‘‘ਬਾਬਲ ਮੇਰੇ ਚਰਖਾ ਦਿੱਤਾ,
ਵਿੱਚ ਸੋਨੇ ਦੀਆਂ ਮੇਖਾਂ,
ਸਈਆਂ ਕੱਤ-ਕੱਤ ਘਰ ਨੂੰ ਮੁੜੀਆਂ
ਮੈਂ ਚਰਖੇ ਵੱਲ ਵੇਖਾਂ’’
ਚਰਖਾ, ਜਿਸ ਦੀ ਤੂਤੀ ਕਦੇ ਦੇਸ਼-ਵਿਦੇਸ਼ ਤਕ ਬੋਲਦੀ ਸੀ ਤੇ ਇਹ ਘਰਾਂ ਦਾ ਸ਼ਿੰਗਾਰ ਹੋਇਆ ਕਰਦਾ ਸੀ। ਇਸ ਚਰਖੇ ’ਤੇ ਸਾਡੀਆਂ ਦਾਦੀਆਂ, ਮਾਵਾਂ, ਚਾਚੀਆਂ, ਤਾਈਆਂ, ਭੂਆ-ਫੁੱਫੀਆਂ ਮਣਾਂ ਮੂੰਹੀਂ ਸੂਤ ਕੱਤ ਕੇ ਘਰਾਂ ਦਾ ਜ਼ਰੂਰੀ ਸਾਮਾਨ ਦਰੀਆਂ, ਖੇਸ, ਚਾਦਰਾਂ ਅਤੇ ਹੋਰ ਕਈ ਤਰ੍ਹਾਂ ਦਾ ਨਿੱਕ-ਸੁੱਕ, ਜੋ ਘਰ ਨੂੰ ਸਜਾਉਣ ਆਦਿ ਦੇ ਕੰਮ ਆਇਆ ਕਰਦਾ ਸੀ, ਤਿਆਰ ਕਰਿਆ ਕਰਦੀਆਂ ਸਨ।
ਕਦੇ ਇਸ ਚਰਖੇ ਨੂੰ ਧੀ ਦੇ ਦਾਜ ਵਿੱਚ ਦਿੱਤੀ ਜਾਣ ਵਾਲੀ ਮੁੱਖ ਆਈਟਮ ਦਾ ਮਾਣ-ਸਤਿਕਾਰ ਵੀ ਹਾਸਲ ਰਿਹਾ ਹੈ।
ਵਕਤ ਬੀਤਿਆ, ਇਸ ਚਰਖੇ ਦੀ ਅੱਜ ਦੇ ਮਸ਼ੀਨੀ ਯੁੱਗ ਨੇ ਹਾਲਤ ਕੱਖੋਂ ਹੌਲੀ ਤੇ ਪਾਣੀਓਂ ਪਤਲੀ ਕਰ ਦਿੱਤੀ। ਇਹ ਚਰਖਾ ਘਰਾਂ ਦੀਆਂ ਡਿਓਢੀਆਂ ਤੋਂ ਚੁੱਕ ਕੇ ਘਰਾਂ ਦਿਆਂ ਪਰਸੱਤਿਆਂ ’ਤੇ ਜਾ ਡਿੱਗਿਆ। ਹੌਲੀ-ਹੌਲੀ ਇਸ ਦੇ ਵਾਰਸਾਂ ਨੂੰ ਇਸ ਦੀ ਯਾਦ ਭੁੱਲਦੀ-ਭੁੱਲਦੀ ਭੁੱਲ ਗਈ। ਕੁਝ ਸਮਾਂ ਹੀ ਪਹਿਲਾਂ ਪਰਸੱਤੇ ’ਤੇ ਇਸ ਚਰਖੇ ਉਪਰ ਨਿਗ੍ਹਾ ਪੰਜਾਬ ਦੇ ਪੜ੍ਹੇ-ਲਿਖੇ, ਬੇਰੁਜ਼ਗਾਰ ਮੁੰਡੇ-ਕੁੜੀਆਂ ਦੀ ਜਾ ਪਈ, ਉਨ੍ਹਾਂ ਨੇ ਦਿਮਾਗ ਨਾਲ ਸੋਚ-ਵਿਚਾਰ ਕਰਕੇ ਇਸ ਚਰਖੇ ਨੂੰ ਆਪਣੇ ਰੁਜ਼ਗਾਰ ਦੇ ਤੌਰ ’ਤੇ ਵਰਤਣ ਲਈ ਇਸ ਉੱਤੇ ਰੰਗ-ਰੋਗਨ ਕਰਕੇ ਸੱਭਿਆਚਾਰ ਗਰੁੱਪਾਂ ਵਿੱਚ ਮੇਨ ਆਈਟਮ ਦੇ ਤੌਰ ’ਤੇ ਲਿਆ ਸਟੇਜ ’ਤੇ ਰੱਖਿਆ। ਹੁਣ ਜਦੋਂ ਪੰਜਾਬ ਦੀ ਧੀ, ਜੋ ਕਦੇ ਸਿਰ ’ਤੇ ਸੂਹੀ ਫੁਲਕਾਰੀ ਲੈ ਕੇ ਇਸ ਚਰਖੇ ’ਤੇ ਲੰਮੇ-ਲੰਮੇ ਤੰਦ ਕੱਤਿਆ ਕਰਦੀ ਸੀ, ਅੱਧ-ਕੱਪੜਿਆਂ ਵਿੱਚ ਇਸ ਚਰਖੇ ਦੇ ਸਾਹਮਣੇ ਬੇਹੂਦੇ ਗਾਣਿਆਂ ’ਤੇ ਬੇਹੂਦਾ ਡਾਂਸ ਕਰਦੀ ਹੈ ਤਾਂ ਇਸ ਚਰਖੇ ਦੀ ਆਪ ਮੁਹਾਰੇ ਇੰਜ ਧਾਹ ਨਿਕਲਦੀ ਹੈ :-
ਪੂਣੀਆਂ-ਗਲੋਟੇ ਤੰਦ ਭੁੱਲ ਗਈ
ਤੂੰ ਕੁੜੀਏ,
ਨਵੇਂ-ਨਵੇਂ ਫੈਸ਼ਨਾਂ
’ਚ ਰੁਲ ਗਈ ਤੂੰ ਕੁੜੀਏ,
ਵੇਖ ਡੁੱਲ੍ਹਦੇ ਅੱਖਾਂ ’ਚੋਂ ਹੰਝੂ ਖਾਰੇ
ਨੀਂ ਚਰਖਾ ਦੁੱਖ ਦੱਸਦਾ ਕਿਤੇ
ਸੁਣ ਅੱਲ੍ਹੜੇ ਮੁਟਿਆਰੇ…।
-ਪ੍ਰਤਾਪ ਪਾਰਸ ਗੁਰਦਾਸਪੁਰੀ
* ਮੋਬਾਈਲ: 099888-11681
No comments:
Post a Comment