ਤਬਦੀਲੀ ਕੁਦਰਤ ਦਾ ਨਿਯਮ ਹੈ। ਸਮੇਂ ਦੇ ਨਾਲ-ਨਾਲ ਹਰ ਖੇਤਰ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਵਿਆਹ ਦੇ ਢੰਗ-ਤਰੀਕਿਆਂ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਆਈ। ਪੰਜਾਬੀ ਵਿਆਹਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ। ਇਸ ਦਾ ਕਾਰਨ ਆਵਾਜਾਈ ਦੇ ਸਾਧਨ, ਵਿਗਿਆਨਕ ਤਰੱਕੀ, ਸਮੇਂ ਦੀ ਘਾਟ ਆਦਿ ਹਨ।
ਪਹਿਲਾਂ ਲੋਕਾਂ ਦਾ ਸਮਾਜਿਕ ਦਾਇਰਾ ਬਹੁਤ ਘੱਟ ਹੁੰਦਾ ਸੀ। ਬਹੁਤ ਘੱਟ ਵਿਆਹ-ਸ਼ਾਦੀ ਵੇਖਣ ਦੇ ਮੌਕੇ ਮਿਲਦੇ ਸਨ। ਅੱਜ ਇਹ ਦਾਇਰਾ ਬਹੁਤ ਵਿਸ਼ਾਲ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਵਿੱਚ ਵਿਆਹਾਂ ਦਾ ਚਾਅ ਵੀ ਘੱਟ ਰਿਹਾ ਹੈ। ਪਹਿਲਾਂ ਜਿਸ ਦਿਨ ਮੁੰਡੇ ਦਾ ਵਿਆਹ ਰੱਖਿਆ ਜਾਂਦਾ, ਉਸ ਦਿਨ ਤੋਂ ਹੀ ਬਾਰਾਤ ਦੀ ਤਿਆਰੀ ਆਰੰਭ ਹੋ ਜਾਂਦੀ। ਮੁੰਡੇ ਵਾਲਾ ਪਰਿਵਾਰ ਬਾਰਾਤ ਲਿਜਾਣ ਲਈ ਬੰਦਿਆਂ ਦੀ ਗਿਣਤੀ ਕਰਦਾ ਕਿ ਕਿਸ ਨੂੰ ਅਤੇ ਕਿੰਨੇ ਬੰਦੇ ਬਾਰਾਤ ਲਿਜਾਣੇ ਹਨ। ਜਦ ਪੱਕੀ ਸਲਾਹ ਬਣ ਜਾਂਦੀ ਤਾਂ ਕੁੜੀ ਵਾਲਿਆਂ ਨੂੰ ਦੱਸ ਦਿੱਤਾ ਜਾਂਦਾ ਕਿ ਸਾਡੇ ਏਨੇ ਬੰਦੇ ਬਾਰਾਤ ਦੇ ਆਉਣਗੇ। ਰਿਸ਼ਤੇਦਾਰੀਆਂ ਵਿੱਚ ਲਾਗੀ ਹੱਥ ਜਾਂ ਆਪ ਜਾ ਕੇ ਗੰਢਾਂ ਦਿੱਤੀਆਂ ਜਾਂਦੀਆਂ ਕਿ ਭਾਈ ਦੇਸੀ ਮਹੀਨਾ ਐਨੇ ਦਾ ਵਿਆਹ ਹੈ।
ਪਿੰਡ ਵਿੱਚ ਸ਼ਰੀਕੇ-ਕਬੀਲੇ ਅਤੇ ਲਿਹਾਜ਼ ਵਾਲੇ ਘਰਾਂ ਵਿੱਚ ਵੀ ਪਹਿਲਾਂ ਹੀ ਸੱਦਾ ਦੇ ਦਿੱਤਾ ਜਾਂਦਾ ਕਿ ਭਾਈ ਜੰਞ ਜਾਣ ਲਈ ਇੱਕ ਬੰਦਾ ਤਿਆਰ ਰਹੇ, ਆਪਣੇ ਕੱਪੜੇ ਵਗੈਰਾ ਸਿਵਾ ਲਵੇ। ਜਿਸ ਨੂੰ ਬਾਰਾਤ ਜਾਣ ਦਾ ਕਿਹਾ ਹੁੰਦਾ, ਆਪਣੀ ਤਿਆਰੀ ਸ਼ੁਰੂ ਕਰ ਦਿੰਦੇ। ਜੇ ਕਿਸੇ ਸਾਂਝੇ ਪਰਿਵਾਰ ਵਿੱਚ 4-5 ਪੁਰਸ਼ ਮੈਂਬਰ ਹੁੰਦੇ ਤਾਂ ਘਰ ਦਾ ਬਜ਼ੁਰਗ ਦੱਸਦਾ ਕਿ ਬਾਰਾਤ ਕੌਣ ਜਾਵੇਗਾ। ਪਹਿਲਾਂ ਬਾਰਾਤ ਸਿਰਫ਼ ਮਰਦ ਮੈਂਬਰ ਹੀ ਜਾਂਦੇ ਸਨ, ਖਾਸ ਕਰਕੇ ਮਾਲਵੇ ਵਿੱਚ। ਮਾਝੇ ਦੇ ਇਲਾਕੇ ਵਿੱਚ ਕਈ ਥਾਈਂ ਔਰਤਾਂ ਬਾਰਾਤ ਜਾਂਦੀਆਂ ਸਨ ਪਰ ਅੱਜ-ਕੱਲ੍ਹ ਵਾਂਗ ਸਾਰਾ-ਸਾਰਾ ਪਰਿਵਾਰ ਬਾਰਾਤ ਨਹੀਂ ਜਾਂਦੇ ਸਨ।
ਵਿਆਹ ਤੋਂ ਇੱਕ ਦਿਨ ਪਹਿਲਾਂ ਲਾਗੀ ਭੇਜ ਕੇ ਸਭ ਨੂੰ ਯਾਦ ਕਰਵਾਇਆ ਜਾਂਦਾ ਕਿ ਠੀਕ ਸਮੇਂ ’ਤੇ ਬਾਰਾਤ ਲਈ ਤਿਆਰ ਹੋ ਕੇ ਪਹੁੰਚ ਜਾਣਾ। ਸਵੇਰੇ ਮੁੰਡੇ ਦੇ ਸਿਹਰੇ ਗਾਨਾ ਆਦਿ ਬੰਨ੍ਹਣ ਦੀਆਂ ਰਸਮਾਂ ਕਰਨ ਸਮੇਂ ਲਾਗਣ ਸਾਰੇ ਆਂਢ-ਗੁਆਂਢ ਵਿੱਚ ਸੱਦਾ ਦੇ ਕੇ ਆਉਂਦੀ ਕਿ ਆ ਜਾਵੋ, ਬਾਰਾਤ ਚੜ੍ਹਨ ਲੱਗੀ ਐ। ਲਾੜੇ ਦੀਆਂ ਭੈਣਾਂ ਲਾੜੇ ਦੇ ਸਿਹਰਾ ਬੰਨ੍ਹਦੀਆਂ, ਲਾੜੇ ਅਤੇ ਸਿਰਵਾਲ੍ਹੇ ਦੋਵਾਂ ਦੇ ਗਾਨੇ ਬੰਨ੍ਹਦੀਆਂ। ਇਸ ਸਮੇਂ ਲਾੜੇ ਦੀ ਵੱਡੀ ਭਰਜਾਈ ਵੱਲੋਂ ਲਾੜੇ ਅਤੇ ਸਿਰਵਾਲ੍ਹੇ ਦੋਵਾਂ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰਸਮ ਹੁੰਦੀ। ਭਾਬੀ ਸੁਰਮਾ ਪਾਉਂਦੀ ਹੋਈ ਨਾਲ-ਨਾਲ ਦੋਹਾ ਲਾਉਂਦੀ:
ਪਹਿਲੀ ਸਲਾਈ ਰਸ ਭਰੀ ਦਿਉਰਾ,
ਦੂਜੀ ਤਿੱਲੇ ਦੀ ਤਾਰ,
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਵੇ,
ਮੈਂ ਸੱਚ ਆਖਦੀ, ਚਾਰ
