Thursday, 5 September 2013

ਬਾਗ਼ਾਂ ਵਿੱਚ ਬੋਲਣ ਮੋਰ ਵੇ



ਕਿਸੇ ਵੀ ਖਿੱਤੇ ਦੇ ਲੋਕ-ਸਾਹਿਤ ਵਿੱਚੋਂ ਉਸ ਸਮੇਂ ਦੇ ਜੀਵਨ ਬਾਰੇ ਬਹੁਪੱਖੀ ਪਸਾਰਾਂ ਦਾ ਵਰਣਨ ਮਿਲਦਾ ਹੈ। ਜ਼ਿੰਦਗੀ ਵਿੱਚ ਹੰਢਾਏ ਦੁੱਖ, ਸੁੱਖ, ਡਰ-ਸਹਿਮ ਅਤੇ ਉਸ ਵਿੱਚੋਂ ਉਤਪੰਨ ਹੋਈ ਬਗ਼ਾਵਤ ਵੀ ਇਨ੍ਹਾਂ ਲੋਕ ਗੀਤਾਂ ਵਿੱਚ ਰੂਪਮਾਨ ਹੁੰਦੀ ਹੈ। ਲੋਕ-ਕਾਵਿ ਦੀ ਸੱਚੇ-ਸੁੱਚੇ ਮਨੋਂ ਸੁਤੇ-ਸਿੱਧ ਕੀਤੀ ਗਈ ਸਿਰਜਣਾ ਪੜ੍ਹਨ-ਸੁਣਨ ਵਾਲ਼ੇ ਦੇ ਧੁਰ ਅੰਦਰ ਲਹਿ ਜਾਣ ਦੀ ਸਮਰੱਥਾ ਰੱਖਦੀ ਹੈ। ਲੋਕ-ਕਾਵਿ ਜ਼ਿਆਦਾਤਰ ਔਰਤ ਵੱਲੋਂ ਹੀ ਸਿਰਜਿਆ ਹੋਇਆ ਮੰਨਿਆ ਜਾਂਦਾ ਹੈ। ਔਰਤ ਕਿਉਂਕਿ ਮਰਦ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਉਹ ਸੁਹਜ ਤੇ ਸੁੰਦਰਤਾ ਨਾਲ਼ ਜੁੜੀ ਰੂਹ, ਪੰਛੀਆਂ ਨਾਲ਼ ਵੀ ਸੰਵਾਦ ਰਚਾ ਲੈਂਦੀ ਹੈ। ਪੰਜਾਬੀ ਲੋਕ ਕਾਵਿ ਵੀ ਅਜਿਹੇ ਸੰਵਾਦਾਂ ਨਾਲ ਭਰਪੂਰ ਹੈ। ਪੰਛੀਆਂ ਵਿੱਚ ਘੁੱਗੀ, ਕਬੂਤਰ, ਕਾਂ, ਚਿੜੀਆਂ, ਤੋਤਾ-ਮੈਨਾ, ਤਿੱਤਰ-ਬਟੇਰ ਤੇ ਕੂੰਜਾਂ ਆਦਿ ਤੋਂ ਬਿਨਾਂ ਮੋਰ-ਮੋਰਨੀ ਦੀ ਗੱਲ ਵੀ ਕੀਤੀ ਜਾਂਦੀ ਹੈ। ਮਾਦਾ ਆਮ ਤੌਰ ’ਤੇ ਨਰ ਨਾਲ਼ੋਂ ਵੱਧ ਸੁੰਦਰ ਹੁੰਦੀ ਹੈ ਪਰ ਮੋਰ-ਮੋਰਨੀ ਦੇ ਸਬੰਧ ਵਿੱਚ ਮੋਰ, ਮੋਰਨੀ ਨਾਲ਼ੋਂ ਵੱਧ ਖ਼ੂਬਸੂਰਤੀ ਦਾ ਮਾਲਕ ਹੈ। ਮੋਰਨੀ ਦੇ ਖੰਭ ਮੋਰ ਨਾਲ਼ੋਂ ਛੋਟੇ ਹੁੰਦੇ ਹਨ। ਕੁਦਰਤ ਦੀ ਕਲਾ ਦਾ ਨਮੂਨਾ ਪੇਸ਼ ਕਰਦੇ ਹੋਏ ਮੋਰ ਦੇ ਲੰਮੇ, ਰੰਗਦਾਰ ਤੇ ਚਮਕੀਲੇ ਖੰਭ ਇਸ ਦੇ ਸੁਹੱਪਣ ਵਿੱਚ ਵਾਧਾ ਕਰਦੇ ਹਨ। ਮੋਰ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਖੰਭ ਧਾਰਮਿਕ ਸਥਾਨਾਂ ’ਤੇ ਵੀ ਰੱਖੇ ਜਾਂਦੇ ਹਨ। ਪੁਰਾਤਨ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੋਰ ਦੇ ਖੰਭਾਂ ਦਾ ਬਣਿਆ ਚੌਰ ਝੁਲਾਇਆ ਜਾਂਦਾ ਸੀ। ਬਹੁਤ ਸਾਰੀਆਂ ਖ਼ੂਬੀਆਂ ਹੋਣ ਕਾਰਨ ਮੋਰ ਸਾਡਾ ਕੌਮੀ ਪੰਛੀ ਹੋਣ ਦੇ ਨਾਲ਼-ਨਾਲ਼ ਪੰਜਾਬੀ ਗੀਤਾਂ-ਲੋਕ ਗੀਤਾਂ ਵਿੱਚ ਵੀ ਪੂਰੀ ਸਰਦਾਰੀ ਕਰਦਾ ਹੈ। ਗਿੱਧੇ ਵਿੱਚ ਮੁਟਿਆਰਾਂ ਬੋਲੀ ਪਾਉਂਦੀਆਂ ਹਨ:
ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ 
ਪਾ ਕੇ ਕਲਮੀ ਸ਼ੋਰਾ, 
ਵਿੱਚ ਭਰਜਾਈਆਂ ਦੇ ਬੋਲ ਕਲਹਿਰੀਆ ਮੋਰਾ…
ਮੋਰ ਨੂੰ ਮਿੱਤਰ ਪੰਛੀ ਵੀ ਕਿਹਾ ਜਾਂਦਾ ਹੈ। ਇਹ ਖੇਤਾਂ ਵਿੱਚੋਂ ਕੀੜੇ-ਮਕੌੜੇ ਇੱਥੋਂ ਤਕ ਕਿ ਸੱਪ ਨੂੰ ਵੀ ਖਾ ਜਾਂਦਾ ਹੈ। ਭਾਵੇਂ ਇਹ ਗੱਲ ਮਨ ਨਹੀਂ ਲੱਗਦੀ ਪਰ ਇਹ ਪ੍ਰਤੱਖ ਵੇਖਿਆ ਗਿਆ ਹੈ ਤੇ ਲੋਕ-ਸਾਹਿਤ ਵਿਚਲੀਆਂ ਦੋ ਕਾਵਿ ਸਤਰਾਂ ਇਸ ਦੀ ਪੁਸ਼ਟੀ ਕਰਦੀਆਂ ਹਨ ਕਿ ਮੋਰ ਤੋਂ ਡਰਦਾ ਸੱਪ ਖੁੱਡ ਵਿੱਚ ਜਾ ਲੁਕਦਾ ਹੈ:
ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ,
ਬਗਲਾ ਭਗਤ ਚੁੱਕ ਲਿਆਏ ਡੱਡ ਨੂੰ।
ਮੋਰ ਦੀ ਮਨਮੋਹਕ ਤੋਰ ਦੇ ਚਰਚੇ ਲੋਕ-ਕਾਵਿ ਵਿੱਚ ਆਮ ਮਿਲਦੇ ਹਨ, ਜਿਵੇਂ:
ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ,
