Tuesday, 17 September 2013

ਪੰਜਾਬੀ ਸੱਭਿਆਚਾਰ ਦਾ ਬਦਲਦਾ ਮੁਹਾਂਦਰਾ



ਪੰਜਾਬੀ ਸੱਭਿਆਚਾਰ ਦਾ ਜਿਸ ਤਰ੍ਹਾਂ ਦਾ ਚਿਤਰਨ ਲੋਕ ਗੀਤਾਂ ਤੇ ਲੋਕ ਬੋਲੀਆਂ ਦੀਆਂ ਪੈੜਾਂ ਵਿੱਚ ਮਿਲਦਾ ਹੈ, ਅਜੋਕੇ ਪੂੰਜੀਵਾਦੀ ਯੁੱਗ ਵਿੱਚ ਉਸ ਵਿਚਲੇ ਅੰਸ਼ ਲੋਪ ਹੁੰਦੇ ਜਾ ਰਹੇ ਹਨ। ਸਾਧਾਰਨ ਜ਼ਿੰਦਗੀ ਬਤੀਤ ਕਰ ਰਿਹਾ ਆਦਮੀ ਸੱਭਿਆਚਾਰ ਨੂੰ ਸਿਰਫ਼ ਤੇ ਸਿਰਫ਼ ਪਹਿਰਾਵੇ ਤੇ ਖਾਣ-ਪੀਣ ਤਕ ਸੀਮਤ ਕਰਕੇ ਵੇਖਣ ਦਾ ਆਦੀ ਹੋ ਚੁੱਕਿਆ ਪਰ ਸੱਭਿਆਚਾਰ ਵਿਸ਼ਾਲ ਅਰਥਾਂ ਦਾ ਧਾਰਨੀ ਹੈ, ਜਿਸ ਨੂੰ ਪਰਿਭਾਸ਼ਾਵਾਂ ਵਿੱਚ ਸਮੇਟਣਾ ਮੁਸ਼ਕਲ ਕਾਰਜ ਹੈ। ਕੋਈ ਵੀ ਆਦਮੀ ਸਵੈ-ਨਿਰਭਰ ਨਹੀਂ ਹੋ ਸਕਦਾ, ਇਸੇ ਲਈ ਉਸ ਨੂੰ ਆਲੇ-ਦੁਆਲੇ ਵਿਚਰਦੇ ਲੋਕਾਂ ਨਾਲ ਲੋੜਾਂ ਦੀ ਪੂਰਤੀ ਲਈ ਸਾਂਝ ਰੱਖਣੀ ਪੈਂਦੀ ਹੈ, ਇਹੋ ਜਿਹੇ ਹਾਲਾਤ ਮਨੁੱਖ ਨੂੰ ਸੱਭਿਅਕ ਬਣਾ ਕੇ ਜ਼ਿੰਦਗੀ ਜਿਊਣ ਦਾ ਢੰਗ ਪ੍ਰਦਾਨ ਕਰਦੇ ਹਨ। ਡਾ. ਜੀਤ ਸਿੰਘ ਜੋਸ਼ੀ ਇਸੇ ਗੱਲ ਦੀ ਪ੍ਰੋੜਤਾ ਕਰਦੇ ਲਿਖਦੇ ਹਨ, ‘‘ਮਨੁੱਖ ਜਾਤੀ ਦੇ ਸੰਦਰਭ ਵਿੱਚ ਇੱਕ ਅਟੱਲ ਸੱਚਾਈ ਇਹ ਹੈ ਕਿ ਸਾਰੇ ਮਨੁੱਖੀ ਸਮੂਹ ਸੱਭਿਆਚਾਰ ਰੱਖਦੇ ਹਨ, ਕੋਈ ਵੀ ਸਮੂਹ ਭਾਵੇਂ ਵਿਕਾਸ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ।’’
ਸੱਭਿਆਚਾਰ ਦੀ ਆਪਣੇ-ਆਪ ਪ੍ਰਤੀ ਵਿਲੱਖਣਤਾ ਇਹ ਹੁੰਦੀ ਹੈ ਕਿ ਸੱਭਿਆਚਾਰ ਹਮੇਸ਼ਾਂ ਗ੍ਰਹਿਣ ਕੀਤਾ ਜਾਂਦਾ ਹੈ। ਹਰ ਮਨੁੱਖੀ ਸਮੂਹ ਦਾ ਆਪਣਾ ਸੱਭਿਆਚਾਰ ਹੁੰਦਾ ਹੈ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿੱਧ ਕਰਨਾ ਹੋਵੇ ਤਾਂ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਜਾਂ ਜਿਹੋ ਜਿਹੇ ਕਬੀਲੇ ਵਿੱਚ ਨਵਜੰਮੇ ਬੱਚੇ ਨੂੰ ਛੱਡਾਂਗੇ, ਬੱਚਾ ਕੋਰਾ ਕਾਗ਼ਜ਼ ਹੋਣ ਕਰਕੇ, ਉਸੇ ਕਬੀਲੇ ਜਾਂ ਵਾਤਾਵਰਨ ਦਾ ਅਸਰ ਕਬੂਲ ਕੇ, ਉਹੋ ਜਿਹੀਆਂ ਹਰਕਤਾਂ ਗ੍ਰਹਿਣ ਕਰੇਗਾ ਜਿਸ ਵਿੱਚ ਉਸ ਦਾ ਪਾਲਣ-ਪੋਸ਼ਣ ਹੋਇਆ ਹੈ। ਸੱਭਿਆਚਾਰ ਗਤੀਸ਼ੀਲ ਵਰਤਾਰੇ ਦੀ ਹੋਂਦ ਵਜੋਂ ਇਸ ਵਿੱਚ ਸਮੇਂ-ਸਮੇਂ ’ਤੇ ਬਦਲਾਅ ਆਉਣੇ ਸੰਭਣ ਹਨ। ਜੇ ਪਿਛਲੇ ਚਾਲੀ-ਪੰਜਾਹ ਸਾਲਾਂ ਦੇ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਨੂੰ ਵੇਖੀਏ ਤਾਂ ਪੰਜਾਬੀਆਂ ਨੇ ਬਹੁਤ ਕੁਝ ਨਵਾਂ ਸਿਰਜਿਆ ਹੈ ਅਤੇ ਪੁਰਾਤਨਤਾ ਦੇ ਬਹੁਤ ਸੰਵਰੇ ਅੰਸ਼ ਛੱਡ ਦਿੱਤੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਪੀੜ੍ਹੀ ਦੀ ਪਰਸਪਰ ਸਾਂਝ ਤੋਂ ਬਾਅਦ ਦੂਜੀ ਪੀੜ੍ਹੀ ਆਉਂਦੀ ਹੈ ਤਾਂ ਉਹ ਜ਼ਿੰਦਗੀ ਦੇ ਹਰ ਪਹਿਲੂ ਨੂੰ ਨਵੀਂ ਦਿੱਖ ਦੇਣਾ ਚਾਹੁੰਦੀ ਹੈ, ਉÎੱਥੇ ਉਹ ਨਵੀਂ ਪੀੜ੍ਹੀ ਜਦ ਪੁਰਾਣੀ ਪੀੜ੍ਹੀ ਦਾ ਹਰ ਸੱਭਿਆਚਾਰਕ ਪੱਖ ਵੇਖਦੀ ਹੈ ਤਾਂ ਜੋ ਉਸ ਨੂੰ ਅਨੁਕੂਲ ਨਹੀਂ ਲੱਗਦਾ ਉਹ ਛੱਡ ਕੇ, ਕੁਝ ਨਵਾਂ ਕਰਨਾ ਲੋਚਦੀ ਹੈ। ਪੰਜਾਬੀ ਲੋਕ ਸਾਹਿਤ ਵਿੱਚੋਂ ਪੀੜ੍ਹੀਓ ਦਰ ਪੀੜ੍ਹੀ ਲੋਕ ਸਮੂਹ ਦੀ ਪ੍ਰਵਾਨਗੀ ਲੈ ਕੇ ਸਾਡੇ ਤਕ ਪਹੁੰਚੀਆਂ ਲੋਕ ਬੋਲੀਆਂ ਜਾਂ ਲੋਕ ਗੀਤਾਂ ਵਿੱਚ ਜਿਸ ਤਰ੍ਹਾਂ ਦਾ ਪੰਜਾਬੀਅਤ ਦਾ ਚਿਤਰਨ ਮਿਲਦਾ ਹੈ, ਉਸ ਵਿਰਸੇ ਵਿਚਲੇ ਅੰਸ਼ ਹੁਣ ਲੋਪ ਹੁੰਦੇ ਜਾ ਰਹੇ ਹਨ। ਪੰਜਾਬੀਆਂ ਦੇ ਪਹਿਰਾਵੇ ਦੇ ਪੱਖ ਤੋਂ ਵੇਖੀਏ ਤਾਂ ਪਿਛਲੇ ਚਾਲੀ-ਪੰਜਾਹ ਸਾਲਾਂ ਵਿੱਚ ਬਹੁਤ ਸਾਰਾ ਵਖਰੇਵਾਂ ਵੇਖਣ ਨੂੰ ਮਿਲਦਾ ਹੈ।
ਮਰਦਾਂ ਦੇ ਪਹਿਰਾਵੇ ਨੂੰ ਵੇਖੀਏ ਤਾਂ ਲੜ ਛੱਡ ਕੇ ਪੱਗ ਬੰਨ੍ਹਣੀ, ਖੱਦਰ ਦੇ ਪਰਨੇ, ਕੱਢਵੀਂ ਜੁੱਤੀ, ਗਰਮੀ-ਸਰਦੀ ਬਚਾਓ ਲਈ ਮੋਢੇ ਉÎੱਪਰ ਪਰਨਾ, ਪਹਿਰਾਵੇ ਦੇ ਇਹ ਅੰਸ਼ ਪੰਜਾਬੀ ਵਿਰਸੇ ਵਿੱਚੋਂ ਲੋਪ ਹੋ ਗਏ ਹਨ ਕਿਉਂਕਿ ਆਧੁਨਿਕ ਦੌਰ ਦੇ ਨਾਲ-ਨਾਲ ਪੈਰ ਮਿਲਾ ਕੇ ਪੰਜਾਬੀ ਪੱਛਮੀਕਰਨ ਵੱਲ ਵਧ ਰਹੇ ਹਨ। ਲੋਕ ਬੋਲੀਆਂ ਵਿੱਚ ਜ਼ਿਕਰ ਮਿਲਦਾ ਹੈ:
ਤੈਨੂੰ ਪੱਗ ਬੰਨ੍ਹਣੀ,ਤੈਨੂੰ ਲੜ ਛੱਡਣਾ
ਤੈਨੂੰ ਹੱਲ ਵਾਹੁਣਾ ਨਾ ਆਵੇ
ਵੇ, ਤੇਰੇ ਘਰ ਕੀ ਵਸਣਾ…
ਪੰਜਾਬੀ ਮੁਟਿਆਰ ਦੀ ਮਾਨਸਿਕਤਾ ਇੱਥੇ ਦਰਸਾ ਰਹੀ ਹੈ ਕਿ ਪਿਛਲੇ ਸਮੇਂ ਵਿੱਚ ਪੱਗ ਬੰਨ੍ਹਣ, ਲੜ ਛੱਡਣ ਤੇ ਹੱਲ ਵਾਹੁਣ ਦੀ ਕਿੰਨੀ ਮਹੱਤਤਾ ਸੀ ਪਰ ਅਜੋਕੇ ਸਮੇਂ ਮੁਟਿਆਰ ਪੱਗ ਬੰਨ੍ਹਣ ਵਾਲੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਕਿਨਾਰਾ ਕਰਦੀ ਹੈ, ਦੂਜੇ ਪਾਸੇ ਬਲਦਾਂ ਮਗਰ ਲੱਗ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਪੁੱਤ ਹੁਣ ਖੇਤੀ ਕਰਨ ਤੋਂ ਕਿਨਾਰਾ ਕਰ ਰਹੇ ਹਨ।
ਔਰਤਾਂ ਦੇ ਪਹਿਰਾਵੇ ਦੇ ਪੱਖ ਤੋਂ ਵੇਖੀਏ ਤਾਂ ਘੱਗਰੇ, ਫੁਲਕਾਰੀਆਂ, ਬਾਗ, ਲੰਮੀਆਂ ਕਮੀਜ਼ਾਂ, ਪੈਰੀਂ ਕੱਢਵੀਂ ਜੁੱਤੀ ਲੋਪ ਹੁੰਦੀ ਜਾ ਰਹੀ ਹੈ ਕਿਉਂਕਿ  ਜਿਹੜੇ ਘੱਗਰੇ ਪਾ ਕੇ ਮੁਟਿਆਰਾਂ ਮਾਣ ਮਹਿਸੂਸ ਕਰਦੀਆਂ ਸਨ, ਹੁਣ ਵਿਆਹ ਮੌਕੇ ਜਾਗੋ ਕੱਢਣ ਸਮੇਂ ਜਦੋਂ ਮਾਮੀ ਨੇ ਘੱਗਰਾ ਪਾਉਣਾ ਹੁੰਦਾ ਹੈ ਤਾਂ ਸਾਰੇ ਪਿੰਡ ਵਿੱਚ ਬੜੀ ਮੁਸ਼ਕਲ ਨਾਲ ਲੱਭਣਾ ਪੈਂਦਾ ਹੈ ਪਰ ਪੁਰਾਣੇ ਸਮੇਂ ਵਿੱਚ ਘੱਗਰੇ ਤੋਂ ਬਿਨਾਂ ਮੁਟਿਆਰਾਂ ਸੋਂਹਦੀਆਂ ਨਹੀਂ ਸਨ ਕਿਉਂਕਿ ਨੱਚਦੇ ਸਮੇਂ ਬੇਝਿਜਕ ਖੁੱਲ੍ਹ ਕੇ ਨੱਚਿਆ ਜਾ ਸਕਦਾ ਹੈ। ਹੁਣ ਦੇ ਸਮੇਂ ਔਰਤਾਂ ਘੱਗਰਾ ਪਾਉਣਾ ਭੁੱਲ ਹੀ ਗਈਆਂ ਹਨ, ਘੱਗਰੇ ਬਾਰੇ ਲੋਕ ਸਾਹਿਤ ਵਿੱਚੋਂ ਮਿਲਦਾ ਹੈ:
ਘੱਗਰੇ ਦਾ ਭਾਰ ਨਾ ਝੱਲੇ,
ਲੱਕ ਪਤਲਾ ਹੁਲਾਰੇ ਖਾਵੇ।
ਲੋਕ ਗੀਤਾਂ ਅਤੇ ਬੋਲੀਆਂ ਵਿੱਚ ਹਾਰ-ਸ਼ਿੰਗਾਰ ਦਾ ਚਿਤਰਨ ਬਾਖੂਬੀ ਪੇਸ਼ ਹੋਇਆ ਮਿਲਦਾ ਹੈ, ਜਿੱਥੇ ਔਰਤਾਂ ਸਿਰ ’ਤੇ ਸੱਗੀ ਫੁੱਲ, ਮੱਥੇ ’ਤੇ ਟਿੱਕਾ, ਨੱਕ ਵਿੱਚ ਨੱਥ, ਪਿੱਪਲ ਪੱਤੀਆਂ, ਪੈਰਾਂ ਵਿੱਚ ਝਾਂਜਰਾਂ ’ਚ ਪੇਸ਼ ਹੋਈਆਂ ਹਨ। ਸਮਾਂ ਬੀਤਣ ਤੋਂ ਬਾਅਦ ਇਹ ਸਭ ਕੁਝ ਲੋਪ ਹੁੰਦਾ ਜਾ ਰਿਹਾ ਹੈ, ਹੁਣ ਦੇ ਸਮੇਂ ਸੋਨੇ ਦਾ ਭਾਅ ਵਧਣ ਕਰਕੇ ਨੱਥ ਦੀ ਥਾਂ ਕੋਕੇ ਨੇ ਅਤੇ ਟਿੱਕੇ ਦੀ ਥਾਂ ਸੂਈਆਂ ਨੇ ਮੱਲ ਲਈ ਹੈ। ਲੋਕ ਬੋਲੀਆਂ ਵਿੱਚ ਮਿਲਦਾ ਹੈ:
