Tuesday, 17 September 2013

ਲੰਮੀ ਹੇਕ ਦੀ ਮਲਿਕਾ



ਗੁਰਮੀਤ ਬਾਵਾ
ਅਲਗੋਜ਼ਿਆਂ ਉੱਤੇ ਗਾਉਣ ਵਾਲੀਆਂ ਪੰਜਾਬਣ ਗਾਇਕਾਵਾਂ ਦਾ ਨਾਂ ਲਈਏ ਤਾਂ ਦੋ ਤੋਂ ਅਗਾਂਹ ਗਿਣਤੀ ਹੀ ਨਹੀਂ ਹੁੰਦੀ। ਪਹਿਲਾ ਨਾਂ ਨਰਿੰਦਰ ਬੀਬਾ ਤੇ ਦੂਜਾ ਗੁਰਮੀਤ ਬਾਵਾ ਦਾ। ਨਰਿੰਦਰ ਬੀਬਾ ਗਾ ਕੇ ਜਾ ਚੁੱਕੀ ਹੈ ਤੇ ਗੁਰਮੀਤ ਬਾਵਾ ਸੱਤਰਾਂ ਨੂੰ ਢੁੱਕਣ ਵਾਲੀ ਹੈ ਪਰ ਅੱਜ ਵੀ ਉਸ ਦੀ ਆਵਾਜ਼ ਵਿੱਚ ਜਵਾਨੀ ਵਾਲਾ ਦਮ-ਖ਼ਮ ਹੈ। ਦੁੱਖ ਇਸ ਗੱਲ ਦਾ ਹੈ ਕਿ ਨਾ ਸਾਡੀ ਸਰਕਾਰ ਨੇ ਤੇ ਨਾ ਕਿਸੇ ਸੰਸਥਾ ਨੇ ਉਸ ਦੀ ਵੱਡਮੁੱਲੀ ਵਿਲੱਖਣ ਆਵਾਜ਼ ਅਤੇ ਕਲਾ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਕਸਰ ਹੁੰਦਾ ਹੈ ਕਿ ਅਜਿਹੀਆਂ ਸ਼ਖ਼ਸੀਅਤਾਂ ਦੇ ਤੁਰ ਜਾਣ ਬਾਅਦ ਸਰਕਾਰਾਂ ਅਤੇ ਸੱਭਿਆਚਾਰ ਦੇ ਠੇਕੇਦਾਰ ਅਫ਼ਸੋਸ ਪ੍ਰਗਟ ਕਰਦੇ ਹੋਏ ਵੱਡੇ ਦਮਗਜੇ ਮਾਰਦੇ ਹਨ। ਉਹ ਪਰਪੱਕ ਗਾਇਕਾ ਹੈ। ਦਿੱਲੀ ਵਿੱਚ ਉਸ ਦੀ ਵਿਸ਼ੇਸ਼ ਧਾਂਕ ਹੈ। ਜਿੰਨਾ ਬਾਵਾ ਨੇ ਦਿੱਲੀ ਵਿੱਚ ਗਾਇਆ ਹੈ, ਓਨਾ ਹੋਰ ਕਿਸੇ ਗਾਇਕਾ ਦੇ ਹਿੱਸੇ ਨਹੀਂ ਆਇਆ। ਜਦੋਂ ਬਾਵਾ ਹੱਥ ਉਤਾਂਹ ਵੱਲ ਉਲਾਰ ਕੇ ਕਹਿੰਦੀ ਹੈ:‘‘ਮੇਰੀ ਜੁਗਨੀ ਦੇ ਧਾਗੇ ਬੱਗੇ, ਜੀਹਨੂੰ ਸੱਟ ਇਸ਼ਕ ਦੀ ਲੱਗੇ…’’ ਤਾਂ ਲੋਕ ਸਾਹ ਰੋਕ ਕੇ ਬੈਠ ਜਾਂਦੇ ਹਨ। ਹੇਕ ਲਾਉਂਦਿਆਂ ਜਦੋਂ ਉਹ ਵਾਪਸ ਆਉਂਦੀ ਹੈ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ। ਲੇਖਕ ਨੇ ਉਸ ਦੇ ਦਰਜਨਾਂ ਪ੍ਰੋਗਰਾਮ ਦੇਖੇ ਨੇ। ਉਸ ਕਦੇ ਵੀ ਸਾਊਂਡ ਦੀ ਸ਼ਿਕਾਇਤ ਨਹੀਂ ਕੀਤੀ। ਚਾਹੇ ਸਾਊਂਡ ਮਾੜੀ ਤੋਂ ਮਾੜੀ ਹੋਵੇ, ਉਹ ਵਧੀਆ ਗਾ ਜਾਂਦੀ ਹੈ ਜਦੋਂਕਿ ਸਾਡੇ ਗਾਇਕ ਲੱਖਾਂ ਰੁਪਏ ਲੈ ਕੇ ਗਾਉਂਦੇ ਨੇ ਤੇ ਬਹੁਤਾ ਜ਼ੋਰ ਸਾਊਂਡ ਕੁਆਲਿਟੀ ’ਤੇ ਹੀ ਲਾਉਂਦੇ ਨੇ। ਗੁਰਮੀਤ ਬਾਵਾ ਦੀ ਆਵਾਜ਼ ਵਿੱਚ ਦਮ ਏਨਾ ਹੈ ਕਿ ਉਹ ਬਿਨਾਂ ਮਾਈਕ ਤੋਂ ਵੀ ਪੰਜ ਕੁ ਹਜ਼ਾਰ ਸਰੋਤਿਆਂ ਨੂੰ ਆਪਣੇ ਗੀਤ ਸੁਣਾ ਸਕਦੀ ਹੈ।
ਗੁਰਮੀਤ ਬਾਵਾ ਵਰਤਮਾਨ ਸੰਗੀਤਕ ਸ਼ੋਰ-ਸ਼ਰਾਬੇ ਤੋਂ ਦੂਰ ਹੈ। ਆਮ ਗਾਉਣ ਵਾਲਿਆਂ ਵਾਂਗ ਉਹ ਬਹੁਤੇ ਸਾਜ਼ ਅਤੇ ਸਾਜ਼ੀ ਆਪਣੇ ਨਹੀਂ ਰੱਖਦੀ। ਉਸ ਦੀ ਗਾਇਕੀ ਦਾ ਸਾਥ ਹਾਰਮੋਨੀਅਮ, ਘੜਾ, ਢੋਲਕ, ਚਿਮਟਾ ਅਤੇ ਅਲਗੋਜ਼ੇ ਹੀ ਹੁੰਦੇ ਹਨ। ਉਸ ਦੀ ਆਵਾਜ਼ ਕਦੇ ਵੀ ਸਾਜ਼ਾਂ ਦੇ ਰੌਲ਼ੇ-ਰੱਪੇ ਹੇਠ ਨਹੀਂ ਦਬੀ। ਗੁਰਮੀਤ ਬਾਵਾ ਦੇ ਮੂੰਹ ਵਿੱਚੋਂ ਨਿਕਲਿਆ ਇੱਕ-ਇੱਕ ਸ਼ਬਦ ਧੁਰ ਕਲੇਜੇ ਤਕ ਲਹਿੰਦਾ ਜਾਂਦਾ ਹੈ। ਗੁਰਮੀਤ ਬਾਵਾ ਨੇ ਬੜਾ ਹੀ ਸਾਦਾ ਪਹਿਨਿਆ ਹੈ ਤੇ ਖਾਧਾ ਹੈ। ਪਹਿਰਾਵੇ ਬਾਰੇ ਪੁੱਛਣ ਦੀ ਲੋੜ ਹੀ ਨਹੀਂ ਪਈ। ਉਸ ਨੇ ਆਮ ਗਾਇਕਾਂ ਵਾਂਗ ਭੜਕੀਲੇ ਅਤੇ ਚਮਕਾਂ ਮਾਰਦੇ ਕੱਪੜੇ ਨਹੀਂ ਪਹਿਨੇ। ਸਾਦਾ ਸਲਵਾਰ-ਕਮੀਜ਼ ਅਤੇ ਸਿਰ ’ਤੇ ਪੰਜਾਬੀਅਤ ਦੀ ਪ੍ਰਤੀਕ ਫੁਲਕਾਰੀ ਜਾਂ ਬਾਗ।