ਤੇਰੇ ਹੱਥ ਮੇਰੇ ਦਿਲ ਦੀ ਡੋਰ।
ਕਦੇ ਮੋਰ ਨੂੰ ਕਿਹਾ ਜਾਂਦਾ ਹੈ:
ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ
ਸਦਕੇ ਜਾਈਏ ਲੋਕ ਗੀਤ ਸਿਰਜਣ ਵਾਲੀਆਂ ਦੇ ਜਿਹੜੀਆਂ ਆਪਣੇ ਅੰਦਰ ਦੀ ਪੀੜ ਨੂੰ ਸਾਦੇ ਤੇ ਸੋਹਣੇ ਸ਼ਬਦਾਂ ਵਿੱਚ ਢਾਲਦੀਆਂ ਹਨ। ਮੁਟਿਆਰ ਆਪਣੇ ਮਾਹੀ ਨੂੰ ਮੋਰ ਨਾਲ਼ ਸੰਬੋਧਨ ਕਰਕੇ ਦਿਲ ਦੀ ਹੂਕ ਬੋਲੀ ਰਾਹੀਂ ਸੁਣਾਉਂਦੀ ਹੈ:
ਜੇ ਤੰੂ ਸਿਪਾਹੀਆ ਗਿਆ ਲਾਮ ਨੂੰ ਲਾ ਕੇ ਹੱਡਾਂ ਨੂੰ ਝੋਰਾ,
ਬਿਰਹੋਂ ਹੱਡਾਂ ਨੂੰ ਇਉਂ ਖਾ ਜਾਊ ਜਿਉਂ ਛੋਲਿਆਂ ਨੂੰ ਢੋਰਾ,
ਜੰਗ ਨੂੰ ਨਾ ਜਾਵੀਂ ਵੇ ਬਾਗ਼ਾਂ ਦਿਆ ਮੋਰਾ…
ਸਾਉਣ ਦੇ ਮਹੀਨੇ ਵਾਲੀ ਬੋਲੀ ਵਿੱਚ ਮੋਰ ਦਾ ਜ਼ਿਕਰ ਨਾ ਹੋਵੇ ਤਾਂ ਬੋਲੀ ਸੋਂਹਦੀ ਹੀ ਨਹੀਂ। ਹੇਠ ਲਿਖੀ ਬੋਲੀ ਨਾਲ਼ ਗਿੱਧੇ ਵਿੱਚ ਨੱਢੀਆਂ ਧਮਾਲਾਂ ਪਾਉਂਦੀਆਂ ਹਨ:
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ,
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ
ਮੋਰ ਜਿੱਥੇ ਆਪਣੇ ਅਦਭੁਤ ਰੂਪ ਨਾਲ਼ ਲੋਕਾਂ ਦੇ ਮਨ ਮੋਹ ਲੈਣ ਦੇ ਸਮਰੱਥ ਹੈ ਉੱਥੇ ਉਸ ਦੇ ਕੁਦਰਤੀ ਝੜੇ ਹੋਏ ਖੰਭ ਦੇਸੀ ਦੁਆਈਆਂ ਬਣਾਉਣ ਤੋਂ ਬਿਨਾਂ ਘਰੇਲੂ ਲੋੜਾਂ ਅਤੇ ਸਜਾਵਟੀ ਵਸਤਾਂ ਬਣਾਉਣ ਦੇ ਕੰਮ ਵੀ ਆਉਂਦੇ ਹਨ। ਰਾਜਸਥਾਨ ਵਿੱਚ ਮੋਰ ਬਹੁਤ ਹਨ ਅਤੇ ਮੋਰਾਂ ਦੇ ਖੰਭਾਂ ਤੋਂ ਬਣਾਈਆਂ ਰਾਜਸਥਾਨੀ ਪੱਖੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ।
ਸਾਡੇ ਪਿੰਡਾਂ ਵਿੱਚ ਔਰਤਾਂ ਮੋਰ ਦੇ ਖੰਭਾਂ ਦੀਆਂ ਕੱਤਣੀਆਂ ਬਣਾਉਂਦੀਆਂ ਸਨ। ਅੱਜ ਨਾ ਚਰਖੇ ਰਹੇ ਹਨ ਤੇ ਨਾ ਕੋਈ ਕੱਤਣੀ ਬਣਾਉਂਦੀ ਹੈ। ਚਰਖੇ ਵਾਂਗੂੰ ਕੱਤਣੀ ਵੀ ਲੋਕ-ਕਾਵਿ ਜਾਂ ਕਿਸੇ ਅਜਾਇਬ ਘਰ ਵਿੱਚ ਹੀ ਦਿਸਦੀ ਹੈ। ਕੱਤਣੀ ਨਾਲ਼ ਜੁੜੀਆਂ ਇੱਕ ਤੁਕੀਆਂ ਬੋਲੀਆਂ ਵਿੱਚ ਮੁਟਿਆਰ ਮੋਰ ਨੂੰ ਕਹਿੰਦੀ ਹੈ:
ਕੱਤਣੀ ਦੀ ਤੀਲ੍ਹ ਟੁੱਟ ਗਈ,
ਖੰਭ ਸੁੱਟ ਜਾ ਕਲਹਿਰੀਆ ਮੋਰਾ
ਕੋਈ ਦੂਜੀ ਨਰਮ ਦਿਲ ਮੁਟਿਆਰ ਉਸ ਨੂੰ ਟੋਕਦੀ ਹੈ:
ਅੱਗ ਲੱਗੇ ਕੱਤਣੀ ਨੂੰ,
ਜਿਉਂਦੇ ਮੋਰ ਦਾ ਪਾਪ ਨਹੀਂ ਲੈਣਾ
ਕਿਸੇ ਗੱਭਰੂ ਨੂੰ ਉਸ ਦੀ ਮਨਚਲੀ ਨਾਰ ਸਲਾਹ ਦਿੰਦੀ ਹੈ:
ਕੱਤਣੀ ਬਣਾਉਣੀ ਐ, ਤੂੰ ਲੱਗ ਮੋਰਾਂ ਦਾ ਪਾਲ਼ੀ
ਅੱਗੋਂ ਉਹ ਵੀ ਗੁੱਝੀ ਰਮਜ਼ ਵਿੱਚ ਉੱਤਰ ਦਿੰਦਾ ਹੈ:
ਕਰ ਮੋਰਾਂ ਦੀ ਸੇਵਾ, 
ਜੇ ਕੱਤਣੀ ਬਣਾਉਣੀ ਹੈ
ਕਿਧਰੇ ਕੋਈ ਚੋਬਰ ਚਰਖਾ ਕੱਤਣ ਵਾਲੀ ਨੂੰ ਵਡਿਆਉਂਦਾ ਹੈ:
ਚੀਕੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ
ਪੰਜਾਬੀ ਲੋਕ-ਕਾਵਿ ਆਪਣੀਆਂ ਪਰਤਾਂ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਕਿਸੇ ਸਮੇਂ ਨੈਣ ਜਿਸ ਨੂੰ ਰਾਣੀ ਵੀ ਕਹਿੰਦੇ ਹਨ, ਸਾਡੇ ਪੇਂਡੂ ਸਮਾਜ ਵਿੱਚ ਵਿਸ਼ੇਸ਼ ਥਾਂ ਰੱਖਦੀ ਸੀ। ਜਦੋਂ ਕੋਈ ਨਖ਼ਰੇਲੋ ਮੁਟਿਆਰ ਉਸ ਨੂੰ ਕਹਿੰਦੀ ਹੈ:
ਸਿਰ ਗੁੰਦ ਦੇ ਕੁਪੱਤੀਏ ਨੈਣੇ,
ਉੱਤੇ ਪਾ ਦੇ ਡਾਕ ਬੰਗਲਾ
