Wednesday, 4 September 2013


ਤੀਆਂ ਦਾ ਮਹੀਨਾ ਢੋਲਣਾ

Posted On July - 27 - 2013
kikkli
ਭਾਰਤ ਵਿੱਚ ਵਿਭਿੰਨ ਵੰਨਗੀਆਂ ਅਤੇ ਸੁਭਾਅ ਦੇ ਤਿਉਹਾਰ ਮਨਾਏ ਜਾਂਦੇ ਹਨ, ਜਿਹੜੇ ਸਿੱਧੇ-ਅਸਿੱਧੇ ਰੂਪ ਵਿੱਚ ਮਨੁੱਖ ਦੇ ਸਮੂਹਿਕ ਮਨੋਰੰਜਨ, ਵਿਸ਼ਵਾਸ ਅਤੇ ਵਿਕਾਸ ਦੀ ਭਾਵਨਾ ਨਾਲ ਜਾ ਜੁੜਦੇ ਹਨ। ਇਹ ਤਿਉਹਾਰ ਮਨੁੱਖੀ ਜ਼ਿੰਦਗੀ ਵਿੱਚ ਨਵੀਂ ਸਿਰਜਣਾ, ਉਤਸ਼ਾਹ, ਸ਼ਕਤੀ, ਉੱਦਮ ਅਤੇ ਨਵਾਂ ਉਮਾਰ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।
ਪੰਜਾਬ ਤਿਉਹਾਰਾਂ, ਨਾਚਾਂ, ਗੀਤਾਂ ਆਦਿ ਦੀਆਂ ਖ਼ੁਸ਼ੀਆਂ ਨੂੰ ਮਾਨਣ ਵਾਲਾ ਅਜਿਹਾ ਭੂ-ਭਾਗ ਹੈ, ਜਿੱਥੇ ਆਏ ਦਿਨ ਰੰਗ ਬਿਖੇਰਨ ਤੇ ਮਹਿਕਾਂ ਵੰਡਣ ਵਾਲਾ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਇਸ ਰਾਂਗਲੀ ਧਰਤੀ ਉੱਤੇ ਵੱਖ-ਵੱਖ ਮੌਕਿਆਂ ਨਾਲ ਜੁੜੇ ਜਾਂ ਬਦਲ ਰਹੀ ਰੁੱਤ ਦੇ ਸਵਾਗਤ ਜਾਂ ਮੌਸਮ ਨੂੰ ਵਿਦਾ ਕਹਿਣ ਲਈ ਵੀ ਗਿੱਧੇ-ਭੰਗੜੇ ਪਾਏ ਜਾਂਦੇ ਹਨ ਤੇ ਗੀਤ ਗਾਏ ਜਾਂਦੇ ਹਨ। ਸਾਉਣ ਦਾ ਮਹੀਨਾ ਪੰਜਾਬੀ ਲੋਕ ਜੀਵਨ ਵਿੱਚ ਖ਼ੁਸ਼ੀਆਂ-ਖੇੜੇ ਲੈ ਕੇ ਆਉਂਦਾ ਹੈ। ਜੇਠ-ਹਾੜ੍ਹ੍ਹ ਦੀ ਕੜਾਕੇ ਦੀ ਗਰਮੀ ਪਿੱਛੋਂ ਇਸ ਮਹੀਨੇ ਦੌਰਾਨ ਪੈਣ ਵਾਲੇ ਮੀਂਹ ਖ਼ੁਸ਼ੀਆਂ ਦੀ ਬਹਾਰ ਲੈ ਕੇ ਆਉਂਦਾ ਹੈ। ਸਾਉਣ ਮਹੀਨੇ ਵਿੱਚ ਮਨਾਇਆ ਜਾਂਦਾ ਤੀਆਂ ਦਾ ਤਿਉਹਾਰ ਇੱਕ ਪ੍ਰਸਿੱਧ ਮੌਸਮੀ ਤਿਉਹਾਰ ਹੈ, ਜਿਸ ਨੂੰ ਮੁਟਿਆਰਾਂ ਰਲ-ਮਿਲ ਮਨਾਉਂਦੀਆਂ ਹਨ। ਇਹ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ (ਚਾਂਦਨੀ ਤੀਜ) ਤੋਂ ਸ਼ੁਰੂ ਹੁੰਦਾ ਹੈ ਤੇ ਪੰਦਰਾਂ ਦਿਨ ਚਲਦਾ ਰਹਿੰਦਾ ਹੈ। ਇਸੇ ਲਈ ਇਸ ਨੂੰ ਤੀਜਾਂ ਜਾਂ ਤੀਆਂ ਕਹਿ ਲਿਆ ਜਾਂਦਾ ਹੈ।