ਥੜਿਆਂ ਬਾਝ ਨਾ ਪਿੱਪਲ ਸੋਂਹਦੇ,
ਫੁੱਲਾਂ ਬਾਝ ਕਲਾਈਆਂ,
ਸੱਗੀ ਫੁੱਲ ਸਿਰਾਂ ’ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ…
ਹਾਰ ਸ਼ਿੰਗਾਰ ਅਸਲ ਵਿੱਚ ਮਨੁੱਖੀ ਮਨ ਦੀ ਭੁੱਖ ਦੀ ਤ੍ਰਿਪਤੀ ਕਰਦਾ ਹੈ, ਪਹਿਲੇ ਸਮੇਂ ’ਚ ਮਰਦ ਜਦੋਂ ਵੀ ਮੇਲੇ ਵਿੱਚ ਜਾਂਦੇ ਸਨ ਤਾਂ ਪੂਰੀਆਂ ਤਿਆਰੀਆਂ ਜਿਵੇਂ ਕੰਨਾਂ ਵਿੱਚ ਨੱਤੀਆਂ, ਗਲਾਂ ’ਚ ਕੈਂਠੇ, ਹੱਥਾਂ ’ਚ ਕੜੇ, ਮੁੰਦਰਾਂ, ਸੰਮਾਂ ਵਾਲੀ ਡਾਂਗ ਮੋਢੇ ਰੱਖ ਕੇ, ਮੇਲੇ ਵਿੱਚ ਧੁੰਮਾਂ ਪਾਉਂਦੇ ਸਨ। ਬੋਲੀਆਂ ਵਿੱਚ ਹਾਰ ਸ਼ਿੰਗਾਰ ਬਾਰੇ ਮਿਲਦਾ ਹੈ:
ਸੁਣ ਵੇ ਮੁੰਡਿਆਂ ਕੈਂਠੇ ਵਾਲਿਆ,
ਖੂਹ ਟੋਭੇ ਨਾ ਜਾਈਏ।
ਖੂਹ ਟੋਭੇ ਤੇਰੀ ਹੋਵੇ ਚਰਚਾ,
ਚਰਚਾ ਨਾ ਕਰਵਾਈਏ।
ਜਿਸ ਦੀ ਬਾਂਹ ਫੜੀਏ,
ਸਿਰ ਦੇ ਨਾਲ ਨਿਭਾਈਏ।
ਕਿੱਤਿਆਂ ਦੇ ਪੱਖ ਤੋਂ ਵੇਖੀਏ ਤਾਂ ਪੰਜਾਬੀ ਕਿਸਾਨ ਜਿਸ ਤਰ੍ਹਾਂ ਦੇ ਸੰਦਾਂ ਨਾਲ ਪਹਿਲਾਂ ਖੇਤੀ ਕਰਦਾ ਸੀ, ਉਹ ਲੋਪ ਹੋ ਚੁੱਕੇ ਹਨ। ਪੰਜਾਬੀ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਸੀ ਤਾਂ ਸੁਖੀ ਵਸਦਾ ਸੀ ਪਰ ਅਜੋਕੇ ਸਮੇਂ ਵਿੱਚ ਘੁਟਣ ਮਹਿਸੂਸ ਕਰ ਰਿਹਾ ਹੈ। ਸਿੱਟੇ ਵਜੋਂ ਹੁਣ ਬਹੁਤ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬੀ ਕਿਸਾਨ ਜਿਸ ਤਰ੍ਹਾਂ ਦੇ ਔਜ਼ਾਰ ਖੇਤੀ ਕਰਨ ਸਮੇਂ ਵਰਤਦਾ ਰਿਹਾ ਜਿਵੇਂ ਹਲ, ਪੰਜਾਲੀਆਂ, ਤੋਤੇ ਹਲ, ਸੁਹਾਗੀ ਜਾਂ ਜਿਵੇਂ ਸਿੰਜਾਈ ਸਾਧਨ ਖੂਹ ਰਾਹੀਂ ਪਾਣੀ ਲਾਉਣਾ, ਪਾਣੀ ਇਕੱਠਾ ਕਰਕੇ ਝਲਾਰਾਂ ਰਾਹੀ ਸਿੰਜਾਈ ਕਰਨੀ, ਇਹ ਖੇਤੀ ਸਹਾਇਕ ਸਿਰਫ਼ ਨਾਮਕਰਨ ਤਕ ਸੀਮਤ ਰਹਿ ਗਏ ਹਨ। ਖੇਤੀ ਕਰਦੇ ਕਿਸਾਨ ਦੀ ਰੋਟੀ ਲੈ ਕੇ ਜਾਂਦੀ ਸੁਆਣੀ ਹੁਣ ਨਜ਼ਰ ਨਹੀਂ ਆਉਂਦੀ:
ਬੂਰੀ ਹੋਵੇ ਮੱਝ ਤੇ ਚਾਟੀ ਠਣਕਦੀ
