Thursday, 5 September 2013

ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ



ਕਿਸਾਨੀ ਜੀਵਨ ਦੀ ਸਮੁੱਚੀ ਆਰਥਿਕਤਾ ਅਤੇ ਸਮਾਜਿਕਤਾ ਖੇਤੀ ਦੀ ਪੈਦਾਵਾਰ ’ਤੇ ਨਿਰਭਰ ਕਰਦੀ ਹੈ। ਕਿਸਾਨੀ ਨਾਲ ਸਬੰਧਤ ਪਰਿਵਾਰਾਂ ਦੀਆਂ ਲੋੜਾਂ, ਸੱਧਰਾਂ, ਚਾਅ ਸਭ ਕੁਝ ਫ਼ਸਲਾਂ ਦੀ ਪੈਦਾਵਾਰ ਨਾਲ ਜੁੜਿਆ ਹੁੰਦਾ ਹੈ। ਇਸੇ ਲਈ ਕਿਸਾਨੀ ਸੱਭਿਆਚਾਰ ਵਿੱਚ ਫ਼ਸਲਾਂ ਦਾ ਹੋਣਾ, ਬਾਗ਼ਾਂ ਦਾ ਮੌਲਣਾ, ਫੁੱਲ-ਫਲ ਦੇਣਾ ਨੂੰ ਪਰਿਵਾਰ ਰੂਪੀ ਬਾਗ਼ ਦੇ ਵਧਣ ਫੁੱਲਣ ਸਮਾਨ ਹੀ ਸਿਰਜਣਾਤਮਕ ਪ੍ਰਕਿਰਿਆ ਵਜੋਂ ਲਿਆ ਜਾਂਦਾ ਹੈ। ਦੋਵਾਂ ਦੀ ਸਾਂਝ ਕਿਰਤ ਅਤੇ ਪੈਦਾਵਾਰ ਦੀ ਸਾਂਝ ਹੈ। ਦੋਵਾਂ ਨੂੰ ਇੱਕੋ ਜਿਹੀ ਕੁਦਰਤੀ ਮਿਹਰ ਦੀ ਲੋੜ ਹੁੰਦੀ ਹੈ।
ਜਨ-ਜੀਵਨ ਲਈ ਪਾਣੀ ਕੁਦਰਤ ਦੀ ਇੱਕ ਬਹੁਤ ਹੀ ਕੀਮਤੀ ਦਾਤ ਹੈ। ਫ਼ਸਲਾਂ ਤੇ ਬਾਗ਼ਾਂ ਲਈ ਸਭ ਤੋਂ ਵੱਡੀ ਕੁਦਰਤੀ ਬਖਸ਼ਿਸ਼ ਹੈ ਨਿੱਕੀ-ਨਿੱਕੀ ਕਣੀ ਦਾ ਮੀਂਹ। ਨਿੱਕੀ-ਨਿੱਕੀ ਕਣੀ ਦਾ ਮੀਂਹ ਆਮ ਤੌਰ ’ਤੇ ਪੁਰੇ ਦੀ ਹਵਾ ਨਾਲ ਆਉਂਦਾ ਹੈ। ਇਸ ਮੀਂਹ ਨਾਲ ਖੇਤਾਂ ਵਿੱਚ ਮੌਲਿਆ ਘਾਹ, ਬਾਗ਼ਾਂ ’ਤੇ ਆਈ ਬਹਾਰ, ਫ਼ਸਲਾਂ ’ਤੇ ਆਇਆ ਜੋਬਨ ਸਭ ਭੋਇੰ ਕੇਂਦਰਤ ਕਿਸਾਨੀ ਲਈ ਖ਼ੁਸ਼ੀਆਂ ਖੇੜਿਆਂ ਦਾ ਜ਼ਾਮਨ ਹੈ। ਅਸਮਾਨ ’ਤੇ ਉੱਡਦੀਆਂ ਬੱਦਲੀਆਂ ਜਦੋਂ ਕਣੀਆਂ ਦੇ ਰੂਪ ਵਿੱਚ ਵਰ੍ਹਦੀਆਂ ਹਨ ਤਾਂ ਇਹ ਧਰਤੀ ਦੀ ਕੁੱਖ ਨੂੰ ਜੀਵਨ ਦੇ ਪਾਣੀ ਨਾਲ ਭਰ ਦਿੰਦੀਆਂ ਹਨ। ਅੰਬਰੋਂ ਡਿੱਗਦਾ ਇਹ ਨੀਰ ਫ਼ਸਲਾਂ ਲਈ ਖਾਦ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਉੱਪਰ ਨਵਾਂ ਰੂਪ ਤੇ ਨਿਖਾਰ ਪੈਦਾ ਕਰ ਦਿੰਦਾ ਹੈ:
ਬੱਦਲੀਆਂ ਘਿਰ ਘਿਰ ਝੜੀਆਂ ਲਾਈਆਂ,
ਨਦੀਆਂ ਨਿੱਕਲ ਪਹਾੜੋਂ ਆਈਆਂ,
ਧਰਤੀ ਜਲ ਥਲ, ਸੰਵਰੇ ਫੁੱਲ ਫਲ,
ਫ਼ਸਲਾਂ ’ਤੇ ਆ ਗਿਆ ਨਿਖਾਰ।
ਪੰਜਾਬ ਵਿੱਚ ਸਾਉਣ ਦਾ ਮਹੀਨਾ ਮੀਂਹ ਪੈਣ ਦਾ ਮਹੀਨਾ ਗਿਣਿਆ ਗਿਆ ਹੈ। ਹਾੜ੍ਹ ਮਹੀਨੇ ਗਰਮੀ ਆਪਣੇ ਪੂਰੇ ਜੋਬਨ ’ਤੇ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਪਸ਼ੂ ਪੰਛੀ ਤ੍ਰਿਹਾਏ ਮਰਨ ਲੱਗਦੇ ਹਨ। ਜਦੋਂ ਅਸਮਾਨ ’ਤੇ ਘਣਘੋਰ ਘਟਾਵਾਂ ਚੜ੍ਹ ਆਉਂਦੀਆਂ ਹਨ, ਵੈਂਗਣੀ ਰੰਗ ਦੇ ਬੱਦਲਾਂ ਨੂੰ ਵੇਖ ਕੇ, ਗੱਜਣ ਦੀ ਆਵਾਜ਼ ਸੁਣ ਕੇ ਸਭ ਜੀਅ-ਜੰਤ ਖ਼ੁਸ਼ ਹੋ ਜਾਂਦਾ ਹੈ। ਮੋਰ ਵੀ ਖ਼ੁਸ਼ੀ ਨਾਲ ਕੂਕ ਉੱਠਦੇ ਹਨ। ਪਾਣੀ ਦਾ ਭਾਰ ਨਾ ਸਹਾਰਦੇ ਜਦੋਂ ਬੱਦਲ ਵਰ੍ਹਨ ਲੱਗਦੇ ਹਨ ਤਾਂ ਹਰੇਕ ਗਾ ਉੱਠਦਾ ਹੈ:
ਇੰਦਰ ਦੀ ਢੁੱਕ ਬਰਾਤ ਪਈ, ਲਾੜੀ ਏ ਬਣਦੀ ਬਰਸਾਤ ਪਈ,
’ਤੇ ਕਿਣ-ਮਿਣ ਲਾਈ ਕਣੀਆਂ ਨੇ, ਵਾਹ ਸਾਵਣ ਮੌਜਾਂ ਬਣੀਆਂ ਨੇ।
ਬਰਸਾਤ ਹੋਣ ਦੇ ਇਸ ਮਹੀਨੇ ਤੋਂ ਪਹਿਲਾਂ ਹੀ ਕਿਸਾਨ ਮੱਕੀ, ਬਾਜਰਾ, ਗੁਆਰਾ, ਕਪਾਹ, ਝੋਨਾ ਆਦਿ ਫ਼ਸਲਾਂ ਬੀਜ ਹਟਦੇ ਹਨ ਤਾਂ ਜੋ ਫ਼ਸਲਾਂ ਨੂੰ ਵਧਣ-ਫੁੱਲਣ ਦਾ ਪੂਰਾ ਮੌਕਾ ਮਿਲ ਸਕੇ ਪਰ ਜੇ ਕੋਈ ਆਲਸੀ ਕਿਸਾਨ ਇਸ ਸਮੇਂ ਤਕ ਵੀ ਆਪਣੀ ਫ਼ਸਲ ਨਾ ਬੀਜ ਸਕੇ ਤਾਂ ਉਸ ਦੇ ਨਿਕੰਮੇਪਣ ਨੂੰ ਸੰਬੋਧਨ ਕਰਕੇ ਇਸ ਤਰ੍ਹਾਂ ਕਿਹਾ ਜਾਂਦਾ ਹੈ:
ਨਿੱਕੀਆਂ-ਨਿੱਕੀਆਂ ਪੈਣ ਫੁਹਾਰਾਂ
ਧਰਤੀ ਆਈ ਵਿੱਚ ਨਿਖਾਰਾਂ
ਤੂੰ ਨਾ ਵਟੀਆਂ ਵਾਹੀਆਂ ਵੇ,
ਕਾਲੀਆਂ, ਨੀਲੀਆਂ
ਝੂਮ ਘਟਾਵਾਂ ਆਈਆਂ ਵੇ।
ਜਦੋਂ ਬਿਜਲੀ ਦੇ ਲਿਸ਼ਕਾਰੇ, ਬੱਦਲਾਂ ਦੀ ਗੜਗੜਾਹਟ ਅਤੇ ਚੜ੍ਹ ਕੇ ਆਉਂਦੀਆਂ ਕਾਲੀਆਂ ਘਟਾਵਾਂ ਵਰਖਾ ਵਹੁਟੀ ਦੇ ਆਗਮਨ ਦਾ ਸੰਕੇਤ ਦਿੰਦੀਆਂ ਹਨ ਤਾਂ ਸੁਆਣੀਆਂ ਗੁੜ ਘੋਲਣ ਲੱਗ ਜਾਂਦੀਆਂ ਹਨ। ਪੂੜੇ ਪਕਾ ਕੇ ਜਿੱਥੇ ਬੱਚਿਆਂ ਨੂੰ ਖ਼ੁਸ਼ ਕਰਨਾ ਹੁੰਦਾ ਹੈ, ਉੱਥੇ ਵਰਖਾ ਵਹੁਟੀ ਦਾ ਸੁਆਗਤ ਵੀ ਤਾਂ ਕਰਨਾ ਹੁੰਦਾ ਹੈ:
ਕੰਨੀ ਕਣੀਆਂ ਦੇ ਝੁਮਕੇ, ਨੱਕ ਬਿਜਲੀ ਦੀ ਨੱਥ
ਜ਼ੁਲਫਾਂ ਕਾਲੀਆਂ ਤੇ ਸਿਆਹ, ਕਸਤੂਰੀਆਂ ਗਵਾਹ
ਪਈ ਬੱਦਲਾਂ ਦੇ ਡੋਲੇ, ਚੁੱਕੀ ਪੌਣ ਦੇ ਕਹਾਰਾਂ
ਆਈ ਵਰਖਾ ਦੀ ਵਹੁਟੀ।
ਨਿੱਕੀਆਂ-ਨਿੱਕੀਆਂ ਕਣੀਆਂ ਦੀ ਲੱਗੀ ਝੜੀ, ਛੱਪੜਾਂ, ਟੋਭਿਆਂ, ਢਾਬਾਂ ਨੂੰ ਪਾਣੀ ਨਾਲ ਭਰ ਦਿੰਦੀ ਹੈ। ਮੀਂਹ ਦੀਆਂ ਕਣੀਆਂ ਛੱਪੜਾਂ ਉੱਤੇ ਰੰਗ-ਬਰੰਗੇ ਬੁਲਬੁਲਿਆਂ ਨੂੰ ਜਨਮ ਦਿੰਦੀਆਂ ਆਪਣਾ ਖਿਨਭੰਗਰ ਲਈ ਜਲਵਾ ਵਿਖਾ ਕੇ ਛੱਪੜ ਦੇ ਪਾਣੀ ਵਿੱਚ ਲੀਨ ਹੋ ਜਾਂਦੀਆਂ ਹਨ। ਜਿਵੇਂ ਮਨੁੱਖ ਨੂੰ ਕਹਿ ਰਹੀਆਂ ਹੋਣ ਤੁਸੀਂ ਵੀ ਤਾਂ ਸਾਡੇ ਵਾਂਗ ਮਿੱਟੀ ਵਿੱਚ ਹੀ ਲੀਨ ਹੋ ਜਾਣਾ ਹੈ। ਫਿਰ ਲਾਲਚਵੱਸ ਸਾਡੀ ਹੋਂਦ ਨੂੰ ਵੀ ਕਿਉਂ ਖ਼ਤਰਾ ਪੈਦਾ ਕਰ ਰਿਹਾ ਹੈ? ਕੁਦਰਤ ਦੀਆਂ ਦਾਤਾਂ ਨੂੰ ਸੰਭਾਲਦਾ ਹੋਇਆ ਇਨ੍ਹਾਂ ਦੇ ਆਗਮਨ ਦੀ ਖ਼ੁਸ਼ੀ ਮਨਾ:-
