ਕੋਈ ਸਮਾਂ ਸੀ ਜਦੋਂ ਸਾਡੇ ਵਡੇਰੇ ਅੰਨ ਉਪਜਦੀ ਧਰਤੀ ਨੂੰ ਤਾਰਿਆਂ ਦੀ ਛਾਂਵੇ ਜਾ ਸਿਜਦਾ ਕਰਦੇ। ਅੰਮ੍ਰਿਤ ਵੇਲੇ ਰੱਬੀ ਸੋਹਲੇ ਗਾਉਂਦੇ ਉਹ ਕਿਰਤ ਕਰਦੇ ਕਰਤੇ ਨਾਲ ਜਾ ਜੁੜਦੇ। ਅਜਿਹੀ ਸੁੱਚੀ ਕਿਰਤ ਤੋਂ ਕਿਰਤਾਰਥ ਹੋ ਕੇ ਕਰਤਾ ਬਰਕਤਾਂ ਦਾ ਮੀਂਹ ਵਰ੍ਹਾਉਂਦਾ ਸੀ ਤੇ ਖੇਤਾਂ ਦਾ ਸਾਧੂ ਖੇਤੀ ਦੇ ਸਿੱਧ-ਪੱਧਰੇ ਸੰਦਾਂ ਨਾਲ ਮਿੱਟੀ ’ਚੋਂ ਮੋਤੀ ਉਗਾਉਂਦਾ ਸੀ। ਸੱਚਮੁੱਚ ਕਿੰਨਾ ਰਸ ਭਿੰਨੜਾ ਸਮਾਂ ਹੁੰਦਾ ਸੀ ਪਿੰਡਾਂ ਦਾ ਉਹ ਪ੍ਰਭਾਤ ਵੇਲਾ ਜਦੋਂ ਚੁਫੇਰੇ ਗੁਰਬਾਣੀ ਗੂੁੰਜਦੀ, ਪੰਛੀ ਰਸੀਲੇ ਰਾਗ ਗਾਉਂਦੇ, ਚੱਕੀਆਂ ਦੀ ਘੂਕਰ ਬੱਝਦੀ, ਚਾਟੀਆਂ ਵਿੱਚ ਮਧਾਣੀਆਂ ਨੱਚਦੀਆਂ, ਬਲਦਾਂ ਦੇ ਗਲ਼ ਟੱਲੀਆਂ ਟੁਣਕਦੀਆਂ, ਵਗਦੀ ਪੌਣ ਸੁਰ ਅਲਾਪਦੀ। ਸਮੁੱਚੀ ਕਾਇਨਾਤ ਹੀ ਕਿਸੇ ਅਗੰਮੀ ਸਰੂਰ ਵਿੱਚ ਝੂਮਦੀ ਜਾਪਦੀ। ਇਸੇ ਅਗੰਮੀ ਸੁਰ ਨਾਲ ਸੁਰ ਮਿਲਾਉਂਦਾ ਹੋਇਆ ਅੰਨਦਾਤਾ ਹਲ ਦਾ ਮੁੰਨਾ ਫੜ ਕੇ ਆਪਣਾ ਸਾਜ਼ ਇੱਕ ਸੁਰ ਕਰਦਾ ਕਿਉਂਕਿ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ ਦੀ ਕਹਾਵਤ ਅਨੁਸਾਰ ਖੇਤੀ ਹੀ ਉਸ ਸਮੇਂ ਉੱਤਮ ਕਾਰਜ ਸੀ। ਖੇਤੀ ਦੇ ਇਨ੍ਹਾਂ ਕਾਰਜਾਂ ਵਿੱਚੋਂ ਹੀ ਅਹਿਮ ਕੰਮ ਹੁੰਦਾ ਸੀ ਹਲ ਵਾਹੁਣਾ। ਹਲ ਬਲਦਾਂ ਦੀ ਜੋੜੀ ਜਾਂ ਰੇਤਲੇ ਇਲਾਕਿਆਂ ਵਿੱਚ ਊੁਠਾਂ ਨਾਲ ਵਾਹੇ ਜਾਂਦੇ ਸਨ, ਜਿਨ੍ਹਾਂ ਦੀ ਗਵਾਹੀ ਲੋਕ ਬੋਲੀਆਂ ਇੰਜ ਭਰਦੀਆਂ ਹਨ:
ਆ ਦਿਓਰਾ ਆਪਾਂ ਖੇਤੀ ਕਰੀਏ, ਕਰੀਏ ਜੱਗ ਤੋਂ ਨਿਆਰੀ।
ਵੇ ਚਾਂਦੀ ਦਾ ਤੈਨੂੰ ਹਲ ਲੈ ਦਿੰਨੀਆਂ, ਸਿਉਨੇ ਦੀ ਪੰਜਾਲੀ।
ਦੋ ਬਲਦਾਂ ਦੀ ਜੋੜੀ ਲੈ ਦਿੰਨੀਆਂ, ਉਹ ਵੀ ਘੂੰਗਰੂਆਂ ਵਾਲੀ।