ਗੁਰਮੀਤ ਬਾਵਾ ਪੰਜਾਬੀਆਂ ਲਈ ਮਾਣ ਹੈ। ਹੁਣ ਤਕ ਉਹ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਪੰਜਾਬੀ ਗਾਇਕੀ ਦੀ ਨੁਮਾਇੰਦਗੀ ਕਰ ਚੁੱਕੀ ਹੈ। ਲੇਖਕ ਨੂੰ ਉਸ ਦੇ ਘਰ ਕਈ ਵਾਰ ਰਹਿਣ ਦਾ ਅਤੇ ਸੈਂਕੜੇ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਹੈ। ਬਾਵਾ ਦੇ ਹਜ਼ਾਰਾਂ ਸਰੋਤਿਆਂ ਤੋਂ ਉਸ ਦੀ ਪ੍ਰਸ਼ੰਸਾ ਸੁਣੀ ਹੈ। ਟੀ.ਵੀ., ਰੇਡੀਓ ਤੋਂ ਉਸ ਨੂੰ ਅਕਸਰ ਸੁਣਿਆ ਹੈ ਪਰ ਕਦੇ ਵੀ ਉਸ ਨੂੰ ਝੂਠੀ ਸ਼ੋਹਰਤ ਲਈ ਪ੍ਰੈੱਸ ਵਿੱਚ ਆਪਣੇ ਬਾਰੇ ਲਿਖਵਾਉਂਦੇ ਨਹੀਂ ਵੇਖਿਆ। ਵੱਡੇ ਕੱਦ ਦੇ ਕਲਾਕਾਰ ਬਾਰੇ ਲਿਖਣ ਬੈਠਣਾ ਵੀ ਔਖਾ ਲੱਗਦਾ ਹੈ ਕਿਉਂਕਿ ਸ਼ਬਦਾਂ ਵਿੱਚ ਉਸ ਦੀ ਸ਼ਖ਼ਸੀਅਤ ਨੂੰ ਲਪੇਟਿਆ ਨਹੀਂ ਜਾ ਸਕਦਾ।
ਖ਼ੈਰ! ਉਸ ਬਾਰੇ ਹਲਕੀ ਜਿਹੀ ਜਾਣਕਾਰੀ ਇਹ ਹੈ ਕਿ ਗੁਰਮੀਤ ਬਾਵਾ ਦਾ ਜਨਮ 1944 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਠੇ ਵਿੱਚ ਸ੍ਰੀ ਉੱਤਮ ਸਿੰਘ ਦੇ ਘਰ ਮਾਤਾ ਬੀਬੀ ਰਾਮ ਕੌਰ ਦੀ ਕੁੱਖੋਂ ਜੱਟ ਪਰਿਵਾਰ ਵਿੱਚ ਹੋਇਆ ਅਤੇ ਉਨ੍ਹਾਂ ਦੇ ਪਤੀ ਸ੍ਰੀ ਕਿਰਪਾਲ ਸਿੰਘ ਬਾਵਾ 1938 ਵਿੱਚ ਸ੍ਰੀ ਗੁਰਦਿਆਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੀ ਕੁੱਖੋਂ ਜਨਮੇ। ਸ੍ਰੀ ਕਿਰਪਾਲ ਸਿੰਘ ਬਾਵਾ ਦਾ ਪਰਿਵਾਰ ਬੇਦੀ ਖ਼ਾਨਦਾਨ ਨਾਲ ਸਬੰਧ ਰੱਖਦਾ ਹੈ। ਬਾਵਾ ਦੀਆਂ ਤਿੰਨ ਧੀਆਂ ਨੇ ਲਾਚੀ, ਗੋਲਡੀ ਅਤੇ ਸਿਮਰਨ ਪਰ ਤਿੰਨਾਂ ਨੇ ਕਦੇ ਵੀ ਵਪਾਰਕ ਨਜ਼ਰੀਏ ਤੋਂ ਗਾਇਕੀ ਨੂੰ ਨਹੀਂ ਦੇਖਿਆ। ਉਨ੍ਹਾਂ ਸ਼ੌਕੀਆ ਕਾਲਜ ਅਤੇ ਟੀ.