Tuesday, 17 September 2013

…ਚਰਖੇ ਦੀ ਘੂਕ ਸੁਣ ਕੇ



ਜੋਗੀ ਉਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।
ਚਰਖਾ ਕਿਸੇ ਦੀ ਰੱਬ ਨਾਲੋਂ ਲਿਵ ਤੋੜ ਕੇ ਆਪਣੇ ਵੱਲ ਕੀਲਣ ਦੀ ਸਮਰੱਥਾ ਰੱਖਦਾ ਹੈ। ਬੁੱਲ੍ਹੇ ਸ਼ਾਹ ਵਰਗੇ ਸੂਫ਼ੀਆਂ ਨੇ ਇਸ ਨੂੰ ਇਸ਼ਕ ਹਕੀਕੀ ਲਈ ਹੀ ਵਰਤਿਆ ਹੈ।
ਘੁੰਮ ਚਰਖੜਿਆ ਸੋਹਣਿਆ ਵੇ,
ਤੇਰੀ ਕੱਤਣ ਵਾਲੀ ਜੀਵੇ।
ਇਹ ਪੰਜਾਬੀ ਲਈ ਸੰਦ ਦੇ ਨਾਲ ਨਾਲ ਇੱਕ ਤਰ੍ਹਾਂ ਸਾਜ਼ ਵਜੋਂ ਵੀ ਪ੍ਰਵਾਨ ਹੈ। ਇਸ ਦੀ ਮਿੱਠੀ ਜਿਹੀ ਘੂਕ ਨਾਲ ਮਿਲ ਕੇ ਮਨ ਦੇ ਮਨੋਭਾਵ ਉਜਾਗਰ ਹੁੰਦੇ ਹਨ। ਲੱਕੜੀ ਨੂੰ ਕੱਟ ਤਰਾਸ਼ ਕੇ ਸਹੀ ਢੰਗ ਨਾਲ ਫੱਟੀ ਨਾਲ ਫੱਟੀ ਜੋੜ ਕੇ ਬਣਾਇਆ ਗਿਆ ਚਰਖਾ ਪੰਜਾਬੀ ਸੱਭਿਆਚਾਰ ਦਾ ਦਰਪਣ ਮੰਨਿਆ ਜਾਂਦਾ ਹੈ, ਜਿਸ ਵਿੱਚ ਪੁਰਾਣੇ ਸੱਭਿਆਚਾਰ ਦੀ ਤਸਵੀਰ ਸਹੀ ਤੇ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਦੇਖਣ ਨੂੰ ਤਾਂ ਭਾਵੇਂ ਇਹ ਤਿੰਨ, ਸਾਢੇ ਤਿੰਨ ਫੁੱਟ ਲੰਬੀ ਅਤੇ ਦੋ ਕੁ ਫੁੱਟ ਉੱਚੀ ਵਸਤੂ ਹੈ ਪਰ ਇਹ ਵਸਤੂ ਆਪਣੇ-ਆਪ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ। ਅੱਜ-ਕੱਲ੍ਹ ਲੋਕਾਂ ਨੇ ਇਸ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਘਟਾ ਦਿੱਤਾ ਹੈ। ਹੁਣ ਤਾਂ ਇਹ ਵਸਤੂ ਲਗਪਗ ਖਤਮ ਹੋਣ ਦੇ ਕਿਨਾਰੇ ‘ਤੇ ਹੀ ਹੈ।