ਜੱਟੀ ਲਿਆਵੇ ਰੋਟੀ,
ਝਾਂਜਰ ਪੈਰੀਂ ਛਣਕਦੀ
ਖੇਤੀ ਧੰਦੇ ਵਿੱਚ ਹੱਥੀਂ ਗੋਡੀ ਕਰਨੀ, ਪਸ਼ੂਆਂ ਦੀ ਸਵੈ ਤੋਂ ਪਹਿਲਾਂ ਸੰਭਾਲ, ਕਮਾਦ ਦਾ ਗੁੜ ਬਣਾਉਣਾ ਤਕਰੀਬਨ ਲੋਪ ਹੋ ਚੁੱਕਿਆ ਹੈ, ਦੂਜੇ ਪਾਸੇ ਘਰੀਂ ਰਹਿੰਦੀਆਂ ਸੁਆਣੀਆਂ ਦੀ ਜੇ ਗੱਲ ਕਰੀਏ ਤਾਂ ਹੱਥੀਂ ਸੇਵੀਆਂ ਵੱਟਣਾ, ਚੱਕੀਆਂ ਉਪਰ ਛੋਲੇ ਪੀਹਣੇ, ਤੜਕੇ ਉੱਠ ਕੇ ਦੁੱਧ ਰਿੜਕਣਾ, ਚਰਖਾ ਕੱਤਣਾ, ਤ੍ਰਿੰਞਣ, ਉਖਲੀਆਂ ਵਿੱਚ ਪਾ ਕੇ ਰਸਦ ਕੁੱਟਣੀ, ਸਭ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਪਰ ਲੋਕ ਬੋਲੀਆਂ ਵਿੱਚ ਚਰਖਿਆਂ ਦਾ ਜ਼ਿਕਰ ਬਹੁਤ ਮਿਲਦਾ ਹੈ:
ਜੋਗੀ ਉਤਰ ਪਹਾੜੋਂ ਆਏ
ਚਰਖੇ ਦੀ ਘੂਕ ਸੁਣ ਕੇ
ਪੰਜਾਬੀ ਵਿਰਸੇ ਵਿੱਚੋਂ ਲੋਕ ਖੇਡਾਂ ਜਿਹੜੀਆਂ ਕਿਸੇ ਸਮੇਂ ਬੱਚਿਆਂ ਅਤੇ ਪਸ਼ੂ ਚਾਰਨ ਗਏ ਪਾਲੀਆਂ-ਸੀਰੀਆਂ ਨੂੰ ਖ਼ੁਸ਼ੀ ਦਿੰਦੀਆਂ ਸਨ, ਵਿਸਰਦੀਆਂ ਜਾ ਰਹੀਆਂ ਹਨ। ਲੋਕ ਖੇਡਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਬਿਨਾਂ ਸਿਖਲਾਈ ਲੈ ਕੇ ਬੱਚੇ ਕੇਵਲ ਕਿਸੇ ਨੂੰ ਖੇਡਦਾ ਵੇਖ ਕੇ ਸਿੱਖ ਜਾਂਦੇ ਹਨ, ਜਦੋਂ ਵੀ ਪਸ਼ੂਆਂ ਦੇ ਪਾਲੀ ਵਿਹਲੇ ਹੁੰਦੇ ਸਨ, ਇਹ ਖੇਡਾਂ ਖੇਡ ਕੇ ਮਨੋਰੰਜਨ ਕਰਦੇ ਸਨ, ਜਿਵੇਂ ਬਾਰਾਂ-ਬੀਹਟੀ, ਖਿੰਦੋ-ਖੂੰਡੀ, ਗੁੱਲੀ ਡੰਡਾ, ਬਾਂਦਰ ਕੀਲਾ, ਦਾਈਆਂ ਦੂਹਕੜੇ।  ਜਿਸ ਤਰ੍ਹਾਂ ਹੀ ਮਾਨਸਿਕ ਤ੍ਰਿਪਤੀ ਇਹ ਖੇਡਾਂ ਦਿੰਦੀਆਂ ਸਨ, ਉਹ ਅਜੋਕੇ ਸਮੇਂ ਦੀਆਂ ਖੇਡਾਂ ਨਹੀਂ ਦਿੰਦੀਆਂ। ਇਹ ਖੇਡਾਂ ਮਾਨਸਿਕ ਤੌਰ ’ਤੇ ਰਿਸ਼ਟ-ਪੁਸ਼ਟ ਰੱਖਣ ਦੇ ਨਾਲ-ਨਾਲ ਸਰੀਰਕ ਤੌਰ ’ਤੇ ਫਿੱਟ ਰੱਖਦੀਆਂ ਸਨ ਕਿਉਂਕਿ ਰੁਝੇਵਿਆਂ ਵਿੱਚੋਂ ਨਿਕਲ ਕੇ ਜਵਾਨ ਮੁੰਡੇ-ਕੁੜੀਆਂ ਇਹ ਖੇਡਾਂ ਖੇਡਦੇ ਸਨ ਤਾਂ ਉਹ ਸਭ ਫ਼ਿਕਰ ਛੱਡ ਕੇ ਮਾਨਸਿਕ ਤੌਰ ’ਤੇ ਸੰਤੁਸ਼ਟ ਹੋ ਜਾਂਦੇ ਸਨ।