ਵੀ., ਰੇਡੀਓ ਲਈ ਹੀ ਗਾਇਆ ਹੈ। ਲਾਚੀ ਸੰਗੀਤ ਦੀ ਲੈਕਚਰਾਰ ਹੈ ਤੇ ਪਤੀ ਐਮ.ਬੀ.ਬੀ. ਐਸ. ਡਾਕਟਰ। ਛੋਟੀਆਂ ਦੋਵੇਂ ਧੀਆਂ ਪੜ੍ਹਾਈ ’ਚ ਸੋਨ ਤਗ਼ਮੇ ਜੇਤੂ ਹਨ ਪਰ ਉਨ੍ਹਾਂ ਦੇ ਨੇੜੇ ਦੀ ਇਹ ਹਵਾ ਨਹੀਂ ਲੰਘੀ, ਜਿਸ ਨੇ ਉਨ੍ਹਾਂ ਅੰਦਰ ਹੰਕਾਰ ਪੈਦਾ ਕਰਨਾ ਸੀ। ਬਾਕੀ ਉਨ੍ਹਾਂ ਬਾਰੇ ਜਾਣਕਾਰੀ ਖ਼ੁਦ ਉਨ੍ਹਾਂ ਦੀ ਜ਼ੁਬਾਨੀ:
ਬਾਵਾ ਜੀ, ਤੁਹਾਡੀ ਲੰਮੀ ਹੇਕ ਦੀ ਹੀ ਚਰਚਾ ਹੈ। ਤੁਹਾਡੀ ਹੇਕ ਦਾ ਸਮਾਂ ਕੀ ਹੈ?
- ਅਕਸਰ 25 ਸੈਕਿੰਡ ਲੰਬੀ, ਪਰ ਮੈਂ ਰੂਸ ਵਿੱਚ 45 ਸੈਕਿੰਡ ਦੀ ਹੇਕ ਲਾਈ ਸੀ। ਉਹੀ ਚਰਚਾ ਦਾ ਵਿਸ਼ਾ ਬਣੀ। ਪ੍ਰੈੱਸ ਵਿੱਚ ਛਪਿਆ ਤੇ ਰਿਕਾਰਡ ਬਣਿਆ। ਬਾਕੀ ਲੰਮੀ ਹੇਕ ਹੀ ਕਾਫ਼ੀ ਨਹੀਂ, ਹੇਕ ਵੀ ਸੁਰੀਲੀ ਹੋਣੀ ਚਾਹੀਦੀ ਹੈ। ਕਈ ਲੰਮੀ ਹੇਕ ਲਾਉਣ ਵਾਸਤੇ ਬੇਸੁਰੇ ਹੋਏ ਫਿਰਦੇ ਨੇ।
ਆਹ ਤੁਸੀਂ ਰੂਸ ਦੀ ਗੱਲ ਕੀਤੀ ਹੈ, ਰੂਸ ਕਦੋਂ ਗਏ ਸੀ?
- 1987 ਵਿੱਚ, ਉੱਥੇ ਇੰਡੀਆ ਫੈਸਟੀਵਲ ਹੋਇਆ ਸੀ। ਉਸ ਵਿੱਚ ਪੰਜਾਬ ਸਰਕਾਰ ਵੱਲੋਂ ਭਾਗ ਲੈਣ ਗਈ ਸਾਂ।
ਉੱਥੇ ਕਿੰਨੇ ਕੁ ਪ੍ਰੋਗਰਾਮ ਹੋਏ?
-ਤਾਸ਼ਕੰਦ, ਮਾਸਕੋ, ਲੈਨਿਨ ਗਰਾਦ, ਇਰੇਵਾਨ ਤੇ ਦੋ-ਚਾਰ ਸ਼ਹਿਰ ਹੋਰ ਸੀ, ਜਿਨ੍ਹਾਂ ਦਾ ਨਾਂ ਯਾਦ ਨਹੀਂ।
ਉੱਥੋਂ ਦੇ ਲੋਕ ਪੰਜਾਬੀ ਗੀਤ ਸੁਣਦੇ ਸਨ?
- ਬੜੇ ਪਿਆਰ ਨਾਲ। ਉਨ੍ਹਾਂ ਖ਼ੂਬ ਆਨੰਦ ਮਾਣਿਆ।
ਹੋਰ ਵੀ ਵਿਦੇਸ਼ ਯਾਤਰਾ ਕੀਤੀ?
