Wednesday, 4 September 2013

ਆਪਣਿਆਂ ਤੋਂ ਸਹਾਰਾ ਲੋਚਦੀ ਮਾਂ-ਬੋਲੀ



ਮਾਂ  ਬੋਲੀ ਜੋ ਇੱਕ ਬੱਚੇ ਨੂੰ ਆਪਣੀ ਮਾਂ ਦੇ ਦੁੱਧ ਨਾਲ ਹੀ ਵਿਰਸੇ ਵਿੱਚ ਮਿਲਦੀ ਹੈ। ਮਾਂ-ਬੋਲੀ ਦੇ ਜੇ ਸ਼ਬਦੀ ਅਰਥ ਕਰੀਏ ਤਾਂ ਉਹ ਬੋਲੀ ਜੋ ਅਸੀਂ ਆਪਣੀ ਮਾਂ ਤੋਂ ਗ੍ਰਹਿਣ ਕਰਦੇ ਹਾਂ ਉਹ ਸਾਡੀ ਮਾਂ-ਬੋਲੀ ਹੁੰਦੀ ਹੈ। ਮਾਂ-ਬੋਲੀ ਨੂੰ ਸਿੱਖਣ ਲਈ ਸਾਨੂੰ ਕੋਈ ਖ਼ਾਸ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕਿਉਂਕਿ ਇਹ ਤਾਂ ਸਾਡੇ ਅੰਦਰ ਧੜਕਦੇ ਦਿਲ ਦੀ ਬੋਲੀ ਹੈ। ਮਾਂ-ਬੋਲੀ ਵਿੱਚ ਹੀ ਬੱਚੇ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ, ਲੋਰੀਆਂ ਸੁਣਾਈਆਂ ਜਾਂਦੀਆਂ ਹਨ। ਮਾਂ-ਬੋਲੀ ਕਾਰਨ ਹੀ ਬੱਚੇ ਤੇ ਮਾਂ ਵਿਚਕਾਰ ਭਾਵਨਾਤਮਕ ਰਿਸ਼ਤਾ ਪਨਪਦਾ ਹੈ। ਮਾਂ-ਬੋਲੀ ਰਾਹੀਂ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ। ਵਿਦਵਾਨ ਇਸ ਗੱਲ ਨੂੰ ਮੰਨਦੇ ਹਨ ਕਿ ਵਿਅਕਤੀ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪਰ ਉਹ ਸੋਚਦਾ ਹਮੇਸ਼ਾਂ ਆਪਣੀ ਮਾਤ ਭਾਸ਼ਾ ਵਿੱਚ ਹੈ।
ਮਾਂ-ਬੋਲੀ ਅਸਲ ਵਿੱਚ ਇੱਕ ਖਿੱਤੇ ਇੱਕ ਸੂਬੇ ਦੇ ਲੋਕਾਂ ਨੂੰ ਪਿਆਰ ਦੀਆਂ ਤੰਦਾਂ ਵਿੱਚ ਪਰੋਏ ਰੱਖਣ ਵਾਲੀ ਬੋਲੀ ਹੁੰਦੀ ਹੈ ਜਿਸ ਵਿੱਚ ਉਨ੍ਹਾਂ ਦੇ ਦੁੱਖ-ਸੁੱਖ, ਤੰਗੀਆਂ-ਤੁਰਛੀਆਂ ਸਭ ਕੁਝ ਸਾਂਝਾ ਹੁੰਦਾ ਹੈ। ਹਰ ਸੂਬੇ ਦੀ ਆਪਣੀ ਬੋਲੀ ਹੈ। ਗੁਜਰਾਤ ਵਿੱਚ ਰਹਿਣ ਵਾਲਿਆਂ ਦੀ ਗੁਜਰਾਤੀ, ਮਹਾਰਾਸ਼ਟਰ ਵਿੱਚ ਰਹਿਣ ਵਾਲਿਆਂ ਦੀ ਮਰਾਠੀ, ਪੱਛਮੀ ਬੰਗਾਲ ਵਿੱਚ ਰਹਿਣ ਵਾਲਿਆਂ ਦੀ ਬੰਗਾਲੀ। ਇਸੇ ਤਰ੍ਹਾਂ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਮਾਂ-ਬੋਲੀ ਪੰਜਾਬੀ ਹੈ। ਇਸ ਮਾਂ-ਬੋਲੀ ਪੰਜਾਬੀ ਨੇ ਸਾਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਮਾਣ ਦਿਵਾਇਆ ਹੈ। ਇਸ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਹੈ, ‘‘ਮਾਂ-ਬੋਲੀ ਅਜਿਹੀ ਬੋਲੀ ਹੈ ਜੋ ਮਨੁੱਖ ਨੂੰ ਮਾਂ ਤੋਂ ਕੁੱਖ ਵਿੱਚ ਅਤੇ ਪਿਉ ਤੋਂ ਗੁੜ੍ਹਤੀ ਵਿੱਚ ਮਿਲਦੀ ਹੈ ਤੇ ਕੁੱਖ ਤੋਂ ਕਬਰ ਤਕ ਇੱਕ ਪਰਛਾਵੇਂ ਵਾਂਗ ਮਨੁੱਖ ਦੇ ਨਾਲ-ਨਾਲ ਰਹਿੰਦੀ ਹੈ।’’
ਜੇ ਪੰਜਾਬੀ ਮਾਂ-ਬੋਲੀ ਦੀ ਵਰਤਮਾਨ ਹਾਲਤ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਾਡੀ ਮਾਂ-ਬੋਲੀ ਤਾਂ ਅੱਜ ਆਪਣੇ ਘਰ ਤੋਂ ਹੀ ਬੇਘਰ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਯੂਨੈਸਕੋ ਦੀ ਇੱਕ ਰਿਪੋਰਟ ਆਈ ਕਿ ਆਉਣ ਵਾਲੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਖ਼ਤਮ ਹੋ ਜਾਵੇਗੀ। ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੋਰਸਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰ ਦਿੱਤਾ ਗਿਆ ਜਿਸ ਕਾਰਨ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਚਿੰਤਾ ਵਧ ਗਈ ਪਰ ਸੱਚ ਤਾਂ ਇਹ ਹੈ ਕਿ ਪੰਜਾਬੀ ਦਾ ਅਸਲੀ ਗੜ੍ਹ ਪੰਜਾਬ ਹੈ। ਪੰਜਾਬ ਵਿੱਚ ਹੀ ਮਾਂ-ਬੋਲੀ ਪੰਜਾਬੀ ਦੀਆਂ ਜੜ੍ਹਾਂ ਹਨ ਪਰ ਅਫ਼ਸੋਸ ਇਹ ਜੜ੍ਹਾਂ ਤਾਂ ਪੰਜਾਬ ਵਿੱਚ ਹੀ ਖੋਖਲੀਆਂ ਹੋ ਰਹੀਆਂ ਹਨ। ਜਦੋਂ ਬੇਗਾਨਿਆਂ ਨੇ ਸਾਡੀ ਮਾਂ ਬੋਲੀ ਦਾ ਤ੍ਰਿਸਕਾਰ ਕੀਤਾ ਤਾਂ ਸਾਨੂੰ ਤਕਲੀਫ਼ ਹੋਈ ਪਰ ਸਾਡੇ ਆਪਣੇ ਘਰਾਂ ਵਿੱਚ ਤਾਂ ਰੋਜ਼ ਸਾਡੀ ਮਾਂ-ਬੋਲੀ ਦਾ ਨਿਰਾਦਰ ਹੁੰਦਾ ਹੈ। ਅੱਜ ਆਧੁਨਿਕਤਾ ਨੇ ਪੰਜਾਬੀਆਂ ਨੂੰ ਇੰਨਾ ਭਰਮਾਇਆ ਹੈ ਕਿ ਹੁਣ ਪੰਜਾਬੀ ਬੋਲਣਾ ਅਨਪੜ੍ਹਤਾ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਕਿਸੇ ਵੀ ਦਫ਼ਤਰ, ਸਕੂਲ, ਕਾਲਜ ਵਿੱਚ ਚਲੇ ਜਾਉ, ਹਰ ਜਗ੍ਹਾ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜੇ ਗੱਲ ਕਰੀਏ ਜਿੱਥੇ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਈ ਹੁੰਦੀ ਹੈ, ਉੱਥੇ ਸਾਡੇ ਬੱਚੇ ਪੜ੍ਹਨਾ ਨਹੀਂ ਚਾਹੁੰਦੇ ਜਾਂ ਮਾਪੇ ਪੜ੍ਹਾਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ  ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣਾ ਸਾਡਾ ਸਟੇਟਸ ਸਿੰਬਲ ਬਣ ਚੁੱਕਾ ਹੈ। ਸਰਕਾਰੀ ਸਕੂਲਾਂ ਵਿੱਚ ਤਾਂ ਸਿਰਫ਼ ਗ਼ਰੀਬ ਬੱਚੇ ਹੀ ਪੰਜਾਬੀ ਸਿੱਖ ਰਹੇ ਹਨ। ਅਸੀਂ ਪੰਜਾਬੀਆਂ ਨੇ ਕੀ ਕਦੇ ਸੋਚਿਆ ਹੈ ਕਿ ਥਾਂ-ਥਾਂ ’ਤੇ ‘ਪੰਜਾਬੀ ਪੜ੍ਹੋ, ਬੋਲੋ, ਲਿਖੋ’ ਦੇ ਬੋਰਡ ਲਾਉਣ ਦੀ ਸਾਨੂੰ ਕਿਉਂ ਲੋੜ ਪਈ ਕਿਉਂਕਿ ਇਹ ਸੱਚ ਹੈ ਕਿ ਸਾਡੀ ਮਾਂ-ਬੋਲੀ ਅੱਜ ਆਪਣੇ ਘਰ ਤੋਂ ਹੀ ਬੇਘਰ ਹੋ ਚੁੱਕੀ ਹੈ ਅਤੇ ਆਪਣਿਆਂ ਤੋਂ ਸਹਾਰਾ ਲੋਚਦੀ ਹੈ।
ਪੰਜਾਬ ਦੇ ਕਿੰਨੇ ਘਰ ਹਨ ਜਿੱਥੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨ ਲਈ ਦਾਦੀ-ਨਾਨੀ ਕਹਾਣੀਆਂ ਸੁਣਾਉਂਦੀ ਹੋਵੇ, ਬੁਝਾਰਤਾਂ ਪਾਉਂਦੀ ਹੋਵੇ ਜਾਂ ਬੱਚਿਆਂ ਨੂੰ ਵੀਰ ਗਾਥਾਵਾਂ ਸੁਣਾਈਆਂ ਜਾਂਦੀਆਂ ਹੋਣ। ਨੌਜਵਾਨ ਬੱਚੇ ਆਪਣੇ ਪੰਜਾਬੀ ਸਾਹਿਤ ਤੋਂ ਬਿਲਕੁਲ ਅਣਜਾਣ ਹਨ। ਸਾਡੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਜਿੱਥੇ ਉਨ੍ਹਾਂ ਲਈ ਅੰਗਰੇਜ਼ੀ, ਸਾਇੰਸ, ਹਿਸਾਬ ਆਦਿ ਵਿਸ਼ੇ ਪਾਸ ਕਰਨਾ ਤਾਂ ਜ਼ਰੂਰੀ ਹੁੰਦਾ ਹੈ ਪਰ ਆਪਣੀ ਮਾਂ-ਬੋਲੀ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ। ਅੱਜ ਅਸੀਂ ਕਿਸੇ ਵੀ ਅੰਗਰੇਜ਼ੀ ਸਕੂਲ ਦੇ ਬੱਚੇ ਨੂੰ ਪੁੱਛ ਲਈਏ ਤਾਂ ਉਸ ਨੂੰ ੳ ਅ Â ਤਕ ਦਾ ਗਿਆਨ ਨਹੀਂ ਹੁੰਦਾ। ਉਹ ਬੱਚੇ ਨਾ ਪੰਜਾਬੀ ਸਹੀ ਪੜ੍ਹ ਸਕਦੇ ਹਨ ਅਤੇ ਨਾ ਹੀ ਲਿਖ ਸਕਦੇ ਹਨ। ਫਿਰ ਅਸੀਂ ਅਜਿਹੇ ਭਵਿੱਖ ਤੋਂ ਮਾਂ-ਬੋਲੀ ਦੀ ਸੇਵਾ ਦੀ ਕੀ ਆਸ ਰੱਖ ਸਕਦੇ ਹਾਂ।
ਅਸਲ ਵਿੱਚ ਦੋਸ਼ ਉਨ੍ਹਾਂ ਬੱਚਿਆਂ ਦਾ ਨਹੀਂ ਹੈ, ਸਗੋਂ ਸਾਡੀ ਸੋਚ ਦਾ ਹੈ ਜੋ ਅਸੀਂ ਉਨ੍ਹਾਂ ਉੱਪਰ ਥੋਪ ਰਹੇ ਹਾਂ। ਅੱਜ ਜਦੋਂ ਸਾਡਾ ਬੱਚਾ ਗੁੱਡ ਮਾਰਨਿੰਗ ਜਾਂ ਨਮਸਤੇ ਆਖਦਾ ਹੈ ਤਾਂ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਪਰ ਜਦੋਂ ਉਹੀ ਬੱਚਾ ‘ਸਤਿ ਸ੍ਰੀ ਅਕਾਲ’ ਕਹਿੰਦਾ ਹੈ ਤਾਂ ਸਾਨੂੰ ਉਹ ਅਨਪੜ੍ਹ ਲੱਗਦਾ ਹੈ। ਅਸਲ ਵਿੱਚ ਅਸੀਂ ਖ਼ੁਦ ਆਪਣੀ ਮਾਂ-ਬੋਲੀ ਦੀ ਮਹੱਤਤਾ ਤੋਂ ਜਾਣੂ ਨਹੀਂ ਹਾਂ। ਸਾਨੂੰ ਖ਼ੁਦ ਨੂੰ ਪੰਜਾਬੀ ਭਾਸ਼ਾ ਦੇ ਵਿਸ਼ਾਲ ਖ਼ਜ਼ਾਨੇ ’ਤੇ ਅਮੀਰ ਸਾਹਿਤ ਦਾ ਗਿਆਨ ਨਹੀਂ ਹੈ। ਅੱਜ ਅੰਗਰੇਜ਼ੀ ਪੜ੍ਹਨਾ, ਬੋਲਣਾ, ਲਿਖਣਾ ਸ਼ਾਨ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਲਈ ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਮੇਂ ਦੇ ਹਾਣੀ ਬਣਨ ਪਰ ਉਹ ਇਹ ਨਹੀਂ ਸੋਚਦੇ ਕਿ ਉਹ ਆਪਣੀ ਮਾਂ-ਬੋਲੀ ਤੋਂ ਕਿੰਨਾ ਦੂਰ ਹੋ ਰਹੇ ਹਨ। ਇਹ ਸਹੀ ਹੈ ਕਿ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਅੰਗਰੇਜ਼ੀ ਦੀ ਮਹੱਤਤਾ ਵਧੀ ਹੈ ਤੇ ਇਸ ਨੂੰ ਸਿੱਖਣਾ ਵੀ ਜ਼ਰੂਰੀ ਹੈ ਪਰ ਆਪਣੀ ਮਾਂ-ਬੋਲੀ ਭੁੱਲ ਕੇ ਅੰਗਰੇਜ਼ੀ ਦਾ ਪੱਲਾ ਫੜਨਾ ਠੀਕ ਨਹੀਂ। ਪੰਜਾਬੀ ਸਾਡੀ ਮਾਤ-ਭਾਸ਼ਾ ਹੈ ਤੇ ਮਾਂ ਨੂੰ ਛੱਡ ਕੇ ਮਾਸੀ ਦਾ ਪੱਲਾ ਫੜਨਾ ਕਿੱਥੋਂ ਦੀ ਸਮਝਦਾਰੀ ਹੈ। ਸਾਡੀ ਇਸ ਜੱਗ ਉੱਤੇ ਪਛਾਣ ਪੰਜਾਬੀ ਹੋਣ ਕਰ ਕੇ ਹੈ ਤੇ ਫਿਰ ਕਿਉਂ ਅਸੀਂ ਖ਼ੁਦ ਆਪਣੀ ਪਛਾਣ ਖ਼ਤਮ ਕਰਨ ’ਤੇ ਤੁਲੇ ਹੋਏ ਹਾਂ।
