ਇਹ ਮੇਰੇ ਬਚਪਨ ਦੀਆਂ ਪਿਆਰੀਆਂ ਤੇ ਅਭੁੱਲ ਯਾਦਾਂ ਹਨ। ਸਾਡੀ ਦਾਦੀ ਮਾਂ ਜਦੋਂ ਵੀ ਆਪਣਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਕੁਝ ਕੱਢਿਆ ਕਰਦੀ ਸੀ ਤਾਂ ਸਾਡੀ ਸ਼ਰਾਰਤੀ ਪੋਤੇ-ਪੋਤੀਆਂ ਦੀ ਟੋਲੀ ਆਪਣੇ ਨਿੱਕੇ-ਨਿੱਕੇ ਹੱਥ ਉਸ ਦੇ ਸੰਦੂਕ ਵਿੱਚ ਪਾ ਕੇ ਕੁਝ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ। ਸਾਡੇ ਹੱਥ ਬਹੁਤਾ ਕੁਝ ਨਾ ਆਉਂਦਾ ਪਰ ਸੁੰਦਰ-ਸੁੰਦਰ ਝਾਲਰਾਂ ਵਾਲੀਆਂ ਪੱਖੀਆਂ ਜ਼ਰੂਰ ਸਾਡੇ ਹੱਥ ਲੱਗ ਜਾਂਦੀਆਂ। ਉਨ੍ਹਾਂ ਨੂੰ ਲੈ ਕੇ ਅਸੀਂ ਦੌੜਦੇ ਹੋਏ ਬਾਹਰ ਦਲਾਨ ਵਿੱਚ ਆ ਜਾਂਦੇ ਤੇ ਨਵੀਂ ਨਕੋਰ ਦਿੱਖ ਵਾਲੀਆਂ ਉਨ੍ਹਾਂ ਪੱਖੀਆਂ ਦੀ ਤੇਜ਼-ਤੇਜ਼ ਝੱਲ ਮਾਰ ਕੇ ‘ਗਰਮੀ ਹੈ, ਗਰਮੀ ਹੈ’ ਕਹਿ ਕੇ ਖੇਡਣ ਲੱਗਦੇ। ਸਾਡੇ ਮਗਰੇ ਸਾਡੀ ਦਾਦੀ ਵੀ ਗਾਲ੍ਹਾਂ ਕੱਢਦੀ, ਉਸੇ ਰਫ਼ਤਾਰ ਨਾਲ ਬਾਹਰ ਆਉਂਦੀ ਤੇ ਸਾਡੇ ਕੋਲੋਂ ਪੱਖੀਆਂ ਖੋਹਦੇਂ ਹੋਏ ਸਾਨੂੰ ਝਿੜਕਦੀ, ‘‘ਇਹ ਤਾਂ ਮੈਂ ਆਏ ਗਏ ਲਈ ਰੱਖੀਆਂ ਨੇ, ਫੜਾਓ ਏਧਰ, ਲੱਗਦੀ ਤੁਹਾਨੂੰ ਬਹੁਤ ਗਰਮੀ, ਉਹ ਰੱਖੀਆਂ ਨੇ ਬਾਹਰ ਤੁਹਾਡੇ ਲਈ ਪੱਖੀਆਂ, ਉਨ੍ਹਾਂ ਦੀ ਝੱਲ ਮਾਰੋ’’, ਤੇ ਉਹ ਸਾਥੋਂ ਸਾਰੀਆਂ ਪੱਖੀਆਂ ਲੈ ਮੁੜ ਆਪਣੇ ਸੰਦੂਕ ਵਿੱਚ ਰੱਖ ਦਿੰਦੀ। ਭਾਵੇਂ ਬਾਹਰਲੇ ਦਲਾਨ ਵਿੱਚ ਛੇ-ਸੱਤ ਪੱਖੀਆਂ ਪਈਆਂ ਰਹਿੰਦੀਆਂ ਸਨ ਪਰ ਰੋਜ਼-ਰੋਜ਼ ਦੇ ਇਸਤੇਮਾਲ ਨਾਲ ਉਹ ਮੈਲੀਆਂ ਜਿਹੀਆਂ ਦਿਸਦੀਆਂ ਸਨ। ਕੁਝ ਦੇਰ ਲਈ ਹੀ ਸਹੀ, ਨਵੀਆਂ-ਨਕੋਰ ਤੇ ਰੰਗ-ਬਿਰੰਗੀਆ ਖ਼ੁਸ਼ਬੂਦਾਰ ਪੱਖੀਆਂ ਦੀ ਝੱਲ ਮਾਰ ਕੇ ਅਸੀਂ ਸਭ ਬੱਚੇ ਆਨੰਦਮਈ ਹੋ ਜਾਂਦੇ।
ਹੱਥ-ਪੱਖੀਆਂ ਦੇ ਸ਼ੀਸ਼ਿਆਂ ਜੜੇ ਲੱਕੜੀ ਦੇ ਗੋਲ ਹੈਂਡਲ, ਝੱਲ ਲਈ ਗੋਲਾਕਾਰ ਤਾਰਾਂ, ਤਾਰਾਂ ਨੂੰ ਪੱਖੀ ਦੇ ਹੈਂਡਲ ਨਾਲ ਜੋੜਦੇ ਛੋਟੇ ਘੁੰਮਕੜੇ, ਤਾਰਾਂ ਵਿੱਚ ਕਸ ਕੇ ਫਿੱਟ ਕੀਤਾ ਗਿਆ ਰੰਗਦਾਰ ਕਢਾਈ ਵਾਲਾ ਕੱਪੜਾ ਤੇ ਕੱਪੜੇ ਦੇ ਆਲੇ-ਦੁਆਲੇ ਲੱਗੀ ਮਖਮਲੀ ਝਾਲਰ, ਪੱਖੀ ਦੇ ਉਹ ਸੋਹਣੇ ਰੂਪ ਮੇਰੀਆਂ ਯਾਦਾਂ ਦੀਆਂ ਅਭੁੱਲ ਤਸਵੀਰਾਂ ਨੇ। ਬਿਜਲੀ ਗਈ ’ਤੇ ਜਦੋਂ ਵੀ ਕੋਈ ਪਰਾਹੁਣਾ ਸਾਡੇ ਘਰ ਆਉਂਦਾ ਤਾਂ ਉਸ ਨੂੰ ਠੰਢੀ ਲੱਸੀ ਪਿਲਾਉਣ ਤੋਂ ਪਹਿਲਾਂ ਘਰ ਦਾ ਇੱਕ ਮੈਂਬਰ ਬੜੇ ਅਦਬ ਨਾਲ ਪੱਖੀ ਝੱਲਣ ਲੱਗਦਾ ਤੇ ਉਸ ਦੀ ਸੁੱਖ-ਸਾਂਦ ਪੁੱਛਦਾ। ਕੁਝ ਦੇਰ ਬਾਅਦ ਗੱਲਾਂ ਕਰਦਿਆਂ-ਕਰਦਿਆਂ ਪਰਾਹੁਣਾ ਆਪ ਹੀ ਉਹ ਪੱਖੀ ਫੜ ਕੇ ਝੱਲ ਮਾਰਨ ਲੱਗਦਾ।
ਮੇਰੇ ਪਿਤਾ ਜੀ ਦੀ ਨੌਕਰੀ ਫ਼ੌਜ ਵਿੱਚ ਹੋਣ ਕਾਰਨ ਅਸੀਂ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਾਂ। ਫ਼ੌਜ ਦੀ ਦੁਨੀਆਂ ਬਹੁਤ ਆਧੁਨਿਕ ਤੇ ਤੇਜ਼-ਤਰਾਰ ਹੈ। ਫ਼ੌਜੀ ਸਕੂਲਾਂ ਵਿੱਚ ਪੜ੍ਹਦਿਆਂ ਅਸੀਂ ਪਿੰਡ ਦੇ ਇਸ ਸਾਦੇ ਜੀਵਨ ਤੋਂ ਦੂਰ ਸਾਂ ਪਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਨੂੰ ਲੱਗਦਾ ਜਿਵੇਂ ਆਪਣੇ ਦਾਦਕੇ ਪਿੰਡ ਨਹੀਂ ਬਲਕਿ ਰੂਹ ਨੂੰ ਅਪਣੱਤ ਦੀ ਖਿੱਚ ਪਾਉਂਦੇ ਕਿਸੇ ਹੋਰ ਹੀ ਲੋਕ ਵਿੱਚ ਪਹੁੰਚ ਗਈ ਹਾਂ, ਜਿੱਥੋਂ ਕਦੇ ਵੀ ਜਾਣ ਦਾ ਦਿਲ ਨਹੀਂ ਕਰਦਾ ਸੀ। ਪਿੰਡ ਦੇ ਘਰ ਦੀਆਂ ਬਹੁਤ ਸਾਰੀਆਂ ਵਸਤੂਆਂ ਜਿਵੇਂ ਲੱਕੜ ਦੀ ਸ਼ਤੀਰੀ ਤੇ ਬਾਲਿਆਂ ਵਾਲੀ ਛੱਤ, ਕੋਠੜੀਆਂ ਤੇ ਦਲਾਨ, ਹੱਥ ਨਾਲ ਚੱਲਣ ਵਾਲੀ ਮਧਾਣੀ, ਦਹੀਂ-ਮੱਖਣ ਰੱਖਣ ਵਾਲੇ ਮਿੱਟੀ ਦੇ ਭਾਂਡੇ, ਲੱਸੀ ਨਾਲ ਭਰੀ ਚਾਟੀ, ਦੁੱਧ ਕਾੜ੍ਹਨ ਵਾਲੀ ਤੌੜੀ, ਮੱਖੀ-ਮੱਛਰਾਂ ਤੋਂ ਬਚਾ ਕੇ ਰੱਖੀਆਂ ਖਾਣ-ਪੀਣ ਦੀਆਂ ਮਹਿਕਦਾਰ ਚੀਜ਼ਾਂ ਵਾਲੀ ਜਾਲੀਦਾਰ ਲੱਕੜੀ ਦੀ ਅਲਮਾਰੀ, ਸੁੰਦਰ ਤਰਾਸ਼ਕਾਰੀ ਵਾਲੇ ਵੱਡੇ-ਵੱਡੇ ਗੋਲਦਾਰ ਪਾਵਿਆਂ ਵਾਲੇ ਪਲੰਘ, ਦਾਲਾਂ ਨਾਲ ਭਰੇ ਭੜੋਲੇ-ਭੜੋਲੀਆਂ, ਕਿੱਲ-ਮੇਖਾਂ ਨਾਲ ਸਜਾਏ ਅਲਮਾਰੀ ਜਿਹੇ ਵੱਡੇ ਸੰਦੂਕ ਤੇ ਹੋਰ ਬਹੁਤ ਕੁਝ ਮੈਨੂੰ ਇੱਕ ਅਨੋਖੀ ਦੁਨੀਆਂ ਦਾ ਭੁਲੇਖਾ ਪਾਉਂਦੇ ਸਨ। ਪੂਰੇ ਸਾਲ ਦੇ ਇੰਤਜ਼ਾਰ ਤੋਂ ਬਾਅਦ ਇਸ ਪਿਆਰੀ ਸਾਦੀ ਤੇ ਪੇਂਡੂ ਦੁਨੀਆਂ ਵਿੱਚ ਆ ਕੇ ਰਹਿਣਾ ਯਾਦਗਾਰ ਹੋ ਨਿੱਬੜਦਾ ਸੀ।
