Monday, 9 September 2013

ਕਿਤੇ ਬੋਲ ਵੇ ਚੰਦਰਿਆ ਕਾਵਾਂ


ਪੁਰਾਣਾ ਪੰਜਾਬੀ ਲੋਕ-ਕਾਵਿ ਸਾਡੇ ਸਮਾਜਿਕ ਸੱਭਿਆਚਾਰ ਵਰਤਾਰੇ ਦਾ ਇਤਿਹਾਸ ਹੈ। ਪੰਜਾਬੀ ਲੋਕ-ਕਾਵਿ ਵਿੱਚ ਜਨਮ ਤੋਂ ਲੈ ਕੇ ਮਰਨ ਤਕ ਦੀ ਕਾਵਿ- ਵੰਨਗੀ ਮਿਲਦੀ ਹੈ। ਇਸ ਵਿੱਚ ਵਿਆਹ-ਸ਼ਾਦੀ, ਤਿੱਥ ਤਿਉਹਾਰ, ਮੇਲੇ-ਮੁਸਾਹਵੇ, ਫ਼ਸਲਾਂ, ਕੱਪੜੇ, ਗਹਿਣੇ ਅਤੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਰਿਸ਼ਤਿਆਂ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਨੂੰ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ। ਮਨੁੱਖੀ ਜੀਵਨ ਨਾਲ ਸਰੋਕਾਰ ਰੱਖਣ ਵਾਲਾ ਕੋਈ ਪੱਖ ਨਹੀਂ ਜੋ ਲੋਕ ਗੀਤਾਂ ਵਿੱਚ ਸ਼ਾਮਲ ਨਾ ਹੋਵੇ। ਰੁੱਤਾਂ ਤੋਂ ਲੈ ਕੇ ਪਸ਼ੂ ਪੰਛੀਆਂ ਦਾ ਜ਼ਿਕਰ ਵੀ ਸਾਡੇ ਮਾਣ-ਮੱਤੇ ਇਸ ਕਾਵਿ ਵਿੱਚ ਪੜ੍ਹਨ ਸੁਣਨ ਨੂੰ ਮਿਲਦਾ ਹੈ। ਬੇਸ਼ੱਕ ਪੰਛੀਆਂ ਵਿੱਚ ਮੋਰ-ਮੋਰਨੀਆਂ, ਤੋਤਾ-ਮੈਨਾ, ਕਬੂਤਰ, ਘੁੱਗੀਆਂ, ਚਿੜੀਆਂ, ਕੋਇਲਾਂ ਕੂੰਜਾਂ, ਤਿੱਤਰ ਅਤੇ ਭੌਰ ਆਦਿ ਦਾ ਵਰਣਨ ਵੀ ਹੈ ਪਰ ਕਾਂ ਵੀ ਇਨ੍ਹਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹੈ।  ਵੱਖਰੀ ਗੱਲ ਹੈ ਕਿ ਕਾਂ ਨੂੰ ਮਨੁੱਖੀ ਜੀਵਨ ਵਿੱਚ ਦੂਜੇ ਪੰਛੀਆਂ ਜਿੰਨੀ ਆਦਰ ਤੇ ਪਿਆਰ ਵਾਲ਼ੀ ਥਾਂ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਦੀ ਆਵਾਜ਼ ਤਿੱਖੀ ਤੇ ਉੱਚੀ ਹੁੰਦੀ ਹੈ। ਦੂਜਾ ਇਹ ਗੰਦ-ਮੰਦ ਵਿੱਚ ਵੀ ਮੂੰਹ ਮਾਰਦਾ ਹੈ ਤੇ ਖਾਣ ਪੀਣ ਵਾਲੀ ਚੀਜ਼ ਵੀ ਚੁੱਕ ਲੈ ਜਾਂਦਾ ਹੈ ਜਾਂ ਖਿੰਡਾ-ਪੁੰਡਾ ਜਾਂਦਾ ਹੈ। ਬਚਪਨ ਵਿੱਚ ਆਮ ਹੀ ਹੇਕਾਂ ਲਾ ਕੇ ਗਾਉਂਦੇ ਹੋਏ ਬੱਚੇ ਕਾਂ ਨੂੰ ਮਾਰਨ ਦੌੜਦੇ ਤੇ ਕਹਿੰਦੇ:
‘‘ਮਾਂ ਨੀਂ ਮਾਂ ਕਿੱਡਾ ਵੱਡਾ ਢੋਡਰ ਕਾਂ, ਲੈ ਗਿਆ ਰੋਟੀ ਮੈਂ ਕੀ ਖਾਂ?
ਦੇ ਤਾਂ ਸੋਟੀ ਇਸ ਨੂੰ ਲਾਂ।’’
ਮੁੱਢ ਕਦੀਮ ਤੋਂ ਹੀ ਸਵੇਰੇ-ਸਵੇਰੇ ਕਾਂ ਦਾ ਬਨੇਰੇ ’ਤੇ ਬੋਲਣਾ ਬੜਾ ਚੰਗਾ ਸਮਝਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਲੋਕ ਖ਼ਾਸ ਕਰ ਔਰਤਾਂ ਬਨੇਰੇ ’ਤੇ ਬੋਲਦੇ ਕਾਂ ਨੂੰ ਦੇਖ ਸੁਣ ਕੇ ਖ਼ੁਸ਼ ਹੋ ਜਾਂਦੀਆਂ ਸਨ। ਉਨ੍ਹਾਂ ਨੂੰ ਕਿਸੇ ‘ਪਰਾਹੁਣੇ’ ਭਾਵ ਮਹਿਮਾਨ ਦੇ ਆਉਣ ਦਾ ਸੰਕੇਤ ਸਮਝਿਆ ਜਾਂਦਾ ਸੀ। ਖ਼ੁਸ਼ੀ ਵਿੱਚ ਕਾਂ ਦੀ ਚੁੰਝ ਸੋਨੇ ਨਾਲ਼ ਮੜ੍ਹਾਉਣ ’ਤੇ ਉਸ ਨੂੰ ਪਿਆਰ ਨਾਲ ਚੂਰੀ ਖਵਾਉਣ ਦੀ ਗੱਲ ਵੀ ਕੀਤੀ ਜਾਂਦੀ:
 ‘‘ਉੱਡ ਉੱਡ ਕਾਵਾਂ ਵੇ ਤੈਨੂੰ ਚੂਰੀ ਪਾਵਾਂ’’
ਜਿਨ੍ਹਾਂ ਮੁਟਿਆਰਾਂ ਦੇ ਕੰਤ ਪਰਦੇਸੀ ਹੁੰਦੇ, ਉਹ ਕਾਂ ਰਾਹੀਂ ਆਪਣੇ ਸੁਨੇਹੇ ਘੱਲ ਕੇ ਦਿਲ ਨੂੰ ਧਰਵਾਸ ਦਿੰਦੀਆਂ ਕਹਿੰਦੀਆਂ:
‘‘ਚੁੰਝ ਤੇਰੀ ਵੇ ਕਾਲਿਆ ਕਾਵਾਂ ਸੋਨੇ ਨਾਲ ਮੜ੍ਹਾਵਾਂ,
ਜਾ ਆਖੀਂ ਮੇਰੇ ਮਾਹੀਏ ਨੂੰ ਨਿੱਤ ਮੈਂ ਔਸੀਆਂ ਪਾਵਾਂ,
ਖ਼ਬਰਾਂ ਲਿਆ ਕਾਵਾਂ ਤੈਨੂੰ ਘਿਓ ਦੀ ਚੂਰੀ ਪਾਵਾਂ।’’
ਕੋਈ ਬਿਰਹੋਂ ਮਾਰੀ ਨਾਰ ਕਾਂ ਨਾਲ ਸ਼ਿਕਵਾ ਕਰਦੀ ਕਹਿੰਦੀ ਹੈ:
ਝਾਵਾਂ-ਝਾਵਾਂ-ਝਾਵਾਂ,
ਜੁੱਤੀ ਮੇਰੀ ਮਖ਼ਮਲ ਦੀ ਮੈਂ ਡਰਦੀ ਪੈਰੀਂ ਨਾ ਪਾਵਾਂ,
ਪੁੱਤ ਮੇਰੇ ਸਹੁਰੇ ਦਾ ਲੱਗੀ ਲਾਮ ਤੇ ਲੁਆ ਲਿਆ ਨਾਵਾਂ,
ਜਾਂਦਾ ਹੋਇਆ ਦੱਸ ਨਾ ਗਿਆ ਚਿੱਠੀਆਂ ਕਿੱਧਰ ਨੂੰ ਪਾਵਾਂ,
ਕੋਇਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ।’’
ਸਾਡੇ ਸਮਾਜ ਵਿੱਚ ਕੁਝ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਨੂੰ ਸਦਾ ਹੀ ਨਕਾਰਿਆ ਤੇ ਦੁਰਕਾਰਿਆ ਜਾਂਦਾ ਹੈ ਭਾਵੇਂ ਉਹ ਸੁਹਿਰਦ ਹੀ ਹੋਣ ਪਰ ਕਿਹਾ ਜਾਂਦਾ ਹੈ ‘ਬਦ ਨਾਲੋਂ ਬਦਨਾਮ ਬੁਰਾ’। ਅਜਿਹੇ ਰਿਸ਼ਤੇ ਵਿੱਚ ਮਤਰੇਈ ਮਾਂ ਵੀ ਆ ਜਾਂਦੀ ਹੈ ਤੇ ਲੋਕ-ਕਾਵਿ ਚੰਗੇ ਮਾੜੇ ਸਭ ਪੱਖ ਪੇਸ਼ ਕਰਦਾ ਹੈ:
‘‘ਉੱਡ ਉੱਡ ਕਾਵਾਂ ਵੇ, ਤੇਰੀਆਂ ਲੰਮੀਆਂ ਛਾਵਾਂ,
ਮਰਨ ਮਤਰੇਈਆਂ ਵੇ, ਜੁਗ ਜੁਗ ਜੀਣ ਵੇ ਸਕੀਆਂ ਮਾਵਾਂ।’’
ਤੀਆਂ ਦੇ ਗਿੱਧੇ ਦੇ ਗੌਣ ਜਾਂ ਬੋਲੀਆਂ ਹੋਣ ਭਾਵੇਂ ਵਿਆਹ ਸ਼ਾਦੀ ਦੇ ਲੰਮੇ ਗੌਣ, ਹੇਅਰੇ, ਸਿੱਠਣੀਆਂ, ਟੱਪੇ ਜਾਂ ਕੋਈ ਹੋਰ ਕਾਵਿ-ਰੰਗ ਉਨ੍ਹਾਂ ਵਿੱਚ ਤਾਂ ਕਾਂ ਬੋਲਦਾ ਹੀ ਹੈ ਪਰ ਕਈ ਵਾਰ ਕਿਸੇ ਪੰਜਾਬੀ ਗੀਤ ਨੂੰ ਵੀ ਕੁੜੀਆਂ-ਕੱਤਰੀਆਂ ਢੋਲਕ ’ਤੇ ਗਾ ਕੇ ਅਨੋਖਾ ਰੰਗ ਬੰਨ੍ਹ ਦਿੰਦੀਆਂ ਹਨ:
‘‘ਕੁੱਟ-ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਨੀ ਆਂ,
ਹਾਏ ਨੀਂ ਮਾਂ ਮੇਰੀਏ ਮੈਂ ਕੋਠੇ ਉੱਤੇ ਪਾਉਨੀ ਆ,
ਆਉਣਗੇ ਕਾਗ ਉਡਾ ਜਾਣਗੇ, 
ਸਾਨੂੰ ਦੂਣਾ ਪੁਆੜਾ ਪਾ ਜਾਣਗੇ।’’