ਅਜੋਕੇ ਸਮੇਂ ਮੁਕਾਬਲੇ ਦੇ ਦੌਰ ਵਿੱਚ ਦੁੱਧ ਚੁੰਘਦੇ ਬੱਚਿਆਂ ਨੂੰ ਹੀ ਕਰੈਚਾਂ ਵਿੱਚ ਪੜ੍ਹਨ ਪਾ ਦਿੱਤਾ ਜਾਂਦਾ ਹੈ, ਖੇਡਣ ਦਾ ਸਮਾਂ ਬੱਚਾ ਕੌਨਵੈਂਟ ਸਕੂਲਾਂ ਵਿੱਚ ਗੁਜ਼ਾਰ ਦਿੰਦਾ ਹੈ। ਜਿਸ ਤਰ੍ਹਾਂ ਦਾ ਸੁਆਦ ਦਣ ਪਈ ਗੁੱਲੀ ਨੂੰ ਗੱਭ ਮਾਰ ਕੇ ਆਉਂਦਾ ਸੀ, ਉਹ ਸੁਆਦ ਗੇਂਦ ਨੂੰ ਬੱਲਾ ਮਾਰ ਕੇ ਨਹੀਂ ਆਉਂਦਾ। ਦਾਈਆਂ ਦੂਹਕੜੇ  ਵਿੱਚ ਜਿਸ ਤਰ੍ਹਾਂ ਸੁਆਦ ਲੁਕੇ ਹੋਏ ਖਿਡਾਰੀ ਨੂੰ ਫੜਨ ਦਾ ਹੈ, ਉਸ ਤਰ੍ਹਾਂ ਦਾ ਕਿਸੇ ਹੋਰ ਖੇਡ ਵਿੱਚ ਨਹੀਂ। ਦੂਜਾ ਜਦੋਂ ਟੋਲੀ ਇਕੱਠੀ ਹੁੰਦੀ ਸਾਰਿਆਂ ਨੂੰ ਬਰਾਬਰ ਦੇ ਦਾਅਵੇਦਾਰ ਖਿਡਾਰੀ ਮੰਨਿਆ ਜਾਂਦਾ ਹੈ, ਦਾਈਂ ਕੌਣ ਦੇਵੇ ਇਹ ਇੱਕ ਕਾਵਿ ਟੋਟਾ ਉਚਾਰ ਕੇ ਪਤਾ ਚੱਲਦਾ ਸੀ, ਕਾਵਿ ਟੋਟਾ:
ਈਂਗਣ ਮੀਂਗਣ ਤਲੀ ਤਲੀਂਗਣ,
ਤਾਰਾ ਮੀਰਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ,
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ,
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬੱਲਿਆ ਤੇਰੀ ਵਾਰੀ…
ਆਖਿਰ ਵਾਲਾ ਅੰਤਰਾ ਜਿਸ ਉਪਰ ਆ ਖਤਮ ਹੋ ਜਾਂਦਾ, ਉਹ ਦਾਈ ਤੋਂ ਬਚ ਜਾਂਦਾ। ਇਸ ਪ੍ਰਕਿਰਿਆ ਤਹਿਤ ਜੋ ਅਖੀਰ ਵਿੱਚ ਬਚ ਜਾਂਦਾ ਉਹ ਦਾਈ ਦੇਣ ਦੇ ਹੱਕਦਾਰ ਬਣਦਾ।
ਸੰਚਾਰ ਦੇ ਸਾਧਨਾਂ ਦੀ ਬਹੁਤਾਤ ਕਾਰਨ ਪੁਰਾਣੇ ਸੰਗੀਤਕ ਸਾਜ਼, ਕਵੀਸ਼ਰੀ, ਢਾਡੀ ਗਾਇਨ, ਬਾਜ਼ੀਗਰਾਂ ਦੀ ਬਾਜ਼ੀ, ਨਕਲਾਂ ਦਾ ਰੁਝਾਨ ਦਿਨ-ਬ-ਦਿਨ ਘਟਦਾ ਜਾ ਰਿਹਾ ਹੈ। ਜਿਸ ਤਰ੍ਹਾਂ ਦਾ ਰੰਗ ਕਵੀਸ਼ਰੀ ਜ਼ਰੀਏ ਪੇਸ਼ ਹੁੰਦਾ ਸੀ, ਉਹ ਗਾਇਬ ਹੋ ਰਿਹਾ ਹੈ। ਕਵੀਸ਼ਰ ਬਿਨਾਂ ਕਿਸੇ ਸਾਜ਼ ਤੋਂ ਕਿਸੇ ਸੂਰਮੇ ਦੀ ਗਾਥਾ ਪੇਸ਼ ਕਰਕੇ, ਲੋਕ ਮਨਾਂ ਨੂੰ ਸੰਤੁਸ਼ਟ ਕਰਦੇ ਸਨ। ਕਵੀਸ਼ਰੀ ਦੀ ਇੱਕ ਉਦਾਹਰਣ:
ਦੋ ਤਾਂ ਗਏ ਮਰ ਸਹਿਕਦੇ ਤਿੰਨ ਜੀ
ਗੋਲੀਆਂ ਦੇ ਨਾਲ ਦਿੱਤੇ ਫਿਰ ਬਿੰਨ੍ਹ ਜੀ
ਪੰਜ ਮਾਰ ਦਿੱਤੇ ਸੂਰਮੇ ਦਲੇਰ ਨੇ
ਆਖ ਗਊਆਂ ਛੱਡੀਆਂ ਸੁੱਚਾ ਸਿਉਂ ਦਲੇਰ ਨੇ…