ਪੁਰਾਤਨ ਜੀਵਨ ਸ਼ੈਲੀ ਨਾਲ ਸਬੰਧਤ ਇਹ ਸਭ ਵਸਤੂਆਂ ਅੱਜ ਲਗਪਗ ਹਰ ਘਰ ਵਿੱਚੋਂ ਲੁਪਤ ਹੋ ਕੇ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਗਈਆਂ ਹਨ ਪਰ ਪੱਖੀ ਅਜੇ ਵੀ ਸਾਡੇ ਘਰਾਂ ਵਿੱਚ ਉਵੇਂ ਹੀ ਪਈ ਹੈ ਜਿਵੇਂ ਉਹ ਸਾਡੇ ਦਾਦੇ-ਦਾਦੀਆਂ ਦੇ ਜ਼ਮਾਨੇ ਵਿੱਚ ਪਈ ਰਹਿੰਦੀ ਸੀ। ਬਸ ਪੱਖੀ ਦਾ ਰੂਪ ਤੇ ਉਸ ਸਬੰਧੀ ਸੋਚ ਬਦਲ ਗਈ ਹੈ। ਕਲਾਕਾਰੀ ਤੇ ਸੱਭਿਆਚਾਰ ਦਾ ਸ਼ਾਨਦਾਰ ਨਮੂਨਾ ਸਮੇਟੇ ਇਹ ਪੱਖੀਆਂ ਪਿਛਲੇ ਵੇਲੇ ਦੀਆਂ ਸੁਆਣੀਆਂ ਦੇ ਸ਼ੌਕ ਅਤੇ ਉਨ੍ਹਾਂ ਦੀ ਵਿਹਲ ਦੇ ਸਦਉਪਯੋਗ ਦੀ ਤਰਜਮਾਨੀ ਕਰਦਿਆਂ ਪੇਂਡੂ ਘਰਾਂ ਵਿੱਚ ਦਲਾਨਾਂ ਤੇ ਬੈਠਕਾਂ ਦੀ ਸ਼ਾਨ ਹੁੰਦੀਆਂ ਸਨ ਪਰ ਅੱਜ ਕਿਸੇ ਘਰ ਵਿੱਚ ਪੱਖੀ ਦਾ ਹੋਣਾ ਤੇ ਘਰ ਤੋਂ ਬਾਹਰਲੇ ਕਿਸੇ ਬੰਦੇ ਨੂੰ ਇਸ ਦਾ ਘਰ ਵਿੱਚ ਦਿਸਣਾ ਆਪਣੀ ਬੇਇੱਜ਼ਤੀ ਕਰਵਾਉਣ ਦੇ ਤੁਲ ਮੰਨਿਆ ਜਾਂਦਾ ਹੈ। ਅੱਜ ਬਦਲਦੇ ਸਮੇਂ ਹਰ ਪੁਰਾਣੀ ਵਸਤੂ ਰੂਪ ਵਟਾ ਕੇ ਨਵੇਂ ਢੰਗ-ਤਰੀਕਿਆਂ ਨਾਲ ਸਮਾਜ ਦੀ ਸੇਵਾ ਕਰ ਰਹੀ ਹੈ। ਸਮੇਂ ਨਾਲ ਸਾਡੀ ਸੋਚ ਤੇ ਜ਼ਰੂਰਤਾਂ ਵੀ ਬਦਲ ਰਹੀਆਂ ਹਨ। ਘਰ ਵਿੱਚ ਪੱਖੀ ਹੋਣਾ ਘਰ ਵਿੱਚ ਜਰਨੇਟਰ ਜਾਂ ਇਨਵਰਟਰ ਦੇ ਨਾ ਹੋਣ ਵੱਲ ਇਸ਼ਾਰਾ ਕਰਦੀ ਹੈ ਜੋ ਬਿਜਲੀ ਗੁੱਲ ਹੋਣ ਦੀ ਸੂਰਤ ਵਿੱਚ ਪੱਖੇ ਚਲਾਈ ਰੱਖਦਾ ਹੈ। ਜੇ ਪੱਖੇ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਵੀ ਚਲਦੇ ਰਹਿਣ ਤਾਂ ਫਿਰ ਪੱਖੀਆਂ ਦੀ ਝੱਲ ਕੌਣ ਮਾਰੇ?