ਪੰਜਾਬੀ ਲੋਕ ਗੀਤਾਂ ਵਿੱਚ ਜਿੱਥੇ ਨਾਰਾਂ ਆਪਣੇ ਗੱਭਰੂਆਂ ਨੂੰ ਕਾਂ ਹੱਥ ਸੁਨੇਹੇ ਘੱਲਦੀਆਂ ਹਨ, ਉੱਥੇ ਵਿਜੋਗਣ ਧੀਆਂ ਵੀ ਕਾਂ ਰਾਹੀ ਮਾਪਿਆਂ-ਪੇਕਿਆ ਨੂੰ ਮਨ ਦੀ ਵੇਦਨਾ ਸੁਣਾਉਂਦੀਆਂ ਹਨ:
‘‘ਉੱਡਦਾ ਤਾਂ ਜਾਵੀਂ ਕਾਵਾਂ, ਬਹਿੰਦਾ ਤਾਂ ਜਾਵੀਂ ਮੇਰੇ ਪੇਕੜੇ,
ਇੱਕ ਨਾ ਦੱਸੀਂ ਮੇਰੇ ਬਾਬਲ ਧਰਮੀ ਨੂੰ
ਰੋਊਗਾ ਭਰੀ ਕਚਹਿਰੀ ਨੂੰ ਛੋੜ ਕੇ।
ਲੋਕ ਕਾਵਿ ਦੀ ਸਿਰਜਣਾ ਕਰਦਿਆਂ ਜਿਵੇਂ ਮਿਰਜ਼ਾ-ਸਾਹਿਬਾਂ ਦੇ ਸੁਆਲ ਜਵਾਬ ਕਾਂ ਰਾਹੀਂ ਹੁੰਦੇ ਹਨ, ਉਹ ਵੀ ਸ਼ਾਇਰੀ ਦਾ ਉੱਤਮ ਨਮੂਨਾ ਹਨ। ਸਦਕੇ ਜਾਈਏ ਇਨ੍ਹਾਂ ਸਿਰਜਣਹਾਰਿਆਂ ਦੇ ਇਹ ਵੀ ਕੋਈ ਭੁੱਲੇ ਵਿੱਸਰੇ ‘ਪੀਲੂ’ ਹੀ ਤਾਂ ਹਨ। ਇਹ ਗੌਣ ਆਮ ਨਹੀਂ ਗਾਇਆ ਜਾਂਦਾ ਪਰ ਡਾ: ਕਰਮਜੀਤ ਸਿੰਘ ਦੀ ਪੁਸਤਕ ‘ਲੋਕ ਗੀਤਾਂ ਦੀ ਪੈੜ’ ਵਿੱਚੋਂ ਇਹ ਗੌਣ ਮਿਲਦਾ ਹੈ,ਵੰਨਗੀ ਲਈ ਕੁਝ ਚੋਣਵੀਆਂ ਸਤਰਾਂ ਪੇਸ਼ ਹਨ:
‘‘ਉੱਡ ਵੇ ਕਾਲਿਆ ਕਾਗਾ, ਵੇ ਮੈਂ ਵਾਰੀ
ਤੂੰ ਤਾਂ ਜਾਈਂ ਮਿਰਜ਼ੇ ਵਾਲੇ ਦੇਸ ਵੇ,
ਤੂੰ ਤਾਂ ਜਾਈਂ ਕਹੀ ਮਿਰਜ਼ੇ ਮੇਰੇ ਨੂੰ 
ਤੂੰ ਤਾਂ ਆਉਣਾ ਤਾਂ ਆਜਾ ਅੱਜ ਵੇ
ਤੇਰਾ ਫੇਰ ਨਹੀਂ ਕੋਈ ਹੋਜ ਵੇ ।’’
ਇਨ੍ਹਾਂ ਗੌਣਾਂ ਦੀਆਂ ਸਿਰਜਣਹਾਰੀਆਂ ਦੇ ਨਾਂ ਭਾਵੇਂ ਇਤਿਹਾਸ ਅਤੇ ਸਾਹਿਤ ਦੇ ਪੰਨਿਆਂ ’ਤੇ ਕਦੇ ਨਹੀਂ ਉੱਕਰੇ ਜਾਣੇ ਪਰ ਇਹ ਹਰ ਦੌਰ ਵਿੱਚ ਮਨੁੱਖੀ ਮਨਾਂ ’ਤੇ ਉੱਕਰੇ ਜਾਂਦੇ ਰਹਿਣਗੇ। ਕਾਂ ਬਨੇਰੇ ਉੱਤੇ ਹੀ ਨਹੀਂ ਕਿਸੇ ਨਾਜੋ ਦੀ ਸੱਗੀ ਉੱਤੇ ਵੀ ਜਾ ਬੈਠਦਾ ਹੈ ਤੇ ਉਹ ਦੁਹਾਈਆਂ ਦਿੰਦੀ ਕਹਿੰਦੀ ਹੈ:
‘‘ਕੋਰੇ-ਕੋਰੇ ਸੋਨੇ ਦੀ ਮੈਂ ਸੱਗੀ ਕਰਾਵਾਂ
ਉੱਪਰ ਬਹਿ ਗਿਆ ਕਾਂ,
ਨੀਂ ਬੇਬੇ ਤੇਜ਼ ਕੁਰੇ ਕੀਹਦਾ ਲਵਾਂਗੇ ਨਾਂ? ’’
ਹੋਰ ਕਾਵਿ ਰੂਪਾਂ ਤੋਂ ਬਿਨਾਂ ਸਿੱਠਣੀਆ ਵਿੱਚ ਵੀ ‘ਕਾਂ’ ਨੂੰ ਉਸ ਦੀ ਬਣਦੀ ਥਾਂ ਦਿੱਤੀ ਜਾਂਦੀ ਹੈ। ਵਿਆਹ ਸਮੇਂ ਦਾਦਕੀਆਂ ਮੁੰਡੇ-ਕੁੜੀ ਦੀਆਂ ਨਾਨਕੀਆਂ ਨੂੰ ਸਿੱਠਣੀ ਦਿੰਦੀਆਂ ਹਨ:
‘‘ਕਿੱਧਰ ਗਈਆ ਵੇ ਵਿੰਦਰ ਤੇਰੀਆਂ ਨਾਨਕੀਆਂ?
ਖਾਧੇ ਸੀ ਮਾਂਹ ਜੰਮੇ ਸੀ ਕਾਂ,
ਕਾਂ-ਕਾਂ ਕਰਦੀਆਂ ਵੇ ਵਿੰਦਰ ਤੇਰੀਆਂ ਨਾਨਕੀਆਂ।’’
ਅੱਗੋਂ ਨਾਨਕੀਆਂ ਵੀ ਕਸਰ ਨਹੀਂ ਛੱਡਦੀਆਂ ਤੇ ਜਵਾਬ ਵਿੱਚ ਕਹਿੰਦੀਆਂ ਹਨ:
‘‘ਕਿੱਧਰ ਗਈਆਂ ਵੇ ਵਿੰਦਰ ਤੇਰੀਆਂ ਦਾਦਕੀਆਂ?
ਖਾਧਾ ਸੀ ਸਾਗ ਜੰਮੇ ਸੀ ਕਾਗ,
ਕਾਵਾਂ ਰੌਲ਼ੀ ਪਾਉਂਦੀਆਂ ਵੇ ਵਿੰਦਰ ਤੇਰੀਆਂ ਦਾਦਕੀਆਂ।’’
ਬਰਾਤ ਚੜ੍ਹਨ ਵੇਲੇ ਹੇਅਰੇ ਲਾਉਣਾ ਵੀ ਜ਼ਰੂਰੀ ਸ਼ਗਨ ਸਮਝਿਆ ਜਾਂਦਾ ਹੈ ਪਰ ਕਈ ਵਾਰ ਭਾਵੁਕਤਾ ਵਿੱਚ ਆ ਕੇ ਕੋਈ ਅਜਿਹਾ ਹੇਅਰਾ ਲਾ ਦਿੱਤਾ ਜਾਂਦਾ ਹੈ ਜੋ ਖ਼ੁਸ਼ੀ ਦੇ ਮਾਹੌਲ ਨੂੰ ਉਦਾਸੀ ਵਿੱਚ ਡੁਬੋ ਦਿੰਦਾ ਹੈ ਤੇ ਇਸ ਉਦਾਸੀ ’ਚ ਵੀ ਆਉਂਦਾ ਹੈ ਕਾਂ। ਜਦੋਂ ਵਿਆਹ ਵਾਲੇ ਮੁੰਡੇ ਦੇ ਮਾਂ ਨਾ ਹੋਵੇ ਤਾਂ ਹੇਅਰਾ ਲਇਆ ਜਾਂਦਾ ਹੈ:
ਚਿੜੀਆਂ ਚੀਂ-ਚੀਂ ਕਰਦੀਆਂ, ਕੋਈ ਪਿਆ ਕਲ਼ਾਵੇ (ਕੁਰਲਾਏ) ਵੇ ਕਾਂ,
