Tuesday, 17 September 2013

ਪੰਜਾਬੀ ਲੋਕ-ਕਾਵਿ ਵਿੱਚ ਮੱਤਾਂ-ਸੁਮੱਤਾਂ



ਕਿਸੇ ਵੀ ਦੇਸ਼, ਸੂਬੇ ਜਾਂ ਖ਼ਿੱਤੇ ਦੇ ਲੋਕ-ਕਾਵਿ ਵਿੱਚ ਉੱਥੋਂ ਦੇ ਜੀਵਨ ਦਾ ਅਸਲੀ ਝਲਕਾਰਾ ਦੇਖਣ ਨੂੰ ਮਿਲਦਾ ਹੈ। ਸ਼ਾਇਦ ਹੀ ਅਜਿਹਾ ਕੋਈ ਪੱਖ ਹੋਵੇ ਜੋ ਲੋਕ ਗੀਤਾਂ ਵਿੱਚ ਦ੍ਰਿਸ਼ਟੀਗੋਚਰ ਨਾ ਹੋਇਆ ਹੋਵੇ। ਇਸੇ ਤਰ੍ਹਾਂ ਪੰਜਾਬੀ ਲੋਕ ਗੀਤ ਵੀ ਸਦੀਆਂ ਪੁਰਾਣੇ ਸਮਾਜਿਕ ਤੇ ਮਾਨਸਿਕ ਸਰੋਕਾਰਾਂ, ਕਾਰ-ਵਿਹਾਰਾਂ, ਥੁੜ੍ਹਾਂ-ਵਿਗੋਚਿਆਂ, ਖ਼ੁਸ਼ੀਆਂ-ਗ਼ਮੀਆਂ, ਰਿਸ਼ਤੇ-ਨਾਤਿਆਂ ਵਿਚਲੇ ਕੌੜੇ-ਮਿੱਠੇ ਅਨੁਭਵਾਂ ਤੇ ਮਨ ਦੇ ਵਲਵਲਿਆਂ ਤੋਂ ਇਲਾਵਾ ਇੱਕ ਤਰ੍ਹਾਂ ਸਾਰੇ ਅਮੀਰ ਵਿਰਸੇ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠੇ ਹਨ।
ਇਹ ਲੋਕ ਗੀਤ ਸੀਨਾ-ਬਸੀਨਾ ਅੱਗੇ ਤੁਰਦੇ ਹਨ। ਸਾਡੇ ਲੋਕ-ਕਾਵਿ ਵਿੱਚ ਪ੍ਰਮੁੱਖ ਤੌਰ ’ਤੇ ਸ਼ਗਨਾਂ ਦੀਆਂ ਘੋੜੀਆਂ, ਸੁਹਾਗ, ਲੰਮੇ ਗੌਣ, ਵਿਢੜੇ (ਬ੍ਰਿਹੜੇ), ਹੇਅਰੇ, ਸਿੱਠਣੀਆਂ, ਦੋਹੇ, ਢੋਲਾ, ਟੱਪੇ, ਮਾਹੀਆ ਤੇ ਬੋਲੀਆਂ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚ ਖ਼ੁਸ਼ੀ-ਗਮੀ, ਦੁੱਖ-ਦਰਦ, ਵਿਛੋੜੇ-ਵਸਲ, ਨਖ਼ਰੇ-ਨਿਹੋਰੇ ਅਤੇ ਹਾਸੇ-ਠੱਠੇ ਦਾ ਜ਼ਿਕਰ ਪ੍ਰਤੱਖ ਰੂਪ ਵਿੱਚ ਮਿਲਦਾ ਹੈ ਪਰ ਜੇ ਗ਼ੌਰ ਕੀਤੀ ਜਾਵੇ ਤਾਂ ਇਨ੍ਹਾਂ ਲੋਕ ਗੀਤਾਂ ਵਿੱਚ ਬਹੁਤ ਥਾਂਈਂ ਮੱਤਾਂ-ਸੁਮੱਤਾਂ ਵੀ ਦਿੱਤੀਆਂ ਗਈਆਂ ਹਨ ਜੋ ਪੰਜਾਬੀ ਲੋਕ-ਕਾਵਿ ਦੀ ਅੰਗੂਠੀ ਵਿੱਚ ਜੜੇ ਹੋਏ ਕੀਮਤੀ ਹੀਰਿਆਂ ਦੀ ਤਰ੍ਹਾਂ ਹਨ।
