Thursday, 5 September 2013

ਸਫ਼ਰ ਵਿੱਚ ਗੁਆਚੀਆਂ ਵਿਰਸੇ ਦੀਆਂ ਪੈੜਾਂ



ਘਰੋਂ ਬੇਘਰ ਹੋਏ ਜਦ ਮੇਰੇ ਵਾਰਿਸ
ਤੇ ਨਿਕਲੇ ਨਵੇਂ ਟਿਕਾਣੇ ਲਈ
ਤਾਂ ਮੈਨੂੰ ਰਾਹ ਵਿੱਚ ਹੀ ਛੱਡ ਗਏ
ਕਿਸੇ ਭਾਰੇ ਬੋਝ ਦੀ ਤਰ੍ਹਾਂ
ਪੰਜਾਬੀ ਨਾਚ ਭੰਗੜੇ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਬਲਕਿ ਇਹ ਪੰਜਾਬ ਦੀ ਪਛਾਣ ਬਣ ਚੁੱਕਾ ਹੈ। ਇਸ ਨਾਚ ਨੇ ਆਪਣੇ-ਆਪ ਵਿੱਚ ਆਪਣੇ ਵਿਕਾਸ ਦਾ ਇੱਕ ਲੰਮਾ ਇਤਿਹਾਸ ਸਮੇਟ ਰੱਖਿਆ ਹੈ। ਨੱਚਣਾ ਆਦਿ ਕਾਲ ਤੋਂ ਮਨੁੱਖ ਦੀ ਮੂਲ ਕਲਾ ਰਿਹਾ ਹੈ। ਨੱਚਣ ਦੀ ਕਿਰਿਆ ਨੇ ਮਨੁੱਖ ਦੇ ਸੁਭਾਅ ਤੋਂ ਜਨਮ ਲਿਆ। ਜਦੋਂ ਮਨੁੱਖ ਨੇ ਕੁਦਰਤੀ ਕਰੋਪੀਆਂ ਆਦਿ ਤੋਂ ਬਚਣ ਲਈ ਜਾਂ ਆਪਣੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਨਾਚ-ਕਿਰਿਆ ਦਾ ਸਹਾਰਾ ਲੈਣਾ ਸ਼ੁਰੂ ਕੀਤਾ। ਫਿਰ ਹੌਲੀ-ਹੌਲੀ ਨਾਚ ਕਿਰਿਆ ਨੇ ਮਨੋਰੰਜਨ ਦਾ ਰੂਪ ਧਾਰ ਲਿਆ। ਇਸੇ ਤਰ੍ਹਾਂ ‘ਭੰਗੜੇ’ ਨੇ ਵੀ ਮਨੁੱਖ ਦੀ ਉਸੇ ਪ੍ਰਵਿਰਤੀ ਤੋਂ ਅਜੋਕੀ ‘ਸਟੇਜ’ ਤਕ ਪਹੁੰਚਣ ਦਾ ਸਦੀਆਂ ਲੰਮਾ ਸਫ਼ਰ ਤੈਅ ਕੀਤਾ। ਭੰਗੜਾ ਅੱਜ ਭਾਵੇਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਇਸ ਨੂੰ ਸਟੇਜ ੳੱੁਤੇ ਬੜੇ ਦਿਲਖਿੱਚਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਸ ਨੂੰ ਪੰਜਾਬ ਦਾ ਲੋਕ ਨਾਚ ਕਿਹਾ ਜਾਂਦਾ ਹੈ ਪਰ ਕੀ ਹਕੀਕਤ ਵੀ ਇਹ ਹੀ ਹੈ? ਨਹੀਂ, ਅਜਿਹਾ ਨਹੀਂ ਹੈ। ਭੰਗੜਾ ਸਾਡਾ ‘ਲੋਕ-ਨਾਚ’ ਨਾ ਹੋ ਕੇ ਸਾਡੇ ਵੱਖ-ਵੱਖ ਲੋਕ-ਨਾਚਾਂ ਦਾ ਮਿਸ਼ਰਣ ਹੈ ਤੇ ਉਨ੍ਹਾਂ ਦੀ ਪਰਿਵਰਤਿਤ ਸਟੇਜੀ ਰੂਹ ਹੀ ਭੰਗੜਾ ਹੈ।
ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਟੇਜ ’ਤੇ ਪੇਸ਼ ਕੀਤੇ ਜਾਂਦੇ ਭੰਗੜੇ ਵਿੱਚ ਪੰਜਾਬ ਦੇ ਉਹ ਪੁਰਾਤਨ ਨਾਚ ਰਲਵੇਂ-ਮਿਲਵੇਂ ਢੰਗ ਨਾਲ ਨੱਚੇ ਜਾਂਦੇ ਹਨ ਜੋ ਆਪਣੇ ਮੂਲ ਰੂਪ ਤੇ ਆਪਣੀ ਮੂਲ ਧਾਰਾ ਵਿੱਚ ਲਗਪਗ ਲੋਪ ਹੋ ਚੁੱਕੇ ਹਨ ਅਤੇ ਜੇ ਕੋਈ ਰਹਿੰਦ-ਖੁੂੰਹਦ ਹੈ ਤੇ ਉਹ ਹੈ ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ। ਇਨ੍ਹਾਂ ਨਾਚਾਂ ਵਿੱਚ ਸਿਆਲਕੋਟੀ ਭੰਗੜਾ,ਲੁੱਡੀ,ਝੰੁਮਰ ਅਤੇ ਸੰਮੀ ਆਉਂਦੇ ਹਨ ਜੋ ਵੰਡ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਨੱਚੇ ਜਾਂਦੇ ਸਨ। ਇਹ ਨਾਚ ਕਿਸੇ ਸਟੇਜ ਦੀ ਬੰਦਿਸ਼ ਦੇ ਮੁਥਾਜ ਨਹੀਂ ਸਨ। ਉਦੋਂ ਬਲਕਿ ਪਿੰਡ ਦੇ ਬਾਹਰ ਖੁੱਲ੍ਹੇ ਪਿੜਾਂ, ਮੇਲਿਆਂ ਤੇ ਛਿੰਝਾਂ ਦਾ ਸ਼ਿੰਗਾਰ ਸਨ ਇਹ ਨਾਚ ਪਰ ਅੱਜ ਦੇ ਸਟੇਜੀ ਭੰਗੜੇ ਵਿੱਚ ਇਨ੍ਹਾਂ ਦਾ ਰੂਪ ਪਰਿਵਰਤਨ ਇਸ ਤਰ੍ਹਾਂ ਹੋਇਆ ਕਿ ਇਹ ਹੁਣ ਸੰਪੂਰਨ ਨਾਚ ਨਾ ਰਹਿ ਕੇ ਮਹਿਜ਼ ‘ਭੰਗੜੇ’ ਦੀਆਂ ਚਾਲਾਂ ਤਕ ਸੀਮਤ ਰਹਿ ਗਏ ਜਾਂ ਤਾਂ ਇਨ੍ਹਾਂ ਦੀ ਮੂਲ ਤਾਲ ਨੂੰ ਹੀ ਬਦਲ ਦਿੱਤਾ ਗਿਆ, ਨਹੀਂ ਤਾਂ ਸਟੇਜ ਦੇ ਮੁਤਾਬਕ ਢਾਲਣ ਲਈ ਗਤੀ ਨੂੰ ਤੇਜ਼ ਕਰ ਦਿੱਤਾ ਗਿਆ ਕਿਉਂਕਿ ਇਨ੍ਹਾਂ ਨਾਚਾਂ ਦਾ ਟਿਕਾਅ ਤੇ ਠਰ੍ਹੰਮਾ ਭਰਪੂਰ ਹੋਣਾ ਸਟੇਜ ਦੇ ਭੜਕੀਲੇ,ਤੇਜ਼ ਤੇ ਧਮਕ ਵਾਲੇ ਭੰਗੜੇ ਦੇ ਫਿੱਟ ਨਹੀਂ ਸੀ ਬੈਠਦਾ। ਆਓ, ਇੱਕ ਸੰਖੇਪ ਜਿਹੀ ਝਾਤ ਮਾਰੀਏ ਆਪਣੇ ਇਤਿਹਾਸ ਵਿੱਚ ਅਤੇ ਸਫ਼ਰ ਦੇ ਵਿੱਚ ਗਵਾਚੀ ਜਾਂਦੀਆਂ ਇਨ੍ਹਾਂ ਪੈੜਾਂ ਨੂੰ ਲੱਭਣ ਦਾ ਯਤਨ ਕਰੀਏ।
ਸਿਆਲਕੋਟੀ ਭੰਗੜਾ
ਸਿਆਲਕੋਟੀ ਭੰਗੜੇ ਦਾ ਮੁਹਾਂਦਰਾ, ਜੋਸ਼, ਧਮਕ, ਗਤੀ ਆਦਿ ਬਹੁਤ ਹੱਦ ਤਕ ਅੱਜ ਦੇ ਸਟੇਜੀ ਭੰਗੜੇ ਨਾਲ ਰਲਦਾ-ਮਿਲਦਾ ਹੈ। ਇਹ ਨਾਚ ਪਿੰਡਾਂ ਦੇ ਖੁੱਲ੍ਹੇ ਪਿੜਾਂ ਵਿੱਚ ਨੱਚਿਆ ਜਾਣ ਵਾਲਾ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦਾ ਪ੍ਰਤੀਕ ਹੈ, ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ‘ਸਿਆਲਕੋਟੀ ਭੰਗੜਾ’ ਸਿਆਲਕੋਟ ਖੇਤਰ ਵਿੱਚ ਨੱਚਿਆ ਜਾਂਦਾ ਸੀ। ਇਸ ਨੂੰ ਅੱਜ ਦੇ ਸਟੇਜੀ ਭੰਗੜੇ ਦਾ ਆਧਾਰ ਕਿਹਾ ਜਾ ਸਕਦਾ ਹੈ ਤੇ ਹਾਂ,ਇਸ ਨੂੰ ਅਸਲੀ ਭੰਗੜਾ ਹੀ ਕਿਹਾ ਜਾ ਸਕਦਾ ਹੈ।
