Wednesday, 18 September 2013

ਵਿਆਹ ਦੇ ਬਦਲ ਰਹੇ ਰੀਤੀ-ਰਿਵਾਜ



ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ, ਇਸ ਸਬੰਧ ਵਿੱਚ ਪੰਜਾਬੀ ਸੱਭਿਆਚਾਰ ਦੀ ਆਪਣੀ ਅਮੀਰ ਵਿਰਾਸਤ ਹੈ। ਕੋਈ ਵੀ ਸੱਭਿਆਚਾਰ ਖੜੋਤ ਅਵਸਥਾ ਵਿੱਚ ਨਹੀਂ ਰਹਿੰਦਾ ਅਤੇ ਮਨੁੱਖ ਜ਼ਿੰਦਗੀ ਵਿੱਚ ਰੋਜ਼ਾਨਾ ਤਬਦੀਲੀਆਂ ਦੇ ਦੌਰਾਨ ਬਦਲਦਾ-ਵਿਗਸਦਾ ਰਹਿੰਦਾ ਹੈ। ਜ਼ਿੰਦਗੀ ਵਿੱਚ ਮਨੁੱਖ ਪਰੰਪਰਾ ਤੋਂ ਪੂਰੀ ਤਰ੍ਹਾਂ ਮੁੱਖ ਨਹੀਂ ਮੋੜਦਾ, ਉਹ ਪਰੰਪਰਾ ਦੇ ਕੁਝ ਅੰਸ਼ ਲੈ ਕੇ ਆਧੁਨਿਕ ਦੌਰ ਨਾਲ ਤੁਰਦਾ ਹੈ। ਇਸ ਸਬੰਧੀ ਅਸੀਂ ਵਿਆਹ ਸੰਸਥਾ ਨੂੰ ਵਿਚਾਰਾਂਗੇ। ਮਨੁੱਖੀ ਜ਼ਿੰਦਗੀ ਵਿੱਚ ਵਿਆਹ ਇੱਕ ਅਜਿਹਾ ਰਿਸ਼ਤਾ ਪ੍ਰਬੰਧ ਹੈ ਜਿਸ ਵਿੱਚ ਅਨੇਕਾਂ ਰਸਮਾਂ ਨੂੰ ਨਿਭਾਇਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਅਜੋਕੇ ਸਮੇਂ ਤਕ ਪਹੁੰਚਦਿਆਂ ਵਿਆਹ ਨੇ ਆਪਣਾ ਮੁਹਾਂਦਰਾ ਬਦਲ ਲਿਆ ਹੈ। ਜੇ ਪੁਰਾਣੇ ਸਮੇਂ ਨੂੰ ਗੌਰ ਨਾਲ ਵੇਖਿਆ ਜਾਵੇ ਤਾਂ ਵਿਆਹ ਦਾ ਇੱਕ ਨਿਵੇਕਲਾ ਅੰਦਾਜ਼ ਸੀ। ਮੁੰਡੇ ਵਾਲੀ ਧਿਰ ਵੱਲੋਂ ਜੰਞ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾਂਦੀਆਂ ਸਨ। ਸ਼ੌਕੀਨ ਮੁੰਡੇ ਪੱਗਾਂ ਨੂੰ ਮਾਵੇ ਦਵਾ, ਕੈਂਠੇ, ਨੱਤੀਆਂ ਪਾ, ਕਈ  ਸੰਮਾਂ ਵਾਲੀ ਡਾਂਗ ਵੀ ਨਾਲ ਲੈ ਕੇ ਬਰਾਤ ਚੜ੍ਹਦੇ ਸਨ। ਬਰਾਤ ਕੁੜੀ ਵਾਲੇ ਘਰ ਢੁੱਕਦੀ ਤੇ ਦੋ-ਤਿੰਨ ਉੱਥੇ  ਰਹਿੰਦੀ, ਜਸ਼ਨ ਮਨਾਏ ਜਾਂਦੇ। ਢੋਲ ਦੇ ਡੱਗੇ ’ਤੇ ਬੋਲੀਆ ਪਾਈਆਂ ਜਾਂਦੀਆਂ, ਬਰਾਤੀ ਖ਼ੂਬ ਨੱਚਦੇ। ਬਰਾਤੀਆਂ ਤੇ ਮੇਲਣਾਂ ਵਿੱਚ ਖੁੱਲ੍ਹ ਕੇ ਹਾਸਾ-ਠੱਠਾ ਹੁੰਦਾ। ਕਈ ਵਾਰ ਜੰਞ ਬੰਨ੍ਹ ਦਿੱਤੀ ਜਾਂਦੀ, ਫਿਰ ਬਰਾਤੀ ਜੰਞ ਨੂੰ ਬੋਲੀ ਪਾ ਖੁਲ੍ਹਵਾ ਲੈਂਦੇ ਸਨ। ਬਰਾਤ ਘੋੜੀਆਂ, ਊਠਾਂ ਉੱਤੇ ਚੜ੍ਹ ਕੇ ਜਾਂਦੀ ਸੀ। ਅੱਜ ਵਿਗਿਆਨਕ ਯੁੱਗ ਦੀ ਹੋਂਦ ਸਦਕਾ ਕੰਮਾਂ ਧੰਦਿਆਂ ’ਚ ਰੁੱਝੇ ਲੋਕ ਸਿਰਫ਼ ਦੋ-ਤਿੰਨ ਘੰਟੇ ਬਰਾਤ ਲਈ ਸਮਾਂ ਕੱਢਦੇ ਹਨ। ਅੱਜ ਦੇ ਦੌਰ ਦਾ ਵਿਆਹ ਵਾਲਾ ਮੁੰਡਾ ਅਚਕਣ ਵਿੱਚ ਸਜਿਆ, ਸਿਰ ਉਪਰ ਦਸਤਾਰ ਸਜਾਈ ਬਰਾਤੀਆਂ ਨੂੰ ਨਾਲ ਲੈ ਕੇ ਪੈਲੇਸ ਵਿੱਚ ਵਿਆਹ ਰਚਾਉਂਦਾ ਹੈ। ਬਰਾਤ ਦਾ ਹਰ ਸ਼ਖ਼ਸ ਕੋਟ ਪੈਂਟ ਪਾ ਕੇ, ਆਰਕੈਸਟਰਾ ਨਾਲ ਨੱਚ ਕੇ ਆਨੰਦ ਮਾਣਦਾ ਹੈ। ਦੂਜੇ ਪਾਸੇ ਕੁੜੀ ਦੀ ਪੁਸ਼ਾਕ ਵੱਲ ਵੀ ਨਜ਼ਰ ਮਾਰੀ ਜਾਵੇ ਤਾਂ ਪਹਿਲਾਂ ਵਿਆਹ ਵਾਲੀ ਕੁੜੀ ਘੱਗਰਾ ਪਾਉਂਦੀ ਸੀ, ਸਿਰ ਉਪਰ ਫੁਲਕਾਰੀ ਤੇ ਪੈਰੀ ਝਾਂਜਰਾਂ, ਸਿਰ ਉਪਰ ਸੱਗੀ ਫੁੱਲ, ਕੰਨਾਂ ਵਿੱਚ ਕਾਂਟੇ ਤੇ ਗਲ ਵਿੱਚ ਹਾਰ ਪਾ ਕੇ ਪੂਰੀ ਸ਼ਾਨੋ-ਸ਼ੌਕਤ ਨਾਲ ਹਾਜ਼ਰ ਹੁੰਦੀ ਸੀ, ਜਿਸ ਦਾ ਸਬੂਤ ਲੋਕ ਬੋਲੀਆਂ ਵਿੱਚ ਮਿਲਦਾ ਹੈ:
‘ਘੱਗਰਾ 20 ਗਜ਼ ਦਾ
ਧਰਤੀ ਸੰਵਰਦਾ ਜਾਵੇ’
ਸਮੇਂ ਦੇ ਬਦਲਾਅ ਨਾਲ ਲਾੜੀ ਦੀ ਪੁਸ਼ਾਕ ਵਿੱਚ ਭਾਵੇਂ ਬਹੁਤੀ ਤਬਦੀਲੀ ਨਹੀਂ ਆਈ ਪਰ ਫਿਰ ਵੀ ਵਿਆਹ ਸਮੇਂ ਲਹਿੰਗਾ ਪਾਉਣ ਤੇ ਬਿਊਟੀ ਪਾਰਲਰ ਜਾ ਕੇ ਦਿੱਖ ਸੰਵਾਰਨ ਦਾ ਯਤਨ ਕੀਤਾ ਜਾਂਦਾ ਹੈ। ਵਿਆਹ ਸਮੇਂ ਨਿਭਾਈ ਜਾਣ ਵਾਲੀ ਰਸਮ ਜਾਗੋ ਪਹਿਲੇ ਸਮਿਆਂ ਵਿੱਚ ਪੂਰੀ ਸ਼ਾਨੋ-ਸ਼ੌਕਤ ਨਾਲ ਨਿਭਾਈ ਜਾਂਦੀ ਸੀ, ਨਾਨਕਾ ਪਰਿਵਾਰ ਪੂਰੇ ਜ਼ੋਰ-ਸ਼ੋਰ ਨਾਲ ਰਾਤ ਨੂੰ ਜਾਗੋ ਕੱਢਦਾ ਸੀ। ਮੇਲਣਾਂ ਸਜ-ਧਜ ਕੇ ਸਿਰ ਉਪਰ ਜਾਗੋ ਰੱਖ ਕੇ ਪਿੰਡ ਵਿੱਚ ਜਿਹੜੇ ਘਰਾਂ ਵਿੱਚ ਲਗਾਅ ਜਾਂ ਰਿਸ਼ਤੇਦਾਰੀ ਰਲਦੀ ਹੁੰਦੀ, ਉਸ ਘਰ ਜਾਂਦੀਆਂ। ਜਾਗੋ ਵਾਲੀ ਔਰਤ ਦੇ ਹੱਥ ਖੂੰਡਾ ਹੁੰਦਾ।
‘ਜਾਗੋ ਕੱਢਣੀ ਮੜ੍ਹਕ ਨਾਲ ਤੁਰਨਾ
ਵਿਆਹ ਕਰਤਾਰੋ ਦਾ’
ਅਸਲ ਵਿੱਚ ਜਾਗੋ ਕੱਢਣ ਪਿੱਛੇ ਉਸ ਦੇ ਅਰਥ ਛੁਪੇ ਹਨ ਪਰ ਉਨ੍ਹਾਂ ਬਾਰੇ ਨਵੀਂ ਪੀੜ੍ਹੀ ਵਿੱਚੋਂ ਬਹੁਤ ਘੱਟ ਨੂੰ ਪਤਾ ਹੈ। ਜਿਨ੍ਹਾਂ ਕਾਰਨਾਂ ਤੋਂ ਬਚਣ ਲਈ ਜਾਗੋ ਕੱਢੀ ਜਾਂਦੀ ਸੀ, ਉਹ ਕਾਰਨ ਅੱਜ ਦੀ ਜਾਗੋ ਵਿੱਚ ਵਾਪਰਦੇ ਨਜ਼ਰ ਆਉਂਦੇ ਹਨ। ਹੁੰਦਾ ਇਹ ਸੀ ਕਿ ਵਿਆਹ ਵਿੱਚ ਇਕੱਠੇ ਹੋਏ ਨਵੀਂ ਪੀੜ੍ਹੀ ਦੇ ਮੁੰਡੇ-ਕੁੜੀਆਂ ਕੋਈ ਕਾਮ ਭਾਵਨਾ ਦਾ ਸ਼ਿਕਾਰ ਨਾ ਹੋ ਜਾਣ,ਇਸ ਲਈ ਵਿਆਹ ਦੇ ਸਿਖ਼ਰ ਸਮੇਂ ਮੁੰਡੇ-ਕੁੜੀਆਂ ਨੂੰ ਜਾਗੋ ਦੇ ਰੁਝੇਵੇਂ ਵਿੱਚ ਲਾ ਲਿਆ ਜਾਂਦਾ ਸੀ। ਅੱਜ ਘਰਾਂ ਵਿੱਚ ਕੱਢੀ ਜਾਣ ਵਾਲੀ ਜਾਗੋ ਵਿੱਚ ਅਣਹੋਣੀਆਂ ਵਾਪਰਦੀਆਂ ਹਨ। ਹੁਣ ਦੇ ਦੌਰ ਵਿੱਚ ਜਾਗੋ ਕੱਢਦੇ ਮੁੰਡੇ-ਕੁੜੀਆਂ ਦਾ ਕਿਸੇ ਪਿੰਡ ਦੇ ਘਰ ਵਿੱਚ ਮੰਜਾ ਮੂਧਾ ਮਾਰਨ ਦੀ ਥਾਂ, ਰੋਸ਼ਨੀ ਕਰਦਾ ਬਿਜਲੀ ਦਾ ਬੱਲਬ ਭੰਨਣਾ ਇਸੇ ਗੱਲ ਦਾ ਅਸਲ ਪ੍ਰਤੀਕ ਹੈ। ਪਹਿਲੇ ਸਮੇਂ ਜਦੋਂ ਰਾਤ ਨੂੰ ਜਾਗੋ ਕੱਢੀ ਜਾਂਦੀ ਸੀ ਤਾਂ ਵਿਆਹ ਵਾਲੇ ਘਰ ਪਿਆ ਪੈਸਾ-ਧੇਲਾ, ਸੋਨਾ ਕਿਸੇ ਚੋਰ ਦੇ ਹੱਥ ਨਾ ਲੱਗ ਜਾਵੇ ਤਾਂ ਉਸ ਦਿਨ ਜਾਗਣ ਦੇ ਸੰਦੇਸ਼ ਨਾਲ ਰਾਤੀ ਜਾਗੋ ਕੱਢੀ ਜਾਂਦੀ ਸੀ, ਜਿਸ ਪਹਿਰ ਚੋਰਾਂ ਦੇ ਆਉਣ ਦਾ ਫ਼ਿਕਰ ਹੁੰਦਾ ਸੀ, ਮੇਲੀ-ਮੇਲਣਾਂ ਜਾਗਦੇ ਸਨ ਪਰ ਅੱਜ ਜਾਗੋ ਕੱਢਦੇ ਵਕਤ ਅਕਸਰ ਕਿਸੇ ਦਾ ਕੁਝ ਚੋਰੀ ਹੁੰਦਾ ਹੈ ਤੇ ਕਿਸੇ ਦਾ ਕੁਝ। ਪਹਿਲੇ ਸਮੇਂ ਵਿੱਚ ਗਿੱਧੇ ਵਿੱਚ ਜੁੜੀਆਂ ਨਾਨਕੀਆਂ/ ਦਾਦਕੀਆਂ ਆਪਸ ਵਿੱਚ ਬੋਲੀਆਂ ਜ਼ਰੀਏ ਤਕਰਾਰ ਕਰਦੀਆਂ ਸਨ, ਜਿਵੇਂ:
ਨਾਨਕੇ ਖੱਡ ਵੜ ਗਏ, ਕੱਢ ਲਓ ਬੀਨ ਵਜਾ ਕੇ
ਇਨ੍ਹਾਂ ਦਾਦਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ
ਹੁਣ ਇਸ ਤਕਰਾਰ ਦੀ ਜਗ੍ਹਾ ਡੀ.ਜੇ. ਸਿਸਟਮ ਜ਼ਰੀਏ ਪੰਜਾਬੀ ਗੀਤਾਂ ਨੇ ਲੈ ਲਈ ਜਾਪਦੀ ਹੈ, ਇਸ ਉਪਰ ਮੁੰਡੇ-ਕੁੜੀਆਂ ਝੰੂਮਦੇ ਹਨ, ਜੀਜੇ-ਸਾਲੀ ਦਾ ਤਕਰਾਰ ਡੀ.ਜੇ. ਦੇ ਗੀਤਾਂ ਉਪਰ ਹੋ ਰਿਹਾ ਹੁੰਦਾ ਹੈ, ਸਿਰਫ਼ ਮੂੰਹ ਦੇ ਹਾਵ-ਭਾਵ ਨਜ਼ਰ ਆਉਂਦੇ ਹਨ।
ਮਾਇਆ ਦੇ ਤਾਬਿਆਦਾਰੀ ਰੁਖ਼ ਸਦਕਾ ਕੋਈ ਜੀਜਾ ਹੀ ਸਾਲੀ ਉਪਰੋਂ ਨੋਟ ਵਾਰਦਾ ਨਜ਼ਰ ਆਉਂਦਾ ਹੈ। ਆਖਰ ਵਿੱਚ ਪੁਰਾਤਨਤਾ ਤੇ ਆਧੁਨਿਕਤਾ ਵਿੱਚ ਵਖਰੇਵਾਂ, ਵਿਆਹ ਵਿੱਚ ਕੰਮ ਕਰਦੇ ਪਰੀਹੇ ਤੇ ਘਰ ਤੋਂ ਬਦਲ ਕੇ ਪੈਲੇਸ ਵਿੱਚ ਕੀਤੇ ਵਿਆਹ ਵਿੱਚ ਵੀ ਨਜ਼ਰ ਆਉਂਦਾ ਹੈ। ਅੱਜ ਦੇ ਕੰਮ-ਧੰਦੇ ਦੇ ਸਮੇਂ ਵਿੱਚ ਹਰ ਕੋਈ ਸਮਾਂ ਕੱਢ ਕੇ ਮੈਰਿਜ ਪੈਲੇਸ ਵਿੱਚ ਜਾਣਾ ਲੋਚਦਾ ਹੈ। ਵਿਆਹ ਸਿਰਫ਼ ਇੱਕ ਦਿਨ ਦਾ ਰਹਿ ਗਿਆ ਹੈ। ਅਸਲ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੇਂ ਸਥਾਨ ਦੇ ਹਿਸਾਬ ਨਾਲ ਹਰ ਰਸਮ, ਰਿਵਾਜ ਵਿੱਚ ਫੇਰ ਬਦਲ ਆਉਣਾ ਸੁਭਾਵਿਕ ਹੈ।
-ਗੁਰਦੀਪ ਸਿੰਘ ਭੁਪਾਲ

No comments:

Post a Comment