Tuesday, 17 September 2013

ਚਾਂਦੀ ਦੀਆਂ ਝਾਂਜਰਾਂ ਕਢਾ ਦੇ ਹਾਣੀਆਂ…



ਔਰਤ ਉਹ ਕਵਿਤਾ ਹੈ ਜਿਸ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੈ। ਉਹ ਇਸੇ ਦੀ ਹੀ ਪਿਆਸੀ ਤੇ ਇਸੇ ਦੀ ਹੀ ਉਪਾਸ਼ਕ ਹੈ। ਇਸੇ ਉਪਾਸ਼ਨਾ ਦੇ ਅਧੀਨ ਉਹ ਸਿਰ ਤੋਂ ਪੈਰਾਂ ਤਕ ਗਹਿਣੇ ਸਜਾਉਂਦੀ ਹੈ। ਜਿੱਥੇ ਸੱਗੀ, ਕਲਿੱਪ, ਟਿੱਕੇ ਸਿਰ ਦੀ ਸ਼ੋਭਾ ਵਧਾਉਂਦੇ ਹਨ, ਉੱਥੇ ਪੈਰਾਂ ਨੂੰ ਵੀ ਗਹਿਣਿਆਂ ਤੋਂ ਵਿਰਵੇ ਨਹੀਂ ਰੱਖਿਆ ਗਿਆ। ਪੈਰੀਂ ਝਾਂਜਰਾਂ, ਬਾਂਕਾਂ, ਪੰਜੇਬਾਂ ਪਹਿਨੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਦੇ ਨਾਂ ਨੇਰਾਂ, ਸ਼ੰਕੁਤਲਾ, ਪਟੜੀਆਂ, ਸਿਕੰਦਰੀਆਂ ਵੀ ਲਏ ਜਾਂਦੇ ਰਹੇ ਹਨ। ਨੇਰਾਂ ਬਿਲਕੁਲ ਇੱਕ ਜ਼ੰਜੀਰ ਵਾਲੀਆਂ ਇੱਕ-ਦੋ ਘੁੰਗਰੂਆਂ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੁੜੀਆਂ ਪਹਿਨਦੀਆਂ ਹਨ। ਇਸ ਤੋਂ ਥੋੜ੍ਹੀਆਂ ਹੋਰ ਭਾਰੀ ਝਾਜਰਾਂ (ਸ਼ੰਕੁਤਲਾ) ਹੁੰਦੀਆਂ ਹਨ। ਲਗਪਗ ਦੋ ਇੰਚ ਚੌੜੀਆਂ ਜ਼ਿਆਦਾ ਘੁੰਗਰੂਆਂ ਵਾਲੀਆਂ ਬਾਕਾਂ ਪੰਜੇਬਾਂ ਤੇ ਪਟੜੀਆਂ ਹੁੰਦੀਆਂ ਹਨ। ਘੁੰਗਰੂਆਂ ਨੂੰ ਬੋਰ ਵੀ ਕਿਹਾ ਜਾਂਦਾ ਹੈ। ਝਾਂਜਰਾਂ ਕਬਜ਼ੇਦਾਰ ਕੁੰਡੇ ਨਾਲ ਬੰਦ ਹੁੰਦੀਆਂ ਹਨ। ਇਹ ਚਾਂਦੀ ਦਾ ਗਹਿਣਾ ਹੁੰਦਾ ਹੈ। ਝਾਂਜਰਾਂ ਦਾ ਸਾਡੇ ਪੰਜਾਬੀ ਜੀਵਨ ਨਾਲ ਬਹੁਤ ਪੀਡਾ ਸਬੰਧ ਹੈ। ਪੰਜਾਬ ਦੇ ਆਮ ਪਿੰਡਾਂ ਵਿੱਚ ਅੱਜ ਵੀ ਮਰਦ ਘਰਵਾਲੀ ਨੂੰ ਝਾਂਜਰਾਂ ਵਾਲੀ ਕਹਿੰਦੇ ਹਨ। ਜਿਵੇਂ ਲੋਕ ਬੋਲੀਆਂ ਵੀ ਇਸ ਤੱਥ ਦੀ ਗਵਾਹੀ ਭਰਦੀਆਂ ਹਨ:
ਦੁੱਧ ਰਿੜਕੇ ਝਾਂਜਰਾਂ ਵਾਲੀ, ਕੈਂਠੇ ਵਾਲਾ  ਧਾਰ ਕੱਢਦਾ।
ਮੇਰੀ ਰੁੱਸਗੀ ਝਾਂਜਰਾਂ ਵਾਲੀ,ਮੇਰੇ ਭਾਅ ਦਾ ਰੱਬ ਰੁੱਸਿਆ।
ਸਹੁਰਿਆਂ ਵੱਲੋਂ ਨੂੰਹ ਨੂੰ ਵਿਆਹ ਵਿੱਚ ਪਾਏ ਜਾਣ ਵਾਲੇ ਸਿਰ ਤੋਂ ਪੈਰਾਂ ਤਕ ਗਿਣਤੀ ਕਰਨ ਵਾਲੇ ਗਹਿਣਿਆਂ ਵਿੱਚ ਚਾਂਦੀ ਦਾ ਇਹ ਗਹਿਣਾ ਜ਼ਰੂਰ ਸ਼ਾਮਲ ਹੁੰਦਾ ਹੈ ਪਰ ਜੇ ਕਿਸੇ ਕੁੜੀ ਨੂੰ ਵਿਆਹ ਵਿੱਚ ਬਰੀ ਦੇ ਨਾਲ ਝਾਂਜਰਾਂ ਨਹੀਂ ਢੋਈਆਂ ਜਾਂਦੀਆਂ ਤਾਂ ਉਸ ਵਿਚਾਰੀ ਨੂੰ ਹਾਣ ਦੀਆਂ ਸਖੀਆਂ ਮਜ਼ਾਕ ਕਰਦੀਆਂ ਕਹਿੰਦੀਆਂ ਨੇ ‘ਅੱਡੀਆਂ ਕੂਚਦੀ ਮਰਗੀ,ਬਾਂਕਾਂ ਨਾ ਜੁੜੀਆਂ’।
ਝਾਂਜਰਾਂ  ਤੋਂ ਸੱਖਣੀ ਸਜ-ਵਿਆਹੀ ਦੀ ਇਹ ਰੀਝ ਹੁੰਦੀ ਹੈ ਕਿ ਉਸ ਨੂੰ ਛੇਤੀ -ਛੇਤੀ ਝਾਂਜਰਾਂ ਬਣਾ ਕੇ ਦਿੱਤੀਆਂ ਜਾਣ। ਇਸ ਰੀਝ ਦੀ ਪੂਰਤੀ ਲਈ ਉਹ ਮਾਹੀਏ ਅੱਗੇ ਅਰਜ਼ੋਈਆਂ ਕਰਦੀ ਹੈ:
ਸਾਡੀ ਇੱਕੋ ਇੱਕ ਰੀਝ ਪੁਗਾ ਦੇ ਹਾਣੀਆਂ,
ਮੈਨੂੰ ਚਾਂਦੀਆਂ ਦੀਆਂ ਝਾਂਜਰਾਂ ਕਢਾ ਦੇ ਹਾਣੀਆਂ।
ਜਦ ਕਦੇ ਉਸ ਦੀ ਰੀਝ ਪੂਰੀ ਹੁੰਦੀ ਹੈ ਤਾਂ ਉਹ ਖ਼ੁਸ਼ੀ ਵਿੱਚ ਖੀਵੀ ਹੋਈ ਗਿੱਧਾ ਪਾਉਣ ਲਈ ਬਿਨ ਪੌੜੀਓਂ ਕੋਠੇ ਜਾ ਚੜ੍ਹਦੀ ਹੈ:
ਮਾਹੀ ਮੇਰੇ ਨੇ ਝਾਂਜਰਾਂ ਭੇਜੀਆਂ, ਮੈਂ ਪਾ ਕੇ ਛਣਕਾਵਾਂ।
ਜੇ ਕੋਠੇ ’ਤੇ ਗਿੱਧਾ ਹੋਵੇ, ਬਿਨ ਪੌੜੀ ਚੜ੍ਹ ਜਾਵਾਂ।
