Monday, 9 September 2013

ਸੱਭਿਆਚਾਰ ਦੀ ਜਿੰਦਜਾਨ ਲੋਕ ਗੀਤ



ਆਦਿ ਕਾਲ ਤੋਂ ਹੀ ਮਨੁੱਖ  ਸੁਹਜ ਦਾ ਰਸੀਆ ਰਿਹਾ ਹੈ। ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਉਹ ਆਪਣੀ ਸੁਹਜ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵੀ ਯਤਨਸ਼ੀਲ ਰਿਹਾ ਹੈ। ਹਰ ਜਾਤੀ ਦਾ ਭੰਡਾਰ ਲੋਕ ਗੀਤਾਂ ਨਾਲ ਭਰਿਆ ਹੁੰਦਾ ਹੈ, ਭਾਵੇਂ ਉਹ ਜਾਤੀ ਆਦਮ ਅਵਸਥਾ ਵਿੱਚੋਂ ਲੰਘ ਰਹੀ ਹੋਵੇ ਜਾਂ ਸਮਾਜਿਕ ਪੱਖੋਂ ਵਿਕਸਤ ਹੋਵੇ। ਅਸਲ ਵਿੱਚ ਲੋਕ ਗੀਤ ਕਿਸੇ ਜਾਤੀ ਦੇ ਹਿਰਦੇ ਦਾ ਪ੍ਰਕਾਸ਼ ਹੁੰਦੇ ਹਨ, ਇਹ ਲੋਕਾਂ ਦੇ ਵੇਗ ਵਿੱਚ ਆਏ ਉਹ ਜਜ਼ਬੇ, ਵੇਦਨਾ ਤੇ ਸੱਧਰਾਂ ਹਨ ਜੋ ਸਹਿਜ ਰੂਪ ਵਿੱਚ ਹੀ ਸ਼ਬਦਾਂ ਦੇ ਰੂਪ ਵਿੱਚ ਰੂਪਮਾਨ ਹੋ ਜਾਂਦੀਆਂ ਹਨ। ਲੋਕ ਗੀਤ ਮਨੁੱਖੀ ਮਨ ਦੇ ਉਛਾਲ ਹਨ, ਹਿਰਦੇ ਦੀ ਤਹਿ ਦੀ ਕੋਈ ਤਰੰਗ ਅਤੇ ਜੀਵਨ ਦਾ ਕੋਈ ਝੋਕਾ ਹਨ। ਕੋਈ ਗੀਤ ਉਦੋਂ ਤਕ ਲੋਕ ਗੀਤ ਨਹੀਂ ਬਣਦਾ, ਜਦੋਂ ਤਕ ਜਨ ਸਮੂਹ ਉਸ ਨੂੰ ਪ੍ਰਵਾਨ ਕਰਕੇ ਆਪਣੇ ਗੀਤ-ਭੰਡਾਰ ਵਿੱਚ ਪਰੰਪਰਾ ਦੇ ਰੂਪ ’ਚ ਅਪਣਾ ਨਹੀਂ ਲੈਂਦਾ। ਲੋਕ ਗੀਤਾਂ ਦੀ ਸਮਗਰੀ ਪਰੰਪਰਾ ਵਿੱਚੋਂ ਹੀ ਲਈ ਜਾਂਦੀ ਹੈ ਤੇ ਇਸ ਦੀਆਂ ਜੜ੍ਹਾਂ ਸਮਾਜ ਵਿੱਚ ਹੁੰਦੀਆਂ ਹਨ।