ਸਿਆਲਕੋਟੀ ਭੰਗੜਾ ਵਿਸਾਖੀ ਦੇ ਮੌਕੇ ’ਤੇ ਨੱਚਿਆ ਜਾਣ ਵਾਲਾ ਇੱਕ ‘ਫਰੀ ਸਟਾਈਲ’ ਭੰਗੜਾ ਹੈ ਜਿਸ ਦੀਆਂ ਨਾਚ ਮੁਦਰਾਵਾਂ ਵੀ ਖੱੁਲ੍ਹੇ-ਡੱੁਲ੍ਹੇ ਸੁਭਾਅ ਦੀਆਂ ਹਨ। ਇਹ ਨਾਚ ਕਿਸੇ ਕਿਸਮ ਦੀ ਬੰਦਿਸ਼ ਦਾ ਗੁਲਾਮ ਨਹੀਂ ਤੇ ਇਹ ਅੱਥਰੇ ਚਾਵਾਂ ਦਾ ਵੇਗਮਤਾ ਨਾਚ ਹੈ। ਸਿਆਲਕੋਟੀ ਭੰਗੜੇ ਵਿੱਚ ਸ਼ੁਰੂਆਤ ਸਮੇਂ ਪਿੰਡ ਦੇ ਖੁੱਲ੍ਹੇ ਪਿੜ ਵਿੱਚ ਢੋਲੀ ਦੁਆਰਾ ਢੋਲ ’ਤੇ ਵਿਸ਼ੇਸ਼ ਤਰਤੀਬ ਵਿੱਚ ਡੱਗੇ ਮਾਰ ਕੇ ‘ਸੱਦ’ ਪਾਈ ਜਾਂਦੀ ਹੈ ਜਿਸ ਨੂੰ ਸੁਣ ਕੇ ਪਿੰਡ ਦੇ ਚੋਬਰ ਆਪਣਾ ਕੰਮ-ਕਾਰ ਛੱਡ ਕੇ ਉਸ ਖੁੱਲ੍ਹੇ ਪਿੜ ਵਿੱਚ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਹਨ (ਇਹ ਸੱਦ/ਹਾਕ ਅੱਜ ਦੇ ਸਟੇਜੀ ਭੰਗੜੇ ਵਿੱਚ ਵੀ ਇੱਕ ਪਰੰਪਰਾ ਵਜੋਂ ਮੌਜੂਦ ਹੈ)। ਚੋਬਰਾਂ ਦੇ ਪਿੜ ਵਿੱਚ ਪਹੁੰਚਣ ਤਕ ਢੋਲੀ ਉਸੇ ਤਾਲ (ਧਮਾਲ) ਵਿੱਚ ਢੋਲ ਵਜਾਉਂਦਾ ਰਹਿੰਦਾ ਹੈ, ਭਾਂਗੜੀਆਂ ਦੇ ਪਹੁੰਚਣ ਤੋਂ ਬਾਅਦ ਲੰਮੀ ਹੇਕ ਨਾਲ ‘ਢੋਲਾ’(ਪੰਜਾਬੀ ਲੋਕ ਗੀਤ) ਆਰੰਭਿਆ ਜਾਂਦਾ ਹੈ।
ਫੇਰ ਢੋਲੀ ‘ਤੋੜਾ’ ਮਾਰਦਾ ਹੈ ਤੇ ਹਰ ਤੋੜੇ ’ਤੇ ਛਾਲ ਮਾਰਨ ਵਾਲਾ ਭੰਗੜਾ ਆਰੰਭ ਹੁੰਦਾ ਹੈ। ਹਰੇਕ ਛਾਲ ਚਾਰੇ ਦਿਸ਼ਾਵਾਂ ਵਿੱਚ ਘੁੰਮ ਕੇ ਮਾਰੀ ਜਾਂਦੀ ਹੈ। ਇਸ ਐਕਸ਼ਨ ਸਮੇਂ ਇੱਕ ਲੱਤ ਹਵਾ ਵਿੱਚ ਤਾਂ ਦੂਜੀ ਲੱਤ ਦੇ ਭਾਰ ਇਹ ਛਾਲ ਮਾਰੀ ਜਾਂਦੀ ਹੈ। ਇਨ੍ਹਾਂ ਨਾਚ ਮੁਦਰਾਵਾਂ ਵਿੱਚ ਸਰੀਰ ਦੇ ਹਰ ਅੰਗ ਦਾ ਜ਼ੋਰ ਲੱਗਦਾ ਹੈ। ਇਹ ਨਾਚ ਪੱਟਾਂ ਦੇ ਜ਼ੋਰ ’ਤੇ ਨੱਚਿਆ ਜਾਂਦਾ ਤੇ ਇਸ ਲਈ ਨਰੋਏ ਸਰੀਰਾਂ ਦੀ ਲੋੜ ਹੁੰਦੀ ਸੀ। ਮੇਲਿਆਂ ਦੇ ਖਾਸ ਮੌਕੇ ਲਈ ਕਿੰਨਾ-ਕਿੰਨਾ ਚਿਰ ਪਹਿਲਾਂ ਤੋਂ ਬੈਠਕਾਂ ਮਾਰਨ ਦਾ ਅਭਿਆਸ ਸ਼ੁਰੂ ਹੋ ਜਾਂਦਾ, ਜ਼ੋਰ ਮਾਰਿਆ ਜਾਂਦਾ, ਤੇਲ ਮਲਣਾ ਤੇ ਖ਼ੁਰਾਕਾਂ ਖਾਣੀਆਂ ਆਰੰਭ ਹੋ ਜਾਂਦੀਆਂ। ਜਿਵੇਂ ਇਸ ਨਾਚ ਵਿੱਚ ਕੋਈ ਵੀ ਬੰਦਿਸ਼ ਨਹੀਂ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਕਰ ਸਕਦਾ ਹੈ ਪਰ ਇਹ ਢੋਲ ਦੀਆਂ ਨਿਸ਼ਚਿਤ ਚਾਲਾਂ ’ਤੇ ਹੋਵੇ। ਇਹ ਭਰਵੇਂ ਢੰਗ ਤੇ ਧਮਕ ਵਾਲਾ ਨਾਚ ਹੈ। ਵੰਡ ਤੋਂ ਪਹਿਲਾਂ ਇਹ ਨਾਚ ਝਨਾਂ ਪਾਰ ਗੁਜਰਾਤ, ਗੁਜਰਾਂਵਾਲਾ, ਨਾਰੋਵਾਲ ਦਾ ਉੱਪਰਲਾ ਇਲਾਕਾ, ਸਾਰਾ ਸਿਆਲਕੋਟ ਜ਼ਿਲ੍ਹਾ,ਸ਼ੱਕਰਗੜ੍ਹ ਤੇ ਰਾਵੀ ਤੋਂ ਉਰ੍ਹਾਂ ਦੀਨਾਨਗਰ ਤੇ ਗੁਰਦਾਸਪੁਰ ਦੇ ਉਪਰਲੇ (ਰਾਵੀ ਦੇ ਨਾਲ ਲੱਗਦੇ) ਹਿੱਸੇ ਵਿੱਚ ਨੱਚਿਆ ਜਾਂਦਾ ਸੀ।
ਇਹ ਨਾਚ ਰਾਵੀ ਤੇ ਝਨਾਂ ਦੇ ਉਪਜਾਊ ਇਲਾਕੇ ਦਾ ਨਾਚ ਸਭ ਜਾਤੀਆਂ ਤੇ ਧਰਮਾਂ ਦਾ ਸਾਂਝਾ ਨਾਚ ਸੀ। ਅੱਜ ਦੇ ਭੰਗੜੇ ਨੂੰ ਐਨੀ ਦੇਣ ਦੇ ਬਾਵਜੂਦ ਇਹ ਨਾਚ ਖ਼ੁਦ ਇਸ ‘ਸਟੇਜੀ ਭੰਗੜੇ’ ਦਾ ਇੱਕ ਐਕਸ਼ਨ ਬਣ ਕੇ ਰਹਿ ਗਿਆ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਇਸ ਨਾਚ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਤੇ ਅੱਜ ਅਸੀਂ ਇਸ ਨਾਚ ਤੋਂ ਵਾਂਝੇ ਹੋ ਗਏ ਹਾਂ।
ਲੁੱਡੀ
ਮੋਢਿਆਂ ਦੇ ਬਰਾਬਰ ਬਾਹਵਾਂ ਉਲਾਰ ਕੇ, ਬਾਹਾਂ ਨੂੰ ਹੁਲਾਰਾ ਮਾਰ ਕੇ, ਝੁਕ ਕੇ, ਪੱਬਾਂ ਭਾਰ ਹੋ ਕੇ ਅੱਗੇ ਚੱਲਿਆ ਜਾਂਦਾ ਹੈ। ਤਾੜੀ, ਮੋਢਾ ਤੇ ਪੈਰ ਇੱਕੋ ਸਮੇਂ ’ਤੇ ਹਰਕਤ ਕਰਦੇ ਹਨ। ਹੱਥਾਂ ਦੀ ਹਰ ਤਾੜੀ ’ਤੇ ਪੈਰ ਸੱਜੇ ਖੱਬੇ ਬਦਲੇ ਜਾਂਦੇ ਹਨ। ਤਾੜੀ ਨਾਲ ਮੂੰਹ ਨੂੰ ਸੱਜੇ-ਖੱਬੇ ਮੋੜਿਆ ਜਾਂਦਾ ਹੈ। ਤਾੜੀ ਕਦੇ ਉੱਪਰ, ਥੱਲੇ, ਖੱਬੇ ,ਸੱਜੇ ਤੇ ਬਾਹਾਂ ਫੈਲਾ ਕੇ ਦੂਰ ਕਦੇ ਛਾਤੀ ਨਾਲ ਲਿਆ ਕੇ ਮਾਰੀ ਜਾਂਦੀ ਹੈ। ਇਹ ਨਾਚ ਲਚਕ ਤੇ ਅਦਾਵਾਂ ਨਾਲ ਨੱਚਿਆ ਜਾਣ ਵਾਲਾ ਨਸ਼ੀਲਾ ਨਾਚ ਹੈ । ਇਸ ਨਾਚ ਨੂੰ ਨੱਚਣ ਲਈ ਲੱਕ ਤੇ ਮੋਢਿਆਂ ਦੀ ਲਚਕ ਦੀ ਜ਼ਰੂਰਤ ਹੁੰਦੀ ਹੈ ਤੇ ਅੱਖਾਂ ਨਾਲ ਕੀਤੇ ਦਿਲ ਲੁੱਟਵੇਂ ਇਸ਼ਾਰੇ ਇਸ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਹਨ। ਇਸ ਦੀ ਗਤੀ ਹੌਲੀ ਤੇ ਢੋਲ ’ਤੇ ਕਹਿਰਵਾ ਤਾਲ ਵਜਾਈ ਜਾਂਦੀ ਹੈ। ਜੇ ਗੱਲ ਕਰੀਏ ਇਸ ਦੇ ਅੱਜ ਦੇ ਭੰਗੜੇ ਨਾਲ ਸਬੰਧ ਦੀ ਤਾਂ ਇਸ ਦਾ ਹਾਲ ਵੀ ਸਿਆਲਕੋਟੀ ਭੰਗੜੇ ਵਾਲਾ ਹੀ ਹੈ, ਇਹ ਸਿਰਫ਼ ਹੁਣ ਇੱਕ ਐਸੀ ਚਾਲ ਰਹਿ ਗਈ ਹੈ ਜੋ ਭੰਗੜੇ ਦੀ ਨਿਰੰਤਰਤਾ ਸਮੇਂ ਭਾਂਗੜੀਆਂ ਨੂੰ ਸਾਹ ਦਿਵਾਉਣ ਲਈ ਵਰਤੀ ਜਾਂਦੀ ਹੈ ਪਰ ਫਿਰ ਵੀ ਇਸ ਨੂੰ ਇਸ ਦੇ ਮੂਲ ਰੂਪ ਤੋਂ ਬਦਲ ਕੇ ਹੀ ਪੇਸ਼ ਕੀਤਾ ਜਾਂਦਾ ਹੈ ਭਾਵ ਇਹਦੀ ਤਾਲ ਨੂੰ ਦੋ-ਗੁਣੀ ਕਰਕੇ ਅੱਠ ਮਾਤਰਾਂ ਦੀ ਵਜਾਇਆ ਜਾਂਦਾ ਹੈ। ਇਹ ਨਾਚ ਵੀ ‘ਸਿਆਲਕੋਟੀ  ਭੰਗੜੇ’ ਵਾਂਗੂੰ ਖੁੱਲ੍ਹੇ ਪਿੜਾਂ ਵਿੱਚ ਨੱਚਿਆ ਜਾਂਦਾ ਸੀ। ਇਹ ਗੋਲ ਦਾਇਰੇ ਜਾਂ ਜੋੜੀਆਂ ਬਣਾ ਕੇ ਨੱਚਿਆ ਜਾਂਦਾ ਸੀ। ਇਹ ਮਿਠਾਸ, ਧੀਮਾਪਣ ਤੇ ਨਜ਼ਾਕਤ ਭਰਪੂਰ ਨਾਚ ਹੈ। ਵੰਡ ਤੋਂ ਪਹਿਲਾਂ ਇਹ ਨਾਚ ਪੋਠੋਹਾਰ ਦੇ ਖੇਤਰ,ਜਿਹਲਮ,ਗੱੁਜਰਾਂਵਾਲੇ ਦੇ ਕੁਝ ਭਾਗ ਤੇ ਸਿਆਲਕੋਟ ਦੇ ਉੱਪਰਲੇ ਭਾਗ ਵਿੱਚ ਨੱਚਿਆ ਜਾਂਦਾ ਸੀ। ਇਸ ਖੇਤਰ ਵਿੱਚ ਸ਼ਾਹੀਵਾਲ ਭੇਰਾ, ਚਕਵਾਲ, ਸਰਗੋਧਾ,ਗੁਜਰਾਤ ਦਾ ਉੱਪਰਲਾ ਭਾਗ ਆਦਿ ਦੇ ਇਲਾਕੇ ਸਨ। ਵੰਡ ਤੋਂ ਬਾਅਦ ਇਧਰਲੇ ਪੰਜਾਬ ਵਿੱਚ ਇਸ ਦੀ ਸਭ ਤੋਂ ਵੱਡੀ ਖ਼ੂਬੀ ਹੀ ਇਸ ਦੇ ਲੋਕਪ੍ਰਿਯ ਨਾ ਹੋ ਸਕਣ ਦਾ ਕਾਰਨ ਬਣ ਗਈ। ਉਹ ਸੀ ਇਸ ਵਿੱਚ ਤਾੜੀ ਦਾ ਇਸਤੇਮਾਲ ਹੋਣਾ ਕਿਉਂਕਿ ਏਧਰਲੇ ਪੰਜਾਬ ਵਿੱਚ ਤਾੜੀ ਵਾਲੇ ਨਾਚ ਨੂੰ ਜ਼ਨਾਨਾ ਨਾਚ ਮੰਨਿਆ ਗਿਆ ਤੇ ਲੁੱਡੀ ਨੂੰ ਉਹ ਪਿਆਰ ਨਾ ਮਿਲਿਆ ਤੇ ਇਹ ਨਾਚ ਏਧਰੋਂ ਲੋਪ ਹੋ ਗਿਆ ਤੇ ਸਮੇਂ ਦੇ ਹਨੇਰਿਆਂ ਵਿੱਚ ਗੁਆਚ ਗਿਆ।
ਝੰੁਮਰ