ਤੀਆਂ ਮਾਝਾ, ਮਾਲਵਾ ਤੇ ਦੋਆਬੇ ਵਿੱਚ ਮਨਾਇਆ ਜਾਣ ਵਾਲਾ ਹਰਮਨ-ਪਿਆਰਾ ਤਿਉਹਾਰ ਹੈ। ਪਿੰਡਾਂ ਵਿੱਚ ਕਿਸੇ ਨਿਵੇਕਲੀ ਅਤੇ ਖੁੱਲ੍ਹੀ ਥਾਂ ’ਤੇ ਪਿੱਪਲਾਂ, ਬੋਹੜਾਂ ਦੀਆਂ ਸੰਘਣੀਆਂ ਛਾਵਾਂ ਹੇਠ ਜਾਂ ਕਿਸੇ ਨਹਿਰ, ਢਾਬ, ਸੂਏ ਦੇ ਕੰਢੇ ’ਤੇ ਛਾਂ-ਦਾਰ ਰੁੱਖਾਂ ਹੇਠ ਇਕੱਠੀਆਂ ਹੋ ਕੇ ਜੁੜੀਆਂ ਮੁਟਿਆਰਾਂ ਗਿੱਧੇ ਦੇ ਪਿੜ ਵਿੱਚ ਨੱਚ ਕੇ ਦੂਹਰੀਆਂ ਹੋ ਜਾਂਦੀਆਂ ਹਨ:
ਰਲ ਆਓ ਸਈਓ ਨੀਂ, ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀਂ, ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਲੈ ਪੈਲਾਂ ਪਾਂਦੇ ਨੀਂ, ਬਾਗ਼ੀਂ ਮੋਰਾਂ ਸ਼ੋਰ ਮਚਾਇਆ
ਖਿੜ ਖਿੜ ਫੁੱਲਾਂ ਨੇ ਸਾਨੂੰ, ਮਾਹੀਆ ਯਾਦ ਕਰਾਇਆ।
ਮੈਂ ਅੱਥਰੂ ਡੋਲ੍ਹਾਂ ਨੀਂ, ਕੋਈ ਸਾਰ ਨਾ ਲੈਂਦਾ ਮੇਰੀ।
ਮੈਂ ਰੋ-ਰੋ ਮਰ ਗਈ ਨੀਂ, ਜਿੰਦੜੀ ਆਣ ਗ਼ਮਾਂ ਨੇ ਘੇਰੀ।
ਰਲ ਆਓ ਸਈਓ ਨੀਂ…।
ਤੀਆਂ ਨੂੰ ‘ਸਾਂਵੇ’ ਵੀ ਕਹਿ ਲਿਆ ਜਾਂਦਾ ਹੈ। ਤੀਆਂ ਸ਼ਬਦ ਦਾ ਨਿਕਾਸ ‘ਧੀਆਂ’ ਤੋਂ ਹੋਇਆ ਮੰਨਿਆ ਜਾਂਦਾ ਹੈ। ਤੀਆਂ ਵਿੱਚ ਕੁੜੀਆਂ, ਨੂੰਹਾਂ, ਧੀਆਂ ਪਹਿਣ ਪੱਚਰ ਕੇ, ਹਾਰ-ਸ਼ਿੰਗਾਰ ਕਰ ਕੇ, ਬੜੇ ਚਾਵਾਂ ਨਾਲ ਇੱਕ ਦੂਜੀ ਨੂੰ ਤੀਆਂ ਦੇ ਪਿੜ ਵਿੱਚ ਪਹੁੰਚਣ ਲਈ ਹਾਕਾਂ ਮਾਰਦੀਆਂ ਹਨ। ਦਿਨ ਢਲੇ ਤੀਆਂ ਦੇ ਪਿੜ ਵਿੱਚ ਖ਼ੁਸ਼ੀਆਂ ਦਾ ਹੜ੍ਹ ਠਾਠਾਂ ਮਾਰਨ ਲੱਗ ਪੈਂਦਾ ਹੈ। ਮਹਿੰਦੀ ਰੰਗੇ ਹੱਥ ਗਿੱਧਾ ਪਾ-ਪਾ ਕੇ, ਨੱਚ-ਨੱਚ ਕੇ ਥੱਕਦੇ ਨਹੀਂ। ਨੱਚਣ ਵਾਲੀਆਂ ਦੀ ਜ਼ਮੀਨ ’ਤੇ ਅੱਡੀ ਨਹੀਂ ਟਿਕਦੀ ਤੇ ਗਾਉਣ ਵਾਲੀਆਂ ਕੋਲ ਗੀਤਾਂ ਦੇ ਭਰਪੂਰ ਅਮੁੱਕ ਭੰਡਾਰ ਹੁੰਦੇ ਹਨ। ਬੋਲੀਆਂ, ਲੋਕ-ਗੀਤ, ਮਾਹੀਏ, ਟੱਪੇ ਢੋਲੇ ਆਦਿ ਗਾਉਂਦੀਆਂ ਕੁੜੀਆਂ ਦੇ ਬੁੱਲ੍ਹ ਨਹੀਂ ਸੁੱਕਦੇ। ਇਨ੍ਹੀਂ ਦਿਨੀਂ ਸਹੁਰੇ ਗਈਆਂ, ਖਾਸ ਕਰ ਕੇ ਨਵ-ਵਿਆਹੀਆਂ ਕੁੜੀਆਂ ਨੂੰ ਪੇਕੇ ਘਰ ਲਿਆਇਆ ਜਾਂਦਾ ਹੈ, ਜਿੱਥੇ ਉਹ ਆਪਣੀਆਂ ਵਿਛੜੀਆਂ ਸਹੇਲੀਆਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ ਨੂੰ ਮਿਲਦੀਆਂ ਹਨ ਤੇ ਉਨ੍ਹਾਂ ਸਭ ਵਿੱਚ ਸ਼ਾਮਲ ਹੋ ਕੇ ਪਿੰਡ ਦੀਆਂ ਤੀਆਂ ਦਾ ਸ਼ਿੰਗਾਰ ਬਣਦੀਆਂ ਹਨ। ਉਹ ਆਪਣੇ ਦੁੱਖ-ਸੁੱਖ ਵੀ ਸਾਂਝੇ ਕਰਦੀਆਂ ਹਨ:
ਸਾਉਣ ਦਾ ਮਹੀਨਾ, ਤੀਜ ਦੀਆਂ ਤੀਆਂ ਜੀ
ਸਹੁਰਿਆਂ ਤੋਂ ਪੇਕਿਆਂ ਨੂੰ, ਆਈਆਂ ਧੀਆਂ ਜੀ
ਵਿਆਹੀਆਂ ਵਿਆਹੀਆਂ ਇੱਕ ਪਾਸੇ, ਹੋ ਕੇ ਬਹਿ ਗਈਆਂ
ਕੁਆਰੀਆਂ ਕੁਆਰੀਆਂ ਨੱਚਣ, ਡਹਿ ਗਈਆਂ
ਮੁੱਦਤਾਂ ਦੇ ਬਾਅਦ ਉਹ ਅੱਜ ਜੁੜੀਆਂ,
ਦੁੱਖ ਆਪੋ-ਆਪਣੇ ਸੁਣਾਉਣ ਕੁੜੀਆਂ।
ਇੱਕ ਲੋਕ ਵਿਸ਼ਵਾਸ ਅਨੁਸਾਰ ਸੱਜ ਵਿਆਹੀ ਕੁੜੀ ਦਾ ਆਪਣੇ ਵਿਆਹ ਤੋਂ ਪਿੱਛੋਂ ਆਉਣ ਵਾਲੇ ਪਹਿਲੇ ਸਾਉਣ ਦੇ ਮਹੀਨੇ ਵਿੱਚ ਆਪਣੀ ਸੱਸ ਦੇ ਮੱਥੇ ਲੱਗਣਾ ਚੰਗਾ ਨਹੀਂ ਹੁੰਦਾ। ਇਸ ਲਈ ਸੱਜ ਵਿਆਹੀ ਕੁੜੀ ਨੂੰ ਤੀਆਂ ਵਿੱਚ ਸ਼ਾਮਲ ਹੋ ਸਕਣ ਦਾ ਮੌਕਾ ਪ੍ਰਦਾਨ ਕਰਨ ਲਈ, ਸਾਉਣ ਮਹੀਨਾ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਹੀ ਸਹੁਰੇ ਘਰ ਤੋਂ ਪੇਕੇ ਘਰ ਲਿਆਇਆ ਜਾਂਦਾ ਹੈ। ਇਨ੍ਹੀਂ ਦਿਨੀਂ ਸਹੁਰੇ ਘਰੀਂ ਬੈਠੀਆਂ ਕੁੜੀਆਂ ਪੇਕੇ ਪਿੰਡ ਦੇ ਰਾਹਾਂ ਵੱਲ ਤੱਕਦੀਆਂ ਰਹਿੰਦੀਆਂ ਹਨ। ਪੇਕੇ ਘਰੋਂ ਕਿਸੇ ਆਪਣੇ ਦੇ ਆ ਜਾਣ ਦੀ ਖ਼ੁਸ਼ੀ ਉਨ੍ਹਾਂ ਕੋਲੋਂ ਸਾਂਭੀ ਨਹੀਂ ਜਾਂਦੀ।
ਸਾਉਣ ਦਾ ਮਹੀਨਾ ਤੀਆਂ ਨੂੰ ਖ਼ੁਸ਼ਆਮਦੀਦ ਕਹਿੰਦਿਆਂ ਸਭ ਨੂੰ ਤੀਆਂ ਦੇ ਆਉਣ ਦਾ ਸੰਦੇਸ਼ ਦਿੰਦਾ ਹੈ। ਅਜਿਹਾ ਸੰਦੇਸ਼ ਪਾ ਕੇ ਕੋਈ ਨਵਵਿਆਹੀ ਆਪਣੇ ਪਤੀ ਨੂੰ ਕਹਿੰਦੀ ਹੈ:
ਵੇ ਤੀਆਂ ਦਾ ਮਹੀਨਾ ਢੋਲਣਾ
ਪੇਕੀਂ ਘੱਲ ਦੇ ਸਵੇਰ ਵਾਲੀ ਲਾਰੀ
ਵੇ ਤੀਆਂ ਦਾ ਮਹੀਨਾ ਢੋਲਣਾ।
ਤੀਆਂ ਆਰੰਭ ਹੋਣ ਤੋਂ ਪਹਿਲੇ ਦਿਨ, ਦੂਜ ਵਾਲੇ ਦਿਨ ਨੂੰ ‘ਮਹਿੰਦੀ ਵਾਲਾ ਦਿਨ’ ਆਖਿਆ ਜਾਂਦਾ ਹੈ। ਇਸ ਦਿਨ ਰਾਤ ਸਮੇਂ ਸਾਉਣ ਤੋਂ ਪਹਿਲਾਂ ਮੁਟਿਆਰਾਂ ਆਪਣੇ ਹੱਥਾਂ ’ਤੇ ਬੜੀਆਂ ਰੀਝਾਂ ਨਾਲ ਮਹਿੰਦੀ ਲਾਉਂਦੀਆਂ ਹਨ। ਸ਼ਗਨ ਵਜੋਂ ਲਾਈ ਜਾਣ ਵਾਲੀ ਇਸ ਮਹਿੰਦੀ ਦੀ ਫੱਬਤ ਵਿੱਚ ਉਹ ਆਪਣੀ ਕਲਾਤਮਿਕ ਪ੍ਰਤਿਭਾ ਦਾ ਪ੍ਰਮਾਣ ਪੇਸ਼ ਕਰਦੀਆਂ ਹਨ। ਕਿਸੇ ਬਾਰੀਕ ਤੀਲੀ ਨਾਲ, ਕੋਣ ਨਾਲ ਜਾਂ ਕਿਸੇ ਹੋਰ ਜੁਗਤ ਰਾਹੀਂ ਉਹ ਲਾਈ ਜਾਣ ਵਾਲੀ ਮਹਿੰਦੀ ਨਾਲ ਵੰਨ-ਸੁਵੰਨੇ ਡਿਜ਼ਾਈਨ ਬਣਾਉਂਦੀਆਂ ਹਨ ਤੇ ਵਿੱਚ ਫੁੱਲ-ਪੱਤੀਆਂ ਦੇ ਆਕਾਰ ਬਣਾਉਂਦੀਆਂ ਹਨ। ਅਗਲੀ ਸਵੇਰ ਹਥੇਲੀਆਂ ਤੇ ਬਾਹਵਾਂ ’ਤੇ ਖਿੜੇ ਮਹਿੰਦੀ ਰੰਗੇ ਫੁੱਲ ਪੱਤਿਆਂ ਨੂੰ ਵੇਖ ਕੇ ਉਹ ਫੁੱਲੀਆਂ ਨਹੀਂ ਸਮਾਉਂਦੀਆਂ।
