Tuesday, 17 September 2013

ਪੰਜਾਬੀ ਲੋਕ ਸੰਗੀਤ ਦੀ ਵਿਲੱਖਣ ਦੇਣ-4




ਸਦੀਆਂ ਤੋਂ ਕਵੀਸ਼ਰਾਂ ਨੇ ਆਪਣੀ ਇਸ ਕਲਾ ਦੁਆਰਾ ਪੰਜਾਬੀ ਲੋਕ ਸੰਗੀਤ ਦੇ ਪ੍ਰਵਾਹ ਵਿੱਚ ਆਪਣੀ ਕਲਾ ਦੀ ਵਿਲੱਖਣਤਾ ਨੂੰ ਜਿਉਂਦਾ ਰੱਖਿਆ ਹੈ। ਇਨ੍ਹਾਂ ਕਵੀਸ਼ਰਾਂ ਦਾ ਆਪਣਾ ਕਲਾ ਸੰਸਾਰ ਹੈ ਅਤੇ ਲੋਕ ਸੰਗੀਤ ਦੀ ਇੱਕ ਵਿਸ਼ੇਸ਼ ਸਰੋਤਾ ਸ਼੍ਰੇਣੀ ਦਾ ਵੱਡਾ ਵਰਗ ਉਨ੍ਹਾਂ ਦੀ ਗ੍ਰਿਫ਼ਤ ਵਿੱਚ ਹੈ ਜਿਸ ਉÎੱਤੇ ਉਹ ਵੰਨ-ਸੁਵੰਨੀ ਕਵੀਸ਼ਰੀ ਦੁਆਰਾ ਆਪਣੀ ਪਕੜ ਢਿੱਲੀ ਨਹੀਂ ਹੋਣ ਦਿੰਦੇ।
ਕਵੀਸ਼ਰੀ ਦੀ ਰਚਨਾ ਕਰਨਾ ਤੇ ਕਵੀਸ਼ਰੀ ਦੀ ਪੇਸ਼ਕਾਰੀ ਦੋਵੇਂ ਵੱਖੋ ਵੱਖਰੀਆਂ ਕਲਾਵਾਂ ਹਨ। ਇਨ੍ਹਾਂ ਦੋਵੇਂ ਗੁਣਾਂ ਦੇ ਧਾਰਣੀ ਕਵੀਸ਼ਰ ਨੂੰ ਉੱਤਮ ਮੰਨਿਆ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਹਰ ਕਵੀਸ਼ਰ ਵਿੱਚ ਇਹ ਦੋਵੇਂ ਗੁਣ ਮੌਜੂਦ ਹੋਣੇ। ਰਚੀ ਗਈ ਕਵੀਸ਼ਰੀ ਚਿੱਠਿਆਂ ਤੇ ਪੁਸਤਕਾਂ ਦੇ ਪੰਨਿਆਂ ਉÎੱਤੇ ਗੂੰਗੀ ਹੋ ਸਦਾ-ਸਦਾ ਲਈ ਖ਼ਾਮੋਸ਼ ਹੋਣ ਦੀ ਪ੍ਰਕ੍ਰਿਆ ਵਿੱਚ ਫਸ ਜਾਂਦੀ ਹੈ ਅਤੇ ਸਿਮਰਤੀਆਂ ਵਿੱਚ ਸਿਮਰ ਜਾਂਦੀ ਕਵੀਸ਼ਰੀ, ਕਵੀਸ਼ਰਾਂ ਦੇ ਸੁਰੀਲੇ ਕੰਠਾਂ ’ਤੇ ਸਵਾਰ ਹੋ ਲੋਕ ਮਨ ਦੀਆਂ ਸਿਮਰਤੀਆਂ ਦਾ ਸਦੀਵੀ ਜੀਵੰਤ ਅੰਗ ਬਣ ਜਾਂਦੀ ਹੈ। ਕਵੀਸ਼ਰੀ ਗਾਇਨ ਦੀ ਇਸ ਪ੍ਰਕਿਰਿਆ ਨੂੰ ਜਾਣਨ ਲਈ ਇਸ ਗਾਇਨ ਕਲਾ ਦੇ ਵਿਭਿੰਨ ਪੜਾਵਾਂ ਉÎੱਤੇ ਵਿਚਾਰ ਜ਼ਰੂਰੀ ਹੈ।
ਕਵੀਸ਼ਰੀ ਦੇ ਵੱਖ-ਵੱਖ ਕਲਾਕਾਰਾਂ ਨਾਲ ਰਚਾਏ ਸੰਵਾਦ ਤੋਂ ਪ੍ਰਤੱਖ ਹੈ ਕਿ ਕਵੀਸ਼ਰਾਂ ਦਾ ਮੂਲ ਪ੍ਰੇਰਨਾ ਸਰੋਤ ਪੂਰਵਲੇ ਕਵੀਸ਼ਰ ਅਤੇ ਇਨ੍ਹਾਂ ਦੁਆਰਾ ਵੱਖ-ਵੱਖ ਸਮਿਆਂ ਉੱਤੇ ਗਾਇਨ ਕੀਤੀ ਲੋਕ ਸਮੂਹ ਦੁਆਰਾ ਪ੍ਰਵਾਨਿਤ ਕਵੀਸ਼ਰੀ ਹੀ ਰਹੀ ਹੈ। ਪੀੜ੍ਹੀ ਦਰ ਪੀੜ੍ਹੀ ਕਵੀਸ਼ਰਾਂ ਦੇ ਘਰਾਣੇ ਅਤੇ ਕਵੀਸ਼ਰੀ ਦੀ ਚੇਟਕ ਉਪਰੰਤ ਉਸਤਾਦੀ, ਸ਼ਾਗਿਰਦੀ ਕਰ ਅਨੇਕ ਕਵੀਸ਼ਰਾਂ ਨੇ ਆਪਣੇ ਉਸਤਾਦਾਂ ਦੁਆਰਾ ਦਰਸਾਏ ਮਾਰਗ ਉੱਤੇ ਸਾਧਨਾ ਕਰਦਿਆਂ ਇਸ ਕਲਾ ਵਿੱਚ ਮੁਹਾਰਤ ਹਾਸਲ ਕੀਤੀ। ਵੱਖ-ਵੱਖ ਕਵੀਸ਼ਰਾਂ ਅਨੁਸਾਰ, ਕਵੀਸ਼ਰੀ ਵਿੱਚ ਸ਼ਬਦਾਂ ਦਾ ਇੱਕ ਆਪਣਾ ਜਾਦੂ ਹੁੰਦਾ ਹੈ, ਜਿਹੜਾ ਉਸਤਾਦ ਦੀ ਕਿਰਪਾ ਨਾਲ ਹੀ ਜਾਗਦਾ ਹੈ। ਸ਼ਬਦਾਂ ਦੇ ਬੋਲਾਂ ਦੀ ਸ਼ਕਤੀ, ਸੰਗੀਤ, ਰਵਾਨਗੀ ਅਤੇ ਪ੍ਰਸੰਗ ਦਾ ਕਥਾ ਰਸ ਸਿਖਾਂਦਰੂ ਕਵੀਸ਼ਰ ਦੇ ਮਨ ਨੂੰ ਕਵੀਸ਼ਰੀ ਦੀ ਚਾਲ ਢਾਲ ਬੰਨ੍ਹਣ ਵਿੱਚ ਸਹਾਈ ਹੁੰਦਾ ਹੈ। ਉੇਸਤਾਦ ਕਵੀਸ਼ਰ ਆਪਣੇ ਸ਼ਾਗਿਰਦ ਨੂੰ ਸਾਲਾਂ ਬੱਧੀ ਸਬੰਧਤ ਪ੍ਰਸੰਗ, ਕਾਵਿ ਰੂਪਾਂ ਤੇ ਛੰਦਾਂ ਦੇ ਰਹੱਸ ਤੇ ਗੋਹਝ ਸਮਝਾਉਂਦਿਆਂ ਗੁਰੂਮੁਖੀ ਵਿਧੀ ਦੁਆਰਾ ਕਾਵਿ ਫਿਰਾਉਂਦਾ, ਸਿਮਰਾਉਂਦਾ ਤੇ ਛੰਦ ਸ਼ੁੱਧ ਕਰਾਉਂਦਾ ਹੈ। ਕਾਵਿ ਦੇ ਛੰਦਾਂ ਦਾ ਵਜ਼ਨ ਹੀ ਕਵੀਸ਼ਰੀ ਦੀ ਮੂਲ ਪਕੜ ਹੈ। ਸਿਖਾਂਦਰੂ ਕਵੀਸ਼ਰ ਸਬੰਧਤ ਕਾਵਿ ਨੂੰ ਆਪੇ ਪੜ੍ਹ ਕੇ ਨਹੀਂ ਫੇਰ ਸਕਦਾ। ਕਵਿਤਾ ਨੂੰ ਪੜ੍ਹ ਕੇ ਬੋਲ ਲੈਣਾ ਕਵਿਤਾ ਉਚਾਰਣ ਤਾਂ ਹੋ ਸਕਦਾ ਹੈ, ਕਵੀਸ਼ਰੀ ਨਹੀਂ। ਵੱਖ-ਵੱਖ ਪ੍ਰਸੰਗਾਂ ਅਧੀਨ ਵੱਖ-ਵੱਖ ਕਾਵਿ ਰੂਪਾਂ, ਛੰਦਾਂ ਨੂੰ ਫਿਰਾਅ, ਸਿਮਰ ਕੇ ਉਸਤਾਦ ਕਵੀਸ਼ਰ ਇਸ ਨੂੰ ਸ਼ਾਗਿਰਦ ਕਵੀਸ਼ਰ ਦੀ ਸਿਮਰਤੀ ਦਾ ਅਨਿੱਖੜਵਾਂ ਅੰਗ ਬਣਾ ਦਿੰਦਾ ਹੈ, ਇਸੇ ਕਰਕੇ ਕਵੀਸ਼ਰੀ ਵਿੱਚ ਹਿਫ਼ਜ਼ ਜ਼ਬਾਨੀ ਯਾਦ ਕਰਨ ਅਤੇ ਚੰਗੀ ਯਾਦਦਾਸ਼ਤ ਨੂੰ ਪਹਿਲਾ ਗੁਣ ਮੰਨਿਆ ਜਾਂਦਾ ਹੈ। ਇਹ ਗੁਣ ਸੰਸਕਾਰੀ ਵੀ ਹੋ ਸਕਦਾ ਹੈ ਤੇ ਸਾਧਨਾ ਦੁਆਰਾ ਗ੍ਰਹਿਣ ਵੀ ਕੀਤਾ ਜਾ ਸਕਦਾ ਹੈ। ਉਸਤਾਦ ਕਵੀਸ਼ਰ ਆਪਣੇ ਸ਼ਾਗਿਰਦ ਨੂੰ ਉਕਤ ਅਭਿਆਸ ਕਰਾਉਂਦਿਆਂ ਸ਼ਬਦਾਂ ਦਾ ਸਹੀ ਉਚਾਰ,ਅਰਥ, ਸ਼ਬਦਾਂ ਦਾ ਸਹੀ ਰੱਖ ਰਖਾਵ, ਸ਼ਬਦ ਫੜਨ, ਛੱਡਣ, ਜੋੜਨ ਆਦਿ ਦੀਆਂ ਕਈ ਕਿਰਿਆਵਾਂ ਦਾ ਗਿਆਨ ਉਚਾਰ ਤੇ ਗਾਇਨ, ਦੁਆਰਾ ਕਰਾਉਂਦਾ ਹੈ। ਇਸ ਪ੍ਰਕਿਰਿਆ ਦੌਰਾਨ ਸ਼ਬਦਾਂ ਵਿਚਲੇ ਅੰਤਰਾਲਾਂ ਨੂੰ ਆਖ਼ਰੀ ਤੁਕ ਤੇ ਸੁਰਾਤਮਕ ਲਮਕਾ ਅਤੇ ਮੀਂਡ ਨਾਲ ਸੰਪੂਰਨ ਕਰਨ ਦੀ ਵਿਧੀ ਸਹਿਜ ਸੁਭਾਅ ਦੱਸੀ ਜਾਂਦਾ ਹੈ, ਜੋ ਹੌਲੀ-ਹੌਲੀ ਕਵੀਸ਼ਰ ਦੀ ਗਾਇਨ ਕਲਾ ਦਾ ਆਧਾਰ ਤੇ ਮੂਲ ਗੁਣ ਬਣ ਜਾਂਦੀ ਹੈ। ਲੰਮੇ ਸਮਿਆਂ ਤਕ ਕਾਵਿ ਫਿਰਾਉਂਦਿਆਂ ਅਤੇ ਆਪਣੇ ਉਸਤਾਦ ਦੀ ਸਰਪ੍ਰਸਤੀ ਅਧੀਨ ਮੁਕਤ ਤੇ ਬੁਲੰਦ ਆਵਾਜ਼ ਵਿੱਚ ਨਿਰੰਤਰ ਅਭਿਆਸ ਸ਼ਾਗਿਰਦ ਕਵੀਸ਼ਰਾਂ ਦੇ ਕੁਰਖ਼ਤ ਮੋਟੇ ਉਚਾਰ ਸੁਰ ਨੂੰ ਗੋਲ, ਸੁਰੀਲੇ ਤੇ ਰਸੀਲੇ ਕੰਠ ਵਿੱਚ ਪ੍ਰਵਰਤਿਤ ਕਰ ਪ੍ਰੋਢ ਤੇ ਪਰਪੱਕ ਕਰ ਦਿੰਦਾ ਹੈ। ਉਸਤਾਦ ਦੀਆਂ ਨਜ਼ਰਾਂ ਵਿੱਚ ਸ਼ਾਗਿਰਦ ਕਵੀਸ਼ਰ ਜਦੋਂ ਛੰਦਾਂ ਦੇ ਬਾਣ ਬਾ-ਤਰਤੀਬ ਨਿਰੰਤਰਤਾ ਨਾਲ ਛੱਡਣ ਜੋਗਾ ਹੋ ਜਾਂਦਾ ਹੈ ਤਾਂ ਉਸਤਾਦ ਸ਼ਾਗਿਰਦ ਦੇ ਭੱਥੇ ਨੂੰ ਕਵੀਸ਼ਰੀ ਦੇ ਵਿਭਿੰਨ ਰੂਪਾਂ ਨਾਲ ਸ਼ਿੰਗਾਰ ਕੇ ਪਹਿਲਾਂ ਪਾਛੂ ਵਜੋਂ ਕਵੀਸ਼ਰੀ ਗਾਇਨ ਦੇ ਮੈਦਾਨ ਵਿੱਚ ਉਤਾਰਦਾ ਹੈ। ਪਾਛੂ ਵਜੋਂ ਸਿਖਾਂਦਰੂ ਕਵੀਸ਼ਰ ਆਪਣੇ ਉਸਤਾਦ ਜਾਂ ਆਪਣੀ ਹੀ ਪਰੰਪਰਾ ਦੇ ਕਿਸੇ ਵੱਡੇ ਗੁਰ ਭਾਈ ਕਵੀਸ਼ਰ ਦੀ ਨਿਗਰਾਨੀ ਤੇ ਸਪੁਰਦਗੀ ਵਿੱਚ ਗਾਇਨ ਆਰੰਭ ਕਰਦਾ ਹੈ।
ਕਵੀਸ਼ਰੀ ਸਿਖਣ ਦੀ ਇਸ ਪ੍ਰਕਿਰਿਆ ਵਿੱਚ ਆਪਣੇ ਹੀ ਉਸਤਾਦ ਦਾ ਕਾਵਿ ਗਾਉਣਾ ਲਾਜ਼ਮੀ ਹੁੰਦਾ ਹੈ ਅਤੇ ਇਸ ਨੂੰ ਮਾਣ ਭਰਪੂਰ ਵੀ ਸਮਝਿਆ ਜਾਂਦਾ ਹੈ। ਆਪਣੇ ਘਰਾਣੇ ਵਿਚਲੀ ਸਿਖਲਾਈ ਦੀ ਤੁਲਨਾ ਵਿੱਚ ਦੂਜੇ ਕਵੀਸ਼ਰ ਦੀ ਰਚਨਾ ਨੂੰ ਸਿਖਣਾ-ਸਿਖਾਉਣਾ ਮੁਸ਼ਕਿਲ ਵੀ ਹੈ। ਦੂਜੇ ਕਵੀਸ਼ਰ ਦੇ ਕਾਵਿ ਨੂੰ ਪੇਸ਼ ਕਰਨਾ ਕਵੀਸ਼ਰੀ ਦੇ ਕਸਬ ਵਿੱਚ ਮਿਹਣਾ ਮੰਨਿਆ ਜਾਂਦਾ ਹੈ। ਜਿਹੜਾ ਕਵੀਸ਼ਰਾਂ ਦੁਆਰਾ ਨਵੀਂ ਕਵੀਸ਼ਰੀ ਦੀ ਰਚਨਾ ਲਈ ਚਿਣਗ, ਚੁਣੌਤੀ ਤੇ ਵੰਗਾਰ ਵੀ ਹੈ।