ਝਾਂਜਰਾਂ ਕੇਵਲ ਹਾਰ ਸ਼ਿੰਗਾਰ ਦਾ ਗਹਿਣਾ ਹੀ ਨਹੀਂ ਇਹ ਆਪਣੇ ਛਣਕਾਟੇ ਨਾਲ ਤੋਰ ਨੂੰ ਸੁਰਤਾਲ ਵੀ ਬਖ਼ਸ਼ਦਾ ਹੈ। ਨਵ-ਵਿਆਹੀ ਦੀ ਚਾਲ ਘੁੰਗਰੂਆਂ ਦੀ ਤਾਲ ਨਾਲ ਹੋਰ ਨਸ਼ੀਲੀ ਤੇ ਮਟਕੀਲੀ ਹੋ ਜਾਂਦੀ ਹੈ। ਸੋਹਣੇ ਸੂਟ, ਸਿਰ ਫੁਲਕਾਰੀ ਅਤੇ ਪੈਰੀਂ ਚੀਕੂ-ਚੀਕੂ ਕਰਦੀ ਜੁੱਤੀ ਦੇ ਨਾਲ ਪੰਜਾਬਣ ਦੇ ਪੈਰੀਂ ਜੇ ਪੰਜੇਬਾਂ ਵੀ ਹੋਣ ਤਾਂ ਉਸ ਦੀ ਮਸਤਾਨੀ ਤੋਰ ਆਪ ਮੁਹਾਰੇ ਮੜਕ ਵਾਲੀ ਹੋ ਜਾਂਦੀ ਹੈ। ਝਾਂਜਰਾਂ ਇੱਕ ਸੰਕੇਤਕ ਗਹਿਣੇ ਵਜੋਂ ਵੀ ਜਾਣੀਆਂ ਜਾਂਦੀਆਂ ਹਨ। ਜਿਵੇਂ ਛੋਟੇ ਬੱਚੇ ਦੇ ਲੱਕ ਬੱਧੀ ਤੜਾਗੀ ਦੇ ਘੁੰਗਰੂ ਉਸ ਦੇ ਨੇੜੇ-ਤੇੜੇ ਹੋਣ ਦੀ ਸੂਚਨਾ ਦਿੰਦੇ ਹਨ। ਉਸੇ ਤਰ੍ਹਾਂ ਝਾਂਜਰਾਂ ਵੀ ਨਵਵਿਆਹੀ ਮੁਟਿਆਰ ਦੇ ਅੰਦਰ-ਬਾਹਰ, ਚੁੱਲ੍ਹੇ ਚੌਕੇ ਫਿਰਨ ਦੀ ਗਵਾਹੀ ਭਰਦੀਆਂ ਹਨ ਪਰ ਹੌਲੀ-ਹੌਲੀ ਉਮਰ ਮੁਤਾਬਕ ਝਾਂਜਰਾਂ ਹਲਕੀਆਂ ਹੁੰਦੀਆਂ ਜਾਂਦੀਆਂ ਹਨ ਤੇ ਅੰਤ ਪੈਰੋਂ ਲੱਥ ਜਾਂਦੀਆਂ ਹਨ।
ਗਲੀ -ਗੁਆਂਢੋਂ ਗੁਜ਼ਰਦੀ ਕਿਸੇ ਸਜ-ਵਿਆਹੀ ਦੀ ਖ਼ਬਰਸਾਰ ਇਹ ਝਾਂਜਰਾਂ ਮਿੰਟਾਂ-ਸਕਿੰਟਾਂ ਵਿੱਚ ਦੇ ਜਾਂਦੀਆਂ ਨੇ। ਔਰਤਾਂ ਗਲੀ ਵੱਲ ਵੇਖਦੀਆਂ ਕਹਿੰਦੀਆਂ ਨੇ, ‘‘ਕੁੜੇ ਕਿੰਨ੍ਹਾਂ ਦੀ ਬਹੂ ਲੰਘੀ ਐ ਬਲਾਂ ਛਣਕਾਟਾ ਪੈਂਦੇ।’’ ਇਸੇ ਖ਼ਬਰਸਾਰ ਕਰਕੇ ਝਾਂਜਰਾਂ ਨੂੰ ਲੋਕ ਬੋਲੀਆਂ ਵਿੱਚ ਅੰਗਰੇਜ਼ੀ ਤਾਰ ਕਿਹਾ ਗਿਐ:
ਇਹ ਜੋ ਝਾਂਜਰਾਂ ਤਾਰ ਅੰਗਰੇਜ਼ੀ,ਬਈ ਮਿੰਟਾਂ ’ਚ ਦੇਣ ਖ਼ਬਰਾਂ।
ਜੇ ਕੋਈ ਨਖ਼ਰੋ ਮਖਮਲੀ ਪੈਰੀਂ ਝਾਂਜਰਾਂ ਹੋਣ ਦੇ ਬਾਵਜੂਦ ਪੈਰ ਦੱਬ ਕੇ ਲੰਘ ਜਾਵੇ ਤਾਂ ਉਸ ਦੀਆਂ ਝਾਂਜਰਾਂ ਨੂੰ ਬੇਅਰਥੀਆਂ ਸਮਝਿਆ ਜਾਂਦੈ:
ਪੈਰੀਂ ਝਾਂਜਰਾਂ ਕਾਸ ਨੂੰ ਪਾਈਆਂ, ਨੀਂ ਲੰਘ ਗਈਓਂ ਪੈਰ ਦੱਬ ਕੇ।
ਬਾਂਕਾਂ-ਝਾਂਜਰਾਂ ਤੋਂ ਸੱਖਣੀ ਔਰਤ ਨੂੰ ਜਦ ਕਦੇ ਵਿਆਹ ਮੌਕੇ ਨੱਚਣ ਲਈ ਕਿਹਾ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਹੀਣੀ ਮਹਿਸੂਸ ਕਰਦੀ ਹੈ। ਉਹ ਕਹਿੰਦੀ ਹੈ ਕਿ ਝਾਂਜਰਾਂ ਦੇ ਛਣਕਾਟੇ ਬਿਨਾਂ ਨੱਚਣਾ ਕਿਸ ਕੰਮ ਦਾ। ਆਪਣੇ ਮਾਹੀ ਨੂੰ ਮੁਖ਼ਾਤਬ ਹੁੰਦੀ ਉਹ ਕਹਿੰਦੀ ਹੈ ਕਿ ਜੇ ਮੈਨੂੰ ਨੱਚਦੀ ਵੇਖਣਾ ਹੈ ਤਾਂ ਆਪਣੀ ਭੈਣ ਦੀਆਂ ਬਾਂਕਾਂ ਲੈ ਕੇ ਦੇਵੇ:
ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ, ਬਾਂਕਾਂ ਲਿਆ ਦੇ ਭੈਣ ਦੀਆਂ।
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ।
ਨੱਚਦੀਆਂ ਪੰਜਾਬਣਾਂ ਦੀ ਅੱਡੀ ਦੀ ਧਮਕ ਤੇ ਝਾਂਜਰਾਂ ਦੀ ਛਣਕ ਤਾਂ ਕੁੜੀਆਂ-ਚਿੜੀਆਂ ਦੇ ਮੋਰਾਂ ਵਰਗੇ ਕੰਨ ਦੂਰੋਂ ਹੀ ਸੁਣ ਲੈਂਦੇ ਨੇ, ਗਿੱਧੇ ਵੱਲੋਂ ਆਉਂਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਪੈਰ ਥਿੜਕ ਉੱਠਦੇ ਨੇ ਤੇ ਸਮੁੱਚਾ ਸਰੀਰ ਕਿਸੇ ਸੁਰਤਾਲ ਵਿੱਚ ਝੂਮਣ ਲੱਗ ਜਾਂਦਾ ਹੈ। ਉਹ ਨਾਲ ਦੀਆਂ ਕੁੜੀਆਂ ਨੂੰ ਸੁਚੇਤ ਕਰਦੀਆਂ ਕਹਿੰਦੀਆਂ ਨੇ:
ਅੱਡੀ ਵੱਜੇ ਝਾਂਜਰ ਛਣਕੇ, ਕਿਤੋਂ ਆਈ ਐ ਗਿੱਧੇ ਦੀ ਆਵਾਜ਼ ਕੁੜੀਓ।
ਸਾਡਾ ਚੰਨ ਨਾਲੋਂ, ਚੰਨ ਨਾਲੋਂ ਸੋਹਣਾ ਏ ਪੰਜਾਬ ਕੁੜੀਓ।