ਜਿਸ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਜਿਵੇਂ ਬਾਜ਼ੀਗਰਾਂ ਦੀ ਬਾਜ਼ੀ, ਨਕਲੀਆਂ ਦੁਆਰਾ ਨਕਲਾਂ, ਬਜ਼ੁਰਗਾਂ ਦੁਆਰਾ ਤਾਸ਼ ਖੇਡਣਾ ਹੁਣ ਕਿਤੇ-ਕਿਤੇ ਨਜ਼ਰ ਪੈਂਦਾ ਹੈ।
ਜ਼ਿੰਦਗੀ ਦੇ ਤਿੰਨ ਅਹਿਮ ਪੜਾਵਾਂ ਜਨਮ, ਵਿਆਹ, ਮੌਤ ਦੀਆਂ ਰੀਤਾਂ/ਰਸਮਾਂ ਵਿੱਚ ਤਬਦੀਲੀਆਂ ਆਈਆਂ ਹਨ। ਜਿਵੇਂ ਬੱਚੇ ਦੇ ਜਨਮ ਸਮੇਂ ਪਹਿਲਾਂ ਨੂੰਹ ਨੂੰ ਉਸ ਦੇ ਪੇਕੀਂ ਭੇਜ ਦਿੱਤਾ ਜਾਂਦਾ ਸੀ ਕਿਉਂਕਿ ਨਵ-ਵਿਆਹੀ ਮੁਟਿਆਰ ਬਾਰੇ ਪੇਕੇ ਪਰਿਵਾਰ ਨੂੰ ਜ਼ਿਆਦਾ ਵਾਕਫ਼ੀ ਹੁੰਦੀ ਸੀ ਪਰ ਹੁਣ ਸਹੁਰੇ ਪਰਿਵਾਰ ਵਿੱਚ ਜਣੇਪਾ ਹੋਣ ਲੱਗ ਪਿਆ ਹੈ। ਵਿਆਹ ਦੀਆਂ ਰਸਮਾਂ ਵਿੱਚ ਪਹਿਲਾਂ ਅੱਠ-ਨੌਂ ਦਿਨ ਕੜਾਹੀ ਚੜ੍ਹਦੀ ਸੀ, ਪਰੀਹੇ ਇਕੱਠੇ ਹੋ ਕੇ ਕੰਮ ਧੰਦੇ ਕਰਦੇ ਸਨ, ਹੁਣ ਵਿਆਹ ਦੀਆਂ ਹਿਨ੍ਹਾਂ ਸਾਰੀਆਂ ਰਸਮਾਂ ਵਿੱਚ ਵੀ ਤਬਦੀਲੀ ਆਈ ਹੈ।  ਤਿੰਨ-ਚਾਰ ਦਿਨਾਂ ਵਿੱਚ ਹੋਣ ਵਾਲਾ ਵਿਆਹ ਹੁਣ ਸਿਰਫ਼ ਘੰਟਿਆਂ ਤਕ ਸੀਮਤ ਹੋ ਗਿਆ ਹੈ। ਜਿਸ ਤਰ੍ਹਾਂ ਦਾ ਪਹਿਰਾਵਾ ਵਿਆਹ ਸਮੇਂ ਮਰਦ ਤੇ ਔਰਤਾਂ ਪਹਿਨਦੀਆਂ ਸਨ, ਉਹ ਲੋਪ ਹੋ ਚੁੱਕਿਆ ਹੈ। ਬਰਾਤ ਜਦੋਂ ਤਿੰਨ-ਚਾਰ ਦਿਨ ਰਹਿੰਦੀ ਸੀ ਤਾਂ ਘਰੇ ਪਕਾਏ ਪਕਵਾਨ, ਜ਼ਿਆਦਾਤਰ ਲੱਡੂ ਵਰਤੇ ਜਾਂਦੇ ਸਨ। ਪਿੰਡ ਵਿੱਚ ਜਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ ਪੱਤਲਾਂ ਫੜਾਈਆਂ ਜਾਂਦੀਆਂ, ਬਰਾਤ ਵਾਲੇ ਕੋਈ ਨਾਲ ਪੇਂਡੂ ਗਵੰਤਰੀ ਲੈ ਜਾਂਦੇ ਸਨ ਜਾਂ ਫਿਰ ਤਾਸ਼ ਖੇਡ ਕੇ ਮਨੋਰੰਜਨ ਕਰਦੇ ਸਨ ਪਰ ਅਜੋਕੇ ਸਮੇਂ ਸਭ ਕੁਝ ਬਦਲ ਗਿਆ ਹੈ।
ਰਿਸ਼ਤਿਆਂ ਵਿੱਚ ਤਰੇੜਾਂ ਆਉਣ ਕਰਕੇ ਸੰਯੁਕਤ ਪਰਿਵਾਰ ਬਿਖਰ ਰਹੇ ਹਨ, ਜਿਸ ਤਰ੍ਹਾਂ ਦਾ ਪਿਆਰ ਬੱਚੇ ਸੰਯੁਕਤ ਪਰਿਵਾਰ ਵਿੱਚ ਰਹਿ ਕੇ ਬਜ਼ੁਰਗਾਂ ਕੋਲੋਂ ਮਾਣਦੇ ਸਨ ਉਹ ਇਕਹਿਰੇ ਪਰਿਵਾਰ ’ਚ ਨਹੀਂ ਮਿਲਦਾ। ਦਾਦੀ ਮਾਂ ਦੀਆਂ ਬਾਤਾਂ ਦੀ ਥਾਂ ਹੁਣ ਟੈਲੀਵਿਜ਼ਨ ਦੇ ਪਰਦੇ ’ਤੇ ਚਲਦੇ ਉਦਾਸੀ ਭਰੇ ਨਾਟਕਾਂ ਨੇ ਲੈ ਲਈ। ਪਰਿਵਾਰਾਂ ਦੇ ਦੁੱਖ-ਸੁੱਖ, ਰਲ ਕੇ ਕੰਮ ਧੰਦੇ ਕਰਨੇ, ਔਰਤਾਂ ਦਾ ਰਲ ਕੇ ਤ੍ਰਿੰਞਣਾਂ ’ਚ ਬੈਠਣਾ, ਦਰੀਆਂ ਬੁਣਨਾ ਸਭ ਲੋਪ ਹੁੰਦੇ ਜਾ ਰਹੇ ਹਨ। ਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਮੁਖਾਤਿਬ ਲੇਖਕ ਦੀ ਇੱਕ ਰਚਨਾ:
ਹੁਣ ਘਰੇ ਸੁਆਣੀ ਵੀ
ਵਰਤੇ ਨਾ ਚੱਕੀ, ਫੂਕਣੀ ਮੱਟੀ
ਕਾੜ੍ਹਨੀ ਛੰਨੇ, ਪਿੱਤਲ ਦੇ ਬੰਨੇ
ਸਰਾਹੀ ਤਣੀਆਂ, ਕੰਮ ਹੋਏ ਵੱਡਰੇ
ਪਤਾ ਨਹੀਂ ਕਿੱਧਰ ਚਲੇ ਗਏ
ਵਾਲੀਆਂ ਕੈਂਠੇ, ਪੰਜੇ ਸੈਂਠੇ
ਰੇਸ਼ਮੀ ਨਾਲੇ, ਪੰਜਾਮੇ ਖੱਦਰੇ
ਖੇਡਾਂ ਵਿਸਰ ਗਈਆਂ
ਲੂਣ ਮਿਆਣੀ, ਖੇਡਣੀ ਢਾਣੀ
ਖਿੱਦੋ ਖੂੰਡੀ ,ਯਾਰਾਂ ਦੀ ਜੁੰਡੀ
ਕਿੱਥੇ ਬਾਰਾਂ ਬੀਹਟੀ,
ਮੈਦਾਨ ਹੋਏ ਵੱਡਰੇ
ਪਤਾ ਨਹੀਂ ਕਿੱਧਰ ਚਲੇ ਗਏ
ਵਾਲੀਆਂ…
ਗਿਰਝਾਂ ਕਿੱਧਰ ਗਈਆਂ
ਗਰੜਖੰਭ ਲੁਪਤ,
ਚਾਮਚੜਿੱਕ ਗੁਪਤ
ਨਾ ਵਿਖਣ ਗੁਲੇਲਾਂ,
ਪੁਰਾਣੀਆਂ ਖੇਲਾਂ
ਮੱਕੀ ਦੀ ਛੱਲੀ,
ਊਠਾਂ ਦੇ ਲੱਦਰੇ
ਪਤਾ ਨਹੀਂ ਕਿੱਧਰ…
ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ ਬੋਲੀਆਂ ਵਿੱਚ ਪੇਸ਼ ਹੋਣ ਵਾਲੇ ਪੰਜਾਬ ਨੂੰ ਵੇਖਣ ਨੂੰ ਕਿਸ ਦਾ ਦਿਲ ਨਹੀਂ ਕਰਦਾ। ਇੱਕ੍ਹੀਵੀਂ ਸਦੀ ਦਾ ਪੰਜਾਬੀ ਪਿੱਛੇ ਵੱਲ ਕਿਉਂ ਨਹੀਂ ਤੱਕ ਰਿਹਾ, ਜਿਥੇ ਦੁੱਧ ਦੀਆਂ ਨਾਲਾਂ, ਘਿਓ ਮੱਖਣ ਖਾ ਕੇ ਸਰੀਰ ਤਿਆਰ ਕੀਤੇ ਜਾਂਦੇ ਸੀ।  ਕਿਉਂ ਪੱਛਮੀ ਪ੍ਰਭਾਵ ਹੇਠ ਆ ਕੇ ਆਪਣਾ ਆਪਾ ਗਵਾ ਰਿਹਾ ਹੈ। ਸੋਚਣ ਵਾਲੀ ਗੱਲ ਹੈ ਕਿ ਪੱਛਮ, ਪਹਿਰਾਵੇ ਦੇ ਪੱਖ ਤੋਂ ਪੂਰਬ ਵੱਲ ਪਰਤ ਰਿਹਾ ਹੈ ਪਰ ਪੂਰਬ ਅਜੇ ਵੀ ਪੱਛਮ ਦਾ ਖਹਿੜਾ ਨਹੀਂ ਛੱਡਦਾ। ਪੰਜਾਬੀ ਨੂੰ ਆਪਣੀ ਸੱਭਿਆਚਾਰਕ ਅਮੀਰੀ ਬਣਾਉਣ ਲਈ ਵਿਰਸੇ ਨੂੰ ਸੰਭਾਲਣਾ ਪਵੇਗਾ।
-ਗੁਰਦੀਪ ਸਿੰਘ ਭੁਪਾਲ
ਮੋਬਾਈਲ: 94177-86546

No comments:

Post a Comment