ਕਦੇ ਸਮਾਂ ਸੀ ਜਦੋਂ ਪੰਜਾਬੀ ਸੱਭਿਆਚਾਰ ਵਿੱਚ ਚਰਖੇ ਦੀ ਪੂਰੀ ਸਰਦਾਰੀ ਸੀ। ਜਿਸ ਸੁਆਣੀ ਦੇ ਘਰ ਚਰਖਾ ਨਹੀਂ ਸੀ ਹੁੰਦਾ ਉਸ ਨੂੰ ਸੁਘੜ-ਸਿਆਣੀ ਨਹੀਂ ਸੀ ਸਮਝਿਆ ਜਾਂਦਾ। ਚਰਖਾ ਕੱਤਣਾ ਇੱਕ ਕਹਿੰਦੀ-ਕਹਾਉਂਦੀ ਕਲਾ ਸੀ। ਜਿਸ ਔਰਤ ਨੂੰ ਚਰਖਾ ਨਹੀਂ ਸੀ ਕੱਤਣਾ ਆਉਂਦਾ ਉਸ ਨੂੰ ਹੁਨਰਹੀਣ ਸਮਝਿਆ ਜਾਂਦਾ ਸੀ।
ਰਾਤ ਨੂੰ ਕਿਸੇ ਸਿਆਣੀ ਬੁੱਢੀ ਔਰਤ ਦੇ ਘਰ ਵੱਡੀ ਸਬ੍ਹਾਤ ਵਿੱਚ ਪੰਦਰਾਂ-ਵੀਹ ਔਰਤਾਂ ਇਕੱਠੀਆਂ ਹੋ ਕੇ ਚਰਖਾ ਕੱਤਿਆ ਕਰਦੀਆਂ ਸਨ ਤੇ ਕੱਤਦੀਆਂ ਵੀ ਸ਼ੋਪ ਪਾ ਕੇ ਸਨ। ਸ਼ੋਪ ਤੋਂ ਭਾਵ ਉਹ ਗਿਣ ਕੇ ਇੱਕੋ ਜਿਹੀਆਂ ਪੂਣੀਆਂ ਲੈ ਲੈਂਦੀਆਂ ਤੇ ਫਿਰ ਇਹ ਦੇਖਿਆ ਜਾਂਦਾ ਸੀ ਕਿ ਕਿਹੜੀ ਪਹਿਲਾਂ ਪੂਣੀਆਂ ਕੱਤੇਗੀ। ਕੱਤਣ ਵਿੱਚ ਸੁਲਝੀ ਹੋਈ ਔਰਤ ਇਹ ਬਾਜ਼ੀ ਜਿੱਤ ਜਾਂਦੀ। ਇਸ ਨੂੰ ਸ਼ੋਪ ਪਾਉਣਾ ਕਿਹਾ ਜਾਂਦਾ ਸੀ। ਚਰਖੇ ਕੱਤਦੀਆਂ ਔਰਤਾਂ ਨਾਲੋ-ਨਾਲ ਆਪਣੇ ਦਿਲਾਂ ਦੀਆਂ ਖ਼ੁਸ਼ੀਆਂ-ਗ਼ਮੀਆਂ ਵੀ ਸਾਂਝੀਆਂ ਕਰਦੀਆਂ ਸਨ। ਇਸ ਤਰ੍ਹਾਂ ਉਹ ਸੱਸਾਂ-ਨਨਾਣਾਂ ਦੇ ਦਿੱਤੇ ਦਰਦ ਇੱਕ ਦੂਜੀ ਨਾਲ ਸਾਂਝੇ ਕਰਕੇ ਤਣਾਓ ਮੁਕਤ ਹੁੰਦੀਆਂ ਸਨ। ਤ੍ਰਿੰਞਣਾਂ ਵਿੱਚ ਚਰਖਾ ਕੱਤਦੀਆਂ ਕੁੜੀਆਂ ਮਨ ਦੇ ਭਾਵ ਗਾ ਕੇ ਬਿਆਨ ਕਰਦੀਆਂ:-
ਮੇਰੀ ਕੱਤਣੀ ਫਰਾਟੇ ਮਾਰੇ,
ਪੂਣੀਆਂ ਦੇ ਸੱਪ ਬਣ ਗਏ।