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਚੂਲ੍ਹੀਏ ਚੂਲ੍ਹੀਏ ਢਾਬ ਭਰੀ
ਤੇਰਾ ਕਦ ਮੁਕਲਾਵਾ ਭਾਗ ਭਰੀ
ਖੇਤਾਂ ਵਿੱਚ ਭੱਤਾ ਲੈ ਕੇ ਜਾਂਦੀ ਮੁਟਿਆਰ ’ਤੇ ਜਦੋਂ ਇਹ ਕਣੀਆਂ ਵਰ੍ਹਨ ਲੱਗਦੀਆਂ ਹਨ ਤਾਂ ਇਨ੍ਹਾਂ ਨਾਲ ਜੁੜੇ ਆਪਣੇ ਸੁਪਨੇ ਪੂਰੇ ਹੋਣ ਦਾ ਅਹਿਸਾਸ ਉਸ ਨੂੰ ਵੱਖਰੀ ਤਰ੍ਹਾਂ ਦਾ ਆਨੰਦ ਦਿੰਦਾ ਹੈ। ਖੇਤ ਦੂਰ ਹੋਣ ਦਾ, ਵਰ੍ਹੀ ਦੇ ਕੱਪੜੇ ਭਿੱਜ ਜਾਣ ਦਾ ਡਰ ਇਸ ਸਰੂਰ ਅੱਗੇ ਫਿੱਕੇ ਪੈ ਜਾਂਦੇ ਹਨ:
ਪੱਛੋਂ ਦੀਆਂ ਪੈਣ ਕਣੀਆਂ,
ਮੇਰੇ ਭਿੱਜ ਗਏ ਵਰੀ ਦੇ ਲੀੜੇ।
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਮਗਰੋਂ ਪੈਂਦੀ ਭੂਰ
ਰੋਟੀ ਲੈ ਨਿੱਕਲੀ ਖੇਤ ਸੁਣੀਂਦਾ ਦੂਰ।
ਧੀਆਂ-ਪੁੱਤਾਂ ਦੇ ਸ਼ੁਭ ਕਾਰਜ ਕਰਨ ਲਈ ਫ਼ਸਲਾਂ ਤੋਂ ਕਮਾਈ ਆਉਣੀ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੀ ਪਰਿਵਾਰਕ ਖ਼ੁਸ਼ਹਾਲੀ ਦਾ ਰਾਜ ਇਨ੍ਹਾਂ ਫ਼ਸਲਾਂ ਨਾਲ ਹੀ ਜੁੜਿਆ ਹੁੰਦਾ ਹੈ। ਇਨ੍ਹਾਂ ਕਾਰਜਾਂ ਸਮੇਂ ਜੋ ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ, ਉਨ੍ਹਾਂ ਵਿੱਚ ਪਰਿਵਾਰ ਦੇ ਬਾਕੀ ਰਿਸ਼ਤਿਆਂ ਵਾਂਗ ਹੀ ਕਿਸਾਨੀ ਨੂੰ ਜੀਵਨ ਦੇਣ ਵਾਲੇ ਮੀਂਹ ਨੂੰ ਵੀ ਉਸੇ ਤਰ੍ਹਾਂ ਹੀ ਯਾਦ ਕੀਤਾ ਜਾਂਦਾ ਹੈ:
ਨਿੱਕੀ-ਨਿੱਕੀ ਕਣੀ ਨਿੱਕਿਆ (ਵੀਰਾ) ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਨਿੱਕੀ-ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰ੍ਹੇ
ਦੰਮਾਂ ਦੀ ਬੋਰੀ ਤੇਰਾ ਬਾਪ ਫੜੇ
ਨਿੱਕੀ-ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰ੍ਹ੍ਹੇੇ
ਨਿੱਕਿਆਂ ਭਾਈਆਂ ਦੀ ਜੋੜੀ ਤੇਰੇ ਨਾਲ ਖੜੇ
ਨਿੱਕੀ-ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰ੍ਹ੍ਹੇੇ
ਭਾਬੋ ਸੁਹਾਗਣ ਤੈਨੂੰ ਸੁਰਮਾ ਪਾਵੇ
ਭੈਣ ਸਪੁੱਤੀ ਤੇਰੀ ਵਾਗ ਫੜੇ
ਨਿੱਕੀ-ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰ੍ਹ੍ਹੇੇ
ਰੱਤਾ ਰੱਤਾ ਡੋਲਾ ਲੈ ਆ ਵੇ ਘਰੇ।
ਕਿਸਾਨੀ ਜ਼ਿੰਦਗੀ ਵਿੱਚ ਮੀਂਹ ਦੀ ਬਹੁਤ ਮਹੱਤਤਾ ਹੈ। ਜੇ ਕਦੇ ਇੰਦਰ ਦੇਵਤਾ ਨਾਰਾਜ਼ ਹੋ ਜਾਂਦਾ ਹੈ, ਮੀਂਹ ਨਹੀਂ ਪੈਂਦਾ ਤਾਂ ਅਸਮਾਨ ਵੱਲ ਵੇਖਦਿਆਂ ਕਿਸਾਨਾਂ ਦੀਆਂ ਅੱਖਾਂ ਥੱਕ ਜਾਂਦੀਆਂ ਹਨ। ਮੀਂਹ ਬਿਨਾਂ ਫ਼ਸਲਾਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਜਾਂਦੀਆਂ ਹਨ। ਕੁਝ ਦਿਨ ਪਾ ਕੇ ਇਹ ਫ਼ਸਲਾਂ ਬੰਜਰ ਹੋਈ ਧਰਤੀ ਨਾਲੋਂ ਆਪਣਾ ਸੰਗ ਤੋੜ ਕੇ ਕੱਖ-ਕਾਣ ਬਣ ਜਾਂਦੀਆਂ ਹਨ। ਸੁੱਕੀ ਜ਼ਮੀਨ ਨੂੰ ਵਾਹੰੁਦੇ, ਘਾਹ ਤੇ ਹਰੇ ਪੱਠਿਆਂ ਬਿਨਾਂ ਬਲਦ ਹਾਰਨ ਲੱਗਦੇ ਹਨ ਤਾਂ ਉਸ ਸਮੇਂ ਮੀਂਹ ਪਾਉਣ ਲਈ ਅਰਦਾਸ ਕਰਦੀ ਔਰਤ ਦੀ ਮਨੋਸਥਿਤੀ ਨੂੰ ਇੱਕ ਲੋਕ ਗੀਤ ਇਸ ਤਰ੍ਹਾਂ ਪ੍ਰਗਟ ਕਰਦਾ ਹੈ:
ਮੀਂਹ ਨੀਂ ਪੈਂਦਾ, ਕਾਲ ਪੈ ਗਿਆ ਸੁੱਕੀਆਂ ਵਰਾਨ ਜ਼ਮੀਨੀ,
ਤੂੜੀ ਖਾਂਦੇ ਢੱਗੇ ਹਾਰ ਗਏ, ਗੱਭਰੂ ਗਿੱਝ ਗਏ ’ਫ਼ੀਮੀ,
ਨੀਂ ਵਿੱਚ ਵਾਹਣਾਂ ਦੇ ਰੁਲ ਗਿਆ ਭੌਰ ਸ਼ੁਕੀਨੀ।
ਜੇ ਰੱਬਾ ਤੂੰ ਮੀਂਹ ਨਹੀਂ ਪਾਉਣਾ, ਚਾਰ ਕੁ ਪਾ ਦੇ ਕਣੀਆਂ
ਵਿੱਚ ਵੇ ਬਰੇਤੀ ਦੇ ’ਕੱਲੇ ਭੌਰ ਨੂੰ ਬਣੀਆਂ।
ਇੰਦਰ ਦੇਵਤੇ ਨੂੰ ਖ਼ੁਸ਼ ਕਰਨ ਲਈ ਯੱਗ ਕੀਤੇ ਜਾਂਦੇ ਹਨ। ਮੀਂਹ ਲਈ ਅੱਡੀਆਂ-ਗੋਡੇ ਘਸਾਏ ਜਾਂਦੇ ਹਨ। ‘ਰੱਬਾ, ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ’ ਦੇ ਰਾਗ ਅਲਾਪੇ ਜਾਂਦੇ ਹਨ। ਜਦੋਂ ਚੜ੍ਹ-ਚੜ੍ਹ ਆਈਆਂ ਘਟਾਵਾਂ ਬਿਨਾਂ ਵਰ੍ਹੇ ਅੱਗੇ ਲੰਘ ਜਾਂਦੀਆਂ ਹਨ ਤਾਂ ਭੈਣਾਂ ਵੀਰਾਂ ਨੂੰ ਕੁਝ ਪੁੰਨ ਕਰਨ ਲਈ ਕਹਿੰਦੀਆਂ ਹਨ:
ਘਟਾ ਆਣ ਕੇ ਬਨੇਰੇ ਕੋਲੋਂ ਮੁੜ ਗਈ,
ਵੀਰਾ, ਕੁਝ ਪੁੰਨ ਕਰਦੇ।
ਵੀਰ ਮੇਰੇ ਧਰਮੀ ਨੇ,
ਸਣੇ ਬਲਦ ਗੱਡਾ ਪੁੰਨ ਕੀਤਾ।
ਪਾਣੀ ਜਨ-ਜੀਵਨ ਲਈ ਕੁਦਰਤ ਦੀ ਬਖ਼ਸ਼ੀ ਵਡਮੱੁਲੀ ਦਾਤ ਹੈ ਪਰ ਲਗਾਤਾਰ ਵਧ ਰਹੀ ਮੰਗ ਦੇ ਮੁਕਾਬਲੇ ਇਸ ਦੀ ਮਿਕਦਾਰ ਘਟਦੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਧਰਤੀ, ਪਾਣੀ, ਆਕਾਸ਼ ਅਤੇ ਮਹੱਤਵਪੂਰਨ ਸੋਮਿਆਂ ’ਤੇ ਲਾਲਚੀ ਮਨੁੱਖਾਂ ਦਾ ਕਾਬਜ਼ ਹੋਣਾ ਹੈ, ਜੋ ਇਨ੍ਹਾਂ ਨੂੰ ਆਪਣੇ ਮੁਨਾਫ਼ੇ ਲਈ ਵਰਤਦੇ ਹਨ। ਇਨ੍ਹਾਂ ਨੇ ਕੁਦਰਤ ਨਾਲ ਖਿਲਵਾੜ ਕਰਕੇ ਵਾਤਾਵਰਨ ਵਿੱਚ ਵਿਗਾੜ ਪੈਦਾ ਕਰ ਦਿੱਤਾ ਹੈ। ਕਈ-ਕਈ ਦਿਨ ਲੱਗਦੀਆਂ ਝੜੀਆਂ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਦਿਨੋਂ-ਦਿਨ ਵਧ ਰਹੀ ਘਾਤਕ ਗਰਮੀ ਅਤੇ ਪਾਣੀ ਦੇ ਘੱਟ ਰਹੇ ਸਰੋਤ ਸਮੁੱਚੀ ਜੀਵ ਵਿਭਿੰਨਤਾ ਦੇ ਖ਼ਾਤਮੇ ਵੱਲ ਵਧਦੇ ਕਦਮ ਹਨ।
ਜੇ ਅਸੀਂ ਚਾਹੁੰਦੇ ਹਾਂ ਕੁਦਰਤ ਵੱਲੋਂ ਮਿਲੀਆਂ ਦੂਜੀਆਂ ਦਾਤਾਂ ਵਾਂਗ, ਮੀਂਹ ਦੀ ਵਡਮੱੁਲੀ ਦਾਤ ਆਪਣੀਆਂ ਰਹਿਮਤਾਂ ਦੀ ਬਖ਼ਸ਼ਿਸ਼ ਕਰਦੀ ਰਹੇ, ਕਾਲੀਆਂ-ਨੀਲੀਆਂ ਘਟਾਵਾਂ ਚੜ੍ਹ-ਚੜ੍ਹ ਆਉਂਦੀਆਂ ਰਹਿਣ ਤਾਂ ਸਾਨੂੰ ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨ ਵਲ ਕਦਮ ਪੁੱਟਣੇ ਪੈਣਗੇ। ਜਲ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਲਈ ਸਰਕਾਰਾਂ ਨੂੰ ਤਰਕਸੰਗਤ ਪਹੁੰਚ ਅਪਣਾਉਣੀ ਪਵੇਗੀ। ਇਸ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਅਤੇ ਨਾਲ-ਨਾਲ ਜਨ-ਚੇਤਨਾ ਪੈਦਾ ਕਰਨੀ ਹੋਵੇਗੀ। ਧਰਤੀ ਨੂੰ ਹਰੀ-ਭਰੀ ਬਣਾਉਂਦੇ ਇਨ੍ਹਾਂ ਸਰੋਤਾਂ ’ਤੇ ਕਾਬਜ਼ ਕੁਝ ਕੁ ਮੁਨਾਫ਼ੇਖ਼ੋਰਾਂ ਤੋਂ ਇਨ੍ਹਾਂ ਨੂੰ ਮੁਕਤ ਕਰਾਉਣਾ ਹੋਵੇਗਾ। ਜੇ ਅਸੀਂ ਪਾਣੀ ਦੀ ਸੰਭਾਲ ਨਾ ਕਰ ਸਕੇ ਤਾਂ ਇਸ ਧਰਤੀ ’ਤੇ ਵਿਚਰ ਰਹੇ ਸਾਰੇ ਸੰਜੀਵਾਂ ਦੇ ਸਾਹਾਂ ਦੀ ਤੰਦ ਖ਼ਤਮ ਕਰਨ ਦੀ ਜ਼ਿੰਮੇਵਾਰ ਮਨੁੱਖ ਜਾਤੀ ਹੀ ਹੋਵੇਗੀ।
-ਸ਼ਵਿੰਦਰ ਕੌਰ
ਸੰਪਰਕ: 0164-2210744

No comments:

Post a Comment