ਇਤਿਹਾਸ ਦੀਆਂ ਪੈੜਾਂ ਵਿੱਚ ਆਪਣੀ ਸੰਪੂਰਨਤਾ ਗਵਾ ਚੁੱਕਿਆ ‘ਝੰੁਮਰ’ ਪੰਜਾਬ ਦਾ ਇੱਕ ਹੋਰ ਨਾਚ ਹੈ। ਕਦੀ ਜੰਗਲਾਂ-ਬੇਲਿਆਂ ਬਾਰਾਂ ਨੂੰ ਅਬਾਦ ਕਰਨ ਵਾਲੇ ਮਿਹਨਤੀ ਲੋਕਾਂ ਦੀ ਜਿੰਦ ਜਾਨ ਰਿਹਾ ਇਹ ਨਾਚ ਅੱਜ ਭੰਗੜੇ ਦੀ ਚਮਕ-ਦਮਕ ਪਿੱਛੇ ਲੋਪ ਹੋ ਗਿਆ ਹੈ ਜਦੋਂਕਿ ਸਟੇਜੀ ਭੰਗੜੇ ਦੇ ਤੀਹ ਤੋਂ ਚਾਲੀ ਫ਼ੀਸਦੀ ਐਕਸ਼ਨ ਝੰੁਮਰ ਦੇ ਹੀ ਹੁੰਦੇ ਹਨ। ਇਸ ਨੂੰ ਵੀ ਪਹਿਲਾਂ ਜ਼ਿਕਰ ਕੀਤੇ ਨਾਚਾਂ ਵਾਂਗ ਤੇਜ਼ ਗਤੀ ਵਿੱਚ ਨੱਚਿਆ ਜਾਂਦਾ ਹੈ ਤੇ ਕੁਝ ਐਕਸ਼ਨ ਧੀਮੀ ਗਤੀ ਵਿੱਚ ਕਰਕੇ ਭਾਂਗੜੀਆਂ ਨੂੰ ਦਮ ਦਿਵਾਇਆ ਜਾਂਦਾ ਹੈ।
ਝੰੁਮਰ ਨਾਚ ਦੀ ਜਨਮ ਭੂਮੀ ਰਾਵੀ ਬਾਰ ਤੇ ਸਾਂਦਲ ਬਾਰ ਦਾ ਇਲਾਕਾ ਰਿਹਾ ਹੈ। ਸਾਂਦਲ ਬਾਰ, ਦਰਿਆ ਰਾਵੀ ਤੇ ਝਨਾਂ ਦੇ ਵਿਚਕਾਰ ਦਾ ਇਲਾਕਾ ਹੈ। ਇਸ ਵਿੱਚ ਸ਼ੇਖਪੁਰਾ, ਮਿੰਟਗੁਮਰੀ, ਝੰਗ ਜ਼ਿਲ੍ਹਿਆਂ ਦੇ ਕੁਝ ਹਿੱਸੇ ਤੇ ਸਾਰਾ ਲਾਇਲਪੁਰ ਆਉਂਦਾ ਹੈ। ਇਹ ਇਨ੍ਹਾਂ ਬਾਰਾਂ ਦੇ ਜਾਂਗਲੀਆਂ ਦੇ ਦਿਲ ਅੰਦਰਲੇ ਪਿਆਰ ਦਾ ਪ੍ਰਤੀਕ ਇੱਕ ਮਰਦਾਵਾਂ ਨਾਚ ਹੈ। ਇਹ ਨਾਚ ਤਾਲ ਦੇ ਧੀਮੇਪਣ ਤੇ ਠਰ੍ਹੰਮੇ ਦੇ ਹਿਸਾਬ ਨਾਲ ਬਹੁਤ ਦਿਲਖਿੱਚਵਾਂ ਹੈ। ਇਸ ਨਾਚ ਵਿੱਚ ਸਾਰੇ ਝੁੰਮਰੀ ਸਮਤੇ ਵਿੱਚ ਨੱਚਦੇ ਹਨ ਭਾਵ ਉਨ੍ਹਾਂ ਦੇ ਐਕਸ਼ਨ ਇਕਸਾਰ ਹੁੰਦੇ ਹਨ। ਉਹ ਦਾਇਰੇ ਵਿੱਚ ਧੀਮੀ ਚਾਲ ’ਚ ਚਲਦੇ ਹਰ ਡੱਗੇ ’ਤੇ, ਇਕੱਠੇ ਝੁਕਦੇ, ਪੱਬ ਮਿਲਾਉਂਦੇ ਹੁਲਾਰਾ ਮਾਰ ਕੇ ਹੱਥ ਹਿਲਾਉਂਦੇ ਤੇ ਬਾਹਾਂ ਲਹਿਰਾਉਂਦੇ ਹਨ। ਖੱਬੇ ਪੈਰ ਨੂੰ ਅੱਗੇ ਕੱਢ ਕੇ, ਝੁਕ ਕੇ,ਬਾਹਾਂ ਅੱਗੇ ਉਲਾਰ ਕੇ ਪੱਬ ਕੋਲ ਲਿਜਾ ਕੇ ਹੁਲਾਰਾ ਮਾਰ ਕੇ ਕਮਰ ਸਿੱਧੀ ਕਰ ਲਈ ਜਾਂਦੀ ਤੇ ਬਾਹਾਂ ਸਿਰ ਦੇ ਉੱਪਰ ਝੱੁਲ ਪੈਂਦੀਆਂ। ਹੱਥ ਸਿਰ ਉੱਪਰ ਝੱੁਲ ਕੇ ਹਿਲਾਏ ਜਾਂਦੇ। ਇਸ ਨਾਚ ਦੀਆਂ ਸ਼ੋਖ ਅਦਾਵਾਂ ਕਿਸੇ ਦਾ ਵੀ ਦਿਲ ਖਿੱਚਣ ਦੇ ਸਮਰੱਥ ਆਪਣੇ-ਆਪ ਵਿੱਚ ਬੇਜੋੜ ਖ਼ੂਬਸੂਰਤੀ ਨਾਲ ਭਰੀਆਂ ਹਨ। ਝੰੁਮਰ ਵਿੱਚ ਬੋਲ ਦਾ ਖਾਸ ਮਹੱਤਵ ਹੈ। ਇਸ ਨਾਚ ਦੀ ਧਰਤੀ ਇਸ਼ਕ ਕਰਨ ਵਾਲਿਆਂ ਦੀ ਧਰਤੀ, ਸੂਰਬੀਰਾਂ ਦੀ ਧਰਤੀ ਹੈ, ਪੀਰਾਂ ਫਕੀਰਾਂ ਦੀ ਛੂਹ ਪ੍ਰਾਪਤ ਹੈ। ਝੰੁਮਰ ਦੇ ਬੋਲਾਂ ਵਿੱਚ ਆਪਣੇ ਇਨ੍ਹਾਂ  ਵਿਰਸੇ ਦੇ ਨਾਇਕਾਂ ਦਾ ਗੁਣ-ਗਾਣ ਹੁੰਦਾ ਰਿਹਾ ਹੈ, ਜਿਵੇਂ:
ਹਿੱਕ ਵਾਰੀ ਵੇਖ ਦੁੱਲਿਆ
ਪਿੰਡੀ ਲੁੱਟ ਲਈ ਜ਼ਾਲਮਾਂ ਤੇਰੀ
ਇਸ ਨਾਚ ਵਿੱਚ ਕਈ ਤਰ੍ਹਾਂ ਦੀਆਂ ਸਾਂਗਾਂ ਵੀ ਧਾਰੀਆਂ ਜਾਂਦੀਆਂ ਸਨ ਜਿਨ੍ਹਾਂ ਵਿੱਚ ਘਰੇਲੂ ਤੇ ਖੇਤੀਬਾੜੀ ਜੀਵਨ ਦੀ ਝਲਕ ਹੁੰਦੀ ਹੈ ਜਿਵੇਂ ਕਣਕ ਬੀਜਣ, ਵਾਹਣ-ਗੁੱਡਣ, ਕੱਟਣ ਅਤੇ ਭੱਤਾ ਲੈ ਕੇ ਜਾਂਦੀ ਸੁਆਣੀ ਦਾ ਸਾਂਗ ਆਦਿ।
ਤੇਰੇ ਹੱਥ ਮਾਹੀ ਵੇ ਗਾਨਾ ਛੋਹਰਾ
ਵੇ ਰਾਵੀ ਵਾਲੜਿਆ ਛੋਹਰਾ
ਤੇਰੇ ਜੁੱਤੀ ਝੂੰਬਰਾਂ ਪਾਈਆਂ ਛੋਹਰਾ
ਵੇ ਰਾਵੀ ਵਾਲੜਿਆ ਛੋਹਰਾ
ਮੈਨੂੰ ਘੜਾ ਚੁਕਾ ਕੇ ਜਾਵੀਂ ਛੋਹਰਾ
ਵੇ ਰਾਵੀ ਵਾਲੜਿਆ ਛੋਹਰਾ
ਤੇਰੇ ਹੱਥ ਮਾਹੀ ਵੇ ਗਾਨਾ ਛੋਹਰਾ
ਵੇ ਰਾਵੀ ਵਾਲੜਿਆ ਛੋਹਰਾ
ਸੰਮੀ
ਇਸ ਨਾਚ ਦਾ ਇਲਾਕਾ ਉਹੀ ਹੈ ਜੋ ਝੰੁਮਰ ਦਾ ਹੈ। ਇਹ ਨਾਚ ਪੇਸ਼ਕਾਰੀ, ਅਦਾਵਾਂ, ਗਤੀ, ਤਾਲ, ਠਰੰ੍ਹਮੇ ਦੇ ਆਧਾਰ ’ਤੇ ਵੀ ਝੰੁਮਰ ਵਰਗਾ ਹੀ ਹੈ ਪਰ ਮੁੱਖ ਫ਼ਰਕ ਇਹ ਹੈ ਕਿ ਜਿੱਥੇ ਝੰੁਮਰ ਮਰਦਾਵਾਂ ਨਾਚ ਹੈ, ਉੱਥੇ ਹੀ ‘ਸੰਮੀ’ ਜ਼ਨਾਨਾ ਨਾਚ ਹੈ। ਬਾਰਾਂ ਦੀਆਂ ਉੱਚੀਆਂ ਲੰਮੀਆਂ ਜਾਂਗਲੀ ਔਰਤਾਂ ਜਦੋਂ ਕੰਨਾਂ ਵਾਲੇ ਬੁੰਦੇ, ਗਲ਼ਾਂ ਵਿੱਚ ਹਾਰ ਤੇ ਹਮੇਲਾਂ ਅਤੇ ਹੱਥਾਂ ਵਿੱਚ ਭਾਰੇ ਕੰਗਣ ਜਾਂ ਚੂੜੀਆਂ, ਅੱਖਾਂ ਵਿੱਚ ਸੁਰਮੇ ਦੀਆਂ ਧਾਰੀਆਂ ਤੇ ਬੁੱਲ੍ਹਾਂ ’ਤੇ ਦੰਦਾਸਾ ਮਲ ਕੇ ਇਹ ਨਾਚ ਨੱਚਦੀਆਂ ਤਾਂ ਹੁਸਨ ਦੀ ਅਲੌਕਿਕ ਝਲਕ ਸਿਰਜਦੀਆਂ ਹਨ।
ਇਸ ਨਾਚ ਦੀਆਂ ਮੂਲ ਅਦਾਵਾਂ ਬਾਹਾਂ ਦੇ ਹੁਲਾਰੇ ਅਤੇ ਲੱਕ ਦੇ ਹੁਲਾਰੇ ਨਾਲ ਸਬੰਧਤ ਹਨ। ਦੋਵੇਂ ਹੱਥ ਫੈਲਾ ਕੇ ਪਾਸਿਆਂ ਤੋਂ ਘੁਮਾ ਕੇ ਛਾਤੀ ਅੱਗੇ ਲਿਆ ਕੇ ਤਾੜੀ ਮਾਰਨੀ ਅਤੇ ਫਿਰ ਸੱਜੀ ਬਾਂਹ ਹੁਲਾਰੇ ਨਾਲ ਉੱਪਰ ਵੱਲ ਲਹਿਰਾਉਣੀ ਅਤੇ ਖੱਬੀ ਬਾਂਹ ਹੇਠਾਂ ਵੱਲ ਲਮਕਾ ਕੇ ਦੋਵਾਂ ਹੱਥਾਂ ਦੀਆਂ ਚੁਟਕੀਆਂ ਮਾਰਨੀਆਂ ‘ਸੰਮੀ’ ਦੀ ਖਾਸ ‘ਅਦਾ’ ਹੈ। ਬਾਹਾਂ ਦੇ ਹੁਲਾਰੇ, ਲੱਕ ਦੀ ਮਟਕ ਅਤੇ ਪੱਬ ਤੇ ਅੱਡੀ ਦੇ ਨਾਲ ਘੇਰੇ ਦੇ ਵਿੱਚ ਅੱਗੇ ਚੱਲਿਆ ਜਾਂਦਾ ਹੈ। ਹਰ ਕਦਮ ਤੇ ਬਾਹਾਂ ਲਹਿਰਦੀਆਂ ਹੋਈਆਂ ਉੱਪਰ, ਹੇਠਾਂ, ਸੱਜੇ, ਖੱਬੇ ਜਾਂਦੀਆਂ ਹਨ। ਕਦਮ, ਤਾੜੀ, ਚੁਟਕੀ ਤੇ ਬੋਲ ਸਮਤਾ ਵਿੱਚ ਹੁੰਦੇ ਹਨ।  