ਰੂਪ ਪੰਜਾਬਣ ਦਾ, ਦਿਨ ਚੜ੍ਹਦੇ ਦੀ ਲਾਲੀ।
ਜਾਂ
ਜੱਟ ਜੋੜ ਕੇ ਬਾਗੜੀ ਬੋਤਾ, ਟਿੱਬਿਆਂ ਨੂੰ ਵਾਹੁਣ ਚੱਲਿਆ।
ਹਲ ਦਾ ਮੁੱਖ ਕੰਮ ਜ਼ਮੀਨ ਨਰਮ ਕਰਨਾ, ਜ਼ਮੀਨ ਨੂੰ ਸੰਵਾਰਨਾ ਅਤੇ ਫ਼ਸਲ ਬੀਜਣਾ ਹੁੰਦਾ ਸੀ। ਪਹਿਲਾਂ-ਪਹਿਲ ਲੱਕੜੀ ਦੇ ਹਲ ਬਣਾਏ ਗਏ ਤੇ ਫਿਰ ਲੋਹੇ ਦੇ ਹਲ ਈਜਾਦ ਹੋਏ। ਲੋਹੇ ਦੇ ਹਲਾਂ ਨੂੰ ਚੁੰਝ ਹਲ ਕਿਹਾ ਜਾਂਦਾ ਸੀ। ਹਲ ਕਈ ਅੰਗਾਂ ਤੋਂ ਮਿਲ ਕੇ ਬਣਦਾ ਸੀ। ਇਸ ਦੀ ਆਧਾਰ ਵਾਲੀ ਲੱਕੜ ਜੋ ਮੰਜੇ ਦੀ ਵਾਹੀ ਵਾਂਗ ਲੰਬੀ ਹੁੰਦੀ ਸੀ ਉਸ ਨੂੰ ਹਲ ਕਿਹਾ ਜਾਂਦਾ ਸੀ ਜੋ ਕਿ ਹਾਲੀ ਅਤੇ ਬਲਦਾਂ ਵਿਚਕਾਰ ਧੁਰੇ ਦਾ ਕੰਮ ਕਰਦੀ ਸੀ। ਬਲਦਾਂ ਨਾਲ ਹਲ ਵਾਹੁਣ ਲਈ ਛੋਟੀ ਅਤੇ ਊਠ ਨਾਲ ਹਲ ਵਾਹੁਣ ਵੇਲੇ ਲੰਮੀ ਹਲ ਲਾਈ ਜਾਂਦੀ ਸੀ। ਹਲ ਦਾ ਪ੍ਰਮੁੱਖਤਾ ਦੀ ਪ੍ਰੋੜਤਾ ਇੱਕ ਕਬਿੱਤ ਇਸ ਤਰ੍ਹਾਂ ਕਰਦਾ ਹੈ:
ਘੇਰੇ ਦੇ ਵਿਚਾਲੇ ਟੁੱਟ ਜਾਵੇ ਹਲ ਜੀ,
ਏਦੂੰ ਦੁੱਖ ਵਾਲੀ ਹੋਰ ਕਿਹੜੀ ਗੱਲ ਜੀ।
ਹਲ ਦੇ ਜਿਸ ਪਾਸੇ ਪੰਜਾਲੀ ਜੋੜਨੀ ਹੁੰਦੀ ਸੀ, ਉਸ ਪਾਸੇ ਤਿੰਨ ਗੋਲ ਸੁਰਾਖ਼ ਕੀਤੇ ਹੁੰਦੇ ਸਨ ਜੋ ਹਲ ਨੂੰ ਬਲਦਾਂ ਦੇ ਕੱਦ ਮੁਤਾਬਕ ਉੱਚਾ ਨੀਵਾਂ ਕਰਨ ਲਈ ਵਰਤੇ ਜਾਂਦੇ ਸਨ। ਹਲ ਪੰਜਾਲੀ ਦੇ ਵਿਚਕਾਰ ਕਿੱਲੀ ਅਤੇ ਨਾੜਿਆਂ ਦੀ ਸਹਾਇਤਾ ਨਾਲ ਜੋੜੀ ਹੁੰਦੀ ਸੀ। ਪੰਜਾਲੀ ਖੂੰਡੇ ਵਰਗੀਆਂ ਦੋ ਗੋਲ ਲੱਕੜਾਂ ਨਾਲ ਲੱਕੜੀ ਦੀ ਪੌੜੀ ਵਾਂਗ ਬਣੀ ਹੁੰਦੀ ਸੀ ਜਿਸ ਵਿੱਚ ਦੋ ਡੰਡੇ ਲੱਗੇ ਹੁੰਦੇ ਸਨ। ਬਲਦ ਪੰਜਾਲੀ ਦੇ ਦੋਵੇਂ ਖਾਨਿਆਂ ਵਿੱਚ ਸਿਰ ਪਾ ਕੇ ਪੰਜਾਲੀ ਨੂੰ ਆਪਣੇ ਕੰਨ੍ਹਿਆਂ ਤੋਂ ਰੱਖਦੇ ਸਨ। ਪੰਜਾਲੀ ਦੇ ਆਸੇ-ਪਾਸੇ ਸਰਕਣ ਤੋਂ ਦੋਵੇਂ ਬਲਦਾਂ ਦੇ ਗਲਾਂ ਦੇ ਨਾਲ ਦੀ ਬਾਹਰਲੇ ਪਾਸੇ ਦੋ ਅਰਲੀਆਂ ਲੱਗੀਆਂ ਹੁੰਦੀਆਂ ਸਨ ਜੋ ਪੰਜਾਲੀ ਦੀ ਉੱਪਰਲੀ ਲੱਕੜ ਵਿੱਚ ਸੁਰਾਖ਼ ਕਰਕੇ ਪਾਈਆਂ ਹੁੰਦੀਆਂ ਸਨ। ਪੰਜਾਲੀ ਦੀ ਉੱਪਰਲੀ ਲੱਕੜ ਨੂੰ ਜੂਲ੍ਹਾ ਕਹਿੰਦੇ ਸਨ। ਹਲ ਦੇ ਦੂਜੇ ਸਿਰੇ ’ਤੇ ਢਾਈ ਕੁ ਫੁੱਟ ਦਾ ਮੁੰਨਾ ਲੱਗਿਆ ਹੁੰਦਾ ਸੀ। ਮੁੰਨੇ ਦੇ ਉੱਪਰਲੇ ਪਾਸੇ ਅੱਠ ਕੁ ਉਂਗਲਾਂ ਦੀ ਹੱਥੀ ਲੱਗੀ ਹੁੰਦੀ ਸੀ ਜਿਸ ਨੂੰ ਹਥੀਲੀ ਜਾਂ ਜੰਘੀ ਵੀ ਕਿਹਾ ਜਾਂਦਾ ਸੀ। ਹਾਲੀ ਹਥੀਲੀ ਫੜ ਕੇ ਹਲ ਨੂੰ ਚਲਾਉਂਦਾ ਸੀ। ਬਲਦਾਂ ਦੀਆਂ ਨੱਥਾਂ ਵਾਲੇ ਹਰਰੱਸੇ ਵੀ ਹਾਲੀ ਮੁੰਨੀ ਦੀ ਪੰਜਾਲੀ ਨਾਲ ਬੰਨ੍ਹ ਲੈਂਦਾ ਸੀ। ਇਨ੍ਹਾਂ ਹਰਰੱਸਿਆਂ ਨਾਲ ਹੀ ਬਲਦਾਂ ਨੂੰ ਖੱਬੇ-ਸੱਜੇ ਦਾ ਇਸ਼ਾਰਾ ਕੀਤਾ ਜਾਂਦਾ ਸੀ। ਇਸ਼ਾਰਾ ਕਰਨ ਸਮੇਂ ਬੋਲੇ ਜਾਂਦੇ ਤੱਤਾ-ਤੱਤਾ ਦਾ ਭਾਵ ਹੁੰਦਾ ਸੀ ਬਲਦ ਸੱਜੇ ਪਾਸੇ ਜਾਵੇ ਅਤੇ ਹਠ-ਹਠ ਦਾ ਭਾਵ ਸੀ ਖੱਬੇ ਪਾਸੇ ਜਾਵੇ। ਕਹਿਣ ਦੇ ਨਾਲ-ਨਾਲ ਹਰਰੱਸਿਆਂ ਨੂੰ ਵੀ ਖੱਬੇ-ਸੱਜੇ ਕੀਤਾ ਜਾਂਦਾ ਸੀ। ਲੰਮੀ ਬੁਚਕਰ ਮਾਰ ਕੇ ਬਲਦਾਂ ਨੂੰ ਰੋਕਿਆ ਜਾਂਦਾ ਸੀ। ਮੁੰਨੇ ਦੇ ਹੇਠਲੇ ਪਾਸੇ ਜਿੱਥੇ ਮੁੰਨਾ ਹੱਲ ਨਾਲ ਜੋੜਿਆ ਹੁੰਦਾ ਸੀ, ਉੱਥੇ ਮੁੰਨੇ ਵਿੱਚ ਸੁਰਾਖ਼ ਕਰਕੇ ਚੌ ਫਿੱਟ ਕੀਤੀ ਹੁੰਦੀ ਸੀ। ਹਲ ਨੂੰ ਸਹਾਰਨ ਲਈ ਮੁੰਨੇ ਦੇ ਨਾਲ ਲੱਗੀ ਅੱਧੇ ਕੁ ਫੁੱਟ ਦੀ ਲੱਕੜੀ ਨੂੰ ‘ਓਗ’ ਕਿਹਾ ਜਾਂਦਾ ਸੀ। ਚੌ ਦੇ ਨਾਲ ਲੋਹੇ ਦਾ ਫਾਲਾ ਲੱਗਿਆ ਹੁੰਦਾ ਸੀ ਜੋ ਹਲ ਵਾਹੁਣ ਵੇਲੇ ਜ਼ਮੀਨ ਵਿੱਚ ਧਸਦਾ ਸੀ। ਲੋਹੇ ਦੇ ਫਾਲੇ ਖੁੰਡੇ ਹੋ ਜਾਣ ’ਤੇ ਲੁਹਾਰ ਤੋਂ ਦੁਬਾਰਾ ਤਿੱਖੇ ਕਰਵਾਉਣੇ ਪੈਂਦੇ ਸਨ। ਲੋਹੇ ਦੇ ਚੁੰਝੂ ਹਲਾਂ ਤੋਂ ਬਾਅਦ ਫਿਰ ਉਲਟਾਵੇਂ ਹਲ ਆਏ ਜੋ ਜ਼ਮੀਨ ਦੀ ਮਿੱਟੀ ਇੱਕ ਪਾਸਿਓਂ ਕੱਢਦੇ ਸਨ। ਇਸ ਨਾਲ ਜ਼ਮੀਨ ਦੇ ਨਦੀਨ ਕੱਖ-ਕੰਡੇ ਵੀ ਪੁੱਟੇ ਜਾਂਦੇ ਸਨ। ਫਿਰ ਕੱਛੂ ਹਲ ਬਣਾਏ ਗਏ ਜਿਸ ਦੇ ਦੋਵੇਂ ਪਾਸੇ ਲੋਹੇ ਦੇ ਫਰ੍ਹੇ ਲੱਗੇ ਹੁੰਦੇ ਸਨ ਜੋ ਦੋਵੇਂ ਪਾਸੇ ਮਿੱਟੀ ਕੱਢਦੇ ਸਨ। ਇਸ ਤਰ੍ਹਾਂ ਦੂਹਰੇ-ਤੀਹਰੇ ਹਲ ਵੀ ਵਰਤੇ ਜਾਂਦੇ ਰਹੇ। ਤੀਹਰੇ ਹਲ ਨੂੰ ਤਰਪਾਲੀ ਕਹਿੰਦੇ ਸਨ ਜੋ ਨਰਮਾ-ਕਪਾਹ ਸੀਲਣ ਲਈ ਵਰਤੀ ਜਾਂਦੀ ਸੀ। ਫ਼ਸਲ ਬੀਜਣ ਵੇਲੇ ਪਤਲੇ ਫਾਲੇ ਹਲ ਵਰਤੇ ਜਾਂਦੇ ਸਨ ਤਾਂ ਜੋ ਸਿਆੜ ਸੋਹਣੇ ਬਣਨ। ਸਲੀਕੇ ਨਾਲ ਵਾਹਿਆ ਹਲ ਕਿਸਾਨ ਦੀ ਕਲਾ ਦਾ ਸੁੰਦਰ ਨਮੂਨਾ ਦਿਸਦਾ ਸੀ। ਅਨਾਜ ਬੀਜਣ ਸਮੇਂ ਮੁੰਨੇ ਨਾਲ ਪੋਰ ਬੰਨ੍ਹ ਕੇ ਬੀਜ ਕੇਰਿਆ ਜਾਂਦਾ ਸੀ। ਪੋਰ ਤੋਂ ਭਾਵ ਖੋਖਲਾ ਬਾਂਸ ਜੋ ਡੇਢ ਇੰਚ ਦੀ ਪਾਈਪ ਦੀ ਤਰ੍ਹਾਂ 2 ਕੁ ਫੁੱਟ ਲੰਮਾ ਹੁੰਦਾ ਸੀ ਜਿਸ ਦੇ ਸਿਰੇ ’ਤੇ ਕੁੱਪਾ ਲੱਗਿਆ ਹੁੰਦਾ ਸੀ। ਜਿੱਥੇ ਕਿਸਾਨ ਸੱਜੇ ਹੱਥ ਦੀ ਮੁੱਠੀ ਨਾਲ ਬੀਜ ਪਾਉਂਦਾ ਤੇ ਖੱਬੇ ਹੱਥ ਨਾਲ ਹਲ ਹੱਕਦਾ ਸੀ। ਬੀਜਾਂ ਵਾਲਾ ਝੋਲਾ ਕਿਸਾਨ ਦੇ ਮੋਢਿਆਂ ’ਤੇ ਟੰਗਿਆ ਹੁੰਦਾ ਸੀ। ਹਲ ਵਾਹੁਣ ਦੀਆਂ ਦੋ ਤਕਨੀਕਾਂ ਸਨ ਇੱਕ ਨੂੰ ਹਲਾਵੀਂ ਤੇ ਦੂਜੇ ਨੂੰ ਘੇਰਾ ਕਹਿੰਦੇ ਸਨ।
ਬਲਦਾਂ ਨੂੰ ਹੱਕਣ ਵਾਲੀ ਦੋ ਕੁ ਹੱਥ ਦੀ ਪਤਲੀ ਸੋਟੀ ਨੂੰ ਪਰਾਣੀ ਕਹਿੰਦੇ ਸਨ, ਜਿਸ ਦੇ ਸਿਰੇ ’ਤੇ ਚਮੜੇ ਦਾ ਛਾਂਟਾ ਲੱਗਿਆ ਹੁੰਦਾ ਸੀ। ਪੁਰਾਣੀਆਂ ਦਾ ਜ਼ਿਕਰ ਵੀ ਕਾਵਿ ਬੰਦਾਂ ਵਿੱਚ ਮਿਲਦਾ ਹੈ:
ਇੱਕ ਉੱਠ ਕੇ ਹਾਲੀ ਤਿਆਰ ਹੋਏ,
ਇੱਕ ਢੰੂਡਦੇ ਫਿਰਨ ਪਰਾਣੀਆਂ ਨੀਂ।