- ਹਾਂ, 1988 ਵਿੱਚ ਮੈਂ ਜਪਾਨ ਗਈ ਸਾਂ। ਉੱਥੇ ਵੀ ਭਾਰਤ ਸਰਕਾਰ ਵੱਲੋਂ ਨੁਮਾਇੰਦਗੀ ਕੀਤੀ। ਯੂਰਪ ਵੀ ਸਾਰਾ ਘੁੰਮਿਆ ਹੈ।
ਕਿੰਨੀ ਦੇਰ ਰਹੇ ਜਪਾਨ?
- 40 ਕੁ ਦਿਨ।
ਵਿਦੇਸ਼ੀ ਸਰੋਤੇ ਕਿਵੇਂ ਲੱਗੇ?
- ਵਿਦੇਸ਼ਾਂ ਵਿੱਚ ਕਲਾਕਾਰਾਂ ਦੀ ਬਹੁਤ ਕਦਰ ਹੈ। ਉਹ ਬਹੁਤ ਸਤਿਕਾਰ ਕਰਦੇ ਨੇ ਕਲਾ ਅਤੇ ਕਲਾਕਾਰ ਦਾ।
ਤੁਸੀਂ ਕਿਸ ਤਰ੍ਹਾਂ ਦੇ ਗੀਤ ਗਾਏ ਹਨ?
- ਲੋਕਗੀਤ ਅਤੇ ਗਾਥਾਵਾਂ। ਮੇਰਾ ‘ਮਿਰਜ਼ਾ’ ਅਤੇ ‘ਜੁਗਨੀ’ ਹਿੱਟ ਗੀਤ ਹਨ।
ਉਹ ਗੀਤ ਵੀ ਤੁਹਾਡੇ ਹੀ ਸਨ, ਜਿਨ੍ਹਾਂ ’ਚ ਅਸ਼ਲੀਲ ਸ਼ਬਦਾਵਲੀ ਭਾਰੂ ਸੀ?
- ਹਾਂ, ਉਹ ਵੀ ਇੱਕ ਸਮਾਂ ਸੀ ਪਰ ਬਹੁਤ ਘੱਟ ਸਮਾਂ। ਜਲਦੀ ਹੀ ਮੈਂ ਸੰਭਲ ਗਈ ਪਰ ਮੈਂ ਇਹ ਗੀਤ ਸਟੇਜਾਂ ’ਤੇ ਨਹੀਂ ਗਾਏ।
ਤੁਸੀਂ ਜ਼ਿਆਦਾ ਕਿਹੜੇ ਗੀਤਕਾਰਾਂ ਦੇ ਗੀਤ ਗਾਏ ਹਨ?
- ਨੰਦ ਲਾਲ ਨੂਰਪੁਰੀ, ਬਾਬੂ ਸਿੰਘ ਮਾਨ, ਚਮਨ ਲਾਲ ਸ਼ੁਗਲ ਅਤੇ ਸਾਜਨ ਰਾਏਕੋਟੀ ਦੇ ਗੀਤ ਹੀ ਜ਼ਿਆਦਾ ਗਾਏ ਹਨ।
ਤੁਹਾਡੀਆਂ ਆਡੀਓ ਕੈਸੇਟਾਂ ਮਾਰਕੀਟ ਵਿੱਚ ਕਿਹੜੀਆਂ ਨੇ?
- ਪਹਿਲਾਂ ਰਿਕਾਰਡ ਹੋਏ ਸਨ। ਆਡੀਓ ਦੇ ਰੂਪ ’ਚ ਦੋ-ਤਿੰਨ ਕੈਸੇਟਾਂ ਹੀ ਹਨ।
ਤੁਸੀਂ ਏਨੀ ਲੰਮੀ ਉਮਰ ਵਿੱਚ ਵੀ ਵਧੀਆ ਗਾ ਰਹੇ ਹੋ, ਕਿਵੇਂ?