ਸਾਕ-ਸਕੀਰੀ ਜੁੜ ਖੜੀ ਵਿੱਚ ਹੈ ਨਾ ਵੇ ਵੀਰਨ ਸਾਡਿਆਂ ਵੇ ਮਾਂ।
ਕਾਂ ਨੇ ਪੰਜਾਬੀ ਲੋਕ-ਕਾਵਿ ਦੀ ਹਰ ਵਿਧਾ ਵਿੱਚ ਬਖ਼ੂਬੀ ਆਪਣੀ ਚੰੁਝ  ਫਸਾਈ ਹੈ। ਸਭ ਤੋਂ ਵੱਧ ਕਾਂ ਪੰਜਾਬੀ ਲੋਕ-ਕਾਵਿ ਦੇ ਸੁੰਦਰ ਤੇ ਅਨਿੱਖੜਵੇ ਅੰਗ ਟੱਪਿਆਂ ਜਾਂ ਮਾਹੀਏ ਵਿੱਚ ਆਪਣੀ ਵੱਖਰੀ ਤੇ ਸ਼ਾਨਾਮੱਤੀ ਥਾਂ ਰੱਖਦਾ ਹੈ। ਦੂਜੇ ਵਿਸ਼ਵ ਯੁੱਧ ਵਿੱਚ ਜਦੋਂ ਜਰਮਨ ਨੇ ਘੋਰ ਤਬਾਹੀ ਮਚਾਈ ਤੇ ਘਰਾਂ ਦੇ ਘਰ ਖਾਲ਼ੀ ਕਰ ਦਿੱਤੇ ਤੇ ਜਬਰੀ ਭਰਤੀਆਂ ਕੀਤੀਆਂ ਗਈਆਂ ਤਾਂ ਲੋਕਾਈ ਦੇ ਦਰਦ ’ਚ ਡੁੱਬੀ ਕਿਸੇ ਰੁਹ ਨੇ ਲੋਕ-ਕਾਵਿ ਰਾਹੀਂ ਧਾਹ ਮਾਰੀ। ਇਹ ਟੱਪਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ:
‘‘ਖੰਭ ਖਿਲਰੇ ਨੇ ਕਾਵਾਂ ਦੇ, 
ਜਰਮਨ ਬਸ ਕਰ ਵੇ, ਪੁੱਤ ਮੁੱਕ ਚੱਲੇ ਮਾਵਾਂ ਦੇ।’’
ਇਹੋ ਜਿਹਾ ਹੀ ਇੱਕ ਹੋਰ ਟੱਪਾ ਹੋਂਦ ਵਿੱਚ ਆਇਆ। ਟੱਪੇ ਜਾਂ ਮਾਹੀਏ ਦੀ ਖ਼ੂਬੀ ਹੈ ਇਹ ਲੋਕ-ਕਾਵਿ ਵਿੱਚ ਸਮਾ ਜਾਂਦੇ ਹਨ। ਟੱਪੇ ਦੇ ਬੋਲ ਮਿਲਦੇ ਜੁਲਦੇ ਹਨ:
‘‘ਖੰਭ ਖਿੱਲਰੇ ਨੇ ਕਾਵਾਂ ਦੇ,
ਰੋਕ ਲਓ ਨਿਸ਼ਾਨੇਬਾਜੀਆਂ, ਪੁੱਤ ਮੁੱਕ ਚੱਲੇ ਮਾਵਾਂ ਦੇ।’’
ਪੰਜਾਬੀ ਪੁਰਾਤਨ ਲੋਕ-ਕਾਵਿ ਵਿੱਚ ਇੱਕ ਬਹੁਤ ਪੁਰਾਣਾ ਤੇ ਮਨ ਨੂੰ ਟੁੰਬਣ ਵਾਲਾ ਟੱਪਾ ਤਾਂ ਸਦੀਆਂ ਤੋਂ ਲੋਕਾਂ ਦੀ ਪਸੰਦ ਰਿਹਾ ਹੈ ਤੇ ਅੱਜ ਵੀ ਵਿਆਹ-ਸ਼ਾਦੀ ਸਮੇਂ ਇਹ ਟੱਪਾ ਔਰਤਾਂ ਢੋਲਕ ’ਤੇ ਗਾ ਕੇ ਰੰਗ ਬੰਨ੍ਹਦੀਆਂ ਹਨ, ਇਸ ਵਿੱਚ ਤਾਂ ਕਾਂ ਜਿਵੇਂ ਚੌਕੀਦਾਰ ਬਣਦਾ ਹੈ:
‘‘ਕੋਠੇ ਤੋਂ ਉੱਡ ਕਾਵਾਂ,
 ਸੱਦ ਪਟਵਾਰੀ ਨੂੰ ਜਿੰਦ ਮਾਹੀਏ ਦੇ ਨਾਂ ਲਾਵਾਂ’’
ਅੱਜ ਰੂਹਾਨੀ ਰਿਸ਼ਤਿਆਂ ਦੀ ਥਾਂ ਸਵਾਰਥ, ਈਰਖਾ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਹੰਕਾਰ ਵਰਗੇ ਵੱਕਾਰ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ। ਬਨੇਰੇ ’ਤੇ ਬੋਲਦੇ ਕਾਂ ਦਾ ਨਾ ਕਿਸੇ ਨੂੰ ਧਿਆਨ ਹੈ ਨਾ ਚਾਅ ਕਿਉਂਕਿ ਉਸ ਦੀ ਥਾਂ ਫੋਨ, ਮੋਬਾਈਲ ਜਾਂ ਇੰਟਰਨੈੱਟ ਨੇ ਲੈ ਲਈ ਹੈ ਤੇ ਕਾਂ ਦੀ ਥਾਂ ਇਹ ਮਸ਼ੀਨਾਂ ਸੁਨੇਹੇ ਦਿੰਦੀਆਂ ਹਨ।   ਕਿਹਾ ਜਾਂਦਾ ਹੈ ਕਿਸੇ ਵੀ ਚੀਜ਼ ਦਾ ਨਾਸ਼ ਜਾਂ ਬੀਜ ਨਾਸ਼ ਨਹੀਂ ਹੁੰਦਾ। ਮੋਹ-ਮੁਹੱਬਤਾਂ ਵਾਲ਼ੇ ਜਿਊੜੇ ਕਿਤੇ ਨਾ ਕਿਤੇ ਤਾਂ ਵੱਸਦੇ ਹੀ ਹਨ। ਜਿਹੜੇ ਸੱਜਣਾਂ ਦੇ ਵਿਛੋੜੇ ਦੀ ਅੱਗ ਵਿੱਚ ਸੜ ਕੇ ਰਾਖ ਹੋ ਜਾਂਦੇ ਹਨ। ਪੰਜਾਬੀ ਲੋਕ-ਕਾਵਿ ਵਿੱਚ ਧੁਰ ਅੰਦਰ ਤਕ ਚੀਰ ਪਾ ਜਾਣ ਵਾਲਾ ਟੱਪਾ ਲੈ ਕੇ ਕਾਂ ਉੱਡ ਚੱਲਿਆ ਹੈ:
‘‘ਕੋਈ ਉੱਡਦਾ ਕਾਂ ਜਾਂਦਾ,
ਸੱਜਣ ਮੁਕਾ ਜਾਂਦੇ, ਬਣ ਮੌਤ ਦਾ ਪੱਜ ਜਾਂਦਾ।’’
- ਪਰਮਜੀਤ ਕੌਰ ਸਰਹਿੰਦ
 ਸੰਪਰਕ:98728-98599

No comments:

Post a Comment