
ਸੱਸ ਵੀ ਭਾਲੇ, ਸਹੁਰਾ ਵੀ ਭਾਲੇ,
ਕੰਤ ਵੀ ਭਾਲੇ ਜੀ ਆਣ ਕੇ।
ਇਨ੍ਹਾਂ ਗਹਿਣਿਆਂ ਤੋਂ ਬਾਅਦ ਨੱਕ ਅਤੇ ਗਲ਼ ਦੇ ਗਹਿਣੇ ਆ ਜਾਂਦੇ ਹਨ। ਇਨ੍ਹਾਂ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਪਾਇਆ ਜਾਂਦਾ ਹੈ। ਜਿਵੇਂ:
ਮੋਰਨ ਦੇ ਕਾਰਨ ਵੇ ਮੈਂ ਬੇਸਰ (ਨੱਥ) ਕਰਵਾਉਨੀ ਆਂ)
ਪਹਿਣਨ ਦੇ ਵੇਲੇ ਵੇ, ਹੰਢਾਵਣ ਦੇ ਵੇਲੇ,
ਤੂੰ ਉੱਡ ਜਾਨਾ ਵੇ ਮੋਰਾ।
ਬਾਂਹ ਤੇ ਹੱਥ ਦੇ ਗਹਿਣਿਆਂ ਵਿੱਚ ਗਜਰੇ, ਚੂੜੀ, ਬਾਜੂ ਬੰਦ, ਛਾਪ, ਛੱਲਾ ਆਦਿ ਆ ਜਾਂਦੇ ਹਨ। ਜਿਵੇਂ:
ਨੌਕਰ ਛੁੱਟ ਨੀਂ ਚੀਨਾਂ ਵਿੱਚੋਂ ਆਏ,
ਬਾਜੂ ਬੰਦ ਨੀਂ ਡੱਬੇ ਵਿੱਚ ਲਿਆਏ।
ਜਾਂ
ਘੜ੍ਹ ਲਿਆਈਂ ਵੇ ਸੁਨਿਆਰਿਆ ਗਜਰੇ,
ਮੇਰਾ ਵੀਰਨ ਘੋੜੀ ਤਾਂ ਚੜ੍ਹੇ।
ਘੋੜੀ ਦੁੰਮ ਸਵਾਰੇ, ਜੌਂ ਚਰੇ,
ਬਾਦਸ਼ਾਹਾਂ ਦੇ ਚੌਂਤਰੇ ਪੱਬ ਧਰੇ।
ਚੀਚੀ ਦਾ ਛੱਲਾ ਤੇਰੇ ਮੇਚ ਦਾ,
ਓ ਮੈਂ ਵਾਰੀ ਗੋਰੀਏ ਨੀਂ ਸਾਡੀ ਇਹੋ ਨਿਸ਼ਾਨੀ।
ਬਾਂਹ ਤੇ ਹੱਥ ਦੇ ਗਹਿਣਿਆਂ ਤੋਂ ਬਾਅਦ ਪੈਰਾਂ ਦੇ ਗਹਿਣਿਆਂ ਦਾ ਜ਼ਿਕਰ ਵੀ ਇਨ੍ਹਾਂ ਲੋਕ ਗੀਤਾਂ ਵਿੱਚ ਹੋਇਆ ਮਿਲਦਾ ਹੈ। ਇਨ੍ਹਾਂ ਗਹਿਣਿਆਂ ਵਿੱਚ ਝਾਂਜਰਾਂ,ਪੰਜੇਬਾਂ ਅਤੇ ਬਾਂਕਾਂ ਆਦਿ ਆ ਜਾਂਦੇ ਹਨ। ਜਿਵੇਂ:-
ਇਹ ਜੋ ਝਾਂਜਰਾਂ ਤਾਰ ਅੰਗਰੇਜ਼ੀ,
ਮਿੰਟਾਂ ਵਿੱਚ ਦੇਣ ਖ਼ਬਰਾਂ।
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ,
ਖਰਚਾਂ ਨੂੰ ਬੰਦ ਕਰਦੇ।
ਸੱਸ ਪਿੱਟਣੀ ਪੰਜੇਬਾਂ ਪਾ ਕੇ,
ਲੋਕੀਂ ਭਾਵੇਂ ਨਿੰਦਿਆ ਕਰੇ।
ਔਰਤਾਂ ਦੇ ਗਹਿਣਿਆਂ ਤੋਂ ਬਿਨਾਂ ਮਰਦਾਂ ਦੇ ਕੁਝ ਗਹਿਣਿਆਂ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਕੀਤਾ ਜਾਂਦਾ ਹੈ। ਜਿਵੇਂ ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਗੱਭਰੂ ਕੈਂਠੇ ਨੂੰ ਬਹੁਤ ਸ਼ੌਕ ਨਾਲ ਪਾਉਂਦੇ ਸਨ। ਕੈਂਠਾ ਇੱਕ ਗਲ਼ ਦਾ ਗਹਿਣਾ ਹੈ ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਮਿਲਦਾ ਹੈ:
ਕੈਂਠਾ ਬਣਵਾਇਆ ਵੀਰਾ,
ਤੇਰੀ ਵੇ ਮੌਜ ਦਾ,
ਪਹਿਨਣ ਦੇ ਵੇਲੇ ਵੇ ਵੀਰਾ,
ਨੌਕਰੀ ਸੀ ਫ਼ੌਜ ਦਾ।
ਕੈਂਠਾ ਤਾਂ ਲਿਆਈਂ ਵੇ ਵੀਰਾ,
ਤੇਰੇ ਵੇ ਸ਼ੌਕ ਨੂੰ, ਚੰਨ ਤੇਰੇ ਵੇ ਸ਼ੌਕ ਨੂੰ,
ਪਹਿਨਣ ਦੇ ਵੇਲੇ ਵੇ ਵੀਰਾ ਹਾਜ਼ਰ ਰਹਿਣਾ।
ਜਾਂ
ਕੈਂਠਾ ਤੇਰਾ ਵੇ ਵੀਰਾ ਸੋਂਹਦਾ,
ਸੋਂਹਦਾ ਜੁਗਨੀਆਂ ਦੇ ਨਾਲ,
ਜੁਗਨੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕ ਗੀਤਾਂ ਵਿੱਚ ਗਹਿਣਿਆਂ ਦਾ ਖ਼ੂਬ ਜ਼ਿਕਰ ਹੋਇਆ ਮਿਲਦਾ ਹੈ। ਉੱਪਰ ਦਿੱਤੇ ਗਹਿਣਿਆਂ ਨਾਲ ਸਬੰਧਤ ਲੋਕ ਗੀਤ ਕੁਝ ਨਮੂਨਾ ਮਾਤਰ ਹੀ ਹਨ। ਇਨ੍ਹਾਂ ਦਾ ਪੂਰਾ ਵਰਣਨ ਤਾਂ ਪੁਸਤਕਾਂ ਵਿੱਚ ਹੀ ਸਮਾ ਸਕਦਾ ਹੈ।
-ਅਮਰਜੋਤ ਕੌਰ ਥੂਹੀ
*  ਮੋਬਾਈਲ: 84272-00341

No comments:

Post a Comment