- ਮੈਂ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦਿੰਦੀ ਹਾਂ। ਮੈਂ ਸ਼ਾਕਾਹਾਰੀ ਹਾਂ। ਜ਼ਿਆਦਾ ਗਰਮ, ਠੰਢੀਆਂ ਅਤੇ ਖੱਟੀਆਂ ਚੀਜ਼ਾਂ ਖਾਣ-ਪੀਣ ਤੋਂ ਪਰਹੇਜ਼ ਕਰਦੀ ਹਾਂ। ਸਭ ਗਲ਼ੇ ਦੇ ਸਹਾਰੇ ਹੀ ਤਾਂ ਹੈ।
ਕਿਰਪਾਲ ਬਾਵਾ ਜੀ ਦਾ ਖਾਣ-ਪੀਣ?
- ਉਨ੍ਹਾਂ ਦੇ ਖਾਣੇ-ਪੀਣੇ ਕਰਕੇ ਹੀ ਗਾਇਕੀ ਗਈ ਹੈ। ਬੜਾ ਸੋਹਣਾ ਗਾਉਂਦੇ ਸਨ। ਉਨ੍ਹਾਂ ਵਰਗੀ ਹੀਰ ਕੋਈ ਹੀ ਗਾ ਸਕਦਾ ਸੀ। ਡਿਊਟ ਮੈਂ ਉਨ੍ਹਾਂ ਨਾਲ ਹੀ ਗਾਉਂਦੀ ਰਹੀ ਹਾਂ। ਰੇਡੀਓ ਦੇ ਵੀ ਹਾਈ ਗਰੇਡ ਦੇ ਕਲਾਕਾਰ ਸਨ। ਉਨ੍ਹਾਂ ਦੀ ਖੁਰਾਕ ਨੇ ਹੀ ਉਨ੍ਹਾਂ ਦੀ ਗਾਇਕੀ ਖੋਹ ਲਈ।
ਵਿਆਹ ਗਾਇਕੀ ਕਰਕੇ ਹੀ ਹੋਇਆ?
- ਹਾਂ, ਅਸੀਂ ਦੋਵੇਂ ਮਾਸਟਰ ਸਾਂ। ਮੈਂ ਜੇ.ਬੀ.ਟੀ. ਅਧਿਆਪਕਾ ਤੇ ਬਾਵਾ ਜੀ ਐਸ.ਐਸ. ਮਾਸਟਰ। ਇਨ੍ਹਾਂ ਨੇ ਮੈਨੂੰ ਗਾਉਂਦੀ ਸੁਣਿਆ ਸੀ, ਜਦੋਂ ਟਰੇਨਿੰਗ ਕਰਦੀ ਸਾਂ। ਬਸ ਇਨ੍ਹਾਂ ਨਾਲ ਨੇੜਤਾ ਹੁੰਦੀ ਗਈ। ਇਹ ਵੀ ਵਧੀਆ ਗਾ ਕੇ ਕਾਲਜ ’ਚ ਧਾਕ ਜਮਾਈ ਫਿਰਦੇ ਸਨ। ਇਹ ਸਾਡਾ ਪਿਆਰ ਵਿਆਹ ਹੀ ਹੈ ਪਰ ਘਰਦਿਆਂ ਦੀ ਮਰਜ਼ੀ ਨਾਲ।
ਨੌਕਰੀ ਕਿੰਨੀ ਦੇਰ ਕੀਤੀ?
ਨੌਕਰੀ 1969 ’ਚ ਛੱਡ ਦਿੱਤੀ ਸੀ। ਵਿਆਹ ਤੋਂ ਬਾਅਦ ਜਦੋਂ ਗਾਇਕੀ ਦੇ ਖੇਤਰ ਵਿੱਚ ਸਫ਼ਲਤਾ ਮਿਲ ਗਈ ਤਾਂ ਅਸੀਂ ਨੌਕਰੀ ਛੱਡ ਦਿੱਤੀ।
ਤੁਹਾਡੇ ਪਰਿਵਾਰ ਵਿੱਚ ਪਹਿਲਾਂ ਵੀ ਗਾਇਕੀ ਸੀ?