ਅਸੀਂ ਦਿੱਲੀ ਯੂਨੀਵਰਸਿਟੀ ਨੂੰ ਤਾਂ ਦੋਸ਼ ਦੇ ਰਹੇ ਹਾਂ ਪਰ ਪੰਜਾਬ ਦੀਆਂ ਆਪਣੀਆਂ ਹੱਦਾਂ ਵਿੱਚ ਹੀ ਪੰਜਾਬੀ ਸੁਰੱਖਿਅਤ ਨਹੀਂ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਉਸ ਦਾ ਸਤਿਕਾਰ ਨਹੀਂ ਮਿਲ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੰਡਕਟਰਾਂ ਦੀ ਭਰਤੀ ਸਬੰਧੀ ਪੰਜਾਬੀ ਭਾਸ਼ਾ ਨਾਲ ਮੈਟ੍ਰਿਕ ਕਰਨ ਵਾਲਿਆਂ ਨੂੰ ਨੌਕਰੀਆਂ ਦੇਣ ’ਤੇ ਰੋਕ ਲਾ ਦਿੱਤੀ ਹੈ। ਜਦ ਆਪਣੇ ਹੀ ਜੜ੍ਹਾਂ ਖੋਖਲੀਆਂ ਕਰ ਰਹੇ ਹੋਣ ਤਾਂ ਦੂਜਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ। ਜਦ ਤਕ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ’ਤੇ ਪੂਰੀ ਮਾਨਤਾ ਨਹੀਂ ਮਿਲਦੀ, ਅਸੀਂ ਇਸ ਨੂੰ ਘਰ ਵਿੱਚ ਸੁਰੱਖਿਅਤ ਨਹੀਂ ਕਰ ਸਕਦੇ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਘਾਟ ਹੈ ਅਤੇ ਪ੍ਰਾਈਵੇਟ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਜਗ੍ਹਾ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਕਾਰਨ ਪੰਜਾਬੀ ਆਪਣੀ ਮਾਂ-ਬੋਲੀ ਨੂੰ ਛੱਡ ਕੇ ਅੰਗਰੇਜ਼ੀ ਪਿੱਛੇ ਭੱਜ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਸਬੰਧੀ ਠੋਸ ਕਦਮ ਪੁੱਟਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾ ਸਕੇ। ਅੱਜ ਜੇ ਪੰਜਾਬੀ ਦੀ ਹਾਲਤ ਤਰਸਯੋਗ ਹੈ ਤਾਂ ਇਸ ਦੇ ਲਈ ਅਸੀਂ ਜ਼ਿੰਮੇਵਾਰ ਹਾਂ।