ਵਿਚਾਰਨਯੋਗ ਹੈ ਕਿ ਬਹੁਤਾ ਲੋਕ-ਕਾਵਿ ਔਰਤ ਵੱਲੋਂ ਹੀ ਸਿਰਜਿਆ ਗਿਆ ਹੈ ਕਿਉਂਕਿ ਮਰਦ ਦੀ ਬਨਿਸਬਤ ਔਰਤ ਦੇ ਹਿੱਸੇ ਦੁੱਖ-ਦਰਦ ਵੀ ਬਹੁਤਾ ਆਇਆ ਹੈ। ਔਰਤ, ਸਮਾਜ ਵਿੱਚ ਦਬੇਲ ਧਿਰ ਬਣ ਕੇ ਹੀ ਵਿਚਰਦੀ ਰਹੀ ਹੈ, ਇਸ ਲਈ ਉਹ ਆਪਣੇ ਮਨ ਦੀ ਗੱਲ ਸਿੱਧੀ ਸਪਸ਼ਟ ਨਹੀਂ ਕਹਿ ਸਕੀ ਜੋ ਉਸ ਨੇ ਲੋਕ ਗੀਤਾਂ ਵਿੱਚ ਕਹੀ ਹੈ। ਇਸ ਦੇ ਉਲਟ ਮਰਦ ਮੁੱਢ ਕਦੀਮ ਤੋਂ ਹੀ ਆਪਣੀ ਗੱਲ ਕਹਿਣ ਤੇ ਮਨਵਾਉਣ ਦਾ ਹੱਕਦਾਰ ਰਿਹਾ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਦਾ ਤਕੜੀ ਧਿਰ ਦੀ ਧੱਕੇਸ਼ਾਹੀ ਚੱਲਦੀ ਰਹੀ ਹੈ। ਅਜੋਕੇ ਯੁੱਗ ਵਿੱਚ ਔਰਤ ਦੀ ਦਸ਼ਾ ’ਚ ਬਹੁਤ ਪਰਿਵਰਤਨ ਆਇਆ ਹੈ। ਅੱਜ ਉਸ ਕੋਲ ਕਲਮ ਹੈ ਤੇ ਉਹ ਲਿਖ ਬੋਲ ਕੇ ਆਪਣੇ ਮਨੋਭਾਵ ਪ੍ਰਗਟ ਕਰਨ ਦੇ ਸਮਰੱਥ ਹੈ। ਪਿਛਲੇ ਸਮੇਂ ਔਰਤ ਲੋਕ ਗੀਤਾਂ ਦੇ ਜ਼ਰੀਏ ਹੀ ਆਪਣੇ ਦਿਲ ਦੇ ਦੱਬੇ-ਕੁਚਲੇ ਜਾਂ ਡੁੱਲ੍ਹ-ਡੁੱਲ੍ਹ ਪੈਂਦੇ ਅਰਮਾਨਾਂ ਨੂੰ ਬਿਆਨ ਕਰ ਸਕਦੀ ਸੀ। ਇਸ ਵੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਨਪੜ੍ਹ ਜਾਂ ਘੱਟ ਪੜ੍ਹੀ-ਲਿਖੀ ਹੋਣ ’ਤੇ ਵੀ ਔਰਤ ਸੂਝਵਾਨ ਸੀ। ਇਸ ਦੀ ਮਿਸਾਲ ਲੋਕ-ਕਾਵਿ ਵਿਚਲੀਆਂ ਮੱਤਾਂ-ਸੁਮੱਤਾਂ ਹਨ। ਸ਼ਰਾਬੀ ਗੱਭਰੂ ਦੀ ਨਾਰ ਕਿੰਨੇ ਸੁੰਦਰ ਤੇ ਦਿਲ ਟੁੰਬਵੇਂ ਸ਼ਬਦਾਂ ’ਚ ਆਪਣੇ ਸਾਥੀ ਨੂੰ ਸੁਮੱਤ ਦਿੰਦੀ ਹੈ, ਇਹ ਬੋਲੀ ਦੱਸਦੀ  ਹੈ:
‘‘ਕੋਰੇ ਕੋਰੇ ਸੋਨੇ ਦੀ ਸੱਗੀ ਕਰਾਵਾਂ, ਉੱਪਰ ਜੜਾਵਾਂ ਸ਼ੀਸ਼ੀਆਂ,
ਘਰ ਬਾਰ ਗੁਆ ਲਏ ਵੇ ਸਿੰਘ ਜੀ,
ਜਿਨ੍ਹਾਂ ਨੇ ਸ਼ਰਾਬਾਂ ਪੀਤੀਆਂ।’’
ਪਿਛਲੇ ਸਮੇਂ ਵਿੱਚ ਵਿਸ਼ੇਸ਼ ਤੌਰ ’ਤੇ ਪੇਂਡੂ ਸਮਾਜ ਵਿੱਚ ਬੜਾ ਸਾਦਾ ਜੀਵਨ ਸੀ। ਵਿਆਹੀਆਂ-ਵਰੀਆਂ ਧੀਆਂ-ਭੈਣਾਂ ਵੀ ਪੇਕੇ ਘਰ ਆ ਕੇ ਕੋਈ ਹਾਰ-ਸ਼ਿੰਗਾਰ ਨਹੀਂ ਸਨ ਕਰਦੀਆਂ। ਜੇ ਕੋਈ ਕੁੜੀ-ਕੱਤਰੀ ਮਾੜਾ ਮੋਟਾ ਸੁਰਮਾ-ਕਜਲਾ ਪਾ ਲੈਂਦੀ ਉਹ ਵੀ ਚੰਗਾ ਨਾ ਸਮਝਿਆ ਜਾਂਦਾ। ਇਸ ਦੀ ਪੁਸ਼ਟੀ ਕਰਦੀ ਲੋਕ ਬੋਲੀ ਹੈ:
‘‘ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਪੇਕਿਆਂ ਦੇ ਪਿੰਡ ਕੁੜੀਓ।’’
ਇਸੇ ਸੰਦਰਭ ’ਚ ਇੱਕ ਲੰਮੀ ਬੋਲੀ ਹੈ:
‘‘ਮੈਂ ਤਾਂ ਅੱਖਾਂ ਵਿੱਚ ਪਾ ਲਿਆ ਸੁਰਮਾ, ਉਪਰੋਂ ਆ ਗਿਆ ਤਾਇਆ,
ਰੋ ਰੋ ਨਿਕਲ ਗਿਆ ਬੜੇ ਸ਼ੌਕ ਨਾਲ ਪਾਇਆ।’’
ਇਸੇ ਤਰ੍ਹਾਂ ਅੱਲ੍ਹੜ ਮੁਟਿਆਰਾਂ ਨੂੰ ਲੋਕ ਕਾਵਿ ਵਿੱਚ ਬੜੇ ਹੀ ਢੁਕਵੇਂ ਸ਼ਬਦਾਂ ਵਿੱਚ ਮੱਤਾਂ ਦਿੰਦੀਆਂ ਬੋਲੀਆਂ ਹਨ। ਵੰਨਗੀ ਦੇ ਤੌਰ ’ਤੇ ਪੇਸ਼ ਹੈ:
‘‘ਸੁਣ ਨੀਂ ਕੁੜੀਏ ਮਛਲੀ ਵਾਲੀਏ, ਮਛਲੀ ਨਾ ਚਮਕਾਈਏ,
ਖੂਹ ਟੋਭੇ ’ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ…।’’
ਇੱਕ ਹੋਰ ਬੋਲੀ ਵਿੱਚ ਵੀ ਨਸੀਹਤ ਦਿੱਤੀ ਗਈ ਹੈ:
‘‘ਸੁਣ ਨੀਂ ਕੁੜੀਏ ਸੱਗੀ ਵਾਲੀਏ, ਸੱਗੀ ਨਾ ਲਿਸ਼ਕਾਈਏ,
ਹੱਟੀ ਭੱਠੀ ’ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ,
ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ…।’’
ਨਿਮਨਲਿਖਤ ਬੋਲੀ ’ਚ ਪਿੰਡ ਦੇ ਮੁੰਡਿਆਂ ਤੋਂ ਵੀ ਸਾਵਧਾਨ ਕੀਤਾ ਹੈ:
‘‘ਸੁਣ ਨੀਂ ਕੁੜੀਏ ਕੈਂਠੀ ਵਾਲੀਏ, ਕੈਂਠੀ ਨਾ ਚਮਕਾਈਏ,
ਵਿੱਚ ਦਰਵਾਜ਼ੇ ਚਰਚਾ ਹੁੰਦੀ, ਚਰਚਾ ਨਾ ਕਰਵਾਈਏ,
ਪਿੰਡ ਦੇ ਮੁੰਡਿਆਂ ਤੋਂ ਪਾ ਨੀਵੀਂ ਲੰਘ ਜਾਈਏ…।’’
ਲੋਕ ਕਾਵਿ ਵਿੱਚ ਕੇਵਲ ਨਾਰੀ ਜਾਤੀ ਨੂੰ ਹੀ ਨਹੀਂ ਮਰਦਾਂ-ਮੁੰਡਿਆਂ ਨੂੰ ਵੀ ਮੱਤਾਂ-ਸੁਮੱਤਾਂ ਦਿੱਤੀਆਂ ਗਈਆਂ ਹਨ। ਮਿਸਾਲ ਲਈ ਪੇਸ਼ ਹੈ:
‘‘ਅੱਖ ਵਿੱਚ ਤਿਣ ਪੈ ਜਾਵੇ, ਜਿਹੜਾ ਪਿੰਡ ਦੀ ਕੁੜੀ ਵੱਲ ਝਾਕੇ।’’
ਗਲੀਆਂ ’ਚ ਫਿਰਨ ਵਾਲੇ ਤੇ ਬਿਗਾਨੀਆਂ ਨਾਰਾਂ ਤਾੜਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਹੈ:
‘‘ਗਲੀਆਂ ਦਾ ਖਹਿੜਾ ਛੱਡ ਦੇ, ਕੋਈ ਲੂਣ ਘੋਟਣਾ ਮਾਰੂ।’’
ਭੈਣਾਂ ਵੱਲੋਂ ਸ਼ੁਕੀਨੀ ਲਾ ਕੇ ਗਲੀਆਂ ’ਚ ਘੁੰਮਦੇ ਵੀਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕਬੀਲਦਾਰੀ ਦਾ ਅਹਿਸਾਸ ਕਰਵਾਉਣ ਦਾ ਜ਼ਿਕਰ ਹੈ:
‘‘ਟਸਰੀ ਨਾ ਬੰਨ੍ਹ ਵੀਰਨਾ, ਧੀ ਜੰਮੀ ਤੇ ਜੁਆਈ ਵਾਲਾ ਹੋ ਗਿਆ।’’
ਜਾਂ
‘‘ਹੁਣ ਤੇਰੇ ਜੰਮ ਪਈ ਧੀ ਵੇ ਨਰੰਜਣਾ,
ਥੋੜ੍ਹੀ ਦਾਰੂ ਪੀ ਵੇ ਨਰੰਜਣਾ।’’
ਇਨ੍ਹਾਂ ਬੋਲੀਆਂ ਨੂੰ ਅਸੀਂ ‘ਧੀ ਜੰਮਣ ਵਾਲੇ ਪਰਿਪੇਖ ਵਿੱਚ ਨਹੀਂ ਬਲਕਿ ਪਿਓ ਦੇ ਸੰਭਲਣ ਸਿਆਣਾ ਹੋਣ ਦੇ ਪਰਿਪੇਖ ਵਿੱਚ ਲਵਾਂਗੇ। ਰਿਸ਼ਤੇ ਨਿਭਾਉਣ-ਪੁਗਾਉਣ ਲਈ ਵੀ ਅਕਲਾਂ ਦਿੱਤੀਆਂ ਗਈਆਂ ਹਨ:
‘‘ਟੁੱਟ ਕੇ ਨਾ ਬਹਿ ਜਾਈਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ।’’
ਲੋਕ ਗੀਤਾਂ ਵਿੱਚ ਭਰਾ ਵੀ ਭੈਣ ਨੂੰ ਮੱਤ ਦਿੰਦਾ ਹੈ ਜਦੋਂ ਭੈਣ ਕਹਿੰਦੀ ਹੈ:
‘‘ਕੌਲੇ ਖੜ੍ਹ ਸੁਣ ਵੀਰਨਾ, ਕੀ ਬੋਲਦੀ ਅੰਦਰ ਸੱਸ ਮੇਰੀ’’
ਵੀਰ ਕਹਿੰਦਾ ਹੈ
‘‘ਤੂੰ ਨਾ ਬੋਲੀਂ ਨੀਂ ਅੰਮਾ ਦੀਏ ਜਾਈਏ,
ਬੋਲਦੀ ਨੂੰ ਬੋਲ ਲੈਣ ਦੇ…।’’
ਲੋਕ ਗੀਤਾਂ ਵਿੱਚ ਧੀਆਂ ਦੇ ਓਦਰੇ ਜਿਹੇ ਬਾਬਲ ਨੂੰ ਵੀ ਕਿਹਾ ਗਿਆ ਹੈ:
‘‘ਧੀਆਂ ਹੁੰਦੀਆਂ ਨੇ ਦੌਲਤਾਂ ਬਿਗਾਨੀਆਂ, ਹੱਸ ਹੱਸ ਤੋਰ ਬਾਬਲਾ’’
ਪੰਜਾਬੀ ਲੋਕ ਕਾਵਿ ਵਿੱਚ ਅਣਜੋੜ ਵਰਾਂ ਦਾ ਬਹੁਤ ਜ਼ਿਕਰ ਹੈ। ਧਰਮੀ ਬਾਬਲ ਦੇ ਬੋਲ ਪੁਗਾਉਂਦੀ ਧੀ ਦੇ ਹੋਠਾਂ ਉੱਤੇ ਕਦੇ-ਕਦਾਈਂ ਤਾਂ ਸ਼ਿਕਵਾ ਆ ਹੀ ਜਾਂਦਾ ਹੈ, ਉਹ ਕਹਿੰਦੀ ਹੈ:
‘‘ਸਾਥੋਂ ਹਾਏ ਨਿੰਦਿਆ ਨਾ ਜਾਵੇ, ਤੇਰੀ ਵੇ ਸਹੇੜ ਬਾਬਲਾ।’’
ਬਾਬਲ ਧੀ ਨੂੰ ਮੱਤ ਦਿੰਦਾ ਤੇ ਆਪਣੇ ਸਹੇੜੇ ਕਾਲ਼ੇ ਰੰਗ ਦੇ ਜੁਆਈ ਨੂੰ ਗੋਰੀ ਚਿੱਟੀ ਧੀ ਨਾਲੋਂ ਉੱਤਮ ਦੱਸਦਾ ਕਹਿੰਦਾ ਹੈ:
‘‘ਪੁੱਤ ਵੱਡਿਆਂ ਘਰਾਂ ਦੇ ਕਾਲੇ, ਦੇਖੀਂ ਧੀਏ ਨਿੰਦ ਨਾ ਬਹੀਂ’’
ਜਾਂ
‘‘ਨਿੰਦੀਏ ਨਾ ਮਾਲਕ ਨੂੰ ਭਾਵੇਂ ਹੋਵੇ ਕੰਬਲੀ ਤੋਂ ਕਾਲਾ’’
ਜਦੋਂ ਕੋਈ ਮੁਟਿਆਰ ਆਪਣੇ ਗੋਰੇ ਰੰਗ ’ਤੇ ਬਹੁਤ ਮਾਣ ਕਰਦੀ ਹੈ ਤਾਂ ਕਿਹਾ ਜਾਂਦਾ ਹੈ:
‘‘ਗੋਰੇ ਰੰਗ ਨੂੰ ਕੋਈ ਨਾ ਪੁੱਛਦਾ