ਪੰਜਾਬੀ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਹਨ। ਪੰਜਾਬੀਆਂ ਦੇ ਰਹਿਣ-ਸਹਿਣ, ਉਨ੍ਹਾਂ ਦੇ ਸਮਾਜਿਕ, ਆਰਥਿਕ ਹਾਲਾਤ, ਉਨ੍ਹਾਂ ਦੇ ਰੀਤੀ-ਰਿਵਾਜਾਂ ਦਾ ਅਸਲੀ ਝਲਕਾਰਾ ਸਾਨੂੰ ਪੰਜਾਬੀ ਲੋਕ ਗੀਤਾਂ ਵਿੱਚੋਂ ਹੀ ਦੇਖਣ ਨੂੰ ਮਿਲਦਾ ਹੈ। ਜ਼ਿੰਦਗੀ ਦਾ ਸ਼ਾਇਦ ਹੀ ਅਜਿਹਾ ਕੋਈ ਪੱਖ ਹੋਵੇਗਾ ਜੋ ਲੋਕ ਗੀਤਾਂ ਵਿੱਚ ਦ੍ਰਿਸ਼ਟੀਗੋਚਰ ਨਾ ਹੋਇਆ ਹੋਵੇ। ਪੰਜਾਬੀ ਸਾਹਿਤ ਵਿੱਚ ਹਰ ਰਸਮ, ਹਰ ਰਿਸ਼ਤੇ-ਨਾਤੇ ਨਾਲ ਸਬੰਧਤ ਲੋਕ ਗੀਤ ਸਾਨੂੰ ਵੇਖਣ ਨੂੰ ਮਿਲਦੇ ਹਨ। ਇਹ ਲੋਕ ਗੀਤ ਸਾਡੇ ਅਮੀਰ ਵਿਰਸੇ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ।
ਅਸਲ ਵਿੱਚ ਲੋਕ ਗੀਤਾਂ ਦੇ ਉਪਜਣ ਤੇ ਵਿਕਾਸ ਲਈ ਇੱਕ ਖਾਸ ਕਿਸਮ ਦੇ ਸਮਾਜਿਕ ਵਾਤਾਵਰਣ ਦੀ ਲੋੜ ਹੁੰਦੀ ਹੈ। ਅੱਜ-ਕੱਲ੍ਹ ਦੇ ਭੱਜ-ਨੱਠ ਵਾਲੇ ਵਾਤਾਵਰਣ ਵਿੱਚ ਲੋਕ ਗੀਤ ਲੋਪ ਹੁੰਦੇ ਜਾ ਰਹੇ ਹਨ।  ਪੰਜਾਬੀ ਲੋਕ ਗੀਤਾਂ ਦਾ ਖ਼ਜ਼ਾਨਾ ਇੰਨਾ ਭਰਪੂਰ ਹੈ ਕਿ ਇਹ ਆਪਣੇ ਅੰਦਰ ਹਰ ਰਿਸ਼ਤੇ ਦੇ ਆਪਸੀ ਪਿਆਰ, ਮਨ ਮੁਟਾਵ, ਪਿਆਰ ਭਰੀ ਨੋਕ-ਝੋਕ ਆਦਿ ਨੂੰ ਸਮੋਈ ਬੈਠੇ ਹਨ। ਫਿਰ ਚਾਹੇ ਉਹ ਮਾਂ-ਧੀ ਦੇ ਪਵਿੱਤਰ ਰਿਸ਼ਤੇ ਵਿਚਲਾ ਪਿਆਰ ਹੋਵੇ ਜਾਂ ਫਿਰ ਦਿਉਰ-ਭਰਜਾਈ, ਨਨਾਣ-ਭਰਜਾਈ ਦੇ ਰਿਸ਼ਤੇ ਵਿਚਲੀ ਆਪਸੀ ਨੋਕ-ਝੋਕ। ਪੰਜਾਬੀ ਲੋਕ ਗੀਤਾਂ ਵਿੱਚ ਹਰ ਰਿਸ਼ਤੇ ਦੇ ਮਹੱਤਵ ਨੂੰ ਬੜੇ ਸੁਚੱਜੇ ਢੰਗ ਨਾਲ ਦਰਸਾਇਆ ਗਿਆ ਹੈ। ਮਾਂ-ਧੀ ਦਾ ਰਿਸ਼ਤਾ ਜੋ ਸਭ ਤੋਂ ਵੱਧ ਮੋਹ ਵਾਲਾ ਰਿਸ਼ਤਾ ਹੈ, ਉਸ ਦਾ ਵਰਣਨ ਲੋਕ ਗੀਤਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ।
ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ
ਕੋਈ ਟੁੱਟਦੀ, ਏ ਕਹਿਰਾਂ ਦੇ ਨਾਲ
ਕਣਕਾਂ ਨਿੱਸਰੀਆਂ,
ਧੀਆਂ ਕਿਉਂ ਵਿਸਰੀਆਂ ਨੀਂ ਮਾਏ…
ਮਿੱਟੀ ਦਾ ਬੁੱਤ ਬਣਾਨੀ ਆ ਨੀਂ ਮਾਏ
ਉਹ ਦੇ ਗੱਲ ਲੱਗ ਕੇ ਰੋ ਲਾਂ
ਮਿੱਟੀ ਦਾ ਬੁੱਤ ਤਾਂ ਬੋਲਦਾ ਨੀਂ ਮਾਏ
ਮੈਂ ਰੋ-ਰੋ ਹਾਲ ਕਹਾਂ
ਕਣਕਾਂ ਨਿੱਸਰੀਆਂ,
ਧੀਆਂ ਕਿਉਂ ਵਿਸਰੀਆਂ ਨੀਂ ਮਾਏ।
ਸਾਡੇ ਲੋਕ ਗੀਤਾਂ ਵਿੱਚ ਧੀਆਂ ਦੀ ਤੁਲਨਾ ਚਿੜੀਆਂ ਨਾਲ ਕੀਤੀ ਜਾਂਦੀ ਹੈ। ਚਿੜੀਆਂ ਦੀ ਤਰ੍ਹਾਂ ਧੀਆਂ ਨੇ ਵੀ ਇੱਕ ਨਾ ਇੱਕ ਦਿਨ ਉਡਾਰੀ ਮਾਰਨੀ ਹੁੰਦੀ ਹੈ। ਧੀ ਚਾਹੇ ਅਮੀਰ ਦੀ ਹੋਵੇ ਜਾਂ ਫਿਰ ਗ਼ਰੀਬ ਦੀ ਉਸ ਨੂੰ ਪੇਕਾ ਘਰ ਛੱਡ ਸਹੁਰੇ ਘਰ ਜਾਣਾ ਹੀ ਪੈਂਦਾ ਹੈ।
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ਼ ਜਾਣਾ।
ਸਾਡੇ ਪੰਜਾਬੀ ਲੋਕ ਗੀਤਾਂ ਵਿੱਚ ਦਿਉਰ-ਭਰਜਾਈ ਦੇ ਰਿਸ਼ਤੇ ਦਾ ਵਰਨਣ ਆਮ ਆਉਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਵੱਡੀ ਭਰਜਾਈ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਭਰਜਾਈ ਵੀ ਛੋਟੇ ਦਿਉਰ ਨੂੰ ਪੁੱਤਾਂ ਵਾਂਗ ਪਿਆਰ ਕਰਦੀ ਹੈ। ਦਿਉਰ ਦੇ ਵਿਆਹ ਤੋਂ ਬਾਅਦ ਇਸ ਦਿਉਰ-ਭਰਜਾਈ ਦੇ ਰਿਸ਼ਤੇ ਵਿੱਚ ਕਈ ਵਾਰ ਨੋਕ-ਝੋਕ ਵੀ ਵੇਖਣ ਨੂੰ ਮਿਲਦੀ ਹੈ ਜਿਸ ਦਾ ਵਰਨਣ ਸਾਡੇ ਲੋਕ ਗੀਤ ਕਰਦੇ ਹਨ:
ਲਿਆ ਦਿਉਰਾ ਤੈਨੂੰ ਅੱਡ ਕਰ ਦੇਵਾ
ਦੇ ਕੇ ਸੇਰ ਕੁ ਆਟਾ
ਵੇ ਨਿੱਤ ਕੌਣ ਲੜੇ