ਸ਼ਾਮ ਪਈ ਤੋਂ ਕਿਸਾਨ ਹਲ ਨੂੰ ਜ਼ਮੀਨ ਵਿੱਚ ਹੀ ਛੱਡ ਕੇ ਬਲਦਾਂ ਨੂੰ ਖੋਲ ਕੇ ਬਲਦਾਂ ਨੂੰ ਪਰਾਣੀ ਨਾਲ ਹੱਕ ਕੇ ਘਰ ਲੈ ਆਉਂਦਾ ਸੀ। ਹਲ ਵਾਲੇ ਨਾੜੇ ਵੀ ਕਿਸਾਨ ਮੋਢਿਆਂ ’ਚ ਪਾ ਕੇ ਘਰ ਲੈ ਆਉਂਦਾ ਸੀ ਕਿਉਂਕਿ ਚਮੜੇ ਦੇ ਹੋਣ ਕਰ ਕੇ ਕਈ ਵਾਰ ਉਨ੍ਹਾਂ ਨੂੰ ਕੁੱਤੇ ਖਾ ਜਾਂਦੇ ਸਨ। ਚੰਗੇ ਹਾਲੀ ਦੀਆਂ ਘਰ-ਘਰ ਗੱਲਾਂ ਹੁੰਦੀਆਂ ਸਨ ਤੇ ਹਾਲੀਆਂ ਨੂੰ ਵੀ ਆਪਣੀ ਹਲਾਈ ’ਤੇ ਬੜਾ ਮਾਣ ਹੁੰਦਾ ਸੀ। ਇਸੇ ਮਾਣ ਵਿੱਚ ਉਹ ਕਹਿੰਦੇ ਸਨ:
ਜੇ ਕੁੜੀਏ ਵਿਆਹ ਹਾਲੀ ਨਾਲ ਕਰਾਉਣਾ,
ਹਾਲੀ ਦੀ ਤਾਂ ਚੰਗੀ ਐ ਕਮਾਈ ਕੁੜੀਏ।
ਨੀਂ ਜੰਨ ਤੱਤਾ-ਤੱਤਾ ਕਰਦੀ ਆਈ ਕੁੜੀਏ।
ਕਿਉਂਕਿ ਦੱਬ ਕੇ ਵਾਹ ਤੇ ਰੱਜ ਕੇ ਖਾ ਹੀ ਕਮਾਈ ਦਾ ਅਸਲ ਗੁਰਮੰਤਰ ਸੀ। ਜ਼ਮੀਨ ਨੂੰ ਸੰਵਾਰ ਕੇ ਰੀਝਾਂ ਨਾਲ ਡੂੰਘਾ ਹਲ ਚਲਾਉਣ ਵਾਲਾ ਕਿਸਾਨ ਖ਼ੁਸ਼ਹਾਲ ਜੀਵਨ ਜਿਉਂਦਾ ਸੀ। ਇਸ ਲਈ ਕਿਸ਼ੋਰ ਉਮਰ ਦੇ ਮੁੰਡਿਆਂ ਨੂੰ ਹੀ ਹਲ ਦੇ ਪਿੱਛੇ ਤੋਰ ਦਿੱਤਾ ਜਾਂਦਾ ਸੀ। ਗ੍ਰਹਿਸਥੀ ਜੀਵਨ ਦੀ ਗੱਡੀ ਵੀ ਹਲ ਸਹਾਰੇ ਹੀ ਚਲਦੀ ਸੀ। ਬਾਪ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੇ ਪੁੱਤ ਖੇਤੀ ਦੇ ਕੰਮ ਵਿੱਚ ਛੇਤੀ ਮਾਹਿਰ ਹੋ ਜਾਂਦੇ ਸਨ ਜਦੋਂਕਿ ਖੇਸਲ ਵੱਟਣ ਵਾਲਿਆਂ ਦੀ ਗ੍ਰਹਿਸਥੀ ਗੱਡੀ ਲੜਖੜਾ ਜਾਂਦੀ ਸੀ। ਕਈ ਵਾਰ ਪਤੀ ਨੂੰ ਪਤਨੀ ਦੇ ਤਾਹਨੇ-ਮੇਹਣਿਆਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਸੀ। ਜੇ ਘਰਵਾਲਾ ਖੇਤੀ ਕੰਮਾਂ ਵਿੱਚ ਦਿਲਚਸਪੀ ਨਾ ਵਿਖਾਉਂਦਾ ਤਾਂ ਘਰਵਾਲੀ ਉਸ ਨੂੰ ਸਿੱਧੇ ਰਾਹ ’ਤੇ ਲਿਆਉਣ ਲਈ ਬਾਗ਼ੀ ਰਾਹ ਅਖਤਿਆਰ ਕਰ ਲੈਂਦੀ ਸੀ:
ਜੇ ਮੁੰਡਿਆ ਤੂੰੂ ਹਲ ਨੀਂ ਜਾਣਦਾ,
ਮੈਂ ਨੀਂ ਜਾਣਦੀ ਦਾਲ ਮੁੰਡਿਆ।
ਰੋਟੀ ਆਊ ਚਟਣੀ ਦੇ ਨਾਲ ਮੁੰਡਿਆ।