ਅੱਜ-ਕੱਲ੍ਹ ਮਸ਼ੀਨੀ ਯੁੱਗ ਵਿੱਚ ਭਾਵੇਂ ਚਰਖੇ ਦੀ ਕਦਰ ਬਿਲਕੁਲ ਘਟ ਗਈ ਹੈ ਪਰ ਪੁਰਾਣੇ ਸਮਿਆਂ ਵਿੱਚ ਚਰਖਾ ਮਨੁੱਖ ਦੀ ਮੁਢਲੀ ਲੋੜ ਕੱਪੜੇ ਦੀ ਮੰਗ ਨੂੰ ਪੂਰਾ ਕਰਦਾ ਸੀ। ਚਰਖੇ ‘ਤੇ ਸੂਤ ਕੱਤ ਕੇ, ਰੰਗ ਕੇ ਕੱਪੜਾ ਘਰ ਵਿੱਚ ਹੀ ਤਿਆਰ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਇਸ ਮੁੱਢਲੀ ਲੋੜ ਨੂੰ ਘਰ ਵਿੱਚ ਹੀ ਪੂਰਾ ਕਰ ਲਿਆ ਜਾਂਦਾ ਸੀ ਪਰ ਅਜੋਕੇ ਮਸ਼ੀਨੀ ਯੁੱਗ ਵਿੱਚ ਕੱਪੜਾ ਬਣਨ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਬਹੁਤ ਹੀ ਘੱਟ ਸਮੇਂ ਵਿੱਚ ਮਸ਼ੀਨਾਂ ਵੱਡੇ ਪੱਧਰ ‘ਤੇ ਕੱਪੜਾ ਤਿਆਰ ਕਰ ਦਿੰਦੀਆਂ ਹਨ। ਮਸ਼ੀਨਾਂ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਅਤੇ ਕਢਾਈਆਂ ਵਿੱਚ ਵੱਡੀ ਪੱਧਰ ‘ਤੇ ਕੱਪੜੇ ਤਿਆਰ ਕਰਦੀਆਂ ਹਨ। ਮਸ਼ੀਨ ਦੀ ਤਰ੍ਹਾਂ ਬਣਿਆ ਮਨੁੱਖ ਹੌਲੀ ਰਫ਼ਤਾਰ ਨਾਲ ਚੱਲਣ ਵਾਲੇ ਚਰਖੇ ਤੋਂ ਕਾਫ਼ੀ ਅੱਗੇ ਨਿਕਲ ਗਿਆ ਹੈ।
ਹੁਣ ਤਾਂ ਕੋਈ ਹੀ ਅਜਿਹਾ ਘਰ ਹੋਵੇਗਾ ਜਿੱਥੇ ਚਰਖਾ ਦੇਖਣ ਨੂੰ ਨਸੀਬ ਹੋਵੇਗਾ। ਉਹ ਵੀ ਘਰ ਦੀ ਪੜਛੱਤੀ ‘ਤੇ ਬਹੁਤ ਹੀ ਖਸਤਾ ਹਾਲਤ ਵਿੱਚ ਜਾਂ ਚਰਖੇ ਦੇ ਦੀਦਾਰ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ‘ਤੇ ਹੋਣਗੇ ਪਰ ਉਹ ਵੀ ਜਾਅਲੀ ਜਿਹੇ ਢੰਗ ਨਾਲ। ਇਸ ਅਣਮੁੱਲੀ ਵਿਰਾਸਤ ਨੂੰ ਸਾਂਭਣ ਦੀ ਜ਼ਰੂਰਤ ਹੈ। ਕਿਸੇ ਗਾਇਕ ਨੇ ਇਸ ਵੇਦਨਾ ਨੂੰ ਪ੍ਰਗਟ ਕਰਦਾ ਗੀਤ ਗਾਇਆ ਹੈ:
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ….।
-ਕਰਮਜੀਤ ਕੌਰ ਬੁਗਰਾ

No comments:

Post a Comment