ਸਾਵਣ ਮਹੀਨੇ ਜਦ ਕਾਲੀਆਂ ਘਣਘੋਰ ਘਟਾਵਾਂ ਛਾ ਜਾਂਦੀਆਂ ਨੇ, ਜ਼ੋਰੋ-ਜ਼ੋਰ ਮੇਘਲਾ ਵਰ੍ਹਦਾ ਹੈ, ਕੋਇਲਾਂ ਤੇ ਮੋਰ ਮਸਤ ਰਾਗ ਅਲਾਪਦੇ ਨੇ ਤਾਂ ਨਵ-ਵਿਆਹੀਆਂ ਦੇ ਪੈਰੀਂ ਪਾਈਆਂ ਝਾਂਜਰਾਂ ਦੇ ਬੋਲ ਵੀ ਹੋਰ ਤਿੱਖੇ ਹੋ ਜਾਂਦੇ ਨੇ। ਉਹ ਕਹਿ ਉੱਠਦੀਆਂ ਨੇ:
ਸ਼ਾਮ ਘਟਾ ਚੜ੍ਹ ਆਈ ਮੁੰਡਿਆ,
ਬੋਰ ਝਾਂਜਰਾਂ ਦੇ ਪਾਉਂਦੇ ਨੇ ਦੁਹਾਈ ਮੁੰਡਿਆ।
ਤੀਆਂ ਦੇ ਪਿੜ ਵਿੱਚ ਨੱਚਦੀਆਂ ਪੰਜਾਬਣਾਂ ਦੀਆਂ ਪੰਜੇਬਾਂ ਦਾ ਛਣਕਾਟਾ ਤੇ ਬਾਂਕਾਂ ਦੀਆਂ ਦਮਕਾਂ ਮਾਨੋ ਧਰਤ ਅੰਬਰ ਹਿੱਲਾ ਜਾਂਦੀਆਂ ਨੇ। ਇਸੇ ਜੋਸ਼ ਵਿੱਚ ਨੱਚਦੀਆਂ ਕੁੜੀਆਂ ਦੇ ਪੈਰੋਂ ਝਾਂਜਰਾਂ ਲੱਥ ਜਾਂਦੀਆਂ ਨੇ, ਜੋ ਹਾਣ ਦੀਆਂ ਸਖੀਆਂ ਲੱਭ ਕੇ ਦਿੰਦੀਆਂ ਨੇ।
ਤੀਆਂ ਦੇ ਪਿੜ ਵਿੱਚੋਂ ਪੰਜੇਬਾਂ ਦੇ ਘੁੰਗਰੂਆਂ ਅਤੇ ਵੰਗਾਂ ਦੇ ਟੋਟੇ ਮਿਲਣੇ ਕੁੜੀਆਂ-ਚਿੜੀਆਂ ਦੇ ਜ਼ਬਰਦਸਤ ਨਾਚ ਦਾ ਪ੍ਰਗਟਾਵਾ ਹੈ। ਇਨ੍ਹਾਂ ਝਾਂਜਰਾਂ ਦੇ ਛਣਕਾਟੇ ਤਾਂ ਬੇਅੰਤ ਕਵੀ ਲਿਖਾਰੀਆਂ ਦੀ ਕਲਮ ਹਿਲਾ ਗਏ। ਉਨ੍ਹਾਂ ਦੀ ਕਲਮ ਵੀ ਕਿਸੇ ਸੁਰਤਾਲ ਵਿੱਚ ਨੱਚਦੀ ਹੋਈ ਕਾਗ਼ਜ਼ ਦੀ ਹਿੱਕ ’ਤੇ ਛਣਕਾਟੇ ਦੀਆਂ ਪੈੜਾਂ ਉੱਕਰ ਗਈ, ਜਿਨ੍ਹਾਂ ਨੂੰ ਪਿੱਛੋਂ ਸੁਰੀਲੀਆਂ ਸੁਰਾਂ ਨੇ ਗਾ ਕੇ ਛਣਕਾਟਾ ਘਰ-ਘਰ, ਗਲੀ-ਗਲੀ ਪਹੁੰਚਾ ਦਿੱਤਾ। ਕਿਸੇ ਗੋਰੀ ਦੇ ਪੈਰੀਂ ਪਾਈਆਂ ਝਾਂਜਰਾਂ ਤਾਂ ਕਵੀ ਨੰਦ ਲਾਲ ਨੂਰਪੁਰੀ ਵਰਗਿਆਂ ਨੂੰ ਵੀ ਮੱਲੋ-ਮੱਲੀ ਬੁਲਾ ਗਈਆਂ:
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ,
ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ।
ਗਾਉਣ ਵਾਲੀਆਂ ਮੇਲਿਆਂ ਦੀਆਂ ਸ਼ੌਕੀਨ ਪੰਜਾਬਣਾਂ ਪੈਰ ਧੋ ਕੇ ਝਾਂਜਰਾਂ ਪਾ ਕੇ ਮੇਲੇ ਜਾਂਦੀਆਂ ਰਹੀਆਂ ਹਨ:
ਪੈਰ ਧੋ ਕੇ ਝਾਂਜਰਾਂ ਪਾਉਂਦੀ, ਮੇਲ੍ਹਦੀ ਆਉਂਦੀ ਕਿ
ਸ਼ੌਕਣ ਮੇਲੇ ਦੀ ਓ-ਹੋ, ਕਿ ਸ਼ੌਕਣ ਮੇਲੇ ਦੀ।
ਝਾਂਜਰ ਪੰਜਾਬੀ ਔਰਤ ਨਾਲ ਇੰਨਾ ਕੁ ਰਿਸ਼ਤਾ ਬਣਾ ਗਈ ਕਿ ਪੈਰ ਝਾਂਜਰ ਤੋਂ ਬਿਨਾਂ ਸੱਖਣੇ ਸਮਝੇ ਜਾਣ ਲੱਗੇ ਜਿਵੇਂ:
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ, ਵੰਗਾਂ ਬਾਝ ਕਲਾਈਆਂ।
ਸੱਗੀ ਫੁੱਲ ਸਿਰਾਂ ’ਤੇ ਸੋਂਹਦੇ, ਪੈਰੀਂ ਝਾਂਜਰਾਂ ਪਾਈਆਂ।
ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ।
ਬੌਧਿਕਤਾ ਦਾ ਯੁੱਗ ਆਉਣ ਨਾਲ ਜਦੋਂ ਔਰਤ-ਮਰਦ ਬਰਾਬਰੀ ਦੀ ਗੱਲ ਚੱਲੀ ਤਾਂ ਇਨ੍ਹਾਂ ਗਹਿਣਿਆਂ ਦੇ ਵੀ ਅਰਥ ਬਦਲ ਗਏ। ਔਰਤਾਂ ਦੀ ਚੂੜੀ ਤੇ ਝਾਂਜਰ ਗੁਲਾਮੀ ਦੇ ਚਿੰਨ੍ਹਾਂ ਵਜੋਂ ਸਵੀਕਾਰੇ ਗਏ। ਗੁਰਮਤਿ ਲਹਿਰ ਵੀ ਉਪਰੋਕਤ ਗਹਿਣਿਆਂ ਨੂੰ ਇਸੇ ਸੰਦਰਭ ਵਿੱਚ ਵੇਖਦੀ ਹੈ ਜਿਵੇਂ ਕਿ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਲਿਖਦੀ ਹੈ: ‘‘ਝਾਂਜਰ ਮਾਇਨੇ ਬੇੜੀ, ਚੂੜੀ ਮਾਇਨੇ ਹੱਥਕੜੀ।’’
ਸਮੇਂ ਦੇ ਬਦਲਾਅ ਨਾਲ ਭਾਵੇਂ ਸੱਭਿਆਚਾਰਕ ਤਬਦੀਲੀ ਆਉਣੀ ਸੁਭਾਵਿਕ ਹੈ ਪਰ ਪੰਜਾਬੀ ਲੋਕਯਾਨ ਅਤੇ ਲੋਕ ਸਾਹਿਤ ਵਿੱਚ ਪਰੋਏ ਇਸ ਗਹਿਣੇ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
-ਜਗਜੀਤ ਕੌਰ ਜੀਤ
* ਮੋਬਾਈਲ: 94173-80887

No comments:

Post a Comment