ਯੂਨੈਸਕੋ ਦੀਆਂ ਰਿਪੋਰਟਾਂ ਜਾਂ ਦਿੱਲੀ ਯੂਨੀਵਰਸਿਟੀ ਸਾਡੀ ਮਾਂ-ਬੋਲੀ ਦਾ ਕੁਝ ਨਹੀਂ ਵਿਗਾੜ ਸਕਦੀ ਜਦੋਂ ਤਕ ਇਹ ਮਾਂ-ਬੋਲੀ ਸਾਡੇ ਘਰਾਂ ਵਿੱਚ ਜਿਉਂਦੀ ਹੈ, ਸਾਡੇ ਹਿਰਦੇ ਵਿੱਚ ਵੱਸਦੀ ਹੈ ਪਰ ਜਦੋਂ ਇਹ ਸਾਡੇ ਦਿਲ ਅੰਦਰੋਂ ਮਰ ਗਈ ਤਾਂ ਸੱਚਮੁੱਚ ਪੰਜਾਬੀ ਨੂੰ ਕੋਈ ਨਹੀਂ ਬਚਾ ਸਕਦਾ। ਪੰਜਾਬੀਓ ਯਾਦ ਰੱਖੋ ਉਹ ਕੌਮ ਕਦੇ ਜਿਉਂਦੀ ਨਹੀਂ ਰਹਿ ਸਕਦੀ ਜੋ ਆਪਣੀ ਮਾਂ-ਬੋਲੀ ਤੋਂ ਬੇਮੁੱਖ ਹੋ ਜਾਂਦੀ ਹੈ। ਅੱਜ ਲੋੜ ਹੈ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਕਜੁੱਟ ਹੋ ਕੇ ਪੰਜਾਬੀ ਭਾਸ਼ਾ ਦੇ ਬਚਾਓ, ਉਸ ਦੇ ਵਿਕਾਸ ਲਈ ਯਤਨ ਕਰਨ ਦੀ ਅਤੇ ਇਹ ਕੰਮ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਹੀ ਸ਼ੁਰੂ ਕਰਨਾ ਪਵੇਗਾ। ਜੇ ਅਸੀਂ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਅਮੀਰ ਖ਼ਜ਼ਾਨੇ ਨਾਲ ਜੋੜਾਂਗੇ ਤਦ ਹੀ ਇਹ ਭਾਸ਼ਾ ਪੀੜ੍ਹੀਆਂ ਦਾ ਸਫ਼ਰ ਤੈਅ ਕਰ ਸਕੇਗੀ। ਲੋੜ ਹੈ ਪੰਜਾਬੀ ਨੂੰ ਆਪਣੇ ਹਿਰਦੇ ਅੰਦਰ ਜਿਉਂਦੇ ਰੱਖਣ ਦੀ, ਆਪਣੇ ਘਰਾਂ ਵਿੱਚ ਇਸ ਮਾਂ ਨੂੰ ਬਣਦਾ ਸਤਿਕਾਰ ਦੇਣ ਦੀ ਤਾਂ ਕਿ ਦੁਨੀਆਂ ਵੀ ਇਸ ਦਾ ਸਤਿਕਾਰ ਕਰੇ। ਅਸੀਂ ਦੂਜਿਆਂ ਤੋਂ ਇਸ ਦੇ ਸਤਿਕਾਰ ਦੀ ਆਸ ਤਦ ਹੀ ਰੱਖ ਸਕਦੇ ਹਾਂ, ਜੇ ਖ਼ੁਦ ਮਾਂ-ਬੋਲੀ ਪੰਜਾਬੀ ਨੂੰ ਪਿਆਰ ਤੇ ਸਤਿਕਾਰ ਦੇਵਾਂਗੇ। ਅੰਤ ਵਿੱਚ ਇਹੀ ਕਹਾਂਗੀ-
‘‘ਕੁੱਖ ਤੋਂ ਸ਼ੁਰੂ ਹੋਇਆ ਹੈ ਸਫ਼ਰ ਪੰਜਾਬੀ ਨਾਲ
ਅਸੀਂ ਕਬਰਾਂ ਤਕ ਸਾਥ ਨਿਭਾਉਣਾ ਹੈ
ਸਦਾ ਵੱਸਦੀ ਰਹੇ ਪੰਜਾਬੀ ਮਾਂ-ਬੋਲੀ ਸਾਡੀ
ਅਸੀਂ ਕੁੱਲ ਦੁਨੀਆਂ ਵਿੱਚ ਇਸ ਨੂੰ ਰੁਸ਼ਨਾਉਣਾ ਹੈ।’’

ਜਸਪ੍ਰੀਤ ਕੌਰ ਸੰਘਾ

No comments:

Post a Comment