ਝੰੁਮਰ ਦੀ ਤਰ੍ਹਾਂ ਇਸ ਵਿੱਚ ਵੀ ਬੋਲ ਖਾਸ ਮਹੱਤਵ ਰੱਖਦੇ ਹਨ। ਇਸ ਵਿੱਚ ਮੁਟਿਆਰਾਂ  ਦੇ ਜੀਵਨ ਨੂੰ ਬੋਲਾਂ ਤੇ ਅੰਗ ਲਹਿਰੀਆਂ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਵੇਂ:
ਚਾ ਕੇ ਘੜੋਟਾ ਲੈ ਚੱਲਿਆ ਵੇ ਪਾਣੀ
ਤੇ ਮੈਂ ਆਪ ਭਰੇਸਾਂ ਪਾਣੀ
ਲੈ ਵੇ ਵੀਰ ਮੈਂ ਭਰਨ ਨਾ ਦੇਸਾਂ
ਬੋਕੇ ਛਿੱਕਦੀ ਨੂੰ ਰਾਤ ਵਿਹਾੜੀ
ਢੋਲਿਆ ਭਰੀ ਵੇ ਪਾਣੀ
ਬੋਕੇ ਛਿੱਕਦੀ ਨੂੰ ਰਾਤ ਵਿਹਾੜੀ
ਢੋਲਿਆ ਭਰੀ ਵੇ ਪਾਣੀ
ਇਹ ਸਾਰੇ ਨਾਚ ਅੱਜ ਲੋਪ ਹੋ ਚੁੱਕੇ ਹਨ। ਕਿਸੇ ਕੋਲ ਨਾ ਇਨ੍ਹਾਂ ਨੂੰ ਨੱਚਣ ਦਾ ਵਕਤ ਹੈ ਤੇ ਨਾ ਹੀ ਵਾਚਣ ਦਾ ਤੇ ਅਜਿਹੇ ਵਿੱਚ ਇਹ ਜਿਉਂਦੇ ਵੀ ਕਿੱਦਾਂ ਰਹਿ ਸਕਦੇ ਹਨ? ਪੰਜਾਬੀਆਂ ਦੇ ਸ਼ਹਿਰੀ ਹੁੰਦੇ ਜਾ ਰਹੇ ਸੁਭਾਅ ਨੇ ਪੰਜਾਬੀਆਂ ਦੇ ਲੋਕ ਨਾਚਾਂ ਨੂੰ ਵੀ ਸ਼ਹਿਰੀ ਬਣਾ ਕੇ ਅੱਠ ਦਸ ਮਿੰਟ ਦੇ ਸਟੇਜ ਦੀ ਤੇਜ਼-ਤਰਾਰ ਤਰਤੀਬ ਵਿੱਚ ਬੰਨ੍ਹ ਦਿੱਤਾ ਤੇ ਨਾਂ ਦਿੱਤਾ ‘ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦਾ ਪ੍ਰਤੀਕ ‘ਲੋਕ ਨਾਚ ਭੰਗੜਾ। ਉਹ ਸ਼ੈਅ ਕਿਵੇਂ ਕਿਸੇ ਦੇ ਖੁੱਲ੍ਹੇ ਸੁਭਾਅ ਦੀ ਪ੍ਰਤੀਕ ਹੋ ਸਕਦੀ ਜੋ ਖ਼ੁਦ ਬੰਧਨਾਂ ’ਚ ਬੱਝੀ ਹੋਈ ਹੈ। ‘ਸਟੇਜੀ ਭੰਗੜਾ’ ਸਾਡਾ ਲੋਕ ਨਾਚ ਨਹੀਂ ਹੈ, ਸਗੋਂ ਸਾਡੇ ਲੋਕ ਨਾਚ ਬਹੁਤ ਪਿੱਛੇ ਰਹਿ ਗਏ ਹਨ। ਵੰਡ ਤੋਂ ਪਹਿਲਾਂ ਪੰਜਾਬ ਵਿੱਚ ਹਰਮਨ-ਪਿਆਰੇ ਰਹੇ ਸਾਡੇ ਇਹ ਲੋਕ ਨਾਚ ਅੱਜ ਇਤਿਹਾਸ ਬਣ ਗਏ ਹਨ।
ਕੀ ਅਸੀਂ ਆਪਣੇ ਇਤਿਹਾਸ ਵਿੱਚ ਝਾਤੀ ਮਾਰ ਕੇ ਵਿੱਚ ਸਫ਼ਰ ਦੇ ਗੁਆਚੀਆਂ ਇਨ੍ਹਾਂ ਪੈੜਾਂ ਨੂੰ ਕਦੇ ਲੱਭ ਵੀ ਸਕਾਂਗੇ!
- ਵਰਿੰਦਰ ਖੁਰਾਣਾ
ਸੰਪਰਕ:94782-58283

No comments:

Post a Comment