ਲਾੜੇ ਦੇ ਤਿਆਰ ਹੋਣ ਤਕ ਸਾਰੇ ਬਾਰਾਤੀ ਵੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲਾੜਾ ਭੈਣਾਂ ਨੂੰ ਸਿਹਰਾ ਬੰਨਾਈ ਅਤੇ ਭਾਬੀ ਨੂੰ ਸੁਰਮਾ ਪਵਾਈ ਦਾ ਲਾਗ ਦਿੰਦਾ ਹੈ। ਇਸ ਸਮੇਂ ਇਕੱਤਰ ਔਰਤਾਂ ਲਾੜੇ ਅਤੇ ਸਿਰਵਾਲ੍ਹੇ ਨੂੰ ਸ਼ਗਨ ਦਿੰਦੀਆਂ ਹਨ। ਗਲੀ-ਗੁਆਂਢ ਦੀਆਂ ਵੀ ਸਾਰੀਆਂ ਕੁੜੀਆਂ-ਬੁੜੀਆਂ ਆ ਜਾਂਦੀਆਂ ਹਨ। ਲਾੜੇ ਅਤੇ ਸਿਰਵਾਲ੍ਹੇ ਦੇ ਸਿਰ ਉੱਪਰ ਫੁਲਕਾਰੀ ਤਾਣ ਕੇ ਜੰਥ ਤੋਰਨ ਦੀ ਰਸਮ ਕੀਤੀ ਜਾਂਦੀ ਹੈ। ਭੈਣਾਂ ਗੀਤ ਗਾਉਂਦੀਆਂ:
ਵੇ ਲਾਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ,
ਤੇਰੇ ਸਿਹਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।
ਵੇ ਲਾਹੌਰੋਂ ਲਲਾਰਨ ਆਈ ਵੀਰਾ,
ਤੇਰਾ ਚੀਰਾ ਰੰਗ ਲਿਆਈ ਵੀਰਾ,
ਤੇਰੇ ਚੀਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।
ਹੌਲੀ-ਹੌਲੀ ਤੁਰਦੀਆਂ ਭੈਣਾਂ ਅਗਲਾ ਗੀਤ ਗਾਉਂਦੀਆਂ:
ਵੇ ਤੂੰ ਕਿਹੜਾ ਵੀਰਾ,
ਘੋੜਾ ਭਜਾਈ ਜਾਨੈ।
ਨੀਂ ਮੈਂ… ਭੈਣੇ,
ਬੰਨੋ ਵਿਆਹਣ ਜਾਨਾਂ।
ਅੱਗੇ-ਅੱਗੇ ਗੀਤ ਗਾਉਂਦੀਆਂ ਹੋਈਆਂ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟਿਕਾਉਣ ਲਈ ਜਾ ਕੇ ਖੜ੍ਹ ਜਾਂਦੀਆਂ। ਕਈ ਥਾਵਾਂ ’ਤੇ ਜੰਡੀ ਵੱਢਣ ਦੀ ਰਸਮ ਵੀ ਕੀਤੀ ਜਾਂਦੀ। ਨਾਲ-ਨਾਲ ਬਾਰਾਤੀ ਇਕੱਠੇ ਹੋ ਕੇ ਸਾਧਨਾਂ ’ਤੇ ਬੈਠਣਾ ਸ਼ੁਰੂ ਕਰ ਦਿੰਦੇ। ਕਈ ਵਾਰ ਕੋਈ ਫੁੱਫੜ, ਮਾਸੜ, ਤਾਇਆ ਜਾਂ ਚਾਚਾ ਰੁੱਸਿਆ ਹੋਇਆ ਹੁੰਦਾ ਤਾਂ ਉਸ ਨੂੰ ਵੀ ਮਨਾ ਕੇ ਬਾਰਾਤ ਲਿਜਾਣਾ ਜ਼ਰੂਰੀ ਹੁੰਦਾ। ਲਾੜੇ ਦਾ ਬਾਪ ਆਪ ਉਸ ਨੂੰ ਮਨਾਉਣ ਲਈ ਜਾਂਦਾ। ਸ਼ਾਇਦ ਇਸੇ ਲਈ ਇਹ ਗੀਤ ਗਾਇਆ ਜਾਂਦਾ-
ਝੱਟ ਠਹਿਰੋ ਵੇ ਵੀਰੋ,
ਬਾਬਲ ਨੂੰ ਆ ਲੈਣ ਦਿਓ
ਝੱਟ ਠਹਿਰੋ…
ਬਾਬਲ ਆ ਨੀਂ ਗਿਆ,
ਹੁਣ ਜੰਞ ਖ਼ੂਬ ਸਜੀ।