- ਬਿਲਕੁਲ ਨਹੀਂ। ਮੈਂ ਡੇਢ ਕੁ ਸਾਲ ਦੀ ਸਾਂ ਜਦੋਂ ਮਾਤਾ ਜੀ ਚਲਾਣਾ ਕਰ ਗਏ। ਬਸ ਪਿਤਾ ਜੀ ਨੇ ਹੀ ਪਾਲ਼ਿਆ ਤੇ ਉਨ੍ਹਾਂ ਦੀ ਰੀਝ ਸੀ ਕਿ ਮੇਰੀ ਧੀ ਕੁਝ ਬਣੇ।
ਗਾਇਕੀ ਦਾ ਵਿਰੋਧ ਵੀ ਹੋਇਆ?
-ਮੇਰੇ ਵੀਰ ਵਿਰੋਧੀ ਸਨ ਤੇ ਉੱਧਰ ਮੇਰੇ ਸਹੁਰਾ ਸਾਹਿਬ ਸ੍ਰੀ ਗੁਰਦਿਆਲ ਸਿੰਘ। ਉਹ ਰਾਜਨੀਤਕ ਬੰਦੇ ਸਨ। 30 ਸਾਲ ਨਗਰਪਾਲਿਕਾ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਰਹੇ। ਉਨ੍ਹਾਂ ਬੜਾ ਬੁਰਾ ਮਨਾਇਆ। ਉਹ ਕਹਿੰਦੇ ਸਨ ਕਿ ਇਹ ਤੁਸੀਂ ਕੀ ਕੰਜਰਖ਼ਾਨਾ ਫੜਿਆ? ਹੌਲੀ-ਹੌਲੀ ਜਦੋਂ ਸਾਡੀ ਗਾਇਕੀ ਚੱਲ ਨਿਕਲੀ, ਚਾਰ ਪੈਸੇ ਕਮਾਉਣ ਲੱਗੇ, ਇੱਜ਼ਤ-ਮਾਣ ਵਧਿਆ ਤਾਂ ਸਾਰਿਆਂ ਦਾ ਵਿਰੋਧ ਖ਼ਤਮ ਹੋਇਆ।
ਬਾਵਾ ਜੀ ਅੱਜ-ਕੱਲ੍ਹ ਕੀ ਕਰਦੇ ਨੇ?
- ਬਸ ਮੇਰੇ ਨਾਲ ਜਾਂਦੇ ਨੇ। ਉਹ ਘੜਾ, ਚਿਮਟਾ ਤੇ ਢੱਡ ਵਜਾ ਲੈਂਦੇ ਨੇ।
ਫ਼ਿਲਮਾਂ ਲਈ ਵੀ ਗਾਇਆ ਹੈ?
- ਹਾਂ, ਕਈ ਪੰਜਾਬੀ ਫ਼ਿਲਮਾਂ ਵਿੱਚ ਗਾ ਚੁੱਕੀ ਹਾਂ, ਜਿਨ੍ਹਾਂ ਵਿੱਚ ‘ਲਾਜੋ’, ‘ਸਰਪੰਚ’, ‘ਬਲਬੀਰੋ ਭਾਬੀ’ ਮੁੱਖ ਹਨ।
ਤੁਹਾਡੇ ਕਿਹੜੇ-ਕਿਹੜੇ ਗੀਤ ਜ਼ਿਆਦਾ ਮਸ਼ਹੂਰ ਰਹੇ ਹਨ?
- ਮਿਰਜ਼ਾ, ਜੁਗਨੀ ਅਤੇ ਕਹਾਰੋ ਡੋਲੀ ਨਾ ਚਾਇਓ।
ਕੋਈ ਇਨਾਮ-ਸਨਮਾਨ ਵੀ ਮਿਲਿਆ?
- ਬਹੁਤ, ਸਨਮਾਨਾਂ ਨਾਲ ਹੀ ਮੇਰਾ ਘਰ ਤੇ ਝੋਲੀ ਭਰੀ ਪਈ ਹੈ। ਇਹ ਸਾਡਾ ਜੋ ਦੇਖ ਰਹੋ ਹੋ ਲੋਕਾਂ ਦਾ ਪਿਆਰ ਤੇ ਸਨਮਾਨ ਹੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਮੈਨੂੰ ਪੂਰੀ ਤਰ੍ਹਾਂ ਨਿਵਾਜਿਆ ਹੈ।
-ਯਾਦਵਿੰਦਰ ਸਿੱਧੂ
*  ਮੋਬਾਈਲ: 098764-72400

No comments:

Post a Comment