ਸਿਰ ਗੁੰਦਣਾ ਜਾਂ ਸੱਗੀ ਪਾਉਣੀ ਕਿਸੇ ਹਾਰੀ ਸਾਰੀ ਦੇ ਵੱਸ ਦਾ ਕੰਮ ਨਹੀਂ ਹੁੰਦਾ, ਇਸ ਲਈ ਨੈਣ ਆਪਣੇ ਹੁਨਰ ’ਤੇ ਮਾਣ ਕਰਦੀ ਹੋਈ ਕਰਾਰਾ ਜਵਾਬ ਦਿੰਦੀ ਹੈ:
ਸਾਥੋਂ ਡਾਕ ਬੰਗਲਾ ਨਹੀਂ ਪੈਂਦਾ
ਉੱਤੇ ਪਾਦੂੰ ਮੋਰ ਘੁੱਗੀਆਂ
ਇਉਂ ਇਹ ਮੋਰ, ਨਾਰਾਂ-ਮੁਟਿਆਰਾਂ ਦੇ ਸਿਰ ’ਤੇ ਵੀ ਪੈਲਾਂ ਪਾਉਂਦਾ ਹੈ। ਮੋਰ ਨਾਲ਼ ਸਬੰਧਤ ਭਾਵਪੂਰਤ ਜਜ਼ਬਾਤੀ ਬੋਲੀਆਂ ਵੀ ਲੋਕ-ਕਾਵਿ ਵਿੱਚ ਵੱਖਰੀ ਥਾਂ ਰੱਖਦੀਆਂ ਹਨ,ਵੰਨਗੀ ਵਜੋਂ:
ਬਾਗ਼ਾਂ ਦੇ ਵਿੱਚ ਮੋਰ ਬੋਲਦੇ ਘੁੱਗੀ ਕਰੇ ਘੂੰ-ਘੂੰ,
ਮੈਂ ਸਾਂ ਖੂਹ ’ਤੇ ਪਾਣੀ ਭਰਦੀ
ਕੋਲ਼ ਦੀ ਲੰਘ ਗਿਆ ਤੂੰ,
ਕਾਲ਼ਜਾ ਮੱਚ ਗਿਆ ਵੇ,
ਬਾਹਰ ਨਾ ਨਿਕਲ਼ਿਆ ਧੂੰ…।
ਦੂਜੀ ਬੋਲੀ ਹੈ:
ਸੁਣ ਵੇ ਬਾਗ਼ ਦਿਆ ਬਾਗ਼ ਬਗੀਚਿਆ
ਸੁਣ ਵੇ ਬਾਗ਼ ਦਿਆ ਮਾਲੀ,
ਹੋਰਾਂ ਦੇ ਬਾਗ਼ੀਂ ਮੋਰ ਬੋਲਦੇ
ਤੇਰਾ ਬਾਗ਼ ਕਿਉਂ ਖਾਲੀ ।
ਬੋਲੀਆਂ ਤੋਂ ਇਲਾਵਾ ਮੋਰ ਅਲੰਕਾਰ ਵਰਤ ਕੇ ਸਿਰਜੇ ਲੰਮੇ ਗੌਣੇ ਜਦੋਂ ਵਿਆਹ-ਸ਼ਾਦੀ ਮੌਕੇ ਰਾਤ ਨੂੰ ਲੰਮੀਆਂ ਹੇਕਾਂ ਲਾ ਕੇ ਗਾਏ ਜਾਂਦੇ ਤਾਂ ਸੁਣਨ ਵਾਲ਼ੇ ਦੀ ਜਿੰਦ ਕੱਢ ਕੇ ਲੈ ਜਾਂਦੇ:
ਅਸਾਂ ਬਾਗ਼ ਲਵਾਇਆ ਵੇ ਸਾਡੇ ਬਾਗ਼ਾਂ ਦਿਆ ਮੋਰਾ,
ਵੇ ਅਸੀਂ ਪੀਂਘਾਂ ਪਾਈਆਂ ਫੇਰਾ ਪਾ ਜਾਵੀਂ ਦਿਓਰਾ,
ਸਾਡੀ  ਅੱਲ੍ਹੜ ਜਵਾਨੀ ਪੱਟ ਰੇਸ਼ਮ ਦੀਆਂ ਵੇ ਡੋਰਾਂ
ਕਿਧਰੇ ਕੋਈ ਭਰਜਾਈ ਲਾਡਲੇ ਦਿਓਰ ਨੂੰ ਮੋਰ ਨਾਲ ਤੁਲਨਾ ਦਿੰਦੀ ਕਹਿੰਦੀ ਹੈ:
ਕੀ ਪੈਲਾਂ ਪਾਉਂਦਾ ਵੇ, ਵੇ ਭਾਬੋ ਦਿਆ ਦਿਓਰਾ?