ਇਸੇ ਤਰ੍ਹਾਂ ਵਾਰੀ-ਵਾਰੀ ਮਾਸੜ, ਫੁੱਫੜ, ਮਾਮੇ, ਜੀਜੇ ਆਦਿ ਦਾ ਜ਼ਿਕਰ ਕਰਦੀਆਂ ਹੋਈਆਂ ਗੀਤ ਗਾਉਂਦੀਆਂ। ਭੈਣਾਂ ਇਸ ਸਮੇਂ ਆਪਣੇ ਵੀਰ ਦਾ ਰੂਪ ਦੇਖ ਕੇ ਦੋਹੇ ਲਾਉਂਦੀਆਂ:
ਜਿਸ ਦਿਨ ਵੀਰਾ ਤੂੰ ਜਨਮਿਆ,
ਆਪਣੀ ਮਾਂ ਨੇ ਖਾਧਾ ਵੇ,ਸਾਗ,
ਹੋਰਨਾਂ ਦੇ ਮੱਥੇ ਤਿਊੜੀਆਂ,
ਮੇਰੇ ਵੀਰ ਦੇ ਮੱਥੇ,
ਵੇ ਅੰਤੋਂ ਪਿਆਰਿਆਂ ‘ਭਾਗ’
ਜਿਸ ਦਿਨ ਵੀਰਾ ਤੂੰ ਜਨਮਿਆ ਵੀਰਾ
ਆਪਣੀ ਮਾਂ ਨੇ ਖਾਧੀ ਵੇ ਖੰਡ,
ਹੋਰਨਾਂ ਦੇ ਮੱਥੇ ਤਿਊੜੀਆਂ,
ਮੇਰੇ ਵੀਰ ਦੇ ਮੱਥੇ!
ਨੀਂ ਮੈਂ ਸੱਚ ਆਖਦੀ ‘ਚੰਦ’
ਕਿਉਂ ਖੜ੍ਹਾ-ਕਿਉਂ ਖੜ੍ਹਾ ਵੀਰ ਦਿਲਗੀਰ
ਗੱਡਾ ਦੇਣਗੇ ਦਾਜ ਦਾ
ਨਾਲੇ ਮਗਰ ਲਾਉਣਗੇ,
ਅੰਤੋ ਪਿਆਰਿਆ ‘ਹੀਰ’
ਜੁੱਤੀ ਵੀ ਤੇਰੀ ਕੱਢਵੀਂ ਵੀਰਾ
ਕੋਈ ਵਿੱਚ ਤਿੱਲੇ ਦੀ ਵੇ ਤਾਰ,
ਝੁਕ-ਝੁਕ ਵੇਖਣ ਸਾਲੀਆਂ,
ਕੋਈ ਲੁਕ-ਲੁਕ ਵੇਖੂ,
ਵੇ ਅੰਤੋਂ ਪਿਆਰਿਆ ‘ਨਾਰ’
ਇਸ ਸਮੇਂ ਤਕ ਸਾਰੇ ਬਾਰਾਤੀ ਸਾਧਨਾਂ ’ਚ ਬੈਠ ਜਾਂਦੇ। ਮੁੰਡੇ ਦਾ ਬਾਪ ਉਧਰੋਂ ਵਿਹਲਾ ਹੋ ਕੇ ਲਾੜੇ ਵਾਲੀ ਕਾਰ ਜਲਦੀ ਤੋਰਨ ਲਈ ਕਹਿੰਦਾ। ਆਪ ਸਭ ਤੋਂ ਮਗਰੋਂ ਬੈਠਦਾ। ਕੁੜੀਆਂ ਦੂਰ ਤਕ ਜਾਂਦੀਆਂ ਗੱਡੀਆਂ ਦੇਖਦੀਆਂ ਰਹਿੰਦੀਆਂ ਅਤੇ ਮੁੜਦੀਆਂ ਹੋਈਆਂ ਫਿਰ ਗੀਤ ਗਾਉਂਦੀਆਂ ਹੋਈਆਂ ਘਰ ਵਾਪਸ ਆਉਂਦੀਆਂ:
ਜਿੰਨ੍ਹੀ ਰਾਹੀਂ ਮੇਰਾ ਵੀਰਾ ਜੰਞ ਚੜ੍ਹਿਆ,
ਉਨ੍ਹਾਂ ਰਾਹਾਂ ਦਾ ਰੇਤਾ ਖੰਡ ਬਣਿਆ।
ਘਰ ਆ ਕੇ ਗਿੱਧਾ ਪਾਉਂਦੀਆਂ। ਭੈਣਾਂ ਤੋਂ ਚਾਅ ਨਾ ਚੁੱਕਿਆ ਜਾਂਦਾ ਕਿ ਅੱਜ ਉਨ੍ਹਾਂ ਦੇ ਵੀਰ ਦੀ ਖ਼ੂਬ ਸੇਵਾ ਹੋਵੇਗੀ। ਇਸ ਸਬੰਧੀ ਉਹ ਬੋਲੀਆਂ ਪਾਉਂਦੀਆਂ:
ਛੋਲੇ, ਛੋਲੇ ਛੋਲੇ,
ਨੀਂ ਅੱਜ ਮੇਰੇ ਵੀਰੇ ਦੇ,
ਕੌਣ ਬਰਾਬਰ ਬੋਲੇ।
ਨੀਂ ਅੱਜ….