ਪੰਜਾਬੀ ਲੋਕ ਸੰਗੀਤ ਪਰੰਪਰਾ ਵਿੱਚ ਜਿੰਨ੍ਹਾਂ ਪ੍ਰਮੁੱਖ ਕਵੀਸ਼ਰਾਂ ਨੇ ਆਪਣੀਆਂ ਰਚਨਾਵਾਂ ਦੁਆਰਾ ਯੋਗਦਾਨ ਪਾਇਆ ਹੈ, ਉਨ੍ਹਾਂ ਵਿੱਚ ਕੁਝ ਨਾਂ ਇਸ ਪ੍ਰਕਾਰ ਹਨ: ਭਗਵਾਨ ਸਿੰਘ, ਹਜ਼ੂਰਾ ਸਿੰਘ, ਸਾਧੂ ਸਦਾ ਰਾਮ, ਪੰਡਤ ਗੋਕਲ ਚੰਦ, ਦੌਲਤ ਰਾਮ, ਰਣ ਸਿੰਘ, ਗੰਗਾ ਸਿੰਘ, ਪੰਡਤ ਕਿਸ਼ੋਰ ਚੰਦ, ਮਾਘੀ ਸਿੰਘ, ਮੱਘਰ ਸਿੰਘ ਆਰਿਫ, ਪੰਡਤ ਪੂਰਨ ਚੰਦ, ਸ਼ੇਰ ਸਿੰਘ ਸੰਦਲ, ਬਾਬੂ ਰਜਬ ਅਲੀ, ਸਾਧੂ ਦਯਾ ਸਿੰਘ ਆਰਿਫ਼, ਚੰਦ ਸਿੰਘ ਮਰ੍ਹਾਝ, ਮੋਹਣ ਸਿੰਘ ਰੋਡੇ, ਛੱਜੂ ਸਿੰਘ, ਸੁਰੈਣ ਸਿੰਘ ਆਰਿਫ, ਇੰਦਰ ਸਿੰਘ ਵੈਦ, ਧੰਨਾ ਸਿੰਘ ਗੁਲਸ਼ਨ ਆਦਿ।
ਪੰਜਾਬੀ ਲੋਕ ਸੰਗੀਤ ਵਿੱਚ ਕਵੀਸ਼ਰੀ ਦੇ ਗਾਇਨ ਪ੍ਰਵਾਹ ਨੂੰ ਜਿਨ੍ਹਾਂ ਉਸਤਾਦ ਕਵੀਸ਼ਰਾਂ ਤੇ ਉਨ੍ਹਾਂ ਦੇ ਸ਼ਗਿਰਦਾਂ ਦੀਆਂ ਕਈ ਪੀੜ੍ਹੀਆਂ ਨੇ ਅਗਾਂਹ ਤੋਰਿਆ ਹੈ, ਉਨ੍ਹਾਂ ਸਾਰਿਆਂ ਦਾ ਸਤਿਕਾਰ ਪਰ ਇੱਥੇ ਨਾਂ ਦੇ ਸਕਣ ਦੇ ਸਮਰੱਥ ਨਹੀਂ ਹਾਂ।
ਕਵੀਸ਼ਰ ਗਾਇਨ ਦਾ ਪ੍ਰਸਤੁਤੀ ਸਥਲ ਵੱਖ-ਵੱਖ ਮੇਲਿਆਂ ਮੁਸ੍ਹਾਬਿਆਂ ਤੇ ਲੱਗਣ ਵਾਲੇ ਅਖਾੜੇ, ਸਾਧਾਂ ਦੇ ਡੇਰੇ, ਸਮਾਧਾਂ, ਗੁਰਦੁਆਰੇ ਆਦਿ ਹਨ। ਉਕਤ ਤੋਂ ਇਲਾਵਾ ਅੱਜ-ਕੱਲ੍ਹ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਲੱਗਣ ਵਾਲੇ ਨਿਸ਼ਚਿਤ ਸਮਾਗਮਾਂ ਤੇ ਕਾਨਫਰੰਸਾਂ ਆਦਿ ਉÎੱਤੇ ਵੀ ਕਵੀਸ਼ਰੀ ਦਾ ਗਾਇਨ ਸੁਣਨ ਨੂੰ ਮਿਲਦਾ ਹੈ। ਸਮੇਂ ਸਥਾਨ ਤੇ ਮਰਿਆਦਾ ਅਨੁਸਾਰ ਕਵੀਸ਼ਰ ਵੱਖ-ਵੱਖ ਵਿਸ਼ਿਆਂ ਦੀ ਚੋਣ ਆਪਣੇ ਗਾਇਨ ਲਈ ਕਰਦੇ ਹਨ, ਜਿਨ੍ਹਾਂ ਵਿੱਚ ਧਾਰਮਿਕ ਕਿੱਸੇ ਪੌਰਾਣਿਕ ਕਥਾਵਾਂ, ਸਿੱਖ ਇਤਿਹਾਸ, ਇਸਲਾਮੀ ਪ੍ਰਸੰਗ, ਧਰਮੀ, ਬਹਾਦਰਾਂ ਤੇ ਵੈਲੀਆਂ ਦੇ ਪ੍ਰਸੰਗ, ਦੇਸ ਭਗਤੀ, ਪ੍ਰੀਤ ਕਥਾਵਾਂ ਦੇ ਕਿੱਸੇ, ਇਤਿਹਾਸਕ ਯੁੱਧ ਅਤੇ ਜੰਗਾਂ ਆਦਿ ਦੇ ਪ੍ਰਸੰਗ ਵਿਸ਼ੇਸ਼ ਹਨ।
ਕਵੀਸ਼ਰ ਆਪਣੇ ਗਾਇਨ ਦਾ ਆਰੰਭ ਮੰਗਲਾਚਰਣ ਤੋਂ ਕਰਦੇ ਹਨ। ਮੰਗਲਾਚਰਣ ਵਿੱਚ ਦੋਹਰਾ, ਕਥਿਤ, ਬੈਂਤ, ਕੋਰੜਾ, ਡਿਉਢ ਆਦਿ ਛੰਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਵਿੱਚ ਇਸ਼ਟ ਅਰਾਧਨਾ ਅਤੇ ਆਪਣੇ ਗੁਰੂ ਦੀ ਮਹਿਮਾ ਕਰਦਿਆਂ ਕਵੀਸ਼ਰੀ ਦੇ ਉੱਤਮ ਗੁਣਾਂ ਦੀ ਦਾਤ ਮੰਗੀ ਜਾਂਦੀ ਹੈ ਜਿਵੇਂ
