Wednesday, 18 September 2013

ਦਿਨੋ-ਦਿਨ ਅਲੋਪ ਹੋ ਰਿਹਾ ਟੋਕਰੇ ਬਣਾਉਣ ਦਾ ਕਾਰੋਬਾਰ




 ਪੁਰਾਤਨ ਸਮੇਂ ਤੋਂ ਤੂਤ ਦੀਆਂ ਛਟੀਆਂ ਤੋਂ ਬਣਾਏ ਜਾਣ ਵਾਲੇ ਟੋਕਰੇ ਹੁਣ ਕਿਸੇ ਵਿਰਲੇ ਟਾਂਵੇਂ ਪਿੰਡਾਂ ਦੇ ਘਰਾਂ ਅੰਦਰ ਦਿਖਾਈ ਦਿੰਦੇ ਹਨ | ਮਾਘ, ਫੱਗਣ (ਜਨਵਰੀ-ਫਰਵਰੀ) ਦੇ ਮਹੀਨੇ ਵਿਚ ਜਦੋਂ ਖੇਤਾਂ ਵਿਚ ਲੱਗੇ ਤੂਤ ਮੌਸਮ ਦੀ ਤਬਦੀਲੀ ਕਾਰਨ ਪੱਤੇ ਸੁੱਟ ਜਾਂਦੇ ਹਨ ਤਾਂ ਉਸ ਦੀਆਂ ਲਚਕਦਾਰ ਛਟੀਆਂ-ਟਾਹਣੀਆਂ ਨੂੰ ਕੱਟ ਕੇ ਘਰ ਲਿਆਂਦੀਆਂ ਜਾਂਦੀਆਂ ਹਨ, ਫ਼ਿਰ ਕੁਝ ਦਿਨਾਂ ਬਾਅਦ ਟੋਕਰੇ ਬਣਾਉਣ ਵਾਲੇ ਕਾਰੀਗਰ ਨੂੰ ਸੱਦ ਕੇ ਟੋਕਰੇ, ਰੋਟੀ ਵਾਲੇ ਛਾਬੇ, ਵੱਡੇ ਖਾਊਾਚੇ ਅਤੇ ਰੂੜੀ ਦੀ ਖਾਦ ਪਾਉਣ ਵਾਲੇ ਟੋਕਰੇ ਬਣਾਏ ਜਾਂਦੇ ਹਨ | ਤੂਤ ਦੀ ਪਤਲੀਆਂ ਲਚਕਦਾਰ ਟਾਹਣੀਆਂ ਨੂੰ ਦੋ ਫਾੜ ਕਰਕੇ ਮਿਸਤਰੀ ਧਰਤੇ ਵਿਚ ਛੋਟਾ ਜਿਹਾ ਟੋਆ ਪੁੱਟ ਕੇ ਇਸ ਦੀ ਬਣਤਰ ਸ਼ੁਰੂ ਕਰਦਾ ਹੈ, ਜਿਸ ਤਰ੍ਹਾਂ ਦੀ ਘਰ ਵਾਲਾ ਸਿਫਾਰਸ਼ ਕਰੇ ਉਸੇ ਤਰ੍ਹਾਂ ਦੀ ਗੋਲਾਈ ਦੇ ਕੇ ਟੋਕਰੇ ਬਣ ਜਾਂਦੇ ਹਨ | ਪੁਰਾਣੇ ਬਜ਼ੁਰਗਾਂ ਨੂੰ ਵਧੀਆ ਸੋਹਣੇ ਟੋਕਰੇ/ਖਾਉਂਚੇ ਬਣਾਉਣ ਦਾ ਸ਼ੌਕ ਸੀ, ਟੋਕਰਿਆਂ ਦੇ ਕਾਰੀਗਰ ਵੀ ਭਾਵੇਂ ਵਿਰਲੇ ਟਾਵੇਂ ਹੀ ਰਹਿ ਗਏ, ਪਰ ਹੈ ਜ਼ਰੂਰ | ਪਹਿਲਾਂ ਆਮ ਟੋਕਰੇ ਦੀ ਬਣਾਈ 10-15 ਰੁਪਏ ਸੀ, ਪਰ ਹੁਣ ਮਹਿੰਗਾਈ ਦੇ ਜ਼ਮਾਨੇ ਪਿੰਡ 50 ਰੁਪਏ ਹੋ ਗਈ | ਵੱਡੇ ਟੋਕਰੇ/ਖਾਊਾਚੇ ਦੀ 200 ਤੋਂ 250 ਬਣਾਈ ਹੁੰਦੀ ਹੈ | ਇਕ ਤੂਤ ਤੋਂ 5-6 ਟੋਕਰੇ ਬਣ ਜਾਂਦੇ ਹਨ | ਵਿਆਹ ਸ਼ਾਦੀਆਂ ਵਿਚ ਇਹ ਮਠਿਆਈਆਂ ਪਾਉਣ ਤੋਂ ਇਲਾਵਾ ਪਸ਼ੂਆਂ ਲਾਈ ਤੂੜੀ-ਪੱਠੇ ਅਤੇ ਰੂੜੀ ਦੀ ਖਾਦ ਪਾਉਣ ਲਈ ਵਰਤੇ ਜਾਂਦੇ ਹਨ | ਪੇਂਡੂ ਔਰਤਾਂ ਚੱੁਲ੍ਹੇ-ਚੌਾਕੇ ਵਿਚ ਭਾਂਡੇ ਅਤੇ ਹੋਰ ਸਾਮਾਨ ਪਾਉਣ ਲਈ ਇਸ ਦੀ ਵਰਤੋਂ ਕਰਦੀਆਂ ਹਨ | ਹੁਣ ਮਸ਼ੀਨੀ ਯੁੱਗ ਵਿਚ ਟੋਕਰੇ ਦੀ ਲੋੜ ਭਾਵੇਂ ਪਿੰਡਾਂ ਵਿਚ ਅੱਜ ਵੀ ਪੈਂਦੀ ਹੈ, ਪਰ ਸ਼ਹਿਰਾਂ ਅਤੇ ਬਹੁਤੇ ਪੇਂਡੂ ਘਰਾਂ ਵਿਚ ਇਸ ਦੀ ਥਾਂ ਬਾਜ਼ਾਰ ਵਿਚ ਵਿਕਦੀਆਂ ਰੰਗ-ਬਿਰੰਗੀਆਂ ਪਲਾਸਟਿਕ ਦੀਆਂ ਟੋਕਰੀਆਂ ਅਤੇ ਲੋਹੇ ਦੇ ਪੱਤੀਦਾਰ ਟੋਕਰਿਆਂ ਨੇ ਲੈ ਲਈ | ਟੋਕਰੇ ਬਣਾਉਣ ਦਾ ਧੰਦਾ ਵੀ ਦਿਨੋਂ-ਦਿਨ ਅਲੋਪ ਹੋ ਰਿਹਾ ਹੈ | ਬਦਲੇ ਜ਼ਮਾਨੇ ਕਰਕੇ ਇਸ ਦੇ ਕਾਰੀਗਰਾਂ ਦੀ ਔਲਾਦ ਨੇ ਇਸ ਨੂੰ ਤਿਲਾਂਜਲੀ ਦੇ ਕੇ ਹੋਰ ਧੰਦਿਆਂ ਵੱਲ ਹੱਥ ਕਰ ਲਿਆ | ਕਹਿੰਦੇ ਹਨ ਕਿ ਕੋਈ ਵੀ ਚੀਜ਼ ਖ਼ਤਮ ਨਹੀਂ ਹੁੰਦੀ, ਬੱਸ ਉੇਸਦੀ ਵਰਤੋਂ ਕਰਨ ਵਾਲੇ ਵਧ-ਘਟ ਸਕਦੇ ਹਨ | ਇਸ ਤਰ੍ਹਾਂ ਟੋਕਰੇ ਬਣਾਉਣ ਦੇ ਸ਼ੌਕੀਨ ਹੁਣ ਉਂਗਲਾਂ 'ਤੇ ਗਿਣਨ ਜੋਗੇ ਰਹਿ ਗਏ, ਉਸ ਤਰ੍ਹਾਂ ਬਣਾਉਣ ਦੇ ਮਿਸਤਰੀ ਵੀ ਮਸਾਂ ਭਾਲੇ ਹੀ ਲੱਭਦੇ ਹਨ |

ਰੁਪਿੰਦਰ ਸਿੰਘ ਸੇਖੋਂ

No comments:

Post a Comment