ਅੱਗੋਂ ਦਿਓਰ ਆਪਣੀ ਭਰਜਾਈ ਨੂੰ ਸਵਾਲ ਕਰਦਾ ਹੈ:
ਕੀ ਸਾਕ ਲਿਆਵੇਗੀ ਨੀਂ,
ਨੀਂ ਵੱਡੀਏ ਭਰਜਾਈਏ?
ਚੁਸਤ ਚਲਾਕ ਭਰਜਾਈ ਵਿਚੋਲਗਿਰੀ ਬਦਲੇ ਦਿਓਰ ਤੋਂ ਸੱਗੀ ਦੀ ਮੰਗ ਕਰਦੀ ਹੋਈ ਇਸ ਲੰਮੇ ਗੌਣ ਵਿੱਚ ਟਿੱਕਾ, ਕਾਂਟੇ ਆਦਿ ਗਿਣਦੀ ਸਾਰੇ ਗਹਿਣੇ ਗਿਣਾ ਦਿੰਦੀ ਹੈ:
ਕੀ ਪੈਲਾਂ ਪਾਉਂਦਾ ਵੇ, ਵੇ ਬਾਗ਼ਾਂ ਦਿਆ ਮੋਰਾ?
ਕੀ ਸੱਗੀ ਘੜਾਏਂਗਾ ਵੇ, ਵੇ ਭਾਬੋ ਦਿਆ ਦਿਓਰਾ?
ਇਨ੍ਹਾਂ ਲੋਕ ਗੀਤਾਂ ਦੀ ਖ਼ੂਬੀ ਹੈ ਕਿ ਇਨ੍ਹਾਂ ਵਿੱਚ ਮਾਹੀ ਜਾਂ ਦਿਓਰ ਤੋਂ ਬਿਨਾਂ ਘਰੇਲੂ ਵਰਤਾਰੇ ਅਤੇ ਭੈਣ-ਭਰਾ ਜਾਂ ਸੱਸ-ਨਣਦ ਨਾਲ਼ ਸਬੰਧ ਰੱਖਣ ਵਾਲ਼ੇ ਗੌਣਾਂ ਵਿੱਚ ਵੀ ਮੋਰ ਬੋਲਦਾ ਹੈ। ਅਜਿਹੇ ਇੱਕ ਲੋਕ ਗੀਤ ਵਿੱਚ ਮੋਰ ਨੂੰ ਖ਼ੂਬਸੂਰਤੀ ਦਾ ਪ੍ਰਤੀਕ ਬਣਾ ਕੇ ਜਿਵੇਂ ਇਸ ਗੀਤ ਦੀ ਰਚਨਾ ਕਰਨ ਵਾਲੀ ਨੇ ਇਹ ਜ਼ਬਾਨੀ-ਕਲਾਮੀ ਸ਼ਬਦ ਜੜਤ ਜੜੀ ਹੈ, ਉਸ ਦੀ ਸੂਝ ਦਾ ਕਮਾਲ ਹੈ। ਵਿਆਕਰਣ ਜਾਂ ਵਿਧਾ ਅਨੁਸਾਰ ਇੱਥੇ ਮੋਰਨੀ ਸ਼ਬਦ ਆਉਣਾ ਚਾਹੀਦਾ ਸੀ ਪਰ ਸੋਚ-ਸਮਝ ਕੇ ਸੋਹਣੀ ਸੁਨੱਖੀ ਨਣਦ ਲਈ ‘ਮੋਰ’ ਸ਼ਬਦ ਵਰਤਿਆ ਹੈ ਕਿਉਂਕਿ ਮੋਰ ਸੁਹੱਪਣ ਵਿੱਚ ਮੋਰਨੀ ਨੂੰ ਮਾਤ ਪਾਉਂਦਾ ਹੈ। ਬੜਾ ਹੀ ਰੋਚਕ ਲੰਮਾ ਗੌਣ ਹੈ ਤੇ ਸ਼ਬਦਾਂ ਦੀ ਕਲਾਕਾਰੀ ਮੂੰਹੋਂ ਬੋਲਦੀ ਹੈ। ਇਹ ਭੈਣ-ਭਰਾ ਦੀ ਆਪਸੀ ਗੱਲਬਾਤ ਹੈ:
ਛੋਹੀਆਂ ਪਾਂਵਦੀ ਵੀਰਾਂ ਵੇ ਕਾਗ ਉਡਾਂਵਦੀ 
ਛੇਤੀ ਆ ਜਾ ਮੁੰਡਿਆ ਵੇ ਕੰਮ ਜ਼ਰੂਰ ਵੇ…।
ਕੀ ਕੁਛ ਲਿਆਇਆ ਵੀਰਾ ਵੇ ਸੱਸ ਜੁ ਮੇਰੀ ਨੂੰ?