ਦਾਸ ਹੱਥ ਬੰਨ੍ਹ ਕੇ ਧਿਆਉਂਦੇ ਪਰਮਾਤਮਾ ਨੂੰ
ਰੰਗਲੀ ਦਿਮਾਗ ’ਚ ਜਾਗਾਦੇ ਨਵੀਂ ਬੈਟਰੀ।
ਵੇਦ ਤੇ ਗ੍ਰੰਥ ਲਿਆ ਕੇ ਵਾਚ ਲਏ ਅਨੇਕਾਂ
ਮੈਂ ਤਾਂ ਪੜ੍ਹ ਲਿਆ ਬਥੇਰਾ ਅਲਜਬਰਾ ਜੁਮੈਟਰੀ।
ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ਬਾਨ ਸਿੱਖੀ
ਲਾਇਕ ਪ੍ਰੋਫੈਸਰ ਸਿਖਾਂਦੇ ਐਸੀ ਲੈਟਰੀ।
ਬਾਬੂ ਜੀ ਤੇ ਮੇਹਰ ਕਰੋ ਆਪਣਾ ਸਮਝ ਬੱਚਾ
ਆ ਜਾਏ ਰਚਣੀ ਪੰਜਾਬੀ ਦੀ ਪੋਇਟਰੀ।
ਮੰਗਲਾਚਰਣ ਤੋਂ ਬਾਅਦ ਗਾਥਾ ਸ਼ੁਰੂ ਕਰਨ ਤੋਂ ਪਹਿਲਾਂ ਸਮਾਂ ਬੰਨ੍ਹਣ ਲਈ ਸਰੋਤਿਆਂ ਨੂੰ ਆਪਣੇ ਨਾਲ ਪੂਰਨ ਰੂਪ ਵਿੱਚ ਜੋੜਨ ਲਈ ਕਵੀਸ਼ਰ ਫੁਟਕਲ ਛੰਦ, ਜਿੰਨ੍ਹਾਂ ਨੂੰ ਕਵੀਸ਼ਰ ਆਪਣੀ ਭਾਸ਼ਾ ਵਿੱਚ ਖੁੱਲ੍ਹੀ ਕਵਿਤਾ ਜਾਂ ਟੁੱਟਵੇਂ ਛੰਦ ਵੀ ਆਖਦੇ ਹਨ, ਦਾ ਗਾਇਨ ਕਰਦੇ ਹਨ। ਕਵੀਸ਼ਰਾਂ ਅਨੁਸਾਰ ਇਸ ਦੁਆਰਾ ਉਨ੍ਹਾਂ ਦੇ ਗਲੇ ਵੀ ਗਰਮਾ ਜਾਂਦੇ ਹਨ ਅਤੇ ਸਰੋਤਿਆਂ ਦਾ ਧਿਆਨ ਵੀ ਕਵੀਸ਼ਰਾਂ ਦੀ ਕਲਾ ਵੱਲ ਆਕਰਸ਼ਿਤ ਹੋ ਜਾਂਦਾ ਹੈ। ਉਪਰੰਤ ਗਾਇਨ ਕੀਤੇ ਜਾਣ ਵਾਲਾ ਮੁੱਖ ਪ੍ਰਸੰਗ ਬੰਨ੍ਹਿਆ ਜਾਂਦਾ ਹੈ ਜਿਸ ਨੂੰ ਕਵੀਸ਼ਰ ਅਰਥ ਕਰਨਾ ਆਖਦੇ ਹਨ। ਅਰਥ ਕਰਨ ਵਾਲੇ ਕਵੀਸ਼ਰ ਸਾਥੀ ਜੋ ਆਮ ਕਰਕੇ ਇਨ੍ਹਾਂ ਦਾ ਮੁਖੀ ਹੁੰਦਾ ਹੈ, ਨੂੰ ਅਰਥ ਕਰਤਾ/ਅਰਥਾਪਤੀ ਜਾਂ ਸਿੰਘ ਕਵੀਸ਼ਰ (ਸਿੱਖ ਸਟੇਜਾਂ ਦੇ ਗੁਰਸਿੱਖ ਕਵੀਸ਼ਰ) ਦੀ ਭਾਸ਼ਾਂ ਵਿੱਚ ਜਥੇਦਾਰ ਆਖਿਆ ਜਾਂਦਾ ਹੈ। ਸਬੰਧਤ ਕਥਾ ਦਾ ਪ੍ਰਸੰਗ ਬੰਨਣ ਉਪਰੰਤ ਕਾਵਿ ਪ੍ਰਸੰਗ ਅਧੀਨ ਨਿਸ਼ਚਿਤ ਦੋਹਰੇ ਦੇ ਗਾਇਨ ਤੋਂ ਆਰੰਭ ਹੋ ਕੇ ਪ੍ਰਸੰਗ ਵੱਖ-ਵੱਖ ਕਾਵਿ ਛੰਦਾਂ ਦੇ ਗਾਇਨ ਦੁਆਰਾ ਆਪਣੇ ਸਿਖਰ ਵੱਲ ਨੂੰ ਵਧਦਾ ਹੈ, ਜਿਸ ਵਿੱਚ ਕਵੀਸ਼ਰ ਕਾਵਿ ਛੰਦਾਂ ਦੀ ਚਾਲ ਅਤੇ ਰਾਸ ਮੁਤਾਬਕ ਵੰਨ-ਸੁਵੰਨੀਆਂ ਕਵੀਸ਼ਰੀ ਤਰਜ਼ਾਂ ਉੱਤੇ ਗਾਇਨ ਕਰਦੇ ਹਨ। ਆਖਰੀ ਛੰਦ ਗਾਉਂਦਿਆਂ ਪ੍ਰਸੰਗ ਦਾ ਕਥਾ ਸਾਰ/ਸਿੱਟਾ ਦੱਸ ਕੇ ਅਰਥ ਕਰਤਾ ਸਭ ਦਾ ਧੰਨਵਾਦ ਕਰਦਾ ਹੋਇਆ ਜੈ ਜਾਂ ਫ਼ਤਹਿ ਗਜਾਉਂਦਾ ਹੈ।