ਥਾਲੀ, ਥਾਲੀ, ਥਾਲੀ,
ਨੀਂ ਅੱਜ ਮੇਰੇ ਵੀਰੇ ਦੀ,
ਭੱਜੀ ਫਿਰੂਗੀ ਸਾਲੀ।
ਨੀਂ ਅੱਜ….
ਛੋਲੇ, ਛੇਲੇ, ਛੋਲੇ,
ਨੀਂ ਅੱਜ ਮੇਰੇ ਵੀਰੇ ਦੇ,
ਸਾਲੇ ਲੱਗਣਗੇ ਗੋਲੇ।
ਨੀਂ ਅੱਜ ਮੇਰੇ ਵੀਰੇ ਦੇ
ਇਸੇ ਤਰ੍ਹਾਂ ਸਾਰਾ ਦਿਨ ਮੇਲ ਵੱਲੋਂ ਗਿੱਧਾ ਪਾਇਆ ਜਾਂਦਾ। ਸਾਧ-ਸਾਧਣੀ ਬਣ ਕੇ ਨਾਨਕਾ ਮੇਲ ਸਾਰਾ ਦਿਨ ਖਰਮਸਤੀ ਕਰਦਾ ਰਹਿੰਦਾ। ਇਸ ਤਰ੍ਹਾਂ ਵਿਆਹ ਵਾਲੇ ਘਰ ਰੌਣਕ ਰਹਿੰਦੀ ਪਰ ਅੱਜ-ਕੱਲ੍ਹ ਜਿਸ ਘਰੋਂ ਬਾਰਾਤ ਗਈ ਹੋਵੇ, ਕਾਂ ਪੈਂਦੇ ਹਨ। ਕਿਸੇ ਬਜ਼ੁਰਗ ਜਾਂ ਕਿਸੇ ਨੂੰ ਆਂਢ-ਗੁਆਂਢ ਵਿੱਚੋਂ ਘਰ ਬਿਠਾ ਕੇ ਬਾਕੀ ਸਭ ਪੈਲੇਸ ਪਹੁੰਚ ਜਾਂਦੇ ਹਨ। ਅੱਜ-ਕੱਲ੍ਹ ਰਿਸ਼ਤੇਦਾਰ ਵੀ ਸਿੱਧਾ ਮੈਰਿਜ ਪੈਲੇਸ ਪਹੁੰਚਣਾ ਚਾਹੁੰਦੇ ਹਨ, ਕਿਸੇ ਕੋਲ ਸਮੇਂ ਦੀ ਘਾਟ ਹੁੰਦੀ ਹੈ ਅਤੇ ਕੋਈ ਆਪਣੇ ਘਰ ਤੋਂ ਹੀ ਤਿਆਰ ਹੋ ਕੇ ਜਾਣਾ ਚਾਹੁੰਦਾ ਹੈ ਪਰ ਨੇੜਲੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੂੰ ਜ਼ਰੂਰ ਵਿਆਹ ਵਾਲੇ ਘਰ ਪਹੁੰਚ ਕੇ ਬਾਰਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀਆਂ ਇਨ੍ਹਾਂ ਰਸਮਾਂ ਨੂੰ ਜਿਉਂਦਾ ਰੱਖ ਸਕੀਏ।

No comments:
Post a Comment