ਮੁੱਲ ਪੈਂਦੇ ਅਕਲਾਂ ਦੇ’’
ਜਾਂ
‘‘ਗੋਰਾ ਰੰਗ ਟਿੱਬਿਆਂ ਦਾ ਰੇਤਾ
ਹਵਾ ਆਈ ਉੱਡ ਜਾਊਗਾ।’’
ਜਿਵੇਂ ਬਾਕੀ ਲੋਕ ਗੀਤਾਂ ਵਿੱਚ ਸਾਰੇ ਰਿਸ਼ਤੇ-ਨਾਤਿਆਂ ਦਾ ਜ਼ਿਕਰ ਆਉਂਦਾ ਹੈ। ਇਸੇ ਤਰ੍ਹਾਂ ਇਹ ਮੱਤਾਂ-ਸੁਮੱਤਾਂ ਵੀ ਤਕਰੀਬਨ ਹਰ ਰਿਸ਼ਤੇ ਨਾਲ ਜੋੜ ਕੇ ਦਿੱਤੀਆਂ ਇਹ ਗੱਲ ਸਾਬਤ ਹੁੰਦੀ ਹੈ ਕਿ ਪੁਰਾਤਨ ਗੁੰਮਨਾਮ ਗੀਤ ਸਿਰਜਣ ਵਾਲੀਆਂ ਅੱਜ ਦੀਆਂ ਲੇਖਿਕਾਵਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਸਨ। ਜਿੱਥੇ ਨਣਦ ਬਾਰੇ ਲਿਖਿਆ ਮਿਲਦਾ ਹੈ:
‘‘ਉਹ ਘਰ ਨਹੀਂ ਵਸਦੇ ਜਿੱਥੇ ਨਣਦਾਂ ਦੀ ਸਰਦਾਰੀ’’
ਉੱਥੇ ਦਿਓਰ ਬਾਰੇ ਕਿਹਾ ਹੈ:
‘‘ਨਾਰ ਬਿਗਾਨੀ ਦੀ ਬਾਂਹ ਨਾ ਮੂਰਖਾ ਫੜੀਏ’’
ਜੇਠ ਨੂੰ ਫਿੱਟ ਲਾਹਣਤ ਵੀ ਪਾਈ ਹੈ ਤੇ ਅਕਲ ਦੀ ਗੱਲ ਵੀ ਆਖੀ ਹੈ। ਜਦੋਂ ਉਹ ਛੋਟੀ ਭਰਜਾਈ ’ਤੇ ਬੁਰੀ ਨਜ਼ਰ ਰੱਖਦਾ ਹੈ ਤਾਂ ਉਹ ਕਹਿੰਦੀ ਹੈ:
‘‘ਵੇ ਜੇਠਾ ਤੇਰੀ ਦੇਹ ਫਿੱਟ ਜਾਏ
ਛੋਟੀ ਭੈਣ ਵਰਗੀ ਭਰਜਾਈ।’’
ਪਿਛਲੇ ਸਮੇਂ ਵਿਸ਼ੇਸ਼ ਤੌਰ ’ਤੇ ਵੱਡੇ ਘਰਾਂ ਦੇ ਕਾਕੇ, ਦੋ ਜਾਂ ਤਿੰਨ ਵਿਆਹ ਵੀ ਕਰਵਾ ਲੈਂਦੇ ਸਨ। ਲੰਮੇ ਗੌਣ ਵਿੱਚ ਅਜਿਹੇ ਪਤੀ-ਪਤਨੀ ਦੇ ਸਵਾਲ ਜਵਾਬ ਹਨ:
‘‘ਸੂਰਜ ਚੜ੍ਹਿਆ ਸਾਹਮਣੇ ਤੁਸੀਂ ਧੁੱਪੇ ਕਿਉਂ ਖੜ੍ਹੀਆਂ,
ਗੋਰੀਏ ਨੀਂ ਨਾਰਾਂ ਦੋ-ਦੋ ਭਲੀਆਂ…।’’
ਅੱਗੋਂ ਨਾਰ ਮੱਤ ਦਿੰਦੀ ਹੈ:
‘‘ਕਿਹੜੀ ਰਿਝਾਵੇ ਖਿਚੜੀ ਵੇ ਕਿਹੜੀ ਤਲਦੀ ਏ ਵੜੀਆਂ,
ਚਾਕਰਾ ਵੇ ਨਾਰਾਂ ਦੋ-ਦੋ ਬੁਰੀਆਂ ਵੇ…।’’