ਪੁਰਾਣੇ ਪਰੰਪਰਾਗਤ ਮੇਲਿਆਂ, ਅਖਾੜਿਆਂ ਵਿੱਚ ਲੱਗਣ ਵਾਲੇ ਪ੍ਰਸੰਗਾਂ ਦੀ ਸਮਾਪਤੀ ਉਤਸੁਕਤਾ ਬਣਾਈ ਰੱਖਣ ਲਈ ਨਹੀਂ ਸੀ ਕੀਤੀ ਜਾਂਦੀ। ਪਰੰਪਰਾਗਤ ਕਵੀਸ਼ਰ ਵੱਖ-ਵੱਖ ਸਥਾਨਾਂ ’ਤੇ ਲੱਗਣ ਵਾਲੇ ਆਪਣੇ ਅਖਾੜਿਆਂ ਵਿੱਚ ਇੱਕ ਪ੍ਰਸੰਗ ਦੀ ਪੇਸ਼ਕਾਰੀ ਹਿੱਤ ਸੱਤਰ ਅੱਸੀ ਛੰਦ ਗਾਇਆ ਕਰਦੇ ਸਨ, ਜਿੰਨ੍ਹਾਂ ਨੂੰ ਹਰ ਰੋਜ਼ ਪੰਜ ਛੇ ਘੰਟ ਗਾ ਕੇ ਵੀ ਦੋ ਤਿੰਨ ਦਿਨਾਂ ਦਾ ਸਮਾਂ ਲੱਗ ਜਾਂਦਾ ਸੀ। ਗਾਉਣਾ ਸਪੀਕਰਾਂ ਤੋਂ ਬਿਨਾਂ ਹੁੰਦਾ ਸੀ ਜਿਸ ਨੂੰ ਮੈਦਾਨੀ ਗਾਉਣਾ ਆਖਿਆ ਜਾਂਦਾ ਸੀ। ਅਖਾੜੇ ਵਿੱਚ ਪਰੰਪਰਾਗਤ ਕਵੀਸ਼ਰਾਂ ਦੇ ਆਪਣੇ ਅਸੂਲ ਸਨ। ਇੱਕ ਸਰੋਤੇ ਤੋਂ ਕੇਵਲ ਇੱਕ ਹੀ ਵਾਰ ਰੁਪੱਈਆ ਫੜਿਆ ਜਾਂਦਾ ਸੀ। ਕਵੀਸ਼ਰੀ ਦੀ ਗਾਇਨ ਪ੍ਰਸਤੁਤੀ ਵੱਧ ਤੋਂ ਵੱਧ ਚਾਰ ਅਤੇ ਘੱਟ ਤੋਂ ਘੱਟ ਤਿੰਨ ਕਵੀਸ਼ਰਾਂ ਦੇ ਜਥੇ ਜਾਂ ਸਮੂਹ ਦੁਆਰਾ ਪੇਸ਼ ਹੋਣ ਵਾਲੀ ਕਲਾ ਹੈ ਜਿਸ ਵਿੱਚ ਇੱਕ ਵਿਆਖਿਆਕਾਰ ਜਿਸ ਨੂੰ ਅਰਥ ਕਰਤਾ ਜਾਂ ਅਰਥਾਪਤੀ ਕਹਿੰਦੇ ਹਨ, ਇੱਕ ਆਗੂ ਕਵੀਸ਼ਰ ਅਤੇ ਦੋ ਪਾਛੂ ਕਵੀਸ਼ਰ ਹੁੰਦੇ ਹਨ। ਕਵੀਸ਼ਰੀ ਜਥੇ ਦੀ ਗਾਇਨ ਪ੍ਰਕ੍ਰਿਆ ਵਿੱਚ ਇਹ ਸਾਰੇ ਸੰਮਿਲਿਤ ਰੂਪ ਵਿੱਚ ਕਾਰਜਸ਼ੀਲ ਰਹਿੰਦੇ ਹਨ। ਅਰਥ ਕਰਤਾ (ਜੋ ਕਿ ਆਮ ਕਰਕੇ ਇਨ੍ਹਾਂ ਕਵੀਸ਼ਰਾਂ ਦਾ ਮੁਖੀ ਕਵੀਸ਼ਰ ਹੁੰਦਾ ਹੈ) ਉੱਤੇ ਸਾਰੀ ਪੇਸ਼ਕਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇ ਉਸ ਨੂੰ ਕਵੀਸ਼ਰੀ ਗਾਇਨ ਪ੍ਰਸਤੁਤੀ ਦਾ ਸਾਰਥੀ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਸਮੇਂ ਅਨੁਸਾਰ ਸਮੁੱਚੀ ਪ੍ਰਸਤੁਤੀ ਅਤੇ ਇਸ ਦੇ ਵੱਖ-ਵੱਖ ਪੜਾਵਾਂ ਵਿੱਚ ਸਾਥੀ ਕਵੀਸ਼ਰਾਂ ਦੀ ਕਲਾ ਦਾ ਸਦਉਪਯੋਗ ਕਰਨਾ ਇਸ ਦਾ ਕਮਾਲ ਹੁੰਦਾ ਹੈ। ਇਸ ਮੁੱਖ ਕਲਾਕਾਰ ਨੂੰ ਆਪਣੀ ਸਾਥੀ ਕਵੀਸ਼ਰਾਂ ਦੇ ਕਾਵਿ ਭੰਡਾਰ ਦਾ ਪੂਰਨ ਗਿਆਨ ਹੁੰਦਾ ਹੈ ਅਤੇ ਉਸ ਸਮੇਂ ਸਥਾਨ ਮੌਕਾ ਮੇਲ ਤੇ ਸਰੋਤਿਆਂ ਦੀ ਨਬਜ਼ ਨੂੰ ਆਪਣੀ ਤੀਖਣ ਬੁੱਧੀ ਨਾਲ ਵਾਚਦਿਆਂ ਕਵੀਸ਼ਰੀ ਦਾ ਪ੍ਰਵਾਹ ਨਿਰੰਤਰ ਜੋੜੀ ਰੱਖਦਾ ਹੈ। ਇਹ ਅਰਥ ਕਰਤਾ ਸਬੰਧਤ ਕਥਾ, ਪ੍ਰਸੰਗ ਦੇ ਬਿਆਨਾਂ ਵਿੱਚ ਸੂਤਰਧਾਰ ਦਾ ਕਾਰਜ ਵੀ ਕਰ ਰਿਹਾ ਹੁੰਦਾ ਹੈ। ਇਸੇ ਕਰਕੇ ਇਸ ਕੋਲ ਇਤਿਹਾਸ, ਮਿਥਿਹਾਸ, ਧਰਮ, ਸਾਹਿਤ ਤੇ ਸੱਭਿਆਚਾਰ ਆਦਿ ਦਾ ਵਿਖਿਆਨ ਕਰਨ ਦੀ ਪੂਰਨ ਸਮਰੱਥਾ ਹੁੰਦੀ ਹੈ। ਪਾਰਖੂ ਸਰੋਤੇ ਆਗੂ ਦੀ ਬੋਲ ਬਾਣੀ ਤੋਂ ਹੀ ਕਵੀਸ਼ਰਾਂ ਦੇ ਪੱਧਰ ਦਾ ਅੰਦਾਜ਼ਾ ਲਾ ਲੈਂਦੇ ਹਨ। ਜਿਨ੍ਹਾਂ ਕਵੀਸ਼ਰੀ ਜਥਿਆਂ ਵਿੱਚ ਤਿੰਨ ਕਵੀਸ਼ਰ ਹੋਣ ਉਨ੍ਹਾਂ ਵਿੱਚ ਅਰਥ ਕਰਤਾ ਤੇ ਆਗੂ ਦੀ ਭੂਮਿਕਾ ਇੱਕੋ ਕਵੀਸ਼ਰ ਹੀ ਨਿਭਾਉਂਦਾ ਹੈ।
ਆਗੂ ਕਵੀਸ਼ਰ ਸਬੰਧਤ ਅਖਾੜੇ ਜਾਂ ਸਭਾ ਸਮਾਗਮ ਵਿੱਚ ਸਰੋਤਿਆਂ ਤੇ ਭਰਪੂਰ ਗਹਿਰੀ ਨਜ਼ਰ ਰੱਖਦਿਆਂ ਅਰਥਾਪਤੀ ਦੇ ਅਰਥ/ਵਿਆਖਿਆ ਕਰਦਿਆਂ-ਕਰਦਿਆਂ, ਪੇਸ਼ ਹੋਣ ਵਾਲੇ ਛੰਦ ਨੂੰ ਪਛਾਣ ਜਾਂਦਾ ਹੈ ਅਤੇ ਪਾਛੂ ਕਵੀਸ਼ਰਾਂ ਨਾਲ ਅੱਖਾਂ ਰਾਹੀ ਜਾਂ ਮੂਕ ਇਸ਼ਾਰਿਆਂ ਦੁਆਰਾ ਗਾਏ ਜਾਣ ਵਾਲੇ ਛੰਦ ਸਬੰਧੀ ਨਿਰਧਾਰਨ ਵੀ ਕਰ ਲੈਂਦਾ ਹੈ, ਇਸੇ ਆਗੂ ਨੇ ਸਬੰਧਤ ਛੰਦ ਦੀ ਤਰਜ਼ ਵੀ ਰੱਖਣੀ ਹੁੰਦੀ ਹੈ। ਭਾਵੇਂ ਮਿਹਨਤਾਂ ਤੇ ਰਿਆਜ਼ ਨਾਲ ਇਨ੍ਹਾਂ ਕਵੀਸ਼ਰਾਂ ਦਾ ਗਾਇਨ ਲਗਪਗ ਪਹਿਲਾਂ ਹੀ ਨਿਰਧਾਰਤ ਹੋਇਆ ਹੁੰਦਾ ਹੈ ਪਰ ਅਖਾੜੇ ਦੇ ਮੰਚ ਉੱਤੇ ਵੀ ਇਹ ‘ਡਾਂ ਡਾਂ ਡਾਂ ਡਾਂ ਜਾਂ ਨਾਂ ਨਾਂ ਨਾਂ ਨਾਂ’ ਵਰਗੇ ਬੋਲਾਂ ਦੁਆਰਾ ਗੁਣਗੁਣਾ ਕੇ ਤਰਜ਼ ਦਰਸਾ ਕੇ ਸਰੋਤਿਆਂ ਦੀ ਨਜ਼ਰ ਤੋਂ ਪਰੇ ਆਪਣਾ ਭੇਤ ਭਰਿਆ ਕਾਰਜ ਕਰ ਜਾਂਦੇ ਹਨ। ਕਵੀਸ਼ਰੀ ਦੀ ਪਰੰਪਰਾ ਅਨੁਸਾਰ ਸੱਜਾ ਪੈਰ ਅੱਗੇ ਰੱਖ ਆਗੂ ਕਵੀਸ਼ਰ ਸਰੋਤਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਦੋਂ ਪ੍ਰਸੰਗ ਦਾ ਚਿਤਰਣ ਕਰਦਾ ਹੈ ਤਾਂ ਉਸ ਦੀ ਕਵੀਸ਼ਰੀ ਕਲਾ ਦੁਆਰਾ ਮੰਤਰ ਮੁਗਧ ਸੰਗਤ/ਸਰੋਤਿਆਂ ਦੇ ਨੇਤਰਾਂ ਵਿੱਚ ਸਬੰਧਤ ਦ੍ਰਿਸ਼ ਜੀਵੰਤ ਰੂਪ ਵਿੱਚ ਨਜ਼ਰੀ ਆਉਣ ਲੱਗ ਪੈਂਦਾ ਹੈ। ਕਵੀਸ਼ਰੀ ਦੀ ਕਲਾ ਵਿੱਚ ਕਾਵਿ ਨੂੰ ਮਹਿਜ਼ ਗਾਉਣਾ ਹੀ ਨਹੀਂ ਸਗੋਂ ਉਸ ਦੇ ਪ੍ਰਸੰਗ ਦਾ ਸਮੂਰਤ ਚਿਤਰਣ ਵੀ ਕਰਨਾ ਹੈ। ਆਗੂ ਉਹੀ ਸਫ਼ਲ ਹੈ ਜੋ ਪੇਸ਼ਕਾਰੀ ਨੂੰ ਸਮੇਂ, ਸਥਾਨ ਅਨੁਸਾਰ ਵਸਾਉਣ ਹਿੱਤ ਉਸ ਸਥਾਨ ਦਾ ਸੁਰ ਫੜੇ ਅਤੇ ਸਰੋਤੇ ਸਾਹ ਸੂਤੀ ਅਵਾਕ ਉਸੇ ਸ਼ਬਦ ਚਿਤਰਣ ਸੰਗ ਵਹਿ ਤੁਰਨ।
ਆਗੂ ਦੇ ਨਾਲ-ਨਾਲ ਉਸੇ ਦੇ ਪਿੱਛੇ ਗਾਉਣ ਵਾਲੇ ਪਾਛੂ ਕਵੀਸ਼ਰ ਗਾਇਕਾਂ ਦੀ ਵੀ ਅਹਿਮ ਤੇ ਬੁਨਿਆਦੀ ਭੂਮਿਕਾ ਹੈ। ਆਗੂ ਦੁਆਰਾ ਚਿਣੇ ਛੰਦ ਨੂੰ ਡਿੱਗਣ ਨਾ ਦੇਣਾ, ਦਮ ਨਾਲ ਦਮ ਜੋੜੀ ਰੱਖਣਾ, ਆਗੂ ਦੇ ਗਾਇਨ ਦੌਰਾਨ ਸਰੋਤਿਆਂ ’ਤੇ ਭਰਪੂਰ ਨਜ਼ਰ ਰੱਖਣਾ, ਸਮੇਂ ਸਥਾਨ ਅਨੁਸਾਰ ਪ੍ਰਸੰਗ ਦੀ ਕਵਿਤਾ ਨੂੰ ਵਧਾਉਣਾ ਜਾਂ ਸਮੇਟਣਾ, ਕਵੀਸ਼ਰੀ ਦੀ ਤਰਜ਼ ਵਿੱਚ ਸ਼ਬਦਾਂ ਦੁਆਰਾ ਰੰਗ ਭਰੀ ਜਾਣਾ, ਲੋੜ ਅਨੁਸਾਰ ਦੋਹਰਾ ਜਾਂ ਸ਼ੇਅਰ ਮਾਰਨਾ ਅਤੇ ਛੰਦ ਦੀ ਰਚਨਾ ਅਨੁਸਾਰ ਆਗੂ ਦੁਆਰਾ ਮੌਕਾ ਮੇਲ ਉਪਰ ਪਰਿਵਰਤਨ ਜਾਂ ਵਾਧੇ ਨੂੰ ਕਲਾਤਮਕ ਢੰਗ ਨਾਲ ਫੜਨਾ, ਪਾਛੂ ਕਵੀਸ਼ਰਾਂ ਦਾ ਕਾਰਜ ਹੁੰਦਾ ਹੈ। ਆਗੂ ਅਤੇ ਪਾਛੂ ਕਵੀਸ਼ਰਾਂ ਦੀ ਗਾਇਕੀ ਵਿੱਚ ਇਕਸਾਰਤਾ, ਇਕਰੂਪਤਾ ਤੇ ਇਕਮਿਕਤਾ ਹੀ ਕਵੀਸ਼ਰੀ ਜਥੇ ਦੇ ਮਿਆਰੀ ਗਾਇਨ ਦਾ ਵਿਸ਼ੇਸ਼ ਤੇ ਬੁਨਿਆਦੀ ਲੱਛਣ ਹੈ।
ਮੋਬਾਈਲ : 81465-65012
                                                                                  ਡਾ. ਗੁਰਨਾਮ ਸਿੰਘ

No comments:

Post a Comment