ਅੱਤ ਦੀ ਗਰਮੀ ਵਿੱਚ ਹਰ ਆਮ-ਖਾਸ ਵਿਅਕਤੀ, ਘਰਾਂ ਵਿੱਚ ਘਰ ਦੇ ਸਾਰੇ ਮੈਂਬਰ ਅਤੇ ਸਕੂਲਾਂ ਵਿੱਚ ਅਧਿਆਪਕ ਤੇ ਬੱਚੇ ਅਖ਼ਬਾਰਾਂ ਜਾਂ ਕਿਸੇ ਕਾਪੀ ਦੇ ਗੱਤੇ ਨਾਲ ਝੱਲ ਮਾਰ ਕੇ ਆਪਣੇ-ਆਪ ਨੂੰ ਥੋੜ੍ਹੀ ਬਹੁਤੀ ਹਵਾ ਦੇਣ ਦੀ ਕੋਸ਼ਿਸ਼ ਕਰਦੇ ਆਮ ਹੀ ਨਜ਼ਰ ਆ ਜਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਸੁੰਦਰ ਪੱਖੀਆਂ ਦਾ ਰੂਪ ਵਟਾ ਕੇ ਅਸੀਂ ਉਨ੍ਹਾਂ ਨੂੰ ਅਖ਼ਬਾਰਾਂ ਜਾਂ ਗੱਤਿਆਂ ਵਿੱਚ ਬਦਲ ਦਿੱਤਾ ਹੈ। ਕਿੰਨਾ ਭੱਦਾ ਮਜ਼ਾਕ ਉਡਾਇਆ ਹੈ ਅਸੀਂ ਪੰਜਾਬੀ ਸੱਭਿਆਚਾਰ ਦੀ ਇਸ ਖ਼ੂਬਸੂਰਤ ਨਿਸ਼ਾਨੀ ਦਾ ਤੇ ਫਿਰ ਅਸੀਂ ਆਪ ਹੀ ਰੌਲਾ ਪਾ ਕੇ ਸਭ ਨੂੰ ਦੱਸਦੇ ਹਾਂ, ਪੰਜਾਬੀ ਸੱਭਿਆਚਾਰ ਦੀਆਂ ਨਿਸ਼ਾਨੀਆਂ ਲੁਪਤ ਹੋ ਰਹੀਆਂ ਹਨ। ਆਓ, ਇਨ੍ਹਾਂ ਨੂੰ ਬਚਾਈਏ ਪਰ ਜੇ ਅਸੀਂ ਆਪ ਹੀ ਉਨ੍ਹਾਂ ਨੂੰ ਤਬਾਹ ਕਰਨ ’ਤੇ ਤੁਲੇ ਹਾਂ ਤਾਂ ਉਨ੍ਹਾਂ ਨੂੰ ਬਚਾਏਗਾ ਕੌਣ?
ਉਂਜ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਹਰ ਵਸਤੂ ਇੱਕ-ਇੱਕ ਕਰਕੇ ਘਰਾਂ ਵਿੱਚੋਂ ਤੁਰ ਅਜਾਇਬ ਘਰਾਂ ਵਿੱਚ ਪਹੁੰਚ ਗਈ ਹੈ ਪਰ ਪੱਖੀ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਕੋਲ ਹੀ ਹੈ। ਉਹ ਕਿਧਰੇ ਨਹੀਂ ਗਈ ਬਲਕਿ ਵਧਦੇ ਬਿਜਲੀ ਸੰਕਟ ਤੇ ਅਸਹਿ ਗਰਮੀ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਹੁਣ ਇਸ ਨਵੇਂ ਗੀਤ ਨੂੰ ਪੰਜਾਬੀ ਲੋਕ-ਗੀਤ ਬਣਨ ਨੂੰ ਥੋੜ੍ਹਾ ਹੀ ਸਮਾਂ ਲੱਗਣਾ ਹੈ:
ਵੇ-ਕਿੱਧਰ ਗਈਆਂ ਉਹ ਠੰਢੀਆਂ ਨੁਹਾਰਾਂ,
ਮੱਖੀ-ਮੱਛਰਾਂ ਦੀਆਂ ਹੁਣ ਤਾਂ ਬਹਾਰਾਂ,
ਕੰਤ ਤੇ ਬੱਚੜੇ ਸੌਂ ਰਹੇ,
ਵਿੱਚ ਗਰਮੀ ਦੀਆਂ ਮਾਰਾਂ,
ਵੇ-ਸਾਰੀ ਸਾਰੀ ਰਾਤ ਮੈਂ,
ਝੱਲ ਪੱਖੀ ਦੀ ਮਾਰਾਂ।

No comments:
Post a Comment