ਇੱਕ ਹੋਰ ਲੰਮੇ ਗੌਣ ਵਿੱਚ ਕੋਈ ਮੁਟਿਆਰ ਆਪਣੇ ਬਿਹਬਲ ਪ੍ਰੇਮੀ ਨੂੰ ਵੀ ਸਮਝੌਤੀਆਂ ਦਿੰਦੀ ਹੋਈ ਸਮਾਜਿਕ ਮਾਣ-ਮਰਿਆਦਾ ਨੂੰ ਪਹਿਲ ਦਿੰਦੀ ਹੈ:
‘‘ਸੋਹਣਾ ਜਿਹਾ ਚੀਰਾ ਪਹਿਨ ਕੇ ਸਾਡੀ ਗਲ਼ੀਓਂ ਨਾ ਆਈਂ
ਵੇ ਬੀਬਾ, ਵਿਹੜੇ ਪੈਰ ਏ ਨਾ ਪਾਈਂ ਵੇ…।
ਸੜ ਸੜ ਮਰਨ ਗੁਆਂਢਣਾਂ ਮਿਹਣੇ ਦੇਊ ਭਰਜਾਈ,
ਵੇ ਬੀਬਾ, ਗਾਲ੍ਹਾਂ ਦੇਊ ਸਾਡੀ ਮਾਈ ਵੇ…।’’
ਪੰਜਾਬੀ ਲੋਕ-ਕਾਵਿ ਵਿੱਚ ਇੱਕ ਹੋਰ ਗੱਲ ਦੇਖਣ ਵਿੱਚ ਆਉਂਦੀ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਵਿੱਚ ਸਹਿਣਸ਼ੀਲਤਾ, ਸਬਰ-ਸੰਤੋਖ ਤੇ ਅਪਣੱਤ ਸੀ। ਉਨ੍ਹਾਂ ਨੂੰ ਪੈਸਾ ਕਮਾਉਣ ਨਾਲੋਂ ਇੱਜ਼ਤ ਕਮਾਉਣ ਦੀ ਵੱਧ ਫ਼ਿਕਰ ਸੀ। ਇਸੇ ਲਈ ਛੋਟੀ-ਮੋਟੀ ਗੱਲ ਤੋਂ ਪਰਿਵਾਰ ਨਹੀਂ ਸਨ ਟੁੱਟਦੇ। ਦਸ-ਪੰਦਰਾਂ ਜੀਆਂ ਦਾ ਟੱਬਰ ਵੀ ਰਲ ਕੇ ਰਹਿੰਦਾ ਸੀ ਜਦੋਂਕਿ ਅੱਜ ਪੰਜ-ਸੱਤ ਜੀਆਂ ਵਾਲੇ ਪਰਿਵਾਰ ਵੀ ਬਿਖਰ ਰਹੇ ਹਨ। ਉਸ ਸਮੇਂ ਵੀ ਘਰ-ਪਰਿਵਾਰ ਵਿੱਚ ਮਾੜੇ-ਮੋਟੇ ਝਗੜੇ ਹੁੰਦੇ ਸਨ ਪਰ ਨਾ ਅੱਜ ਵਾਂਗੰੂ ਪਤੀ ਜਾਂ ਪਤਨੀ ਖ਼ੁਦਕੁਸ਼ੀਆਂ ਕਰਦੇ ਸਨ ਤੇ ਨਾ ਹੀ ਛੇਤੀ ਕੀਤਿਆਂ ਕੋਈ ਤਲਾਕ ਹੁੰਦਾ ਸੀ। ਅੱਜ ਵਾਂਗੂੰ ਕੋਈ ਮੂੰਹ ਪਾੜ ਕੇ ਦਾਜ ਨਹੀਂ ਸੀ ਮੰਗਦਾ ਤੇ ਨਾ ਹੀ ਦਾਜ ਲਈ ਨੂੰਹਾਂ ਸਾੜੀਆਂ-ਮਾਰੀਆਂ ਜਾਂਦੀਆਂ ਸਨ। ਇਹ ਗੱਲ ਵੀ ਝੁਠਲਾਈ ਨਹੀਂ ਜਾ ਸਕਦੀ ਕਿ ਘਰਾਂ ’ਚ ਥੋੜ੍ਹੇ-ਬਹੁਤੇ ਲੜਾਈ-ਝਗੜੇ ਉਦੋਂ ਵੀ ਹੁੰਦੇ ਸਨ ਪਰ ਅੱਜ ਵਾਂਗੂ ਦਾਜ ਦੇ ਝੂਠੇ ਕੇਸ ਪਾ ਕੇ ਕਿਸੇ ਸ਼ਰੀਫ਼ ਦੀ ਇੱਜ਼ਤ ਨਹੀਂ ਸੀ ਰੋਲ਼ੀ ਜਾਂਦੀ। ਕੋਈ ਧੀ ਮਾਪਿਆਂ ਨੂੰ ਸਹੁਰਿਆਂ ਦੀ ਕਿਸੇ ਵਧੀਕੀ ਬਾਰੇ ਦੱਸਦੀ ਤਾਂ ਅੰਦਰ ਬੈਠ ਕੇ ਗੱਲ ਨਿਬੇੜ ਲਈ ਜਾਂਦੀ। ਪੰਚਾਇਤ ਜਾਂ ਪੁਲੀਸ ਤਕ ਕਦੇ ਗੱਲ ਨਾ ਪੁੱਜਦੀ। ਕੋਰਟ-ਕਚਹਿਰੀ ਤਾਂ ਦੂਰ ਦੀ ਗੱਲ ਸੀ। ਮਾਪੇ ਧੀ ਨੂੰ ਮੱਤਾਂ ਦੇ ਕੇ ਤੋਰਦੇ:
‘‘ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੂੰ ਚੁੱਕ ਝੋਲੀ ’ਚ ਪਾ ਲੈ,
ਆਸੇ ਪਾਸੇ ਮਿੱਟੀ ਨਾ ਲੱਗ ਜੇ ਝਾੜ ਪੂੰਝ ਕੇ ਖਾ ਲੈ,
ਲੜ ਛੱਡ ਪੇਕਿਆਂ ਦਾ ਮੋਹ ਸਹੁਰਿਆਂ ਵਿੱਚ ਪਾ ਲੈ…।’’
ਇਹ ਮੱਤਾਂ-ਸੁਮੱਤਾਂ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣਾਈ ਰੱਖਦੀਆਂ। ਜੇ ਕੋਈ ਧੀ ਸੱਸ ਦੀ ਸਖ਼ਤੀ ਤੋਂ ਅੱਕ ਕੇ ਬਾਪੂ ਨੂੰ ਕਹਿੰਦੀ:
‘‘ਨਹੀਂ ਬਾਪੂ ਮੈਂ ਮਰ ਜਾਂ ਮਰ ਜੇ ਕੁੜਮਣੀ ਤੇਰੀ’’
ਤਾਂ ਉਹ ਬਾਪੂ ਅਜੋਕੇ ਬਾਪੂ ਵਾਂਗੂ ਧੀ ਦੀ ਸੱਸ ਜਾਂ ਸਹੁਰੇ ਪਰਿਵਾਰ ’ਤੇ ਕੇਸ ਕਰਨ ਦੀ ਥਾਂ ਜਾਂ ਦਾਜ ਦਾ ਝੂਠਾ ਕੇਸ ਪਾਉਣ ਦੀ ਥਾਂ ਲਾਡਾਂ ਪਾਲੀ ਧੀ ਨੂੰ ਹਾਸੇ-ਮਜ਼ਾਕ ਨਾਲ ਸਮਝਾ ਕੇ ਉਹਦਾ ਘਰ ਤਬਾਹ ਹੋਣੋਂ ਬਚਾਉਂਦਿਆਂ ਹੋਇਆਂ ਇੱਕ ਤਰ੍ਹਾਂ ਮੱਤਾਂ-ਸੁਮੱਤਾਂ ਦਿੰਦਾ:
‘‘ਤੂੰ ਧੀਏ ਅੱਜ ਮਰ ਜਾ, ਯੁੱਗ ਜੀਵੇ ਨੀਂ ਕੁੜਮਣੀ ਮੇਰੀ।’’
-ਪਰਮਜੀਤ ਕੌਰ ਸਰਹਿੰਦ
ਮੋਬਾਈਲ: 98728-98599

No comments:

Post a Comment