ਖੇਤੀ ਧੰਦਿਆਂ ਵਿੱਚ ਨਿਪੁੰਨ ਹੋਣਾ ਤੇ ਰਵਾਇਤੀ ਪਹਿਰਾਵੇ ਵਿੱਚ ਸਜਣਾ-ਫਬਣਾ ਆਉਣਾ ਹੀ ਮੁਟਿਆਰਾਂ ਲਈ ਹੋਣ ਵਾਲੇ ਪਤੀ ਲਈ ਪਹਿਲੀ ਸ਼ਰਤ ਹੁੰਦੀ ਸੀ। ਜੇ ਬਾਬਲ ਵੱਲੋਂ ਭਾਲਿਆ ਵਰ ਉਸ ਦੀਆਂ ਇਨ੍ਹਾਂ ਗੱਲਾਂ ’ਤੇ ਖਰ੍ਹਾ ਨਾ ਉੱਤਰਦਾ ਤਾਂ ਉਹ ਉਸ ਤੋਂ ਖਹਿੜਾ ਛੁਡਾਉਣਾ ਹੀ ਬਿਹਤਰ ਸਮਝਦੀ ਸੀ:
ਤੈਨੂੰ ਪੱਗ ਬੰਨ੍ਹਣੀ, ਵੇ ਤੈਨੂੰ ਲੜ ਛੱਡਣਾ
ਤੈਨੂੰ ਹਲ ਵਾਹੁਣਾ ਨਾ ਆਵੇ।
ਰੱਬ ਤੈਥੋਂ ਖਹਿੜਾ ਛੁਡਾਵੇ..ਓ.
ਇਸ ਦੇ ਉਲਟ ਵਹਾਈ-ਬਿਜਾਈ ਵਿੱਚ ਮਾਹਿਰ ਪਤੀ ਦੇ ਸਦਕੇ ਜਾਂਦੀ ਪੰਜਾਬਣ ਰੀਝਾਂ ਨਾਲ ਉਸ ਦਾ ਖੇਤ ਭੱਤਾ ਲੈ ਕੇ ਜਾਂਦੀ ਸੀ। ਘੱਗਰੇ ਫੁਲਕਾਰੀ ਵਿੱਚ ਸਜੀ ਪੰਜਾਬਣ ਮੋਰਨੀ ਵਾਂਗ ਪੈਲਾਂ ਪਾਉਂਦੀ ਬੰਨੇ-ਬੰਨੇ ਤੁਰਦੀ ਜਾਂਦੀ ਆਪ ਮੁਹਾਰੇ ਆਪਣੀ ਸਿਫ਼ਤ ਇੰਜ ਕਰਦੀ:-
ਭੱਤਾ ਲੈ ਕੇ ਚੱਲੀਆਂ ਖੇਤ ਨੂੰ, ਮੱਥੇ ਲੱਗਦਾ ਤਾਰਾ,
ਬਈ ਹਾਲੀਆਂ ਨੇ ਹਲ ਛੱਡ ’ਤੇ
ਮੇਰੇ ਲੌਂਗ ਦਾ ਪਿਆ ਲਿਸ਼ਕਾਰਾ।
ਓਧਰ ‘ਚੱਲ ਓਏ ਗੋਰਿਆ ਚੱਲ ਓਏ ਨਾਹਰਿਆ’ ਗਾਉਂਦਾ ਫਿਰਦਾ ਤੇ ਬਲਦਾਂ ਦੀਆਂ ਪੂਛਾਂ ਮਰੋੜਦਾ ਹਾਲੀ ਵੀ ਭੱਤਾ ਲੈ ਕੇ ਆਉਂਦੀ ਸੁਆਣੀ ਦਾ ਰਾਹ ਵੇਖਦਾ ਸੀ। ਘਰਵਾਲੀ ਦੇ ਪਹੁੰਚਣ ’ਤੇ ਉਹ ਬੁਚਕਰ ਮਾਰ ਕੇ ਬਲਦ ਰੋਕਦਾ। ਫਿਰ ਦੋਵੇਂ ਜਣੇ ਕਿਸੇ ਟਾਹਲੀ-ਬੇਰੀ ਦੇ ਹੇਠਾਂ ਬੈਠ ਕੇ ਛਾਹ ਵੇਲਾ ਸਾਂਝਾ ਕਰਦੇ ਸਨ। ਨਾਲੋਂ-ਨਾਲ ਘਰੇਲੂ ਕਬੀਲਦਾਰੀਆਂ ਦੇ ਮਸਲੇ ਫਰੋਲੇ ਜਾਂਦੇ ਸਨ। ਕਿੰਨਾ ਸੁਆਦ ਤੇ ਤ੍ਰਿਪਤੀ ਦਿੰਦੀ ਸੀ ਖੱਦਰ ਦੇ ਪੋਣੇ ਵਿੱਚ ਚਿੱਬੜਾਂ ਦੀ ਚੱਟਣੀ ਨਾਲ ਲਿਆਂਦੀ ਉਹ ਰੋਟੀ ਜੋ ਮੱਖਣ ਦੇ ਪੇੜੇ ਨਾਲ ਲੱਸੀ ਦੇ ਛੰਨੇ ਦੀਆਂ ਘੁੱਟਾਂ ਭਰਦਿਆਂ ਖਾਧੀ ਜਾਂਦੀ ਸੀ ਕਿਉਂਕਿ ਇਸ ਵਿੱਚ ਕਿਰਤ ਅਤੇ ਕੁਦਰਤ ਦਾ ਸੱਚਾ-ਸੁੱਚਾ ਸੁਆਦ ਹੁੰਦਾ ਸੀ। ਰੋਟੀ ਛੱਡ ਕੇ ਡਕਾਰ ਮਾਰਦਿਆਂ ਹੀ ਕਿਸਾਨ ਸਿਪਾਹੀ ਆਪਣੇ ਹਥਿਆਰ ਲੈ ਕੇ ਫਿਰ ਜ਼ਮੀਨੇ-ਮੈਦਾਨ ਵਿੱਚ ਕੁੱਦ ਪੈਂਦਾ ਸੀ। ਢੋਲੇ, ਮਾਹੀਏ, ਟੱਪੇ, ਕਲੀਆਂ ਗਾਉਂਦਾ-ਗਾਉਂਦਾ ਉਹ ਤ੍ਰਿਕਾਲਾਂ ਤਕ ਸਾਰੀ ਭੋਇੰ ਗਾਹ ਸੁੱਟਦਾ ਸੀ। ਬਿਰਖਾਂ ’ਤੇ ਗਾਉਂਦੇ ਪੰਖੇਰੂਆਂ ਅਤੇ ਤੁਰਦੇ ਬਲਦਾਂ ਦੇ ਘੁੰਗਰੂਆਂ ਦੀ ਤਾਲ ਨਾਲ ਤਾਲ ਮਿਲਾਉਂਦਾ ਉਹ ਵਿਸਮਾਦੀ ਹੋਇਆ ਆਪਣੀ ਕਿਰਤ ਵਿੱਚੋਂ ਅਗੰਮੀ ਰਸ ਮਾਣਦਾ। ਕਿਰਸਾਨੀ ਜੀਵਨ ਦੀ ਇਸ ਮਹਾਨਤਾ ਕਰਕੇ ਬੇਟੀਆਂ ਬਾਬਲ ਨੂੰ ਨੌਕਰੀਪੇਸ਼ਾ ਵਰ ਲੱਭਣ ਦੀ ਬਜਾਏ ਹਾਲੀ ਪਤੀ ਚੁਣਨ ਦੀ ਪੇਸ਼ਕਸ਼ ਕਰਦੀਆਂ ਕਿਉਂਕਿ ਜੰਗਾਂ-ਯੁੱਧਾਂ ਨੂੰ ਗਏ ਅਤੇ ਸ਼ਹੀਦ ਹੋਏ ਫ਼ੌਜੀ ਸਿਪਾਹੀਆਂ ਦੀਆਂ ਪਤਨੀਆਂ ਦਾ ਹਾਲ ਉਹ ਬੜੀ ਨੇੜਿਓਂ ਵੇਖ ਲੈਂਦੀਆਂ ਸਨ। ਇਸ ਕਰ ਕੇ ਉਹ ਬਾਪ ਨੂੰ ਹਾਲੀ ਵਰ ਚੁਣਨ ਦੀ ਅਗਾਊਂ ਸੂਚਨਾ ਦੇ ਦਿੰਦੀਆਂ ਸਨ:
ਨੌਕਰ ਨੂੰ ਨਾ ਦੇਈਂ ਨਾ ਬਾਬਾਲਾ, ਹਾਲੀ ਪੁੱਤ ਬਥੇਰੇ।
ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪਰਦੇਸਾਂ ਡੇਰੇ।
ਨੌਕਰ ਨਾਲੋਂ ਐਵੇਂ ਚੰਗੀ, ਦਿਨ ਕੱਟ ਲੂੰ ਘਰ ਤੇਰੇ।
ਮੈਂ ਤੈਨੂੰ ਵਰਜ ਰਹੀਂ, ਦੇਈਂ ਨਾ ਬਾਬਲਾ ਫੇਰੇ…
ਕਈ ਵਾਰ ਆਰਥਿਕ ਤੰਗੀਆਂ-ਤੁਰਸ਼ੀਆਂ ਕਰ ਕੇ ਜੇ ਪਤੀ ਪਰਦੇਸ ਜਾਣਾ ਚਾਹੁੰਦਾ ਤਾਂ ਘਰ ਸਿਆਣੀ ਪਤਨੀ ਉਸ ਨੂੰ ਆਰਥਿਕ ਖ਼ੁਸ਼ਹਾਲੀ ਦਾ ਘਰੇਲੂ ਨੁਸਖਾ ਸਮਝਾਉਂਦੀ ਕਹਿੰਦੀ:
ਡੂੰਘਾ ਵਾਹ ਲੈ ਹਲ ਵੇ, ਤੇਰੀ ਘਰੇ ਨੌਕਰੀ।
ਸਾਂਝੇ ਪਰਿਵਾਰ ਹੋਣ ਕਰਕੇ ਬਿਜਾਈ- ਵਹਾਈ ਦਾ ਕੰਮ ਸਾਰੇ ਰਲ-ਮਿਲ ਕੇ ਕਰਦੇ ਸਨ। ਸੁਆਣੀ ਪਤੀ ਤੋਂ ਇਲਾਵਾ ਦਿਉਰਾਂ-ਜੇਠਾਂ ਦੀ ਰੋਟੀ ਵੀ ਲੈ ਕੇ ਜਾਂਦੀ ਸੀ, ਜਿਸ ਦਾ ਪ੍ਰਤੱਖ ਪ੍ਰਮਾਣ ਇਸ ਲੋਕ ਬੋਲੀ ਤੋਂ ਮਿਲਦਾ ਹੈ:
ਵੇ ਰੋਟੀ ਖਾ ਲੈ ਛੋਟੇ ਦੇਵਰਾ, ਮੈਂ ਮੂੰਗਰੇ ਤੜਕ ਕੇ ਲਿਆਈ।
ਖੇਤੀਬਾੜੀ ਦਾ ਧੰਦਾ ਸਾਂਝੇ ਪਰਿਵਾਰਾਂ ਵਿੱਚ ਹੀ ਹੋ ਸਕਦਾ ਸੀ। ਜੇ ਕੋਈ ਇਕੱਲਾ-ਇਕਹਿਰਾ ਕਿਸਾਨ ਇਸ ਕੰਮ ਵੱਲ ਹੋ ਜਾਂਦਾ ਤਾਂ ਖੇਤੀ ਦੇ ਰੁਝੇਵੇਂ ਉਸ ਨੂੰ ਉਲਝਾ ਲੈਂਦੇ:
ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਣਾ।
ਇਕੱਲੇ ਜ਼ਿਮੀਂਦਾਰ ਨੂੰ ਹਲ ਛੱਡ ਕੇ ਪਸ਼ੂਆਂ ਲਈ ਪੱਠੇ ਵੱਢਣੇ ਪੈਂਦੇ ਸਨ। ਭਾਵੇਂ ਉਹ ਨਾਲ ਕੋਈ ਕਾਮਾ ਰੱਖ ਛੱਡਦਾ ਪਰ ਖੇਤੀ ਦਾ ਧੰਦਾ ਆਪਣੇ ਹੱਥੀਂ ਕਾਰਜ ਸੰਵਾਰਨ ਵਾਲਾ ਧੰਦਾ ਹੈ। ਇਸ ਦੀ ਡਾਹਢੀ ਪਹਿਰੇਦਾਰੀ ਕਰਨੀ ਪੈਂਦੀ ਹੈ। ਇਹ ਨਿਰੀ ਬੇਗਾਨੇ ਹੱਥਾਂ ਦੀ ਖੇਡ ਨਹੀਂ। ਦੂਜੇ ਸਹਾਰੇ ਛੱਡੀ ਖੇਤੀ ਬਹੁਤਾ ਲਾਭ ਨਹੀਂ ਦਿੰਦੀ।
ਇਹ ਤਾਂ ਸੀ ਪੁਰਾਣੇ ਵੇਲਿਆਂ ਦੀਆਂ ਪੁਰਾਣੀਆਂ ਬਾਤਾਂ। ਹੁਣ ਅਜੋਕੇ ਕੰਪਿਊਟਰੀਕ੍ਰਿਤ ਖੇਤੀ ਸਾਧਨਾਂ ਵਿੱਚ ਅਤਿ-ਆਧੁਨਿਕ ਸੰਦ ਈਜਾਦ ਹੋ ਚੁੱਕੇ ਹਨ ਪਰ ਸਾਡੇ ਲੋਕ ਸਾਹਿਤ ਦੇ ਹੱਡੀਂ ਰਚੇ ਇਨ੍ਹਾਂ ਖੇਤੀ ਸੰਦਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਵੇਂ ਇਹ ਹਲ ਪੰਜਾਲੀਆਂ ਹੁਣ ਤੂੜੀ ਵਾਲੇ ਕੋਠੇ ਵਿੱਚੋਂ ਵੀ ਭਾਲਿਆਂ ਨਹੀਂ ਲੱਭਦੀਆਂ ਪਰ ਸਾਡੇ ਲੋਕ ਸਾਹਿਤ ਵਿੱਚ ਇਹ ਸੰਦ ਬੜੇ ਸਤਿਕਾਰ ਸਹਿਤ ਸਾਂਭੇ ਹੋਏ ਹਨ। ਜਦੋਂ ਆਉਣ ਵਾਲੀਆਂ ਪੀੜ੍ਹੀਆਂ ਵਿਰਾਸਤ ਦੇ ਪੱਤਰੇ ਫਰੋਲਿਆ ਕਰਨਗੀਆਂ ਤਾਂ ਇਨ੍ਹਾਂ ਵਿੱਚੋਂ ਖੇਤੀ ਸੰਦਾਂ ਦਾ ਅਕਸ ਜ਼ਰੂਰ ਰੂਪਮਾਨ ਹੋਇਆ ਕਰੇਗਾ।
ਜਗਜੀਤ ਕੌਰ ਢਿੱਲਵਾਂ
ਸੰਪਰਕ: 94173-80887

No comments:
Post a Comment