ਕੀ ਕੁਛ ਲਿਆਇਆ ਵੀਰਾ ਵੇ ਨਣਦੀ ਮੋਰ ਨੂੰ…?
ਕੇਹੀ ਕੁ ਸੋਹਣੀ ਬੀਬੀ ਨੀਂ ਸੱਸ ਜੁ ਤੇਰੀ?
ਕੇਹੀ ਕੁ ਸੋਹਣੀ ਕੁੜੀਏ ਨੀਂ ਨਣਦੀ ਮੋਰ ਤੇਰੀ…?
ਅੱਖਾਂ ਸੱਸ ਦੀਆਂ ਵੀਰਾਂ ਵੇ ਚੁੰਨ੍ਹਮ-ਚੁੰਨ੍ਹੀਆਂ
ਮੂੰਹ ਉਹਦਾ ਮੁੰਡਿਆ ਵੇ ਖਰਸ ਜੁ ਖਾਧੜਾ…। 
ਅੱਖਾਂ ਨਣਦ ਦੀਆਂ ਵੀਰਾ ਵੇ ਅੰਬਾਂ ਫਾੜੀਆਂ
ਮੂੰਹ ਉਹਦਾ ਮੁੰਡਿਆ ਵੇ ਜਿਉਂ ਖ਼ਰਬੂਜ਼ਾ…।
ਪਾਟਕ ਟੈਂਗਣੀ (ਘੱਗਰੀ) ਲਿਆਇਆ ਸੱਸ ਜੁ ਤੇਰੀ ਨੂੰ 
ਨੌਂ ਲੱਖਾ ਹਾਰ ਕੁੜੀਏ ਨੀਂ ਨਣਦੀ ਮੋਰ ਨੂੰ…।
ਅੱਗ ਲਾਂਵਦੀ ਵੀਰਾ ਵੇ ਪਾਟਕ ਟੈਂਗਣੀ
ਤੋੜ ਮਰੋੜ ਦਿਆਂ ਮੁੰਡਿਆ ਵੇ ਨੌਂ ਲੱਖੇ ਹਾਰ ਨੂੰ 
ਕੁਛ ਨਾ ਲਿਆਇਆ ਵੀਰਾ ਵੇ ਅੰਮਾ ਜਾਈ ਆਪਣੀ
ਕੂੰਜ ਵਿੱਛੜੀ ਮੁੰਡਿਆ ਵੇ ਵਿੱਚੋਂ ਡਾਰ ਨੂੰ …।
ਇਸ ਲੰਮੇ ਗੌਣ ਦਾ ਰੂਪਕ ਪੱਖ ਜਿਵੇਂ ਪੇਸ਼ ਕੀਤਾ ਗਿਆ ਹੈ, ਇਹ ਉਨ੍ਹਾਂ ਅਨਪੜ੍ਹ ‘ਕਵਿਤਰੀਆਂ’ ਦੀ ਤੀਖਣ ਬੁੱਧੀ ਦਾ ਪ੍ਰਤੱਖ ਝਲਕਾਰਾ ਹੈ। ਲੋਕ-ਕਾਵਿ ਵਿੱਚ ਜਿਵੇਂ ਮੋਰ ਨੇ ਭਰਵੀਂ ਹਾਜ਼ਰੀ ਲਵਾਈ ਹੈ, ਉੱਥੇ ਕੁਝ ਪੰਜਾਬੀ ਗੀਤਾਂ ਵਿੱਚ ਵੀ ਮੋਰ ਲੋਕ ਗੀਤਾਂ ਵਾਂਗੂੰ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਲੰਮਾ ਅਰਸਾ ਪਹਿਲਾਂ ਗਾਇਆ ਇੱਕ ਬਹੁਤ ਪ੍ਰਸਿੱਧ ਪੰਜਾਬੀ ਗੀਤ ਅੱਜ ਵੀ ਲੋਕ ਮਨਾਂ ’ਚ ਗੂੰਜਦਾ ਹੈ ਜਿਸ ਨੂੰ ਲੋਕ-ਕਾਵਿ ਦਾ ਹਿੱਸਾ ਹੀ ਸਮਝਿਆ ਜਾਂਦਾ ਹੈ ਪਰ ਇਹ ਗੀਤ ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਹੋਇਆ ਹੈ ਜੋ ਸੰਨ 1938 ਤੋਂ 1940 ਦੇ ਵਿੱਚ-ਵਿੱਚ ਰਿਕਾਰਡ ਹੋਇਆ ਹੈ। ਉਹ ਪੱਥਰ ਦੇ ਤਵਿਆਂ ਵਾਲਾ ਯੁੱਗ ਸੀ। ਇਹ ਤਵਾ ਨੰਬਰ ਆਰ. ਐੱਲ. 3062 ’ਤੇ ਸਾਂਭਿਆ ਗੀਤ ਫ਼ਜ਼ਲ ਮੁਹੰਮਦ ਟੁੰਡਾ ਜਿਸ ਨੂੰ ਫ਼ਜ਼ਲਾ ਟੁੰਡਾ ਵੀ ਕਿਹਾ ਜਾਂਦਾ ਹੈ ਤੇ ਸਦੀਕ ਮੁਹੰਮਦ ਔੜੀਆ ਨੇ ਗਾਇਆ। ਸ਼ਾਇਰ ਸਦਰ ਨੇ ਬੁੱਤ ਨੂੰ ਮੋਰ ਨਾਲ ਤਸ਼ਬੀਹ ਦਿੰਦਿਆਂ ਜਿਸ ਢੰਗ ਨਾਲ਼ ਰੂਹ ਤੇ ਬੁੱਤ ਦਾ ਜ਼ਿਕਰ ਕੀਤਾ ਹੈ ਬਾ-ਕਮਾਲ ਹੈ। ਇਸੇ ਲਈ ਇਹ ਗੀਤ, ਪੰਜਾਬੀ ਲੋਕ-ਕਾਵਿ ਵਿੱਚ ਇਉਂ ਰਲ਼ ਗਿਆ ਜਿਵੇਂ ਘਿਓ-ਸ਼ੱਕਰ ਰਲ਼ ਜਾਂਦੇ ਹਨ। ਰੂਹ, ਬੁੱਤ ਨੂੰ ਕਲਹਿਰੀਆ ਮੋਰਾ’ ਕਹਿੰਦੀ ਹੋਈ ਨਾਸ਼ਵਾਨ ਜੀਵਨ ਦਾ ਯਥਾਰਥ ਬਿਆਨ ਕਰਦੀ ਹੈ।
ਬੁੱਤ ਨਿਮਾਣੇ ਨੂੰ ਹਰ ਵੇਲ਼ੇ
ਰੂਹ ਇਹੋ ਗੱਲ ਕਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ। 
ਸਿਰ ਤੇਰੇ ’ਤੇ ਖੁਦੀ ਗ਼ਰੂਰ,
ਕਰਦੈਂ ਮੇਰੀ ਮੇਰੀ ਤੂੰ।
ਇਹ ਗੱਲ ਮੂਰਖ ਕਦੇ ਨਾ ਸੋਚੀ,
ਅੰਤ ਖ਼ਾਕ ਦੀ ਢੇਰੀ ਤੂੰ।
ਇੱਕ ਦਿਨ ਤਾਂ ਤੈਂ ਢਹਿ ਜਾਣਾ,
ਜਿਵੇਂ ਕੰਧ ਰੇਤ ਦੀ ਢਹਿੰਦੀ।
ਕਲਹਿਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ।

ਪਰਮਜੀਤ ਕੌਰ ਸਰਹਿੰਦ

No comments:

Post a Comment