ਮਹਿੰਦੀ ਲਾਉਣ ਵਾਂਗ ਨਵੇਂ ਕੱਪੜੇ ਪਹਿਨਣਾ ਤੇ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਣੀਆਂ ਵੀ ਤੀਆਂ ਦੇ ਤਿਉਹਾਰ ਦੀ ਮਹੱਤਵਪੂਰਨ ਰਸਮ ਹੈ। ਚੂੜੀਆਂ ਵੇਚਣ ਵਾਲਾ ਜਦੋਂ ਵੰਗਾਂ ਚੜ੍ਹਾਉਣ ਦਾ ਹੋਕਾ ਦਿੰਦਾ ਹੈ ਤਾਂ ਮੁਟਿਆਰਾਂ ਝੱਟ-ਪਟ ਉਸ ਨੂੰ ਬੁਲਾ ਲੈਂਦੀਆਂ ਹਨ। ਵੰਗਾਂ ਚੜ੍ਹਾਉਣ ਦੀ ਇਸ ਰੀਝ ਨੂੰ ਕੁੜੀਆਂ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ:
ਆ ਵਣਜਾਰਿਆ ਬਹਿ ਵਣਜਾਰਿਆ, ਵੰਗਾਂ ਦੇਈਂ ਚੜ੍ਹਾ
ਲਾਲ ਸੁਹਾਗ ਮੇਰੇ ਦੀਆਂ ਵੰਗਾਂ, ਹਰੀਆਂ ਨਾਲ ਮਿਲਾ
ਗਿੱਧੇ ਵਿੱਚ ਮੈਂ ਨੱਚਦੀ, ਮੈਨੂੰ ਸੋਹਣੀਆਂ ਵੰਗਾਂ ਦਾ ਚਾਅ।
ਗਿੱਧੇ ਵਿੱਚ ਮੈਂ ਨੱਚਦੀ…।
ਤੀਆਂ ਵਾਲੇ ਦਿਨ ਬਾਅਦ ਦੁਪਹਿਰ ਸਜੀਆਂ ਸੰਵਰੀਆਂ ਕੁੜੀਆਂ, ਹਾਰ-ਸ਼ਿੰਗਾਰ ਕਰ ਕੇ, ਨਵੇਂ ਨਕੋਰ ਕੱਪੜੇ ਪਹਿਨ ਕੇ ਪੀਂਘਾਂ ਪਾਉਣ ਲਈ ਰੱਸੇ-ਲੱਜਾਂ ਚੁੱਕ, ਖਾਣ-ਪੀਣ ਲਈ ਕੁਝ ਸਮਗਰੀ ਲੈ ਕੇ ਤੀਆਂ ਦੇ ਪਿੜ ਵੱਲ ਵਹੀਰਾਂ ਘੱਤਦੀਆਂ ਹਨ। ਖੀਰਾਂ-ਪੂੜੇ ਆਦਿ ਆਪਣੇ ਨਾਲ ਲੈ ਕੇ ਹਰ ਉਮਰ ਦੀਆਂ ਔਰਤਾਂ ਪਿੰਡੋਂ ਬਾਹਰ ਉੱਚੇ, ਲੰਮੇ, ਸੰਘਣੇ ਦਰੱਖਤਾਂ ਥੱਲੇ ਇਕੱਠੀਆਂ ਹੋ ਜਾਂਦੀਆਂ ਹਨ। ਹੱਸਦੀਆਂ ਖੇਡਦੀਆਂ ਉਹ ਮੇਲੇ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ। ਪੀਂਘਾਂ ਝੂਟਦੀਆਂ ਹਨ ਤਾਂ ਅਸਮਾਨ ਨਾਲ ਗੱਲਾਂ ਕਰਦੀਆਂ ਜਾਪਦੀਆਂ ਹਨ। ਪੀਂਘਾਂ ਝੂਟਦੀਆਂ ਕੁੜੀਆਂ ਜਦੋਂ ਰੁੱਖ ਦੀ ਟੀਸੀ ਦੀ ਟਹਿਣੀ ਦਾ ਸਿਖ਼ਰਲਾ ਪੱਤਾ ਆਪਣੇ ਦੰਦਾਂ ਨਾਲ ਤੋੜ ਲਿਆਉਂਦੀਆਂ ਹਨ ਤਾਂ ਇਹ ਮਨਮੋਹਕ ਤੇ ਰਮਣੀਕ ਦ੍ਰਿਸ਼ ਹਰ ਵੇਖਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ।
ਖ਼ੂਬ ਭਖ਼ੇ ਹੋਏ ਗਿੱਧੇ ਦੀਆਂ ਬੋਲੀਆਂ ਦੀ ਆਵਾਜ਼, ਅੱਡੀਆਂ ਦੀ ਧਮਕ, ਵੰਗਾਂ ਦੀ ਛਣ-ਛਣ ਤੇ ਗਿੱਧੇ ਦੀ ਥਪ-ਥਪ ਕੋਹਾਂ ਤੀਕਰ ਸੁਣਾਈ ਦਿੰਦੀ ਹੈ। ਬੋਲੀਆਂ ਵਿੱਚ ਵੀਰ ਪਿਆਰ ਤੋਂ ਲੈ ਕੇ, ਮਾਂ-ਬਾਪ, ਮਾਹੀ, ਸੱਸ, ਸਹੁਰੇ, ਸੰਯੋਗ, ਵਿਯੋਗ, ਨਨਾਣ, ਭਰਜਾਈ, ਦਿਉਰ, ਜੇਠ ਦਰਾਣੀ, ਜਠਾਣੀ ਅਤੇ ਛੜਿਆਂ ਦਾ ਜ਼ਿਕਰ ਹੁੰਦਾ ਹੈ। ਆਮ ਹਾਲਾਤ ਵਿੱਚ ਪੁਰਸ਼ਾਂ ਨੂੰ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਪਰ ਚੋਰੀ ਛੁਪੇ-ਝਾਤ ਮਾਰਨ ਨੂੰ ਪੁਰਸ਼ਾਂ ਦਾ ਮਨ ਕਰ ਹੀ ਆਉਂਦਾ ਹੈ। ਇਸੇ ਕਰ ਕੇ ਕੋਈ ਮੁਟਿਆਰ ਆਪਣੇ ਸ਼ਰਮਾਕਲ ਪਤੀ ਬਾਰੇ ਕਹਿੰਦੀ ਹੈ:
ਹੋਰਨਾਂ ਦੇ ਮਾਹੀਏ ਤੀਆਂ ਵੇਖਣ, ਮੇਰਾ ਚੁਗੇ ਕਪਾਹ
ਵੇ ਕੀ ਰਾਹ ਨਹੀਂ ਜਾਣਦਾ, ਤੀਆਂ ਵੇਖਣ ਆ।
ਗਿੱਧੇ ਦੇ ਪਿੜ ਤੋਂ ਹਟਵੀਆਂ ਢੁਕਵੀਆਂ ਥਾਵਾਂ ’ਤੇ ਚੂੜੀਆਂ, ਗੁਬਾਰੇ, ਪਕੌੜੇ, ਜਲੇਬੀਆਂ ਤੇ ਹੋਰ ਮਠਿਆਈਆਂ, ਖਿਡਾਉਣਿਆਂ ਤੇ ਹਾਰ-ਸ਼ਿੰਗਾਰ ਦੇ ਸਾਮਾਨ ਵੇਚਣ ਵਾਲੇ ਵੀ ਪਹੁੰਚੇ ਹੁੰਦੇ ਹਨ। ਤੀਆਂ ਦੇ ਦਿਨੀਂ ਕੁੜੀਆਂ ਸਹੁਰੇ-ਪੇਕੇ ਘਰ ਦੇ ਨਿੱਕੇ-ਵੱਡੇ ਬੰਧਨਾਂ ਤੇ ਜ਼ਿੰਮੇਵਾਰੀਆਂ ਤੋਂ ਆਜ਼ਾਦ ਮਹਿਸੂਸ ਕਰਦੀਆਂ ਹਨ। ਨਾ ਸੱਸ ਦੀ ਡਾਂਟ-ਡਪਟ ਦਾ ਡਰ, ਨਾ ਸਹੁਰੇ ਕੋਲੋਂ ਘੁੰਡ ਕੱਢਣ ਦੀ ਚਿੰਤਾ। ਨਾ ਕਿਸੇ ਦੀ ਚੰਗੀ ਮਾੜੀ ਸੁਣਨ ਦਾ ਡਰ। ਕੁੜੀਆਂ ਚਾਹੁੰਦੀਆਂ ਹਨ ਕਿ ਤੀਆਂ ਦੇ ਦਿਨ ਮੁੱਕਣ ਹੀ ਨਾ ਪਰ ਤੀਆਂ ਦੇ ਦਿਨ ਝੱਟ ਲੰਘ ਜਾਂਦੇ ਹਨ। ਉਹ ਤੀਆਂ ਲਾਉਣ ਵਾਲੇ ਤੋਂ ਸਦਕੇ ਜਾਣਾ ਚਾਹੁੰਦੀਆਂ ਹਨ:
ਤੇਰਾ ਹੋਏ ਸੁਰਗਾਂ ਵਿੱਚ ਵਾਸਾ, ਵੇ ਤੀਆਂ ਨੂੰ ਲਵਾਉਣ ਵਾਲਿਆ
ਦੁੱਖ-ਸੁੱਖ, ਖ਼ੁਸ਼ੀ-ਗ਼ਮੀ ਜ਼ਿੰਦਗੀ ਦੀ ਤਸਵੀਰ ਦੇ ਦੋ ਪਾਸੇ ਹਨ। ਇੱਕ ਉਦਾਸ ਚਿੱਤ ਕੁੜੀ ਨੂੰ ਤੀਆਂ ਦੇ ਇਹ ਰੰਗ-ਤਮਾਸ਼ੇ ਇਸ ਕਰ ਕੇ ਚੰਗੇ ਨਹੀਂ ਲੱਗਦੇ ਕਿਉਂ ਜੋ ਉਹ ਆਪਣੇ ਸਹੁਰੇ ਘਰ ਵਿੱਚ ਬੀਮਾਰ ਪਏ ਪਤੀ ਨੂੰ ਛੱਡ ਕੇ ਆਈ ਹੈ:
ਯਾਰ ਬੀਮਾਰ ਪਿਆ, ਮੇਰਾ ਚਿੱਤ ਨਾ ਤੀਆਂ ਦੇ ਵਿੱਚ ਲੱਗਦਾ।
ਕਿਹੜੇ ਹੌਸਲੇ ਗਿੱਧੇ ਦੇ ਵਿੱਚ ਜਾਵਾਂ, ਯਾਰ ਬੀਮਾਰ ਪਿਆ।
ਅਜਿਹੀ ਕੁੜੀ ਨੂੰ ਸਾਉਣ ਮਹੀਨੇ ਦੀਆਂ ਬਦਲੋਟੀਆਂ ਵੀ ਕੋਈ ਉਦਾਸ ਗੀਤ ਗਾਉਂਦੀਆਂ ਪ੍ਰਤੀਤ ਹੁੰਦੀਆਂ ਹਨ।
ਤੀਆਂ ਵਾਲੀ ਸ਼ਾਮ ਜਿਉਂ-ਜਿਉਂ ਹਨੇਰੇ ਵਿੱਚ ਬਦਲਣ ਲੱਗਦੀ ਹੈ, ਮੇਲਾ ਖਿੰਡਣ ਲੱਗਦਾ ਹੈ। ਨੱਚਦੀਆਂ-ਗਾਉਂਦੀਆਂ ਕੁੜੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ:
ਸੱਚ ਦੇ ਬਚਨ ਵਿੱਚ ਧਾਈਆਂ, ਮਾਪਿਓ ਥੋਡੇ ਰਾਜ ਅੰਦਰ
ਤੀਆਂ ਖੇਡ ਕੇ ਘਰਾਂ ਨੂੰ ਆਈਆਂ।
ਇੰਜ, ਤੀਆਂ ਦੇ ਇਹ ਪੰਦਰਾਂ ਦਿਨ ਹੱਸਦਿਆਂ, ਖੇਡਦਿਆਂ, ਨੱਚਦਿਆਂ ਖ਼ੁਸ਼ੀ ਮਨਾਉਂਦਿਆਂ, ਪੀਂਘਾਂ ਝੂਟਦਿਆਂ ਤੇ ਗੀਤ ਗਾਉਂਦਿਆਂ ਬੜੀ ਛੇਤੀ ਬੀਤ  ਜਾਂਦੇ ਹਨ। ਕੁੜੀਆਂ ਲਈ ਇਹ ਦਿਨ ਕਈ ਹੁਸੀਨ ਯਾਦਾਂ ਛੱਡ ਜਾਂਦੇ ਹਨ। ਉਹ ਭਾਦੋਂ ਨੂੰ ਕੋਸਦੀਆਂ ਹਨ, ਕਿਉਂ ਜੋ ਭਾਦੋਂ ਵਿੱਚ ਉਨ੍ਹਾਂ ਨੂੰ ਮੁੜ ਸਹੁਰੀਂ ਜਾਣਾ ਪੈਂਦਾ ਹੈ:
ਤੀਆਂ ਸਾਉਣ ਦੀਆਂ, ਭਾਦੋਂ ਦੇ ਮੁਕਲਾਵੇ।
ਤੀਆਂ ਦੇ ਆਖਰੀ ਦਿਨ ਪਾਣੀ ਨਾਲ ਭਰੀ ਇੱਕ ਗੜਵੀ ਵਿੱਚ ਦੁੱਬ ਪਾ ਕੇ ਕੁੜੀਆਂ ਗੀਤ ਗਾਉਂਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ, ਇਸ ਪਾਣੀ ਤੇ ਦੁੱਬ ਦਾ ਛਿੱਟਾ ਉਹ ਘਰਾਂ ਦੀ ਦਹਿਲੀਜ਼ ’ਤੇ ਦਿੰਦੀਆਂ ਹਨ। ਇੰਜ, ਤੀਆਂ ਦਾ ਇਹ ਤਿਉਹਾਰ ਅਗਲੇ ਸਾਲ ਤਕ ਲਈ ਵਿਛੜ ਜਾਂਦਾ ਹੈ:
ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ
ਤੀਆਂ ਦਾ ਇਹ ਤਿਉਹਾਰ ਸਰਬ ਸਾਂਝਾ ਅਤੇ ਧਰਮ ਨਿਰਪੱਖ ਸਾਦ ਮੁਰਾਦਾ ਪੇਂਡੂ ਤਿਉਹਾਰ ਹੈ, ਜੋ ਪੰਜਾਬੀ ਲੋਕ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਅਜੋਕੇ ਕਾਹਲ ਭਰੇ, ਰੁਝੇਵਿਆਂ ਵਾਲੇ ਤੇ ਬਦਲ ਗਈ ਸ਼ੈਲੀ ਵਾਲੇ ਵਿਕਾਸਸ਼ੀਲ ਸਮਾਜ ਵਿੱਚ ਪੁਰਾਣੇ ਸੱਭਿਆਚਾਰ ਦੇ ਅਜਿਹੇ ਰੰਗ ਫਿੱਕੇ ਪੈਂਦੇ ਜਾ ਰਹੇ ਹਨ। ਹੋਰ ਮੇਲਿਆਂ-ਤਿਉਹਾਰਾਂ ਵਾਂਗ ਤੀਆਂ ਦੀ ਪਹਿਲਾਂ ਵਾਲੀ ਰੌਣਕ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ। ਇਹ ਪਰਿਵਰਤਨਸ਼ੀਲ ਵਰਤਾਰੇ ਵਿੱਚ ਹੁੰਦਾ ਹੀ ਰਹਿੰਦਾ ਹੈ। ਵਿਰਸੇ ਤੋਂ ਟੁੱਟਣਾ, ਦੂਰ ਹੁੰਦੇ ਜਾਣਾ ਤੇ ਵਿਰਸੇ ਨੂੰ ਵਿਸਾਰ ਦੇਣਾ ਦੁਖਦਾਈ ਹੁੰਦਾ ਹੈ। ਸੱਭਿਆਚਾਰਕ ਵਰਤਾਰਿਆਂ ਨੂੰ, ਉਨ੍ਹਾਂ ਦੇ ਨਮੂਨਿਆਂ ਨੂੰ ਸਾਂਭ ਕੇ ਰੱਖਣਾ ਮਨੁੱਖ ਦਾ ਫ਼ਰਜ਼ ਬਣਦਾ ਹੈ। ਇਸ ਦਿਸ਼ਾ ਵੱਲ ਨਿੱਜੀ ਨਹੀਂ ਸਮੂਹਿਕ ਯਤਨ ਹੋਣੇ ਲੋੜੀਂਦੇ ਹਨ।

ਡਾ.ਪ੍ਰਿਤਪਾਲ ਸਿੰਘ ਮਹਿਰੋਕ

No comments:

Post a Comment