ਕੌਣ ਪਟਾਵੇ ਝਾਟਾ
ਵੇ ਨਿੱਤ ਕੌਣ ਲੜੇ।
ਸਮਾਜਿਕ ਰਿਸ਼ਤਿਆਂ ਵਿੱਚ ਇੱਕ ਬੜਾ ਹੀ ਖੱਟਾ-ਮਿੱਠਾ ਰਿਸ਼ਤਾ ਹੈ ਤੇ ਉਹ ਰਿਸ਼ਤਾ ਹੈ ਨਨਾਣ-ਭਰਜਾਈ ਦਾ। ਨਨਾਣ-ਭਰਜਾਈ ਦੇ ਰਿਸ਼ਤੇ ਵਿੱਚ ਪਿਆਰ ਭਰੀ ਨੋਕ-ਝੋਕ ਆਮ ਹੀ ਵੇਖਣ ਨੂੰ ਮਿਲਦੀ ਹੈ ਜਿਸ ਦਾ ਵਰਣਨ ਸਾਡੇ ਲੋਕ ਗੀਤਾਂ ਵਿੱਚ ਵੀ ਕੀਤਾ ਗਿਆ ਹੈ:
ਨੀਂ ਨਨਾਣੇ ਬੇਈਮਾਨੇ,
ਅੱਖਾਂ ਫੇਰ ਗਈ ਰਕਾਨੇ
ਐਸੀ ਵੀਰ ਨੂੰ ਕਸੂਤੀ ਲੂਤੀ ਲਾਈ ਨਣਦੇ
ਅੱਜ ਤੂੰ ਮੈਨੂੰ ਮਾਰ ਪੁਆਈ ਨਣਦੇ।
ਰਿਸ਼ਤਿਆਂ ਦੀ ਇਸ ਮਾਲਾ ਵਿੱਚ ਸੁੱਚੇ ਮੋਤੀ ਵਰਗਾ ਇੱਕ ਰਿਸ਼ਤਾ ਹੈ ਭੈਣ-ਭਰਾ ਦਾ। ਭੈਣ-ਭਰਾ ਦੇ ਪਿਆਰ ਦੇ ਦੀਵੇ ਨੂੰ ਤਾਂ ਤੇਜ਼ ਝੱਖੜਾਂ ਵਾਲੀ ਪਦਾਰਥਵਾਦੀ ਹਨੇਰੀ ਵੀ ਬੁਝਾ ਨਹੀਂ ਸਕੀ। ਸਾਡੇ ਲੋਕ ਗੀਤ ਇਸ ਪਿਆਰ ਭਰੇ ਰਿਸ਼ਤੇ ਵਿੱਚ ਹੋਰ ਵੀ ਮਿਠਾਸ ਭਰ ਦਿੰਦੇ ਹਨ:
ਇੱਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਇੱਕ ਵੀਰ ਦੇਈਂ ਵੇ ਰੱਬਾ
ਮੇਰੀ ਸਾਰੀ ਉਮਰ ਦੇ ਪੇਕੇ।
ਪੰਜਾਬੀ ਲੋਕ ਗੀਤ ਸਿਰਫ਼ ਰਿਸ਼ਤਿਆਂ ਦੀ ਮਾਲਾ ਨੂੰ ਹੀ ਨਹੀਂ ਦਰਸਾਉਂਦੇ ਬਲਕਿ ਰੀਤੀ-ਰਿਵਾਜਾਂ, ਰਸਮਾਂ ਨੂੰ ਵੀ ਦਰਸਾਉਂਦੇ ਹਨ। ਮੌਕਾ ਖ਼ੁਸ਼ੀ ਦਾ ਹੋਵੇ ਜਾਂ ਗ਼ਮ ਦਾ ਹਰ ਮੌਕੇ ਨਾਲ ਸਬੰਧਤ ਲੋਕ ਗੀਤ ਸਾਡੇ ਸੱਭਿਆਚਾਰ ਦਾ ਅੰਗ ਹਨ। ਇਸੇ ਤਰ੍ਹਾਂ ਵਿਆਹ ਦੀ ਰਸਮ ਵਿੱਚ ਸਿਹਰਾਬੰਦੀ ਦੀ ਰਸਮ ਦੀ ਖਾਸ ਮਹੱਤਤਾ ਹੈ। ਇਹ ਰਸਮ ਲਾੜੇ ਦੀਆਂ ਭੈਣਾਂ ਅਦਾ ਕਰਦੀਆਂ ਹਨ। ਸਿਹਰਾ ਬੰਨਾ ਕੇ ਲਾੜਾ ਸ਼ਗਨ ਵਜੋਂ ਭੈਣਾਂ ਨੂੰ ਕੁਝ ਰੁਪਏ ਦਿੰਦਾ ਹੈ। ਇਸ ਸਮੇਂ ਆਮ ਤੌਰ ’ਤੇ ਇਹ ਲੋਕ ਗੀਤ ਗਾਇਆ ਜਾਂਦਾ ਹੈ:
ਵਕਤ ਵਿਆਹ ਦੇ ਸਿਹਰੇ ਦੀ ਪਵੇ ਕੀਮਤ
ਹੁੰਦਾ ਵਿਆਹ ਵਿੱਚ ਸ਼ਗਨਾਂ ਦੀ ਰੀਤ ਸਿਹਰਾ
ਪਿਆਰ ਮੁਹੱਬਤ ਦੇ ਖਿੜ੍ਹ ਪਏ ਫੁੱਲ ਸੋਹਣੇ
ਬੰਨਿਆ ਲਾੜੇ ਨੇ ਜਦੋਂ ਪ੍ਰੀਤ ਸਿਹਰਾ।
ਇਸ ਪ੍ਰਕਾਰ ਲੋਕ ਗੀਤ ਆਪਣੇ ਅੰਦਰ ਜ਼ਿੰਦਗੀ ਦੇ ਹਰ ਰੰਗ ਨੂੰ ਸਮੋਈ ਬੈਠੇ ਹਨ। ਲੋਕ ਗੀਤ ਮੌਖਿਕ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਯਾਤਰਾ ਕਰਦੇ ਹਨ। ਜਿਹੜੇ ਲੋਕ ਗੀਤ ਲਿੱਪੀਬੰਧ ਕਰ ਲਏ ਜਾਂਦੇ ਹਨ, ਉਨ੍ਹਾਂ ਦੀ ਮਹੱਤਤਾ ਖਤਮ ਨਹੀਂ ਹੁੰਦੀ ਬਲਕਿ ਉਹ ਸਾਂਭੇ ਜਾਣ ਕਰਕੇ ਅਮਰ ਹੋ ਜਾਂਦੇ ਹਨ। ਲੋਕ ਗੀਤਾਂ ਦੀ ਰਚਨਾ ਹਰ ਕਾਲ ਵਿੱਚ ਹੁੰਦੀ ਰਹਿੰਦੀ ਹੈ ਪਰ ਵਰਤਮਾਨ ਪਦਾਰਥਵਾਦੀ ਯੁੱਗ ਵਿੱਚ ਅਸੀਂ ਆਪਣੇ ਇਸ ਮਹਾਨ ਵਿਰਸੇ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ। ਸਾਡੇ ਲੋਕ ਗਾਇਕਾਂ ਨੇ ਇਸ ਮਹਾਨ ਖ਼ਜ਼ਾਨੇ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਅੱਜ ਲੋੜ ਹੈ ਇਸ ਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦੀ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਸੱਭਿਆਚਾਰ ਨਾਲ ਜੋੜਨ ਦੀ।

-ਜਸਪ੍ਰੀਤ ਕੌਰ ਸੰਘਾ
* ਸੰਪਰਕ: 99150-33176


No comments:

Post a Comment